ਜ਼ਿੰਦਗੀ ਦੇ ਵੱਖ ਵੱਖ ਰੰਗਾਂ ਦਾ ਬਾਤ ਪਾਉਂਦਾ ਬਲਜੀਤ ਫਰਵਾਲੀ ਦਾ ਮਿੰਨੀ ਕਹਾਣੀ ਸੰਗ੍ਰਹਿ -ਸੱਤਰੰਗੀ ਜ਼ਿੰਦਗੀ

“ਸੱਤਰੰਗੀ ਜ਼ਿੰਦਗੀ” ਮਿੰਨੀ ਕਹਾਣੀ ਸੰਗ੍ਰਿਹ ਨਾਲ ਬਲਜੀਤ ਫਰਵਾਲੀ, ਮਾਂ ਬੋਲੀ ਪੰਜਾਬੀ ਦੇ ਦਰਬਾਰ ਵਿੱਚ ਸਿੱਜਦਾ ਕਰਦਾ ਹੋਇਆ, ਇਸ ਜਾਨ ਤੋਂ ਪਿਆਰੀ ਮਾਂ-ਬੋਲੀ ਦੀ ਆਭਾ ਨੂੰ ਹੋਰ ਚਾਰ ਚੰਨ ਲਾਉਣ ਲਈ ਆਪਣੀ ਪਲੇਠੀ ਭੇਂਟ ਨਾ, ਪੰਜਾਬੀ ਮਾਂ ਬੋਲੀ ਦਾ ਆਸ਼ੀਰਵਾਦ ਲੈਣ ਜਾ ਰਿਹਾ ਹੈ। ਅੱਜ ਦੇਸ਼ਾਂ ਵਿਦੇਸ਼ਾਂ ਵਿੱਚ ਆਪਣੀ ਚੰਗੀ ਪਹਿਚਾਣ ਬਣਾ ਚੁੱਕੀ ਨਾਮਵਰ ਸੰਸਥਾ “ਪੰਜਾਬੀ ਸੱਥ ਮੈਲਬੌਰਨ” ਵੱਲੋਂ ਆਪਣੇ ਚੌਥੇ ਸਥਾਪਨਾ ਦਿਵਸ ਜੋ ਕੌਮਾਂਤਰੀ ਪੰਜਾਬੀ ਮਾਂ-ਬੋਲੀ ਨੂੰ ਸਮਰਪਿਤ ਹੈ, ਦੇ ਦੌਰਾਨ ਬਲਜੀਤ ਫਰਵਾਲੀ ਦੇ ਪਲੇਠੇ ਕਹਾਣੀ ਸੰਗ੍ਰਿਹ ਨੂੰ ਪੇਸ਼ ਕਰਕੇ ਬਹੁਤ ਹੀ ਸਲਾਘਾਯੋਗ ਕਾਰਜ ਕਰਨ ਲਈ ਮੈਂ ਇਸ ਸੰਸਥਾ ਅਤੇ ਇਸਦੇ ਸਾਰੇ ਹੀ ਸਤਿਕਾਰਯੋਗ ਸਾਥੀਆਂ ਨੂੰ ਵਧਾਈ ਦਿੰਦਾ ਹਾਂ।

ਸਾਹਿਤ ਅਤੇ ਸਾਹਿਤਕਾਰ ਦਾ ਰਿਸ਼ਤਾ ਬਹੁਤ ਕਰੀਬੀ ਹੁੰਦਾ ਹੈ ਅਤੇ ਲੋਕ ਸਾਹਿਤ ਦਾ ਦਰਜਾ ਉਹੀ ਰਚਨਾ ਪ੍ਰਾਪਤ ਕਰ ਸਕਦੀ ਹੈ, ਜਿਸਦੇ ਰਚਨਹਾਰਾ ਨੇ ਸ਼ਿੱਦਤ ਨਾਲ ਉਹ ਸਾਰੇ ਹਾਲਾਤ ਆਪਣੇ ਹੱਡੀ ਹੰਢਾਏ ਹੋਣ ਜਾਂ ਹੱਡਬੀਤੀ ਵਿੱਚੋਂ ਉਸਦੇ ਰਚਨਾ ਸੰਸਾਰ ਦਾ ਪਸਾਰ ਉਸਦੇ ਆਪਣੇ ਜਾਂ ਆਲ਼ੇ-ਦੁਆਲ਼ੇ ਦੇ ਸਮਾਜ ਵਿਚਲੇ ਹੱਡਬੀਤੇ ਸਰਕਾਰਾਂ ਨੂੰ ਮੁਖਾਤਿਬ ਹੋਵੇ।”