ਪਿੰਡ ਬਚਾਓ ਪੰਜਾਬ ਬਚਾਓ ਚੇਤਨਾ ਪ੍ਰੋਗਰਾਮ ਦਾ ਆਯੋਜਨ ਹੋਇਆ ਲਾਬੜਾ ਕਾਂਗੜੀ ਵਿਖੇ

IMG_20180913_112834

13 ਸਤੰਬਰ : ਪਿੰਡ ਬਚਾਓ ਪੰਜਾਬ ਬਚਾਓ ਚੇਤਨਾ ਪ੍ਰੋਗਰਾਮ ਜ਼ਿਲ੍ਹਾ ਹੁਸ਼ਿਆਰਪੁਰ ਦੇ ਬੁਲ੍ਹੋਵਾਲ-ਹਰਿਆਣਾ ਵਿਚਕਾਰ ਪੈਂਦੇ ਪਿੰਡ ਲਾਂਬੜਾ ਕਾਂਗੜੀ ਦੇ ਗੁਰਦੁਆਰਾ ਸਾਹਿਬ ਵਿਖੇ ਆਯੋਜਿਤ ਕੀਤਾ ਗਿਆ। ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਨੇ ਪੰਚਾਇਤੀ ਰਾਜ ਸੰਸਥਾਵਾਂ ਦੇ ਚਰਿੱਤਰ ਨਿਰਮਾਣ’ਤੇ ਜ਼ੋਰ ਦੇਂਦਿਆਂ ਕਿਹਾ ਕਿ ਜਦੋਂ ਜ਼ਿਲ੍ਹਾ ਪਰਿਸ਼ਦ, ਬਲਾਕ ਸੰਮਤੀ ਅਤੇ ਪੰਚਾਇਤਾਂ ਦੇ 80 ਹਜ਼ਾਰ ਤੋਂ ਵੱਧ ਮੈਂਬਰ ਸਿਆਸਤ ਮੁਕਤ ਅਗਵਾਈ ਆਰੰਭ ਦੇਣਗੇ, ਉਦੋਂ ਹੀ ਪਿੰਡਾਂ ਦੀ ਨੁਹਾਰ ਬਦਲ ਜਾਵੇਗੀ। ਉਹਨਾਂ ਗ੍ਰਾਮ ਸਭਾਵਾਂ ਦੀ ਅਹਿਮੀਅਤ ਦਾ ਖੁਲਾਸਾ ਕਰਦਿਆਂ ਕਿਹਾ ਕਿ ਗ੍ਰਾਮ ਸਭਾ ਪਿੰਡ ਦੀ ਪਾਰਲੀਮੈਂਟ ਹੁੰਦੀ ਹੈ। ਪਿੰਡ ਦਾ ਹਰ ਵੋਟਰ ਇਸ ਗ੍ਰਾਮ ਸਭਾ ਦਾ ਮੈਂਬਰ ਹੁੰਦਾ ਹੈ। ਗ੍ਰਾਮ ਸਭਾ ਨੇ ਹੀ ਪਿੰਡ ਦੇ ਕੰਮਾਂ ਦੀ ਤਰਜੀਹ ਬਣਾਉਣੀ ਹੁੰਦੀ ਹੈ। ਜੇਕਰ ਪੰਚ ਸਰਪੰਚ ਗ੍ਰਾਮ ਸਭਾ ਤੋਂ ਤਾਕਤ ਲੈਣ ਤਾਂ ਕੋਈ ਸਰਕਾਰੀ ਅਫਸਰ ਜਾਂ ਸਿਆਸੀ ਆਗੂ ਪੰਚਾਇਤ ਉੱਪਰ ਭਾਰੂ ਨਹੀਂ ਪੈ ਸਕਦਾ।

