ਲੁਧਿਆਣਾ – ਲੁਧਿਆਣੇ ਦੀ ਲਾਈਫ ਲਾਈਨ ਸੰਸਥਾ ਦੇ ਸੱਦੇ ਤੇ ਲੁਧਿਆਣਾ ਸ਼ਹਿਰ ਅਤੇ ਬਾਹਰੋਂ ਆਏ ਬਾਰਾਂ ਹਜ਼ਾਰ ਤੋਂ ਵੱਧ ਲੋਕਾਂ ਨੇ ਬੁੱਢੇ ਦਰਿਆ ਦੀ ਪੁਨਰ ਸੁਰਜੀਤੀ ਲਈ ਇਕੱਠੇ ਦੋੜ ਕੇ ਨਵੀਂ ਮਿਸਾਲ ਪੈਦਾ ਕੀਤੀ ਹੈ।ਇਸ ਦਾ ਨਾਂ ‘ਬੁੱਢੇ ਦਰਿਆ ਦੀ ਪ੍ਰਦੂਸ਼ਨ ਮੁਕਤੀ ਲਈ ਆਜ਼ਾਦੀ ਦੌੜ’ ਰੱਖਿਆ ਗਿਆ। ਸਭ ਵਰਗਾਂ ਅਤੇ ਵੱਖ ਵੱਖ ਦੇਸ਼ਾਂ ਦੇ ਪੰਜਾਬੀਆਂ ਦੇ ਨਾਲ ਵਾਤਾਵਰਣ ਕਰਮੀ ਸੰਤ ਬਲਬੀਰ ਸਿੰਘ ਸੀਚੇਵਾਲ, ਪਿੰਗਲਵਾੜਾ ਦੇ ਮੁਖੀ ਡਾ. ਇੰਦਰਜੀਤ ਕੌਰ, ਫਿਲਮ ਸਟਾਰ ਗੁਰਪ੍ਰੀਤ ਘੁੱਗੀ, ਸਰਦਾਰ ਸੋਹੀ, ਪੰਜਾਬ ਪਾਵਰਕਾਮ ਦੇ ਨਿਰਦੇਸ਼ਕ ਵੰਡ ਇੰਜ. ਐਨ. ਕੇ. ਸ਼ਰਮਾ, ਲੁਧਿਆਣਾ ਦੇ ਮੇਅਰ ਸ਼੍ਰੀ ਬਲਕਾਰ ਸੰਧੂ, ਸਾਬਕਾ ਕੈਬਨਿਟ ਮੰਤਰੀ ਸ. ਜਗਦੀਸ਼ ਸਿੰਘ ਗਰਚਾ, ਕੇਂਦਰੀ ਯੁਨੀਵਰਸਿਟੀ ਦੇ ਚਾਂਸਲਰ ਡਾ. ਸਰਦਾਰਾ ਸਿੰਘ ਜੌਹਲ ਪਦਮ ਵਿਭੂਸ਼ਨ, ਐਮ. ਐਲ. ਏ. ਨਾਜ਼ਰ ਸਿੰਘ ਮਨਸ਼ਾਹੀਆ, ਬਲਵਿੰਦਰ ਸਿੰਘ ਬੈਂਸ ਤੇ ਸਿਮਰਜੀਤ ਸਿੰਘ ਬੈਂਸ, ਸਾਬਕਾ ਐਮ. ਐਲ. ਏ. ਸ. ਰਣਜੀਤ ਸਿੰਘ ਢਿੱਲੋਂ ਅਤੇ ਸ਼੍ਰੀ ਪਰਵੀਨ ਬਾਂਸਲ, ਲੁਧਿਆਣਾ ਦੇ ਸ਼ਾਹੀ ਇਮਾਮ ਉਸਮਾਨ ਪੰਜਾਬੀ ਸਾਹਿਤ ਅਕਾਦਮੀ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਆਮ ਨਾਗਰਿਕਾਂ ਦੇ ਸੰਗ ਸਾਥ ਵਿਚ ਦੌੜੇ।