ਸੱਤਰੰਗੀ ਜ਼ਿੰਦਗੀ” ਦੇ ਸਰੋਕਾਰ ਅਤੇ ਸਾਰੇ ਪਾਤਰ ਜਿਉਂਦੇ ਜਾਗਦੇ ਅਤੇ ਸਾਡੇ ਆਸ ਪਾਸ ਵਿਚਰਦੇ ਦਿਖਾਈ ਦਿੰਦੇ ਹੋਣ ਕਾਰਨ ਹੀ ਇਸਦਾ ਚਿੱਤਰਨ ਕਰਨ ਵੇਲ਼ੇ ਉਨ੍ਹਾਂ ਨੂੰ ਬਿਲਕੁਲ ਹੂ-ਬ-ਹੂ ਪੇਸ਼ ਕੀਤਾ ਹੈ ਬਲਜੀਤ ਫਰਵਾਲੀ ਨੇ।ਬਲਜੀਤ ਇਕ ਬਹੁਤ ਹੀ ਸੰਵੇਦਨਸੀਲ ਅਤੇ ਸੂਖਮ ਭਾਵੀ ਵਿਅਕਤੀ ਹੈ, ਇਹ ਨਿਰਣਾ ਮੈਂ ਉਸ ਵੱਲੋਂ ਰਚੀਆਂ ਕਹਾਣੀਆਂ ਵਿਚਲੇ ਪਾਤਰਾਂ ਦੀ ਮਨੋਦਸ਼ਾ ਦੇ ਅਧਾਰ ਉੱਤੇ ਕਰ ਰਿਹਾ ਹਾਂ।

ਪ੍ਰਵਾਸ ਦਾ ਇਤਿਹਾਸ ਬਹੁਤ ਪੁਰਾਣਾ ਹੈ ਅਤੇ ਇਹ ਮਨੁੱਖ ਨੂੰ ਮਿਲੇ ‘ਜਬਾਨ’ ਦੇ ਤੋਹਫ਼ੇ ਦੇ ਨਾਲ ਹੀ ਸ਼ੁਰੂ ਹੋ ਗਿਆ ਸੀ।ਆਪਣੇ ਜੀਵਨ ਨਿਰਬਾਹ,ਸੁਰੱਖਿਆ ਅਤੇ ਚੰਗੇਰੀ ਹਾਲਤ ਦੇ ਮੱਦੇ ਨਜ਼ਰ ਆਦਮੀ ਆਦਿ ਕਾਲ ਤੋ ਹੀ ਪਰਵਾਸੀ ਰਿਹਾ ਹੈ।ਇਸ ਸੰਗ੍ਰਹਿ ਦੀਆਂ ਬਹੁਤੀਆਂ ਕਹਾਣੀਆਂ ਦਾ ਸਰੋਕਾਰ ਪ੍ਰਵਾਸ ਨਾਲ ਜੁੜਿਆ ਹੋਇਆ ਹੈ।ਲੇਖਕ ਨੇ ਪੰਜਾਬ ਦੀ ਜਨਮ ਭੂਮੀ ਨੂੰ ਅਲਵਿਦਾ ਕਹਿ ਕੇ ਆਸਟਰੇਲੀਆ ਦੀ ਧਰਤੀ ਨੂੰ -‘ਕਰਮ-ਭੂਮੀ’ ਤਾਂ ਬਣਾ ਲਿਆ ਪਰ ਉਹ ਆਪਣੇ ਅਤੀਤ, ਆਪਣੇ ਬਚਪਨ ਅਤੇ ਆਪਣੇ ਮਿੱਟੀ ਦੇ ਮੋਹ ਵੱਲੋਂ ਮੂੰਹ ਨਾਂ ਘੁੰਮਾਂ ਸਕਿਆ।