ਵਾਤਾਵਰਣ ਪ੍ਰੇਮੀ ਮਾਸਟਰ ਮਦਨ ਲਾਲ ਬੁਲ੍ਹੋਵਾਲ ਨੇ ਕਿਹਾ ਕਿ ਪੰਚਾਇਤੀ ਰਾਜ ਸੰਸਥਾਵਾਂ ਵਿਕਾਸ ਮੁਖੀ ਸੰਸਥਾਵਾਂ ਹਨ। ਇਨ੍ਹਾਂ ਨੇ ਨੀਤੀਆਂ ਨਹੀਂ ਘੜਨੀਆਂ ਹੁੰਦੀਆਂ। ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਪਾਰਟੀਆਂ ਦੇ ਚੋਣ ਨਿਸ਼ਾਨ’ਤੇ ਲੜਨ ਦੀ ਪਿਰਤ ਵਿਨਾਸ਼ਕਾਰੀ ਸਿੱਧ ਹੋ ਰਹੀ ਹੈ। ਚੰਗੇ ਨੁਮਾਇੰਦਿਆਂ ਦੀ ਚੋਣ ਹੀ ਭਾਈਚਾਰਕ ਸਾਂਝ ਪੈਦਾ ਕਰ ਸਕਦੀ ਹੈ ਅਤੇ ਸਮੂਹਿਕ ਭਲਾਈ ਹੋ ਸਕਦੀ ਹੈ। ਮੁਹਿੰਮ ਦੇ ਜ਼ਿਲ੍ਹਾ ਸੰਚਾਲਕ ਇੰਦਰ ਸਿੰਘ ਦੱਸਿਆ ਕਿ ਇਸ ਮੁਹਿੰਮ ਦੁਆਰਾ ਚੇਤਨ ਕੀਤਾ ਜਾ ਰਿਹਾ ਹੈ ਕਿ ਦੇਸ਼ ਦੀ ਪਾਰਦਰਸ਼ੀ ਪਾਰਲੀਮੈਂਟ ਦੀ ਸਿਰਜਣਾ ਲਈ ਪਿੰਡ ਦੀ ਪਾਰਲੀਮੈਂਟ ਗ੍ਰਾਮ ਸਭਾ ਨੂੰ ਮਜ਼ਬੂਤ ਕਰਨਾ ਜ਼ਰੂਰੀ ਹੈ।

ਸ: ਬਲਵੰਤ ਸਿੰਘ ਖੇੜਾ ਉਪ-ਪ੍ਰਧਾਨ ਸ਼ੋਸ਼ਲਿਸਟ ਪਾਰਟੀ ਇੰਡੀਆ ਨੇ ਕਿਹਾ ਕਿ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਪੰਚਾਇਤਾਂ ਆਪਣੇ ਬਣਦੇ ਅਧਿਕਾਰਾਂ ਨੂੰ ਪਛਾਣਨ ਅਤੇ ਅਮਲੀ ਜਾਮਾ ਪਹਿਨਾਉਣ। ਕਿਸਾਨਾਂ, ਮਜ਼ਦੂਰਾਂ ਅਤੇ ਕਿਰਤੀਆਂ ਦੀਆਂ ਮੰਗਾਂ ਦੀ ਪੂਰਤੀ ਕੇਵਲ ਸਿਆਸੀ ਪੱਧਰ ਉੱਤੇ ਲੋਕਾਂ ਦੇ ਸ਼ਸ਼ਕਤੀਕਰਨ ਰਾਹੀਂ ਹੀ ਸੰਭਵ ਹੈ। ਚੋਣਾਂ ਦੌਰਾਨ ਟਕਰਾਅ ਦੇ ਰੁਝਾਨਾਂ ਨੂੰ ਪਿੰਡ ਪੱਧਰ ਦੀ ਜਮਹੂਰੀ ਸਰਗਰਮੀ ਨਾਲ ਤੁਰੰਤ ਰੋਕਿਆ ਜਾਵੇ।

ਮਾਸਟਰ ਓਮ ਸਿੰਘ ਸਟਿਆਣਾ ਸ਼ੋਸ਼ਲਿਸਟ ਪਾਰਟੀ ਦੇ ਸੂਬਾ ਆਗੂ ਨੇ ਕਿਹਾ ਕਿ ਖੇਤ ਮਜ਼ਦੂਰਾਂ ਅਤੇ ਖ਼ੁਦਕਸ਼ੀ ਪੀੜਤ ਕਿਸਾਨ ਮਜ਼ਦੂਰ ਪਰਿਵਾਰਾਂ ਦਾ ਸਮੁੱਚਾ ਕਰਜ਼ਾ ਤੁਰੰਤ ਮੁਆਫ਼ ਕੀਤਾ ਜਾਣਾ ਚਾਹੀਦਾ ਹੈ। ਗ੍ਰਾਮ ਸਭਾਵਾਂ ਵਿਚ ਨਿਸ਼ਾਨਦੇਹੀ ਕਰਕੇ ਲੋੜਵੰਦਾਂ ਨੂੰ ਪੰਜ ਮਰਲੇ ਦੇ ਪਲਾਟ ਦਿੱਤੇ ਜਾਣ।

ਤਰਲੋਚਨ ਕੌਰ ਸਮਾਜ-ਸੇਵੀ ਨੇ ਕਿਹਾ ਕਿ ਇਸ ਵਾਰ ਪੰਜਾਹ ਫੀਸਦੀ ਸਰਪੰਚ, ਪੰਚ ਅਤੇ ਪੰਚਾਇਤੀ ਸੰਸਥਾਵਾਂ ਦੇ ਹੋਰ ਉਮੀਦਵਾਰ ਔਰਤਾਂ ਬਣਨੀਆਂ ਹਨ। ਇਹ ਮੌਕਾ ਕੇਵਲ ਕਾਬਲ ਔਰਤਾਂ ਨੂੰ ਹੀ ਸੰਭਾਲਣਾ ਚਾਹੀਦਾ ਹੈ।

