ਸੇਵ ਹਿਊਮੈਨਿਟੀ ਫਾਊਂਡੇਸ਼ਨ ਵੱਲੋਂ ਵਿਧਵਾ ਦੇ ਘਰ ਦੀ ਉਸਾਰੀ ਮੁਕੰਮਲ

( ਮਾਤਾ ਜੀ ਨੂੰ ਮਕਾਨ ਦੀਆਂ ਚਾਬੀਆਂ ਸੌਂਪਣ ਸਮੇਂ ਫਾਊਂਡੇਸ਼ਨ ਦੇ ਅਹੁਦੇਦਾਰ ਅਤੇ ਪਤਵੰਤੇ )

ਫਰੀਦਕੋਟ 11 ਜਨਵਰੀ — ਸੇਵ ਹਿਊਮੈਨਿਟੀ ਫਾਊਂਡੇਸ਼ਨ (ਰਜਿ:) ਪੰਜਾਬ ਵੱਲੋਂ ਲੋੜਵੰਦ ਵਿਧਵਾ ਦੇ ਘਰ ਦੀ ਉਸਾਰੀ ਮੁਕੰਮਲ ਕਰਕੇ ਪਰਿਵਾਰ ਨੂੰ ਸੌਂਪਿਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸੇਵ ਹਿਊਮੈਨਿਟੀ ਫਾਊਂਡੇਸ਼ਨ (ਰਜਿ:) ਦੇ ਪੰਜਾਬ ਕੋਆਰਡੀਨੇਟਰ ਭਾਈ ਸ਼ਿਵਜੀਤ ਸਿੰਘ ਸੰਘਾ ਨੇ ਦੱਸਿਆ ਕਿ ਨੇੜਲੇ ਪਿੰਡ ਧੂੜਕੋਟ ਦੀ ਲੋੜਵੰਦ ਪਰਿਵਾਰ ਦੀ ਔਰਤ ਰਾਣੀ ਕੌਰ ਵਿਧਵਾ ਦਰਸ਼ਨ ਸਿੰਘ ਦਾ ਇੱਕ ਕਮਰੇ ਦਾ ਮਕਾਨ ਪਿਛਲੇ ਸਮੇਂ ਦੌਰਾਨ ਢਹਿ ਗਿਆ ਸੀ ਅਤੇ ਇਹ ਔਰਤ ਛੱਪਰ ਵਿੱਚ ਸਮਾਂ ਗੁਜ਼ਾਰ ਰਹੀ ਸੀ।ਪਰਿਵਾਰ ਵਿੱਚ ਕੋਈ ਕਮਾਊ ਪੁਰਸ਼ ਮੈਂਬਰ ਨਾ ਹੋਣ ਕਾਰਨ ਮਕਾਨ ਦੀ ਉਸਾਰੀ ਵਿੱਚ ਮੁਸ਼ਕਲ ਆ ਰਹੀ ਸੀ।ਸੇਵ ਹਿਊਮੈਨਿਟੀ ਫਾਊਂਡੇਸ਼ਨ (ਰਜਿ:) ਦੇ ਅਹੁਦੇਦਾਰਾਂ ਨੂੰ ਇਸ ਸਬੰਧੀ ਪਤਾ ਲੱਗਣ ‘ਤੇ ਮਕਾਨ ਦੀ ਉਸਾਰੀ ਦਾ ਫੈਸਲਾ ਕੀਤਾ ਗਿਆ ਅਤੇ ਦਾਨੀ ਸੱਜਣਾ ਦੇ ਸਹਿਯੋਗ ਅਤੇ ਕਮਰਾ, ਰਸੋਈ ਆਦਿ ਦੀ ਉਸਾਰੀ ਕਰਵਾਈ ਗਈ।ਮਕਾਨ ਦੀ ਉਸਾਰੀ ਉਪਰੰਤ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਮੌਕੇ ਪਰਿਵਾਰ ਨੂੰ ਮਕਾਨ ਦੀਆਂ ਚਾਬੀਆਂ, ਮਠਿਆਈ ਅਤੇ ਨਕਦ ਸਨਮਾਨ ਸੌਂਪਣ ਸਮੇਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਸੇਵਾ ਮੁਕਤ ਇੰਸਪੈਕਟਰ ਇਕਬਾਲ ਸਿੰਘ ਨੇ ਸੇਵ ਹਿਊਮੈਨਿਟੀ ਫਾਊਂਡੇਸ਼ਨ (ਰਜਿ:) ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ‘ਗਰੀਬ ਦਾ ਮੂੰਹ, ਗੁਰੂ ਦੀ ਗੋਲਕ’ ਦੇ ਸਿਧਾਂਤ ਅਨੁਸਾਰ ਲੋੜਵੰਦਾਂ ਦੀ ਮੱਦਦ ਲਈ ਤਤਪਰ ਰਹਿਣ ਦਾ ਸੱਦਾ ਦਿੱਤਾ।ਸੇਵ ਹਿਊਮੈਨਿਟੀ ਫਾਊਂਡੇਸ਼ਨ (ਰਜਿ:) ਦੀ ਫਰੀਦਕੋਟ ਇਕਾਈ ਦੇ ਪ੍ਰਧਾਨ ਇੰਜ. ਜਸਪ੍ਰੀਤ ਸਿੰਘ, ਹਰਪ੍ਰੀਤ ਸਿੰਘ ਭਿੰਡਰ ਅਤੇ ਵਰਿੰਦਰ ਸਿੰਘ ਖਾਲਸਾ ਨੇ ਮਕਾਨ ਉਸਾਰੀ ਵਿੱਚ ਸਹਿਯੋਗ ਕਰਨ ਵਾਲੇ ਸਮੂਹ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ।ਇਸ ਮੌਕੇ ਫਾਊਂਡੇਸ਼ਨ ਦੇ ਸੇਵਾਦਾਰ ਨਿਮਰਤਪਾਲ ਸਿੰਘ, ਗੁਰਅੰਮ੍ਰਿਤਪਾਲ ਸਿੰਘ ਬਰਾੜ, ਨਵਜੋਤ ਸਿੰਘ ਚੰਦਬਾਜਾ, ਅਰੁਣ ਭਟਨਾਗਰ ਅਤੇ ਤਜਿੰਦਰ ਸਿੰਘ ਹਨੀ ਵੀ ਹਾਜਰ ਸਨ।

Install Punjabi Akhbar App

Install
×