ਸਰਕਾਰੀ ਕਾਲਜ ਦੇ ਪਿੰਸੀਪਲ ਡਾ. ਧਰਮ ਸਿੰਘ ਸੰਧੂ, ਕਮਲਾ ਲੋਟੀਆ ਕਾਲਜ ਦੇ ਪਿੰਸੀਪਲ ਡਾ. ਸ਼ਿਵ ਮੋਹਨ ਸ਼ਰਮਾ, ਡੀ ਏ ਵੀ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਜਸਵਿੰਦਰ ਸਿੱਧੂ, ਪ੍ਰਤਾਪ ਸਕੂਲ ਦੇ ਪ੍ਰਿਸੀਪਲ ਗੁਰਸ਼ਮਿੰਦਰ ਸਿੰਘ ਜਗਪਾਲ ਆਪਣੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀਆਂ ਟੋਲੀਆਂ ਸਮੇਤ ਦੌੜੇ।ਸੇਵਾ ਮੁਕਤ ਪਿੰਸੀਪਲ ਜਸਵੰਤ ਸਿੰਘ ਗਿੱਲ ਅਤੇ ਸ਼੍ਰੀਮਤੀ ਮਨਜੀਤ ਕੋਰ ਸੋਢੀਆ ਨੇ ਵੀ ਬੜੇ ਜੋਸ਼ ਨਾਲ ਭਾਗ ਲਿਆ।ਸ਼ਹਿਰ ਨਾਲ ਸਬੰਧਤ ਬਹੁਤ ਸਾਰੇ ਵਪਾਰੀ, ਅਧਿਕਾਰੀ ਅਤੇ ਖਿਡਾਰੀ ਇਸ ਦੌੜ ਦੀ ਸ਼ਾਨ ਬਣੇ।ਇਸ ਆਜ਼ਾਦੀ ਦੌੜ ਦਾ ਆਰੰਭ ਹੋਣ ਤੋਂ ਪ੍ਰੋ. ਜਸਵਿੰਦਰ ਧਨਾਨਸੂ ਨੇ ਬਹੁਤ ਜੋਸ਼ੀਲੇ ਢੰਗ ਨਾਲ ਦੇਹਿ ਸ਼ਿਵਾ ਬਰ ਮੋਹਿ ਇਹੈ ਸ਼ਬਦ ਦਾ ਗਾਇਨ ਕੀਤਾ।
ਦੌੜ ਦੀ ਸਮਾਪਤੀ ਤੋਂ ਬਾਅਦ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਇਸ ਦੇ ਮੁਖ ਸੰਯੋਜਕ ਇੰਜਨੀਅਰ ਅਤੇ ਕਵੀ ਜਸਵੰਤ ਜ਼ਫ਼ਰ ਨੇ ਕਿਹਾ ਕਿ ਇਸ ਦੋੜ ਲਈ ਅਜਾਦੀ ਦਿਵਸ ਤੋਂ ਪਹਿਲਾਂ ਦਾ ਐਤਵਾਰ ਇਸ ਲਈ ਚੁਣਿਆਂ ਗਿਆ ਹੈ ਤਾਂ ਕਿ ਸਾਨੂੰ ਧਿਆਨ ਆਵੇ ਕਿ ਜੇ ਅਸੀਂ ਜੀਵਨ ਦੀਆਂ ਬੁਨਿਆਦੀ ਚੀਜ਼ਾਂ ਹਵਾ ਅਤੇ ਪਾਣੀ ਹੀ ਗੰਦਗੀ, ਬਦਬੂ ਅਤੇ ਜ਼ਹਿਰਾਂ ਤੋਂ ਆਜ਼ਾਦ ਨਹੀਂ ਰੱਖ ਸਕਦੇ ਤਾਂ ਕਿਸੇ ਹੋਰ ਆਜ਼ਾਦੀ ਦਾ ਕੀ ਅਰਥ ਹੈ। ਉਹਨਾਂ ਬਹੁਤ ਜੋਸ਼ੀਲੇ ਅੰਦਾਜ਼ ਵਿਚ ਕਿਹਾ ਕਿ ਬੁੱਢੇ ਦਰਿਆ ਵਿਚ ਵਹਿ ਰਹੀ ਗੰਦਗੀ ਅਤੇ ਬਦਬੂ ਇਹ ਦੱਸਦੀ ਹੈ ਕਿ ਸਾਡੇ ਵਣਜ ਵਿਹਾਰ ਦੇ ਨਾਲ ਨਾਲ ਸਾਡੀ ਰਾਜਨੀਤੀ, ਪ੍ਰਸ਼ਾਸਨ, ਧਾਰਮਿਕਤਾ, ਭਾਈਚਾਰਕਤਾ, ਨੈਤਿਕਤਾ ਅਤੇ ਸੱਭਿਆਚਾਰ ਕਿਸ ਕਦਰ ਨਿੱਘਰ ਚੁੱਕੇ ਹਨ।ਇਸ ਕਰਕੇ ਦਰਿਆ ਦੀ ਪੁਨਰ ਸੁਰਜੀਤੀ ਲਈ ਸਾਰਆਿਂ ਧਿਰਾਂ ਦੀ ਨਵੇਂ ਸਿਰੇ ਤੋਂ ਸੁਹਿਰਦ ਸ਼ਮੂਲੀਅਤ ਦੀ ਲੋੜ ਹੈ।ਉਹਨਾਂ ਕਿਹਾ ਕਿ ਜੇ ਅਸੀਂ ਸਾਰੇ ਰਲ ਕੇ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਵਿਚ ਸਫ਼ਲ ਹੋਏ ਤਾਂ ਆਸ ਕੀਤੀ ਜਾ ਸਕਦੀ ਹੈ ਕਿ ਅਸੀਂ ਸਭ ਰਲ ਕੇ ਪੰਜਾਬ ਨੂੰ ਸਹੀ ਅਤੇ ਸਰਬ ਸਾਂਝੀ ਤਰੱਕੀ ਦੀ ਰਾਹ ਤੇ ਤੋਰ ਸਕਦੇ ਹਾਂ।ਉਹਨਾਂ ਕਿਹਾ ਕਿ ਲੁਧਿਆਣਾ ਸ਼ਹਿਰ ਜਿਹਨਾਂ ਲੋਕਾਂ ਨੂੰ ਆਪਣਾ ਮਲ ਮੂਤਰ ਅਤੇ ਜ਼ਹਿਰਾਂ ਪਿਲਾ ਕੇ ਕੈਂਸਰ ਅਤੇ ਕਾਲੇ ਪਲੀਏ ਦੀਆਂ ਬਿਮਾਰੀਆਂ ਵੰਡ ਰਿਹਾ ਹੈ ਜੇ ਉਹਨਾਂ ਕਰੋਧ ਵਿਚ ਆ ਕੇ ਸ਼ਹਿਰੋਂ ਬਾਹਰ ਨਿਕਲਦੇ ਗੰਦੇ ਨਾਲੇ ਦਾ ਰੂਪ ਧਾਰ ਚੁੱਕੇ ਦਰਿਆ ਨੂੰ ਪੂਰ ਕੇ ਸਤਲੁਜ ਵਿਚ ਮਿਲਣੋਂ ਰੋਕ ਦਿੱਤਾ ਤਾਂ ਲੁਧਿਆਣੇ ਦੀ ਮਿਉਂਸਪਲ ਕਾਰਪੋਰੇਸ਼ਨ ਅਤੇ ਸਰਕਾਰ ਨੂੰ ਪਾਣੀ ਦੀ ਸੋਧ ਅਤੇ ਸੰਭਾਲ ਲਈ ਜੋ ਕਰਨਾ ਪਏਗਾ ਉਹ ਅਜਿਹਾ ਵਾਪਰਨ ਤੋਂ ਪਹਿਲਾਂ ਹੀ ਕਰ ਲੈਣਾ ਚਾਹੀਦਾ ਹੈ।