ਆਪਣੀ ਮਿੱਟੀ ਦੀ ਮਹਿਕ ਉਸਨੂੰ ਆਪਣੇ ਸੁਪਨਿਆਂ ਵਿੱਚ ਵੀ ਚੇਤੇ ਆਉਂਦੀ ਅਤੇ ਜਾਗਦਿਆਂ ਵੀ ਉਸਦੀਆਂ ਸੋਚਾਂ ਨੂੰ ਟੁੰਬਦੀ ਰਹਿਣ ਕਰਕੇ ਹੀ ਉਹ ਪੰਜਾਬ ਦੀ ਧਰਾਤਲ ਨਾਲ ਜੁੜੀਆਂ ਇੰਨੀਆਂ ਜਾਨਦਾਰ ਅਤਿ ਸ਼ਾਨਦਾਰ ਕਹਾਣੀਆਂ ਸਿਰਜਣ ਦੇ ਸਮਰੱਥ ਹੋ ਸਕਿਆ।

ਇਸ ਮਿੰਨੀ ਕਹਾਣੀ ਦੇ ਸਰੋਕਾਰਾਂ ਵਿੱਚ, ਪੰਜਾਬ ਦੇ ਮਸਲੇ ਪ੍ਰਮੁਖਤਾ ਨਾਲ ਵਿਚਾਰੇ ਗਏ ਹਨ।1947 ਵੇਲੇ ਦੀ ਵੰਡ ਦਾ ਦੁਖਾਂਤ ਅਤੇ ਉਸ ਤੋਂ ਬਾਦ ਪੰਜਾਬ ਨੂੰ ਛਾਂਗਕੇ  ਇਸ ਵਿੱਚੋਂ ਹਿਮਾਚਲ,ਹਰਿਆਣਾ ਅਤੇ ਹੋਰ ਇਲਾਕੇ ਕੱਢਕੇ ਇਸਦਾ ਖੇਤਰ ਸੀਮਿਤ ਕਰਨਾ,ਇਸਦੇ ਪਾਣੀਆਂ ਦੀ ਲੁੱਟ,ਧਰਤੀ ਹੇਠਲੇ ਪਾਣੀ ਦਾ ਸੰਕਟ ਅਤੇ ਜ਼ਹਿਰੀਲਾ ਹੋਣਾ ਜਿਸਦੇ ਸਿੱਟੇ ਵਜੋਂ ਪੰਜਾਬ ਵਿੱਚ ਕੈਂਸਰ ਦਾ ਮਾਰੂ ਹੱਲਾ, ਇੱਥੋਂ ਕੈਂਸਰ ਟਰੇਨ ਦਾ ਚੱਲਣਾ, ਭਾਸ਼ਾਈ ਮਸਲੇ,ਪ੍ਰਵਾਸ ਕਰਕੇ ਬਜ਼ੁਰਗਾਂ ਦਾ ਝੋਰਾ,ਨਸ਼ਿਆਂ ਨਾਲ ਖੁੰਘਲ ਹੋਈ ਜਵਾਨੀ,ਧੀਆਂ ਪੁੱਤਰਾਂ ਵਿਚਲਾ ਫਰਕ,ਮਾਂ ਨੂੰ ਧੀਆਂ ਜੰਮਣ ਦੇ ਮਿਹਣੇ, ਹੋਰ ਬਹੁਤ ਸਾਰੇ ਸਰੀਰਿਕ ਅਤੇ ਮਾਨਸਿਕ ਦਰਦ ਸ਼ਾਮਲ ਹਨ।