ਖੱਬੇ-ਪੱਖੀ ਬਜ਼ੁਰਗ ਆਗੂ ਮਹਿੰਦਰ ਸਿੰਘ ਜੋਸ਼ ਨੇ ਕਾਰਪੋਰੇਟ ਘਰਾਣਿਆਂ ਦੀ ਪਕੜ ਤੋਂ ਮੁਕਤ ਸਰਕਾਰਾਂ ਬਣਾਉਣ ਦੀ ਲੋੜ’ਤੇ ਜ਼ੋਰ ਦਿੱਤਾ। ਪਾੜੋ ਤੇ ਰਾਜ ਕਰੋ ਦੀ ਨੀਤੀ ਨੂੰ ਪਛਾੜਨ ਲਈ ਸੱਦਾ ਦਿੱਤਾ।
ਰਸ਼ਪਾਲ ਸਿੰਘ ਸ਼ੁਭ ਕਰਮਨ ਸੁਸਾਇਟੀ ਹੁਸ਼ਿਆਰਪੁਰ ਨੇ ਕਿਹਾ ਕਿ ਪਿੰਡ ਪੱਧਰ’ਤੇ ਅਜਿਹੀ ਰਾਜਨੀਤੀ ਸ਼ੁਰੂ ਕਰਨ ਦੀ ਵਿਉਂਤਬੰਦੀ ਕੀਤੀ ਜਾਵੇ ਜੋ ਪਾਰਟੀ ਆਧਾਰਿਤ ਨਾ ਹੋਵੇ ਬਲਕਿ ਵਿਚਾਰਧਾਰਕ ਹੋਵੇ। ਉਹਨਾਂ ਪਿੰਡਾਂ ਵਿਚ ਸਾਂਝੀ ਮਸ਼ੀਨਰੀ ਅਤੇ ਸਾਂਝੇ ਟ੍ਰੈਕਟਰਾਂ ਨਾਲ ਖੇਤੀ ਤੇ ਹੋਰ ਧੰਦੇ ਕਰਨ ਦੀ ਸੋਚ ਪੈਦਾ ਕਰਨ ਲਈ ਅਪੀਲ ਕੀਤੀ।

ਸੂਬੇਦਾਰ ਜੋਗਾ ਸਿੰਘ ਲਾਂਬੜਾ ਅਤੇ ਜਸਬੀਰ ਸਿੰਘ ਲਾਂਬੜਾ ਨੇ ਪਿੰਡਾਂ ਦੀਆਂ ਉਸਾਰੂ ਪਹੁੰਚ ਵਾਲੀਆਂ ਗਤੀਵਿਧੀਆਂ ਨੂੰ ਸਾਂਝਾ ਕਰਦਿਆਂ ਕਿਹਾ ਕਿ ਸਿਆਸੀ ਦਖ਼ਲ ਅੰਦਾਜ਼ੀ ਅਸਲ ਵਿਕਾਸ ਵਿਚ ਰੁਕਾਵਟ ਸਿੱਧ ਹੁੰਦੀ ਹੈ। ਜਿਸ ਨੂੰ ਰੋਕਣਾ ਸਾਡਾ ਪਹਿਲਾ ਫਰਜ਼ ਹੈ।

ਇਸ ਮੌਕੇ ਸੈਕਟਰੀ ਸਹਿਕਾਰੀ ਸਭਾ ਚੰਦਰ ਦੇਵ, ਅਜੈਪਾਲ ਸਿੰਘ, ਹਰਭਜਨ ਸਿੰਘ, ਸ਼ਿੰਗਾਰਾ ਸਿੰਘ, ਨਰਿੰਦਰ ਸਿੰਘ, ਹਰਜਿੰਦਰ ਸਿੰਘ ਐਸ.ਡੀ.ਓ., ਡਾ: ਰਘਬੀਰ ਸਿੰਘ, ਬਲਵਿੰਦਰ ਸਿੰਘ ਤਰਕਸ਼ੀਲ ਸੁਸਾਇਟੀ, ਸੰਦੀਪ ਦਰਦੀ, ਮਾ: ਜਸਵੰਤ ਸਿੰਘ, ਪ੍ਰਿੰ: ਤਰਸੇਮ ਸਿੰਘ ਅਤੇ ਰੇਸ਼ਮ ਸਿੰਘ ਉਚੇਚੇ ਤੌਰ’ਤੇ ਹਾਜ਼ਰ ਸਨ।

(ਰਸ਼ਪਾਲ ਸਿੰਘ)

rashpalsingh714@gmail.com

Welcome to Punjabi Akhbar

Install Punjabi Akhbar
×
Enable Notifications    OK No thanks