ਆਸਟ੍ਰੇਲੀਆਈ ਪੋਸਟ ਵਿਭਾਗ ਨੇ ਆਪਣੇ ਗ੍ਰਾਹਕਾਂ ਨੂੰ ਚੇਤੰਨ ਕਰਦਿਆਂ ਕਿਹਾ ਹੈ ਕਿ ਕ੍ਰਿਸਮਿਸ ਮੌਕੇ ਤੇ ਕੁੱਝ ਅਜਿਹੇ ਧੌਖਾਧੜੀ ਵਾਲੇ ਮੋਬਾਇਲ ਮੈਸਜ ਆ ਰਹੇ ਹਨ ਜਿਸ ਵਿੱਚ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ ਅਤੇ ਵਰਗਲਾ ਕੇ ਗ੍ਰਾਹਕਾਂ ਤੋਂ ਉਨ੍ਹਾਂ ਦੀ ਨਿਜੀ ਜਾਣਕਾਰੀ ਹਾਸਿਲ ਕਰ ਲਈ ਜਾਂਦੀ ਹੈ ਅਤੇ ਇਸ ਤੋਂ ਬਆਦ ਫੇਰ ਗ੍ਰਾਹਕਾਂ ਦੇ ਬੈਂਕ ਅਕਾਊਂਟਾਂ ਉਪਰ ਸੇਂਧਮਾਰੀ ਕੀਤੀ ਜਾਂਦੀ ਹੈ।
ਮੋਬਾਇਲ ਸੰਦੇਸ਼ਾਂ ਵਿੱਚ ਆਮ ਹੀ ਕਿਹਾ ਜਾਂਦਾ ਹੈ ਕਿ ਤੁਹਾਡਾ ਇੱਕ ਗਿਫ਼ਟ ਪੈਕਟ, ਆਸਟ੍ਰੇਲੀਆਈ ਪੋਸਟ ਵਿੱਚ ਪਿਆ ਹੈ। ਡਲਿਵਰੀ ਚਾਰਜ ਆਦਿ ਬਕਾਇਆ ਹਨ ਅਤੇ ਪੈਕਟ ਨੂੰ ਹਾਸਿਲ ਕਰਨ ਵਾਸਤੇ ਇਸ ਲਿੰਕ ਤੇ ਕਲਿੱਕ ਕਰੋ।
ਟੈਕਸਟ ਮੈਸਜ ਵਿੱਚ ਇੱਕ ਵੈਬਸਾਈਟ ਦਾ ਲਿੰਕ ਦਿੱਤਾ ਜਾਂਦਾ ਹੈ ਜਿਸ ਨੂੰ ਕਲਿੱਕ ਕਰਨ ਤੇ ਨਿਜੀ ਜਾਣਕਾਰੀਆਂ ਆਦਿ ਦਾ ਵੇਰਵਾ ਮੰਗਿਆ ਜਾਂਦਾ ਹੈ। ਇਸਤੋਂ ਸਾਵਧਾਨ ਹੋਣ ਦੀ ਜ਼ਰੂਰਤ ਹੈ ਅਤੇ ਕਿਸੇ ਵੀ ਅਣਜਾਣੇ ਮੈਸਜ ਜਾਂ ਲਿੰਕ ਨੂੰ ਕਲਿੱਕ ਨਾ ਕਰਨ ਦੀ ਹਦਾਇਤ, ਆਸਟ੍ਰੇਲੀਆਈ ਪੋਸਟ ਵੱਲੋਂ ਆਪਣੇ ਗ੍ਰਾਹਕਾਂ ਨੂੰ ਦਿੱਤੀ ਜਾ ਰਹੀ ਹੈ।
ਆਸਟ੍ਰੇਲੀਆਈ ਪੋਸਟ ਵਿਭਾਗ ਨੇ ਇਸ ਸਬੰਧੀ ਲੋਕਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਵਿਭਾਗ ਅਜਿਹੀਆਂ ਕੋਈ ਵੀ ਜਾਣਕਾਰੀਆਂ ਆਦਿ ਦੀ ਮੰਗ ਨਹੀਂ ਕਰਦਾ ਅਤੇ ਇਸ ਵਾਸਤੇ ਇਸ ਧੌਖਾਧੜੀ ਤੋਂ ਸਾਵਧਾਨ ਰਿਹਾ ਜਾਵੇ ਅਤੇ ਅਜਿਹੇ ਮੋਬਾਇਲ ਸੰਦੇਸ਼ਾਂ, ਈਮੇਲਾਂ, ਕਾਲਾਂ ਆਦਿ ਨੂੰ ਸਿਰੇ ਤੋਂ ਹੀ ਨਕਾਰ ਦਿੱਤਾ ਜਾਵੇ ਅਤੇ ਹੋਣ ਵਾਲੀ ਧੌਖਾਧੜੀ ਤੋਂ ਬਚਿਆ ਜਾਵੇ।