ਕਹਾਣੀਕਾਰ,ਮਾਂ ਨੂੰ ਸਿਜਦਾ ਕਰਦੀ ਕਹਾਣੀ ‘ਮਾਂ ਰੱਬ ਦਾ ਦੂਜਾ ਰੂਪ’ ਵਿੱਚ ਇਕ ਕਥਾ ਦੀ ਵਿਧਾ-ਸਿਰਜਕੇ ਸੁਨੇਹਾ ਦਿੰਦਾ ਹੈ ਕਿ ਮਾਂ ਇਸ ਜੀਵਨ ਵਿੱਚ ਵੀ ਅਤੇ ਜੀਵਨ ਤੋ ਬਾਦ ਵੀ ਆਪਣੇ ਬੱਚਿਆਂ ਨੂੰ ਤੱਤੀ ਵਾਅ ਨਹੀਂ ਲੱਗਣ ਦਿੰਦੀ।ਕਹਾਣੀ ‘ਝੱਲਾ ਮੁੜਕੇ ਨਹੀਂ ਆਇਆ’ ਵੀ ਮਾਂ-ਪਿਆਰ ਦੇ ਵਿਯੋਗ ਦੀ ਦਰਦਨਾਕ ਤਸਵੀਰ ਪੇਸ਼ ਕਰਦੀ ਹੈ।’ਪੰਜਾਬ ਸਿੰਆਂ’ ਪੰਜਾਬ ਮਸਲਿਆਂ ਦੀ ਪ੍ਰਤਿਨਿੱਧ ਕਹਾਣੀ ਹੈ,ਜਿਸ ਵਿੱਚ 1947 ਦੀ ਵੰਡ ਤੋ ਲੈ ਕੇ ਹੁਣ ਤੱਕ ਦੀਆਂ ਸਮੱਸਿਆਵਾਂ ਨੂੰ ਪੰਜਾਬ ਦਾ ਮਾਨਵੀਕਰਨ ਕਰਕੇ,ਰਚਾਏ ਸੰਵਾਦ ਦੀ ਵਿਧਾ ਨਾਲ਼ ਸਾਰੀ ਤ੍ਰਾਸਦੀ ਨੂੰ ਚਿਤਰਿਆ ਹੈ। ਅੰਤ ਵਿੱਚ ਜਦੋਂ ਕਹਾਂਣੀਕਾਰ ਬਾਬੇ ਪੰਜਾਬ ਸਿੰਆਂ ਨੂੰ ਅਜੇ ਵੀ ਚੜਦੀ ਕਲ਼ਾ ਵਿੱਚ ਹੋਣ ਦਾ ਰਾਜ ਪੁੱਛਦਾ ਹੈ ਤਾਂ ਪੰਜਾਬ ਰੂਪੀ ਬਾਬੇ ਨੂੰ ਕਹਿੰਦੇ ਹਨ ਕਿ “ਕਾਕਾ,ਇਹ ਤਾਂ ਬਾਬੇ ਨਾਨਕ ਦੀ ਬਾਣੀ ਦਾ ਨੂਰ ਆ……,,,,ਅਤੇ ਉਡੀਕ ਮੈਨੂੰ ਅਜੇ ਵੀ ਮੇਰੇ ਬਾਪੂ ਕਲਗ਼ੀਆਂ ਵਾਲੇ ਦੀ ਆ।” ਇੰਜ ਇਸ ਪ੍ਰਸੰਗ ਵਿੱਚ ਪ੍ਰੋ. ਪੂਰਨ ਸਿੰਘ ਦੀ ਕਵਿਤਾ-‘ਓ ਪੰਜਾਬ ਤਾਂ ਵੱਸਦਾ ਗੁਰਾਂ ਦੇ ਨਾਂ ‘ਤੇ’ ਸਾਡੇ ਚੇਤਿਆ ਵਿਚੋ ਸਾਹਮਣੇ ਆ ਖਲੋਂਦੀ ਹੈ।ਇੰਜ ਹੀ ਕਹਾਣੀ ‘ਦੋਗਲੇ’,’ਕੁਦਰਤ ਬੋਲ ਪਈ’ ਅਤੇ ‘ਅੰਦਰਲਾ ਲਾਵਾ’ ਵੀ ਪੰਜਾਬ ਜਨਮ ਭੂਮੀ ਨੂੰ ਹੀ ਮੁਖਾਤਿਬ ਹਨ।

ਕਹਾਣੀ ‘ਦੋਗਲ਼ੇ’ ਅਤੇ ‘ਬੌਣਾ ਇਨਸਾਨ’ ਵਿੱਚ,ਕੇਂਦਰ ਦੀ ਭਗਵਾਂ ਹਕੂਮਤ ਵੱਲੋਂ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਉੱਤੇ ਵਿੱਢੇ ਹਮਲਿਆਂ ਦੀ ਕੜੀ ਵਜੋਂ ਨਵੀਂ ਸਿੱਖਿਆ ਨੀਤੀ ਤਹਿਤ ਖੇਤਰੀ ਭਾਸ਼ਾਵਾਂ ਨੂੰ ਨਜ਼ਰ ਅੰਦਾਜ਼ ਕਰਕੇ ਹਿੰਦੀ ਨੂੰ ਪਰਮੋਟ ਕਰਨ ਅਤੇ ਕੁਝ ਸਕੂਲ ਪ੍ਰਬੰਧਕਾਂ ਵੱਲੋਂ ਸਕੂਲਾਂ ਵਿੱਚ ਹਿੰਦੀ ਬੋਲਣਾ ਲਾਜ਼ਮੀ ਅਤੇ ਪੰਜਾਬੀ ਬੋਲਣ ਤੇ ਜੁਰਮਾਨਾ ਕਰਨ ਦੇ ਫਾਂਸੀ ਰੁਝਾਨ ਬਾਰੇ ਗੱਲ ਕਰਦਿਆਂ ਬੱਚਿਆਂ ਵੱਲੋਂ ਇਕ ਸਵਾਲ ਉਭਾਰਦਿਆਂ ਕਿਹਾ ਗਿਆ ਹੈ ਕਿ”ਹਾਂ ਪਾਪਾ! ਬਰਨਾਲ਼ੇ ਅਵਨੀਤ ਜਿਸ ਅੰਗਰੇਜ਼ੀ ਸਕੂਲ ਵਿੱਚ ਪੜਦੀ,ਉੱਥੇ ਪੰਜਾਬੀ ਬੋਲਣ ਤੇ ਜੁਰਮਾਨਾ ਲੱਗਦਾ ਬੱਚਿਆਂ ਨੂੰ ਪਰ ਫਿਰ ਪੰਜਾਬ ਵਿੱਚ ਹਿੰਦੀ ਬੋਲਣਾ ਲਾਜ਼ਮੀ ਕਿਉਂ ਹੈ?” ਇਸ ਤਰਾਂ ਕਹਾਣੀਕਾਰ ਨੇ ਕੇਂਦਰ ਦੀ ਧੱਕੇਸ਼ਾਹੀ ਵਿਰੁੱਧ ਅਤੇ ਆਪਣੀ ਮਾਂ-ਬੋਲੀ ਪੰਜਾਬੀ ਦੇ ਹੱਕ ਵਿੱਚ ਜ਼ਬਰਦਸਤ ਅਵਾਜ ਬੁਲੰਦ ਕੀਤੀ ਹੈ।ਅੱਜ ਜਦੋਂ ਅਸੀਂ ਮਾਤ ਭਾਸ਼ਾ ਨੂੰ ਸਮਰਪਿਤ ਦਿਵਸ ਮਨਾ ਰਹੇ ਹਾਂ ਤਾ ਬਲਜੀਤ ਫਰਵਾਲੀ ਵੱਲੋਂ ਉਭਾਰਿਆ ਸੁਆਲ ਹੋਰ ਵੀ ਸਾਰਥਕ ਹੋ ਨਿਬੜਦਾ ਹੈ।ਲੇਖਕ ਦੇ ਸਰੋਕਾਰਾਂ ਵਿੱਚ, ਸਾਡੇ ਗੁਰੂਆਂ ਪੀਰਾਂ ਦੀ ਧਰਤੀ ਤੇ ਫੈਲੇ ਅੰਧ ਵਿਸ਼ਵਾਸ ਅਤੇ ਵਹਿਮ ਭਰਮ ਵੀ ਸਾਮਿਲ ਹਨ।