ਲੋਕਾਂ ਨੇ ਉਸ ਵੇਲੇ ਜੋਰਦਾਰ ਤਾੜੀਆਂ ਨਾਲ ਖੁਸੀ ਪ੍ਰਗਟ ਕੀਤੀ ਜਦ ਦੱਸਿਆ ਗਿਆ ਕਿ ਦੁਨੀਆਂ ਦੇ ਹੋਰ ਬਹੁਤ ਸਾਰੇ ਸ਼ਹਿਰਾਂ ਜਿਵੇਂ ਵੈਨਕੂਵਰ, ਸਿਡਨੀ, ਮੈਲਬੌਰਨ, ਅਹਿਮਦਾਬਾਦ ਆਦਿ ਵਿਚ ਬਹੁਤ ਸਾਰੇ ਪੰਜਾਬੀ ਇਸ ਉਦੇਸ਼ ਦੀ ਹਮਾਇਤ ਵਿਚ ਇਸੇ ਸਮੇਂ ਆਪੋ ਆਪਣੇ ਥਾਈਂ ਦੌੜ ਰਹੇ ਹਨ।
ਗਰੀਨ ਟ੍ਰਿਬੂਨਲ ਦੇ ਨਵੇਂ ਨਿਯੁਕਤ ਹੋਏ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਪਣੇ ਪਿੰਡ ਸੀਚੇਵਾਲ ਅਤੇ ਸੁਲਤਾਨਪੁਰ ਲੋਧੀ ਦੀ ਮਿਸਾਲ ਦਿੰਦਿਆਂ ਕਿਹਾ ਲੁਧਿਆਣੇ ਦੀ ਸੀਵਰੇਜ ਦੇ ਪਾਣੀ ਨੂੰ ਸੋਧ ਇਕ ਲੱਖ ਏਕੜ ਤੋਂ ਵੱਧ ਜ਼ਮੀਨ ਦੀ ਸੰਚਾਈ ਲਈ ਵਰਤਿਆ ਜਾ ਸਕਦਾ ਹੈ ਅਤੇ ਉਸ ਜ਼ਮੀਨ ਨੂੰ ਰਸਾਇਣਕ ਖਾਦਾਂ ਦੀ ਵੀ ਲੋੜ ਨਹੀਂ ਪਵੇਗੀ।ਉਹਨਾਂ ਕਿਹਾ ਮਨੁਖੀ ਜਾਨਾਂ ਦਾ ਘਾਣ ਕਰਨ ਵਾਲੇ ਰਸਾਇਣ ਦਰਿਆ ਵਿਚ ਪਾਉਣ ਵਾਲੇ ਸਨਅਤਕਾਰਾਂ ਕਾਨੂੰਨ ਅਨੁਸਾਰ ਕੈਦ ਹੋਣੀ ਚਾਹੀਦੀ ਹੈ।ਡਾ. ਇੰਦਰਜੀਤ ਕੌਰ ਨੇ ਕਿਹਾ ਕਿ ਬੁੱਢੇ ਦਰਿਆ ਦਾ ਗੰਦੇ ਨਾਲੇ ਵਿਚ ਤਬਦੀਲ ਹੋਣਾ ਦੱਸਦਾ ਹੈ ਕਿ ਸਾਡੇ ਜੀਵਨ ਵਿਚ ਸੇਵਾ, ਸਬਰ ਅਤੇ ਸ਼ੁਕਰ ਦੀ ਥਾਂ ਲਾਲਚ, ਖੁਦਗਰਜ਼ੀ ਅਤੇ ਬੇਈਮਾਨੀ ਨੇ ਲੈ ਲਈ ਹੈ। ਫਿਲਮ ਸਟਾਰ ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਸਾਨੂੰ ਆਪਣੇ ਬੁਢੇ ਦਰਿਆ ਦੀ ਸੰਭਾਲ ਉਸੇ ਭਾਵਨਾ ਨਾਲ ਕਰਨੀ ਚਾਹੀਦੀ ਹੈ ਜਿਸ ਭਾਵਨਾ ਨਾਲ ਅਸੀਂ ਆਪਣੇ ਬਜ਼ੁਰਗਾਂ ਦੀ ਕਰਦੇ ਹਾਂ।ਮੇਅਰ ਬਲਕਾਰ ਸੰਧੂ ਪਾਣੀ ਦੀ ਸੋਧ ਲਈ ਲਾਏ ਜਾਣ ਵਾਲੇ ਪਲਾਟਾਂ ਦੀ ਜਾਣਕਾਰੀ ਸਾਂਝੀ ਕੀਤੀ।ਇਸ ਦੌੜ ਵਿਚ ਵੈਨਕੂਵਰ ਤੋਂ ਆਈ ਨਰਿੰਦਰ ਸੇਖੋਂ, ਮੈਲਬੌਰਨ ਤੋਂ ਆਏ ਨਿਰਮਲ ਸਿੰਘ ਨਾਮਧਾਰੀ ਨੇ ਵੀ ਹਿੱਸਾ ਲਿਆ।
ਮੁਖ ਪ੍ਰਬੰਧਕ ਜਸਵੰਤ ਸਿੰਘ ਨੇ ਕਿਹਾ ਕਿ ਪ੍ਰਦੂਸ਼ਨ ਤੋਂ ਆਜ਼ਾਦੀ ਦੀ ਇਹ ਦੌੜ ਇਥੇ ਰੁਕਣ ਵਾਲੀ ਨਹੀਂ। 11 ਸਤੰਬਰ ਨੂੰ ਗੁਰੂ ਨਾਨਕ ਭਵਨ ਵਿਖੇ ਇਸ ਵਿਸ਼ੇ ਤੇ ਵਿਸ਼ਾਲ ਸੈਮੀਨਾਰ ਹੋਵੇਗਾ ਜਿਸ ਵਿਚ ਹੁਣ ਤੱਕ ਹੋ ਚੁਕੀ ਖੋਜ, ਸਕੀਮਾਂ, ਕਾਰਵਾਈਆਂ, ਸੰਭਾਵਨਾਵਾਂ ਆਦਿ ਦੀ ਚਰਚਾ ਹੋਵੇਗੀ।ਨਾਲ ਹੀ ਮੈਡੀਕਲ ਚੈਕ ਅੱਪ ਅਤੇ ਖੁਨ ਦਾਨ ਦੇ ਕੈਂਪ ਵੀ ਲੱਗਣਗੇ। ਗਣਤੰਤਰ ਦਿਵਸ ਤੋਂ ਪਹਿਲਾਂ ਘੱਟੋ ਘੱਟ ਤਹਿ ਹਜ਼ਾਰ ਲੋਕ ਫਿਰ ਦਰਿਆ ਕਿਨਾਰੇ ਜੁੜਨਗੇ।
ਖਾਲਸਾ ਏਡ ਦੇ ਵਲੰਟੀਅਰਾਂ ਨੇ ਦੌੜਾਕਾਂ ਲਈ ਪਾਣੀ ਅਤੇ ਫਲਾਂ ਦਾ ਪ੍ਰਬੰਧ ਕੀਤਾ। ਸੰਭਵ ਫਾਉਂਡੇਸ਼ਨ ਨੇ ਟ੍ਰੈਫਿਕ ਦਾ ਪ੍ਰਬੰਧ ਸੰਭਾਲਿਆ। ਹੋਰ ਸੰਸਥਾਵਾਂ ਨੇ ਵੀ ਭਰਪੂਰ ਯੋਗਦਾਨ ਪਾਇਆ।