ਅਰਜ਼, ਫਰਜ਼ ਤੇ ਕਰਜ਼

ਅਦਾਲਤੀ ਕੇਸਾ ਵਾਸਤੇ ਮੁਵੱਕਿਲ ਵਕੀਲਾਂ ਪਾਸੋਂ ਬਹੁਤ ਜਿਆਦਾ ਉਮੀਦਾਂ ਰੱਖਦੇ ਹਨ।ਸਾਇਲ ਹਰ ਪੇਸ਼ੀ ਪਰ ਪੁੱਛਣ ਲਗਦੇ ਹਨ ਕਿ ਆਂਪਾਂ ਕੇਸ ਜਿੱਤ ਜਾਂਵਾਂਗੇ ਕਿ ਨਹੀ।ਬੱਸ ਜਿੱਤ ਦੀ ਉਮੀਦ ਸਹਾਰੇ ਹੀ ਕਚਿਹਰੀ ਅਹਾਤੇ ਵਿੱਚ  ਗੇੜੇ ਮਾਰਦੇ ਹਨ। ਕਚਿਹਰੀ ਗੇਟ ਵੜਦੇ ਤਾਂ ਇੰਨਸਾਫ ਦੀ ਉਮੀਦ ਲੈ ਕੇ ਹਨ ਪਰ ਕਈ ਵਾਰ ਚਾਹ ਕੇ ਵੀ ਇਨਸਾਫ ਦਵਾਉਣਾ ਮੁਸ਼ਕਿਲ ਹੋ ਜਾਂਦਾ ਹੈ। ਕਈ ਵਾਰ ਸਾਇਲਾਂ ਦੀ ਮਾਨਸਿਕਤਾ ਹੀ ਮੁਕੱਦਮੇਬਾਜੀ ਵਾਲੀ ਬਣ ਜਾਂਦੀ ਹੈ ਕਾਨੂੰਨੀ ਸਥਿਤੀ ਮਾੜੀ ਹੋਣ ਦੇ ਬਾਵਜੂਦ ਵੀ ਸਾਇਲ ਵਿਰੋਧੀ ਨੂੰ ਡਰਾਉਣ ਜਾਂ ਹਤਾਸ਼ ਕਰਨ ਲਈ ਮੁਕੱਦਮੇ ਦਾਇਰ ਕਰ ਦਿੰਦੇ ਹਨ। ਕਈ ਵਾਰ ਸਾਇਲ ਵਕੀਲਾਂ ਪਾਸੋਂ ਵੀ ਉਮੀਦ ਤੋਂ ਵੱਧ ਆਸਾਂ ਲਾ ਬੈਠਦੇ ਹਨ। ਜਦੋਂ ਕਿ ਵਕੀਲ ਵੀ ਸਮਾਜ ਦਾ ਹਿੱਸਾ ਹੀ ਹਨ।ਗਵਾਹੀ ਮੁਕੰਮਲ ਹੋਣ ਤੋਂ ਬਾਅਦ ਕਈ ਵਾਰ ਵਧੀਆ ਦਿਸਣ ਵਾਲਾ ਕੇਸ ਉਲਟਾ ਘੁੰਮ ਜਾਂਦਾ ਹੈ ਅਤੇ ਕਈ ਵਾਰ ਮਾੜੀ ਸਥਿਤੀ ਵਾਲਾ ਕੇਸ ਵੀ ਮਜਬੂਤ ਬਣ ਜਾਂਦਾ ਹੈ।ਕਾਨੂੰਨ ਦੀ ਇੱਕ ਧਾਰਨਾ ਹੈ ਕਿ ਅਦਾਲਤ ਨੇ ਇਨਸਾਫ ਕਰਨਾਂ ਹੀ ਨਹੀ ਇਨਸਾਫ ਹੋਇਆ ਲੋਕਾਂ ਨੂੰ ਨਜਰ ਵੀ ਆਉਣਾ ਚਾਹੀਦਾ ਹੈ ਤਾਂ ਹੀ ਅਦਾਲਤਾਂ ਵਿੱਚ ਆਮ ਲੋਕਾਂ ਦਾ ਵਿਸ਼ਵਾਸ ਕਾਇਮ ਰਹੇਗਾ। 

