ਰੀੜ੍ਹ ਦੀ ਹੱਡੀ ਦੀ ਸੱਟ ਤੋਂ ਪੀੜ੍ਹਤ ਨੌਜਵਾਨ ਦੀ ਆਰਥਿਕ ਮਦਦ

ਫਰੀਦਕੋਟ 14 ਜਨਵਰੀ — ਸਮਾਜ ਸੇਵਾ ਵਿੱਚ ਮੋਹਰੀ ਸੰਸਥਾ ਸੇਵ ਹਿਊਮੈਨਿਟੀ ਫਾਊਂਡੇਸ਼ਨ (ਰਜਿ:) ਪੰਜਾਬ ਵੱਲੋਂ ਰੀੜ੍ਹ ਦੀ ਹੱਡੀ ਦੀ ਸੱਟ ਤੋਂ ਪੀੜ੍ਹਤ ਨੌਜਵਾਨ ਦੀ ਆਰਥਿਕ ਮਦਦ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੇਵ ਹਿਊਮੈਨਿਟੀ ਫਾਊਂਡੇਸ਼ਨ (ਰਜਿ:) ਦੇ ਕੋਆਰਡੀਨੇਟਰ ਭਾਈ ਸ਼ਿਵਜੀਤ ਸਿੰਘ ਸੰਘਾ ਨੇ ਦੱਸਿਆ ਕਿ ਸਾਦਿਕ ਨੇੜਲੇ ਪਿੰਡ ਮੱਲੂਵਾਲਾ ਦਾ ਨੌਜਵਾਨ ਰਾਜਪਾਲ ਸਿੰਘ ਪੁੱਤਰ ਮੇਹਰ ਸਿੰਘ ਪਿਛਲੇ ਦੋ ਸਾਲ ਤੋਂ ਸੜਕ ਹਾਦਸੇ ਵਿੱਚ ਲੱਗੀ ਰੀੜ੍ਹ ਦੀ ਸੱਟ ਕਾਰਨ ਮੰਜੇ ਤੋਂ ਹੈ। ਉਸਦਾ ਇਲਾਜ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਅਤੇ ਅਮਨਦੀਪ ਹਸਪਤਾਲ ਅੰਮ੍ਰਿਤਸਰ ਤੋਂ ਚੱਲ ਰਿਹਾ ਹੈ ਅਤੇ ਡਾਕਟਰਾਂ ਵੱਲੋਂ ਉਸ ਦੇ ਖੜ੍ਹੇ ਹੋਣ ਲਈ ਵਿਸ਼ੇਸ਼ ਕਿਸਮ ਦਾ ਸ਼ਕੰਜਾ ਲਗਾਉਣ ਲਈ ਕਿਹਾ ਗਿਆ ਸੀ। ਜਿਸਦੀ ਕੀਮਤ ਲਗਭਗ 25 ਹਜਾਰ ਰੁਪਏ ਬਣਦੀ ਹੈ। ਆਰਥਿਕ ਤੌਰ ‘ਤੇ ਕਮਜੋਰ ਹੋਣ ਕਾਰਨ ਪਰਿਵਾਰ ਵੱਲੋਂ ਸ਼ਕੰਜਾ ਨਹੀਂ ਲਗਵਾਇਆ ਜਾ ਸਕਿਆ ਸੀ। ਜਿਸਤੇ ਸੇਵ ਹਿਊਮੈਨਿਟੀ ਫਾਊਂਡੇਸ਼ਨ (ਰਜਿ:) ਵੱਲੋਂ ਦਾਨੀ ਸੱਜਣਾ ਦੇ ਸਹਿਯੋਗ ਨਾਲ ਸ਼ਕੰਜੇ ਲਈ 25 ਹਜਾਰ ਰੁਪਏ ਦਾ ਚੈੱਕ ਪਰਿਵਾਰ ਦੇ ਸਪੁਰਦ ਕੀਤਾ ਗਿਆ। ਇਸ ਮੌਕੇ ‘ਤੇ ਹਾਜਰ ਸੇਵ ਹਿਊਮੈਨਿਟੀ ਫਾਊਂਡੇਸ਼ਨ (ਰਜਿ:) ਦੀ ਫਰੀਦਕੋਟ ਇਕਾਈ ਦੇ ਪ੍ਰਧਾਨ ਇੰਜ: ਜਸਪ੍ਰੀਤ ਸਿੰਘ, ਹਰਪ੍ਰੀਤ ਸਿੰਘ ਭਿੰਡਰ, ਵਰਿੰਦਰ ਸਿੰਘ ਖਾਲਸਾ ਅਤੇ ਅੰਗਰੇਜ ਸਿੰਘ ਨੇ ਦਾਨੀ ਸੱਜਣਾ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ।
ਕੈਪਸ਼ਨ 14 ਜੀ ਐਸ ਸੀ 2- ਮਰੀਜ਼ ਨੂੰ ਆਰਥਿਕ ਮੱਦਦ ਸੌਂਪਣ ਸਮੇਂ ਸੇਵ ਹਿਊਮੈਨਿਟੀ ਫਾਊਂਡੇਸ਼ਨ (ਰਜਿ:) ਦੇ ਸੇਵਾਦਾਰ ਅਤੇ ਪਤਵੰਤੇ। ਤਸਵੀਰ ਗੁਰਭੇਜ ਸਿੰਘ ਚੌਹਾਨ

Install Punjabi Akhbar App

Install
×