ਸੇਵ ਹਿਊਮੈਨਿਟੀ ਫਾਊਂਡੇਸ਼ਨ ਵੱਲੋਂ ਲੋੜਵੰਦ ਪਰਿਵਾਰ ਦੀ ਆਮਦਨ ਲਈ ਦੁਕਾਨਾਂ ਦੀ ਉਸਾਰੀ ਸ਼ੁਰੂ

ਗੁਰੂ ਰਾਮਦਾਸ ਸਾਹਿਬ ਰੋਜ਼ਗਾਰ ਯੋਜਨਾ ਤਹਿਤ ਪਹਿਲਾ ਪ੍ਰੋਜੈਕਟ ਸ਼ੁਰੂ ਕੀਤਾ

ਫਰੀਦਕੋਟ — ਸਮਾਜ ਸੇਵਾ ਨੂੰ ਪ੍ਰਣਾਈ ਸੰਸਥਾ ਸੇਵ ਹਿਊਮੈਨਿਟੀ ਫਾਊਂਡੇਸ਼ਨ (ਰਜਿ:) ਵੱਲੋਂ ਲੋੜਵੰਦ ਪਰਿਵਾਰ ਦੀ ਆਮਦਨ ਦੇ ਪੱਕੇ ਵਸੀਲੇ ਲਈ ਦੁਕਾਨਾਂ ਦੀ ਉਸਾਰੀ ਸ਼ੁਰੂ ਕਰਵਾਈ ਗਈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਫਾਊਂਡੇਸ਼ਨ ਦੇ ਸੇਵਾਦਾਰਾਂ ਭਾਈ ਸ਼ਿਵਜੀਤ ਸਿੰਘ ਸੰਘਾ ਅਤੇ ਹਰਪ੍ਰੀਤ ਸਿੰਘ ਭਿੰਡਰ ਨੇ ਦੱਸਿਆ ਕਿ ਪਿਛਲੇ ਦਿਨੀਂ ਫਾਊਂਡੇਸ਼ਨ ਨੂੰ ਨੇੜਲੇ ਪਿੰਡ ਢੁੱਡੀ ਤੋਂ ਕੰਵਲਜੀਤ ਸਿੰਘ ਢਿੱਲੋਂ ਅਤੇ ਨਵਜੋਤ ਸਿੰਘ ਗਿੱਲ ਰਾਹੀਂ ਵਿਧਵਾ ਅਮਰੀਕ ਕੌਰ ਪਤਨੀ ਸਵ. ਜਸਵਿੰਦਰ ਸਿੰਘ ਦੇ ਪਰਿਵਾਰ ਬਾਰੇ ਪਤਾ ਲੱਗਾ ਸੀ ਜੋ ਕਿ ਬਹੁਤ ਗੁਰਬਤ ਵਿੱਚ ਜਿੰਦਗੀ ਬਸਰ ਕਰ ਰਹੇ ਸਨ ਅਤੇ ਪਰਿਵਾਰ ਦੇ ਜੀਆਂ ਪਾਸ ਨਹਾਉਣ ਧੋਣ ਲਈ ਗੁਸਲਖਾਨੇ ਆਦਿ ਦਾ ਵੀ ਪ੍ਰਬੰਧ ਨਹੀਂ ਸੀ।ਜਦੋਂ ਫਾਊਂਡੇਸ਼ਨ ਦੀ ਟੀਮ ਵੱਲੋਂ ਪਰਿਵਾਰ ਦੀ ਹਾਲਤ ਵੇਖੀ ਗਈ ਤਾਂ ਫੈਸਲਾ ਕੀਤਾ ਗਿਆ ਕਿ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਸਮਰਪਿਤ ਹੁੰਦਿਆਂ ਸ੍ਰੀ ਗੁਰੂ ਰਾਮਦਾਸ ਸਾਹਿਬ ਰੋਜ਼ਗਾਰ ਯੋਜਨਾ ਤਹਿਤ, ਪਰਿਵਾਰ ਦਾ ਘਰ ਪਿੰਡ ਦੀ ਫਿਰਨੀ ‘ਤੇ ਹੋਣ ਕਾਰਨ ਪਰਿਵਾਰ ਨੂੰ ਦੋ ਦੁਕਾਨਾਂ ਉਸਾਰ ਦਿੱਤੀਆਂ ਜਾਣ ਤਾਂ ਕਿ ਪਰਿਵਾਰ ਕੋਲ ਦੁਕਾਨਾਂ ਦੇ ਕਿਰਾਏ ਜਾਂ ਖੁਦ ਦੁਕਾਨਦਾਰੀ ਰਾਹੀਂ ਆਮਦਨ ਦਾ ਪੱਕਾ ਸਾਧਨ ਬਣ ਜਾਵੇ। ਫਾਊਂਡੇਸ਼ਨ ਵੱਲੋਂ ਗੁਸਲਖਾਨਾ ਅਤੇ ਫਲੱਸ਼ ਵੀ ਉਸਾਰ ਕੇ ਦੇਣ ਦਾ ਫੈਸਲਾ ਕੀਤਾ ਗਿਆ।ਇਸ ਸਬੰਧੀ ਸ਼ੋਸ਼ਲ ਮੀਡੀਆ ‘ਤੇ ਕੀਤੀ ਅਪੀਲ ਮਗਰੋਂ ਸਹਿਯੋਗੀ ਸੱਜਣਾ ਜਸਵੀਰ ਸਿੰਘ, ਬਲਵੀਰ ਸਿੰਘ, ਸੁਖਮੰਦਰ ਸਿੰਘ ਵਾਸੀਆਨ ਕੈਨੇਡਾ, ਬਲਕਾਰ ਸਿੰਘ ਕਾਲਕੱਟ ਅਮਰੀਕਾ, ਗੌਰਵ ਗੋਇਲ ਹਾਂਗਕਾਂਗ, ਆਇਰਲੈਂਡ ਫੁੱਟਬਾਲ ਕਲੱਬ, ਦਲਜੀਤ ਸਿੰਘ ਅਤੇ ਹੋਰ ਸੰਗਤ ਦੇ ਸਹਿਯੋਗ ਨਾਲ ਦੁਕਾਨਾਂ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ।ਉਸਾਰੀ ਦੀ ਸ਼ੁਰੂਆਤ ਪਰਿਵਾਰ ਦੀ ਬੱਚੀ ਹਰਦੀਪ ਕੌਰ ਵੱਲੋਂ ਨੀਂਹ ਰੱਖਕੇ ਕੀਤੀ ਗਈ ਤੇ ਇਸ ਮੌਕੇ ਵਿੱਕੀ ਗਰੋਵਰ ਫਰੀਦਕੋਟ, ਤਰਸੇਮ ਸਿੰਘ ਢਿੱਲਵਾਂ, ਇਕਬਾਲ ਸਿੰਘ ਸਾਬਕਾ ਇੰਸਪੈਕਟਰ, ਬਲਵਿੰਦਰ ਸਿੰਘ ਕਲਸੀ, ਦਵਿੰਦਰ ਸਿੰਘ ਸੰਧੂ, ਸਲਿੰਦਰ ਸਿੰਘ ਫਰੀਦਕੋਟ ਅਤੇ ਹੋਰ ਪਤਵੰਤੇ ਵਿਸ਼ੇਸ਼ ਤੌਰ ‘ਤੇ ਹਾਜਰ ਸਨ।ਫਾਊਂਡੇਸ਼ਨ ਵੱਲੋਂ ਪ੍ਰਧਾਨ ਜਸਪ੍ਰੀਤ ਸਿੰਘ ਅਤੇ ਵਰਿੰਦਰ ਸਿੰਘ ਖਾਲਸਾ ਨੇ ਸਮੂਹ ਸਹਿਯੋਗੀਆਂ ਦਾ ਧੰਨਵਾਦ ਕੀਤਾ।
ਫੋਟੋ- ਦੁਕਾਨਾਂ ਦੀ ਉਸਾਰੀ ਮੌਕੇ ਨੀਂਹ ਰੱਖਣ ਸਮੇਂ ਸੇਵ ਹਿਊਮੈਨਿਟੀ ਫਾਊਂਡੇਸ਼ਨ ਦੇ ਸੇਵਾਦਾਰ ਅਤੇ ਪਤਵੰਤੇ।

Install Punjabi Akhbar App

Install
×