ਅੱਜ ਦੇ ਵਿਗਿਆਨਿਕ ਯੁੱਗ ਵਿੱਚ ਵੀ ਪੇਂਡੂ ਧਰਾਤਲ ਤੇ ਕੁਝ ਢੌਂਗੀ ਸਾਧ ਪਿੰਡ ਪਿੰਡ ਅਮਰਵੇਲ ਵਾਂਗ ਵੱਧ ਰਹੇ ਹਨ।ਇਸ ਸਮਾਜਿਕ ਬੁਰਾਈ ਨੂੰ ਮੁਖਾਤਿਬ,ਇਸ ਮਿੰਨੀ ਕਹਾਣੀ ਸੰਗ੍ਰਿਹ ਵਿੱਚ ‘ਗ੍ਰਹਿ’ ਅਤੇ ‘ਬਾਬੇ’ ਦੋ ਕਹਾਣੀਆਂ ਹਨ ਜਿਨਾਂ ਰਾਹੀ ਲੇਖਕ ਇੰਨਾਂ ਬੂਬਣੇ ਸਾਧਾਂ ਕੋਲੋ ਲੁੱਟ ਕਰਵਾਉਣ ਦੀ ਥਾਂ,ਵਿਗਿਆਨਿਕ ਢੰਗ ਨਾਲ ਮਸਲੇ ਹੱਲ ਕਰਨ ਦਾ ਸੁਨੇਹਾ ਦਿੰਦਾ ਹੈ।

ਆਸਟਰੇਲੀਆ ਕਹਾਣੀ-ਪੰਜਾਬ ਤੋ ਨਵੇ ਆਉਂਦੇ ਵਿਦਿਆਰਥੀਆਂ ਨੂੰ ਦਰਪੇਸ਼ ਸਮੱਸਿਆਵਾਂ,ਉਨ੍ਹਾਂ ਦੀ ਕਲਪਨਾ ਅਤੇ ਜ਼ਮੀਨੀ ਹਕੀਕਤ ਵਿਚਲੇ ਪਾੜੇ,ਨਵੇ ਹੋਣ ਕਾਰਨ ਉਨ੍ਹਾਂ ਦੀ ਮਜਬੂਰੀ ਦਾ ਫ਼ਾਇਦਾ ਉਠਾ ਕੇ,ਉਨ੍ਹਾਂ ਦੀ ਕਿਰਤ ਦੀ ਕੀਤੀ ਜਾਂਦੀ ਲੁੱਟ, ਆਦਿ ਸਮੱਸਿਆਵਾਂ ਨੂੰ ਉਜਾਗਰ ਕਰਕੇ,ਨਵੇ ਵਿਦਿਆਰਥੀਆਂ ਨੂੰ ਇੱਥੋਂ ਦੀ ਅਸਲ ਧਰਾਤਲ ਨਾਲ ਜੋੜਨ ਅਤੇ ਚੌਕਸ ਕਰਨ ਦਾ ਸੁਨੇਹਾ ਦਿੰਦੀ ਹੈ।

‘ਤਾਸੀਰ’ ਅਤੇ ‘ਬੱਸ ਦੋ ਹੀ ਧੀਆ’ ਕਹਾਣੀਆਂ,ਪੰਜਾਬ ਦੀ ਧਰਤ ‘ਤੇ ਮੁੰਡੇ-ਕੁੜੀ ਵਿਚਲੇ ਫਰਕ ਅਤੇ ਧੀਆ ਜੰਮਦਿਆਂ ਹੀ ਉਨ੍ਹਾਂ ਨਾਲ ਹੁੰਦੇ ਵਿਤਕਰੇ,ਕੁੜੀ ਜੰਮਣ ਲਈ ਸਿਰਫ ਮਾਂ ਨੂੰ ਹੀ ਦੋਸ਼ੀ ਠਹਿਰਾਉਣਾ ਉਹ ਵੀ ਉਸ ਸਮੇਂ ਜਦੋਂ ਵਿਗਿਆਨ ਨੇ X Y ਫ਼ਾਰਮੂਲੇ ਰਾਹੀ ਇਹ ਸਿੱਧ ਕਰ ਦਿੱਤਾ ਹੋਵੇ ਕਿ ਕੁੜੀ ਜੰਮਣ ਲਈ ਸਿਰਫ ਮਾਂ ਹੀ ਜ਼ਿੰਮੇਵਾਰ ਨਹੀਂ ਹੁੰਦੀ।