ਫਰੀਦਕੋਟ 23 ਜੁਲਾਈ – ਸਿੱਖ ਹਿਊਮਨ ਡਿਵੈਲਪਮੈਂਟ ਫਾਊਂਡੇਸ਼ਨ ਅਮਰੀਕਾ ਅਤੇ ਨਿਸ਼ਕਾਮ ਸਿੱਖ ਵੈੱਲਫੇਅਰ ਕੌਂਸਲ ਵੱਲੋਂ ਪੰਜਾਬ ਦੇ ਪ੍ਰੋਫੈਸ਼ਨਲ ਕਾਲਜਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਜਾਰੀ ਕੀਤੇ ਜਾਂਦੇ ਵਜ਼ੀਫਿਆਂ ਲਈ ਬਿਨੈ ਕਰਨ ਦੀ ਆਖਰੀ ਮਿਤੀ ਵਿੱਚ ਵਾਧਾ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਨਿਸ਼ਕਾਮ ਦੇ ਪੰਜਾਬ ਕੋਆਰਡੀਨੇਟਰ ਹਰਵਿੰਦਰ ਸਿੰਘ ਖਾਲਸਾ ਅਤੇ ਭਾਈ ਸ਼ਿਵਜੀਤ ਸਿੰਘ ਸੰਘਾ ਨੇ ਦੱਸਿਆ ਕਿ ਸਿੱਖ ਹਿਊਮਨ ਡਿਵੈਲਪਮੈਂਟ ਫਾਊਂਡੇਸ਼ਨ ਅਮਰੀਕਾ ਅਤੇ ਨਿਸ਼ਕਾਮ ਸਿੱਖ ਵੈੱਲਫੇਅਰ ਕੌਂਸਲ ਵੱਲੋਂ ਹਰ ਸਾਲ ਪੰਜਾਬ ਦੇ ਲੋੜਵੰਦ ਅਤੇ ਹੁਸ਼ਿਆਰ ਬੱਚਿਆਂ ਤੋਂ ਬਿਨੈਪੱਤਰ ਮੰਗੇ ਜਾਂਦੇ ਹਨ।ਪ੍ਰੋਫੈਸ਼ਨਲ ਕਾਲਜਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਲਿਖਤੀ ਇਮਤਿਹਾਨ, ਨਿੱਜੀ ਪੜਤਾਲ ਉਪਰੰਤ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਸਲਾਨਾ ਵੱਧ ਤੋਂ ਵੱਧ 30,000 ਰੁਪਏ ਪ੍ਰਤੀ ਵਿਦਿਆਰਥੀ ਵਜ਼ੀਫਾ ਦਿੱਤਾ ਜਾਂਦਾ ਹੈ।ਉਹਨਾਂ ਦੱਸਿਆ ਕਿ ਇਸ ਵਾਰ ਅਰਜੀਆਂ ਭਰਨ ਦੀ ਆਖਰੀ ਮਿਤੀ 15 ਜੂਨ ਸੀ, ਜੋ ਹੁਣ 10 ਅਗਸਤ 2018 ਤੱਕ ਵਧਾ ਦਿੱਤੀ ਗਈ ਹੈ।ਉਹਨਾਂ ਦੱਸਿਆ ਕਿ ਪਿਛਲੇ ਸਾਲ ਲਗਭਗ 775 ਵਿਦਿਆਰਥੀਆਂ ਨੂੰ 2.5 ਕਰੋੜ ਰੁਪਏ ਦੇ ਵਜ਼ੀਫੇ ਵੰਡੇ ਗਏ ਸਨ।ਪੰਜਾਬ ਦੇ ਇੰਜਨੀਅਰਿੰਗ, ਮੈਡੀਕਲ, ਨਰਸਿੰਗ, ਬੀ.ਐਡ, ਕਾਮਰਸ ਆਦਿ ਕਰਨ ਵਾਲੇ ਪ੍ਰੋਫੈਸ਼ਨਲ ਕਾਲਜਾਂ ਦੇ ਵਿਦਿਆਰਥੀ ਨਿਸ਼ਕਾਮ ਸਿੱਖ ਵੈੱਲਫੇਅਰ ਕੌਂਸਲ ਦੀ ਵੈੱਬਸਾਈਟ ਤੋਂ ਜਾ ਕੇ ਵਧੇਰੇ ਜਾਣਕਾਰੀ ਲੈ ਸਕਦੇ ਹਨ ਅਤੇ ਬਿਨੈਪੱਤਰ ਪ੍ਰਾਪਤ ਕਰ ਸਕਦੇ ਹਨ।
ਫੋਟੋ- ਵਜ਼ੀਫਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਹਰਵਿੰਦਰ ਸਿੰਘ ਖਾਲਸਾ ਅਤੇ ਭਾਈ ਸ਼ਿਵਜੀਤ ਸਿੰਘ ਸੰਘਾ