ਮਾਂ-ਪਿਓ ਨਾਲ ਪੁੱਤਾਂ ਵੱਲੋਂ ਆਖ਼ਰੀ ਉਮਰੇ ਕੀਤਾ ਜਾਂਦਾ ਦੁਰਵਿਹਾਰ ਅਤੇ ਧੀਆਂ ਵੱਲੋਂ ਦਿੱਤੇ ਜਾਂਦੇ ਪਿਆਰਨਾਲ ਇਹ ਕਹਾਣੀਆਂ ਧੀ ਵਰਗੀ ਅਨਮੋਲ ਦਾਤ ਨੂੰ ਉਚਿਆਉਂਦੀਅਆ ਹਨ।’ਪਗਡੰਡੀਆ’ ਕਹਾਣੀ ਇਕ ਅਜਿਹੀ ਵਕਤ ਤੋ ਪਹਿਲਾਂ ਲਈ ਸੇਵਾ-ਮੁੱਕਤ ਸਕੂਲ ਅਧਿਆਪਕਾ ਦੀ ਹੈ, ਜਿਸਨੇ ਵੀਹ ਕੁ ਸਾਲ ਪਹਿਲਾਂ ਜਹਾਨੋ ਤੁਰ ਗਏ ਪਤੀ ਦਾ ਵਿਛੋੜਾ ਵੀ ਝੱਲਿਆ ਅਤੇ ਆਪਣੇ ਇੱਕੋ ਇਕ ਪੁੱਤ ਨੂੰ ਪੜਾ-ਲਿਖਕੇ ਆਸਟਰੇਲੀਆ ਵਿੱਚ ਸਥਾਪਿਤ ਕੀਤਾ।ਹੁਣ ਉਹ ਪੱਕੇ ਤੌਰ ਤੇ ਨੂੰਹ ਪੁੱਤ ਕੋਲ ਰਹਿਣ ਤਾ ਆ ਗਈ ਪਰ ਇੱਥੋਂ ਦੇ ਮਾਹੌਲ ਮੁਤਾਬਕ ਨਾਂ ਢਲ ਸਕਣ ਕਾਰਨ ਉਦਾਸੀ ਦੇ ਆਲਮ ਵਿੱਚ ਘਿਰ ਗਈ ਹੈ।ਕਹਾਣੀਕਾਰ ਵੱਲੋਂ ਹਮਦਰਦੀ ਦੇ ਬੋਲ ਸੁਣਕੇ ਫੋੜੇ ਵਾਂਗ ਫਿੱਸ ਪੈਂਦੀ ਹੈ।ਇਹ ਦੁਖਾਂਤ ਸਾਡੇ ਬਹੁਤ ਸਾਰੇ ਬਜ਼ੁਰਗਾਂ ਦਾ ਹੈ ਜਿਸਨੂੰ ਕਹਾਣੀਕਾਰ ਨੇ ਬਹੁਤ ਸ਼ਫਲਤਾ ਨਾਲ ਪੇਸ਼ ਕੀਤਾ ਹੈ।’ਸ਼ਾਲ’ ਕਹਾਣੀ ਵੀ ਅਜਿਹੇ ਬਜ਼ੁਰਗ ਦੀ ਕਹਾਣੀ ਹੈ ਜੋ ਪਤਨੀ ਦੇ ਵਿਯੋਗ ਵਿੱਚ ਦੁਖੀ ਹੈ ਅਤੇ ਆਪਣੇ ਪੋਤੇ ਨੂੰ ਇਕ ਥਾਂ ਕਹਿੰਦਾ “ਤੇਰੀ ਦਾਦੀ ਤੇ ਮੈ,ਆਪਣੇ ਸਪਨੇ ਪੂਰੇ ਕਰਨ ਲਈ ਨਹੀਂ ਸੀ ਸੌਦੇ ਤੇ ਹੁਣ  ਸਪਨੇ ਲੈਣ ਲਈ ਨੀਂਦ ਨਹੀਂ ਆਉਂਦੀ।”

ਸਾਹਿਤ ਸਮਾਜ ਦਾ ਦਰਪਣ ਹੁੰਦਾ ਹੈ-ਇਹ ਕਥਨ ਬਲਜੀਤ ਫਰਵਾਲੀ ਦੀਆਂ ਕਹਾਣੀਆਂ ਦੇ ਰੂ-ਬ-ਰੂ ਬਿਲਕੁਲ ਸੱਚ ਪ੍ਰਤੀਤ ਹੁੰਦਾ ਹੈ।ਇਨ੍ਹਾਂ ਕਹਾਣੀਆਂ ਦਾ ਸਭ ਤੋ ਨਿਵੇਕਲਾ ਤੇ ਨਿਆਰਾਪਣ ਇਹ ਹੈ ਕਿ ਬਲਜੀਤ ਨੇ ਸਾਹਿਤ ਸਿਰਜਣਾ ਨੂੰ ਮਹਿਜ਼ ਰਸਮੀ ਤੌਰ ਤੇ ਨਹੀਂ ਲਿਆ ਸਗੋਂ ਸਮਕਾਲੀ ਸਮਾਜ ਦੇ ਸਭ ਰੰਗਾਂ,ਇੱਥੋਂ ਦੇ ਦੁੱਖਾਂ-ਸੁੱਖਾ,ਠੰਡੀਆਂ-ਤੱਤੀਆਂ ਹਵਾਂਵਾਂ ਨੂੰ ਕਲਮੀ ਬੁਰਸ਼ ਰਾਹੀ ਚਿਤਰਿਆ ਹੈ।ਇਹਨਾਂ ਕਹਾਣੀਆਂ ਦੇ ਜਿਸਦੇ ਜਾਗਦੇ ਪਾਤਰ,ਪੇਂਡੂ ਮਲਵਈ ਖੇਤਰ ਦੀ ਮੁਹਾਵਰੇਦਾਰ ਬੋਲ,ਭਾਸ਼ਾ ਦੀ ਰਵਾਨਗੀ ਇਸਦੇ ਨਿਆਰੇ ਗੁਣ ਹਨ ਜਿਵੇ ਰੰਗੀਆਂ ਰੰਡੇਪਾ ਕੱਟ ਲਵੇ ਪਰ ਲੋਕ ਕੱਟਣ ਨਹੀਂ ਦਿੰਦੇ,ਅੰਨਾਂ ਜੁਲਾਹਾ ਮਾਂ ਨਾਲ ਮਸ਼ਖਰੀਆ,ਕਿਥੋ ਭਾਲਦਾ ਬਜੌਰੀ ਦਾਖਾਂ-ਕਿੱਕਰਾਂ ਦੇ ਬੀਜ ਬੀਜਕੇਆਦਿ ਪੇਂਡੂ ਮੁਹਾਵਰਿਆਂ ਰੂਪੀ ਨਗੀਨਿਆ ਨਾਲ ਆਪਣੀ ਲੇਖਣੀ ਨੂੰ ਸ਼ਿੰਗਾਰਕੇ,ਮਾਂ ਬੋਲੀ ਦੰਗ ਅਦਬੀ ਵਿਹੜੇ ਜੋ ਪਲੇਠੀ ਹਾਜ਼ਰੀ ਲਵਾਈ ਹੈ,ਇਸ ਨਾਲ ਬਲਜੀਤ ਫਰਵਾਲੀ ਕਹਾਣੀ ਜਗਤ ਦੇ ਪ੍ਰਤੀਬੱਧ ਲੇਖਕਾਂ ਵਿੱਚ ਆਪਣੀ ਪਹਿਚਾਣ ਬਣਾਵੇਗਾ,ਇਹ ਮੇਰਾ ਦਾਅਵਾ ਹੈ।
ਸ਼ੁਭ ਆਮਦੀਦ-ਬਲਜੀਤ ਫਰਵਾਲੀ! ਸ਼ੁਭ ਕਾਮਨਾਵਾਂ

(ਬਲਵੀਰ ਸਿੰਘ ਪਰਵਾਨਾ)
+61433 411 94