ਕਾਫੀ ਅਰਸਾ ਪਹਿਲਾਂ ਮੇਰੇ ਪਾਸ ਇੱਕ ਮੁਕੱਦਮਾ ਪੈਟਰੋਲੀਅਮ ਐਕਟ ਤੇ ਹੋਰ ਅਪਰਾਧਿਕ ਧਾਰਾਂਵਾਂ ਲਈ ਦਰਜ ਹੋ ਕੇ ਬਚਾਅ ਪੱਖ ਦੀ ਪੈਰਵੀ ਲਈ ਆਇਆ। ਪੁਲਿਸ ਦੇ ਅਰੋਪ ਅਨੁਸਾਰ ਦੋਸ਼ੀ ਵਿਅਕਤੀ ਦੋ ਦੋ ਸੌ ਲੀਟਰ ਦੇ ਢੋਲਾਂ ਵਿੱਚ ਪੰਜਾਬ ਦੇ ਪੈਟਰੋਲ ਪੰਪ ਤੋ ਡੀਜਲ ਭਰਵਾ ਕੇ ਰਾਜਸਥਾਨ ਵਿੱਚ ਸਪਲਾਈ ਕਰਦੇ ਸਨ,ਕਿਉਂ ਕਿ ਪੰਜਾਬ ਤੇ ਰਾਜਸਥਾਨ ਦੇ ਡੀਜਲ ਦਾ ਰੇਟ ਉਹਨਾਂ ਦਿਨਾਂ ਵਿੱਚ ਪੰਜ ਰੁਪਏ ਪ੍ਰਤੀ ਲਿਟਰ ਫਰਕ ਸੀ। ਪੰਪ ਮਾਲਕ ਦਾ ਪੰਪ ਪੰਜਾਬ ਹਰਿਆਣਾ ਬਾਰਡਰ ਤੇ ਸੀ। ਹਰਿਆਣਾ ਵਿੱਚ ਵੀ ਡੀਜਲ ਪੰਜਾਬ ਨਾਲੋਂ ਮਹਿੰਗਾ ਸੀ।ਮੁਕੱਦਮਾ ਦਰਜ ਹੋਣ ਤੇ ਕੁਝ ਦਿਨਾਂ ਬਾਅਦ ਦੋਸ਼ੀਆਨ ਨੂੰ ਜਮਾਨਤ ਮਿਲ ਗਈ। 

ਦੋਸ਼ੀਆਨ ਤੋਂ ਅਸਲ ਤੱਥਾਂ ਬਾਰੇ ਪਤਾ ਕਰਨ ਤੇ ਪਤਾ ਲੱਗਾ ਕਿ ਰਾਜਸਥਾਨ ਦੇ ਇੱਕ ਇਲਾਕੇ ਦੇ ਉਹ ਗਰੀਬ ਕਿਸਾਨ ਹਨ। ਥੋੜੀ ਜਮੀਨ ਤੇ ਕਾਸ਼ਤ ਕਰਨ ਦੇ ਨਾਲ ਨਾਲ ਉਹ ਪਿੱਕਅਪ ਚਲਾ ਕੇ ਗੁਜਰ ਬਸਰ ਕਰਦੇ ਸੀ। ਦੇਸ਼ ਦੇ ਬਾਕੀ ਕਿਸਾਨਾਂ ਵਾਂਗ ਉਹਨਾਂ ਦੀ ਮਾਲੀ ਹਾਲਤ ਵੀ ਪਤਲੀ ਹੈ। ਉਹਨਾਂ ਨੇ ਬਾਕੀ ਕਿਸਾਨਾਂ ਨਾਲ ਸੰਪਰਕ ਕਰਕੇ ਕਰੀਬ ਵੀਹ ਕਿਸਾਨਾਂ ਪਾਸੋਂ ਦੋ ਦੋ ਸੌ ਲੀਟਰ ਦੇ ਢੋਲ ਇਕੱਠੇ ਕਰ ਕੇ ਸਸਤਾ ਡੀਜਲ ਪੰਜਾਬ ਤੋਂ ਭਰਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਇਸ ਨਾਲ ਉਸ ਨੂੰ ਗੱਡੀ ਦਾ ਕੰਮ ਲਗਾਤਾਰ ਮਿਲਣ ਲੱਗ ਪਿਆ ਤੇ ਕਿਸਾਨਾਂ ਨੂੰ ਵੀ ਬਚਤ ਹੋਣ ਲੱਗ ਪਈ।ਪਰ ਹੁਣ ਇੱਕ ਪੈਟਰੋਲ ਪੰਪ ਮੁੱਖਮੰਤਰੀ ਦੇ ਕਿਸੇ ਰਿਸ਼ਤੇਦਾਰ ਨੇ ਪੰਜਾਬ ਹਰਿਆਣਾ ਹੱਦ ਤੇ ਲਾ ਲਿਆ ਹੈ ਉਸ ਪੰਪ ਦਾ ਮਾਲਕ ਇਹ ਚਾਹੁੰਦਾ ਸੀ ਕਿ ਅਸੀ ਉਸ ਪਾਸੋਂ ਤੇਲ ਭਰਵਾਈਏ ਪਰ ਸਾਨੂੰ ਉਸ ਦੇ ਰਾਜਨੀਤਿਕ ਸੰਬੰਧ ਹੋਣ ਕਾਰਨ ਤੇਲ ਵਿੱਚ ਮਿਲਾਵਟ ਦਾ ਸ਼ੱਕ ਸੀ ਇਸੇ ਕਰਕੇ ਉਸ ਨੇ ਮੁਕੱਦਮਾ ਦਰਜ ਕਰਾ ਦਿੱਤਾ। ਪਰ ਇੱਕ ਗੱਲ ਹੋਰ ਸਾਹਮਣੇ ਆਈ ਜਿਸ ਪੰਪ ਮਾਲਕ ਤੋਂ ਉਹ ਤੇਲ ਭਰਵਾਂਉਂਦੇ ਸੀ ਉਹ ਅੰਦਰੂਨੀ ਤੌਰ ਤੇ ਖੁਸ਼ ਸੀ ਕਿ ਚਲੋ ਪੇਸ਼ੀ ਤੇ ਆਂਉਦਿਆ ਉਹ ਦੋਸ਼ੀ ਤੇਲ ਭਰਵਾਇਆ ਕਰਨਗੇ।

ਕਾਨੂੰਨ ਦੇ ਮੁਤਾਬਿਕ ਕੋਈ ਵੀ ਵਿਅਕਤੀ ਪੱਚੀ ਸੌ ਲੀਟਰ ਤੱਕ ਡੀਜਲ ਦੇਸ਼ ਦੇ ਕਿਸੇ ਹਿੱਸੇ ਤੋਂ ਵੀ ਭਰਵਾ ਕੇ ਲਿਜਾ ਸਕਦਾ ਹੈ। ਕਿਤੇ ਵੀ ਕਿਸੇ ਕਾਨੂੰਨ ਦੀ ਉਲੰਘਣਾ ਨਹੀ ਹੋਈ ਸੀ। ਪਰ ਉਹ ਗਰੀਬ ਕਿਸਾਨ ਸਿਰਫ ਮੁਖ ਮੰਤਰੀ ਦੇ ਰਿਸ਼ਤੇਦਾਰ ਦਾ ਪੰਪ ਕਾਮਯਾਬ ਕਰਨ ਲਈ ਮੁਕੱਦਮੇ ਦੀ ਘਲਾੜੀ ਪੀੜ ਦਿੱਤੇ ਗਏ ਸੀ।ਉਹਨਾਂ ਨੂੰ ਮੈ ਇਸ ਸਥਿਤੀ ਤੋਂ ਜਾਣੂ ਕਰਵਾ ਦਿੱਤਾ ਸੀ। ਹਰ ਪੇਸ਼ੀ ਤੇ ਉਹ ਆਪਣੀ ਭਾਸ਼ਾ ਵਿੱਚ ਮੇਰੀਆਂ ਮਿੰਨਤਾਂ ਕਰਿਆ ਕਰਨ ਕਿ ਸਾਡੇ ਵੱਲੋਂ ਜੱਜ ਸਾਹਬ ਨੂੰ ਅਰਜ ਕਰੋ। ਚਾਰਜ ਦੀ ਸਟੇਜ ਤੇ ਹੇਠਲੀਆਂ ਅਦਾਲਤਾਂ ਜਿਆਦਾ ਲਾਭ ਨਹੀ ਦਿੰਦੀਆਂ ਤੇ ਅਪੀਲ ਕਰਨਾ ਉਹਨਾਂ ਦੇ ਵੱਸ ਨਹੀ ਸੀ।ਅਦਾਲਤ ਫਰਜ ਵਿੱਚ ਬੰਨੀ ਹੁੰਦੀ ਹੈ ਕਿ ਗਵਾਹੀ ਦਾ ਮੌਕਾ ਦਿੱਤੇ ਬਿਨਾਂ ਦੋਸ਼ੀ ਦੇ ਚਾਰਜ ਸ਼ੀਟ ਹੋਣ ਤੋਂ ਬਾਅਦ ਫੈਸਲਾ ਨਹੀ ਕਰ ਸਕਦੀ। ਚਾਰ ਸੌ ਕਿਲੋਮੀਟਰ ਤੋਂ ਪੇਸ਼ੀ ਭੁਗਤਣਾਂ ਗਰੀਬ ਕਿਸਾਨਾਂ ਦੇ ਵੱਸ ਦੀ ਗੱਲ ਨਹੀ ਸੀ।

ਇੱਕ ਦਿਨ ਕੇਸ ਵਿੱਚ ਅਵਾਜ ਪੈਣ ਤੇ ਮੈ ਅਦਾਲਤ ਨੂੰ ਉਸ ਕੇਸ ਦੀ ਪੂਰੀ ਸਥਿਤੀ ਤੋਂ ਜਾਣੂ ਕਰਵਾਇਆ ਮੈ ਉਹਨਾਂ ਕਿਸਾਨਾਂ ਦੀਆਂ ਜਮੀਨ ਦੀਆਂ ਫਰਦਾਂ ਵੀ ਅਦਾਲਤ ਨੂੰ ਦਿਖਾਈਆਂ ਕਿ ਕਿਵੇਂ ਉਹ ਕਰਜੇ ਵਿੱਚ ਡੁੱਬੇ ਹਨ ਕਰਜੇ ਦਾ ਭਾਰ ਹੌਲਾ ਕਰਨ ਲਈ ਕਿਵੇਂ ਹੋਰ ਕਰਜ ਵਧਾ ਬੈਠੇ ਹਨ। ਅਦਾਲਤ ਨੂੰ ਮੈ ਜਲਦ ਗਵਾਹੀ ਕਰਾਉਣ ਦੀ ਬੇਨਤੀ ਕੀਤੀ।ਬੇਸ਼ੱਕ ਮੇਰੇ ਕੋਲ ਜਿਆਦਾ ਕੋਈ ਕਾਨੂੰਨੀ ਨੁਕਤਾ ਇਸ ਸਟੇਜ ਤੇ ਬੋਲਣ ਵਾਲਾ ਨਹੀ ਸੀ ਪਰ ਇੰਨਸਾਫ ਦੇ ਮੱਦੇਨਜਰ ਅਦਾਲਤ ਨੇ ਮੇਰੀ ਬੇਨਤੀ ਸਵੀਕਾਰ ਕਰਦਿਆਂ ਸਰਕਾਰ ਨੂੰ ਸਖਤ ਹਦਾਇਤ ਕਰ ਦਿੱਤੀ ਕਿ ਇਸ ਕੇਸ ਵਿੱਚ ਜਲਦ ਗਵਾਹ ਬੁਲਾਏ ਜਾਣ ਜਿਹੜਾ ਗਵਾਹ ਨਹੀ ਆਵੇਗਾ ਉਸ ਦੀ ਤਨਖਾਹ ਕੁਰਕ ਕਰ ਦਿੱਤੀ ਜਾਵੇਗੀ। ਅਗਲੀ ਤਾਰੀਖ ਪੇਸ਼ੀ ਪਰ ਇੱਕ ਗਵਾਹ ਜੋ ਪੰਜਾਬ ਪੁਲਿਸ ਵਿੱਚ ਤਰੱਕੀ ਲੈ ਕੇ ਉੱਚ ਅਧਿਕਾਰੀ ਬਣ ਚੁੱਕਾ ਸੀ ਨੂੰ ਛੱਡ ਕੇ ਬਾਕੀ ਸਾਰੇ ਗਵਾਹ ਭੁਗਤ ਚੁੱਕੇ ਸਨ। ਉਹ ਅਧਿਕਾਰੀ ਕਈ ਪੇਸ਼ੀਆਂ ਤੇ ਤਨਖਾਹ ਕੁਰਕ ਹੋਣ ਦੇ ਬਾਵਜੂਦ ਨਾਂ ਆਇਆ। ਪਤਾ ਕਰਨ ਤੇ ਪਤਾ ਲੱਗਾ ਕਿ ਕੁਰਕੀ ਹੁਕਮ ਦਾ ਉਹਨੇ ਅਮਲ ਹੀ ਨਹੀ ਹੋਣ ਦਿੱਤਾ।ਅਦਾਲਤ ਦੇ ਸਖਤ ਰਵੱਈਏ ਤੋਂ ਬਾਅਦ ਹੀ ਉਸ ਨੇ ਅਦਾਲਤ ਵਿੱਚ ਗਵਾਹੀ ਦਿੱਤੀ।ਪਰ ਉਸ ਨੂੰ ਇਹ ਕਹਿੰਦਿਆਂ ਵੀ ਮੈਂ ਸੁਣਿਆ ਕਿ ਉਹ ਕਿਹੜਾ ਤਨਖਾਹ ਤੇ ਹੀ ਬੈਠਾ ਹੈ।ਇੰਜ ਜਾਪਦਾ ਸੀ ਕਿ ਜਿਵੇ ਰਿਸ਼ਵਤ ਉਸ ਦਾ ਅਧਿਕਾਰ ਹੋਵੇ ਤੇ ਤਨਖਾਹ ਲੈ ਕੇ ਉਹ ਸਰਕਾਰ ਤੇ ਅਸਿਸਾਨ ਕਰ ਰਿਹਾ ਹੋਵੇ।ਅਖੀਰ ਅਦਾਲਤ ਨੇ ਕਾਨੂੰਨੀ ਸਥਿਤੀ ਵੇਖਦਿਆਂ ਉਹਨਾਂ ਗਰੀਬ ਕਿਸਾਨਾਂ ਦੀ ਬੰਦ ਖਲਾਸੀ ਕੀਤੀ। ਪਰ ਉਹਨਾਂ ਕਿਸਾਨਾਂ ਨੇ ਸਿਰਫ ਮੁੱਖਮੰਤਰੀ ਦੇ ਰਿਸ਼ਤੇਦਾਰ ਦੇ ਪੰਪ ਲੱਗਣ ਕਾਰਨ ਬਹੁਤ ਭੁਗਤਿਆ। ਕਈ ਵਾਰ ਉਹਨਾਂ ਦੀਆਂ ਅੱਖਾਂ ਵਿੱਚੋਂ ਟਪਕਦੇ ਹੰਝੂ ਅੱਖਾਂ ਅੱਗੇ ਆ ਜਾਂਦੇ ਹਨ।ਕਈ ਵਾਰ ਉਹਨਾਂ ਦੀਆਂ ਖਾਲੀ ਹੋਈਆਂ ਜੇਬਾਂ ਤੇ ਫਰਦਾਂ ਤੇ ਸਰਕਾਰ ਦੇ ਚੜਾਏ ਲਾਲ ਨੋਟ ਜੁਮੇਵਾਰੀ ਦਾ ਅਹਿਸਾਸ ਕਰਾ ਜਾਂਦੇ ਹਨ। 

ਸਤਪਾਲ ਸਿੰਘ ਦਿਉਲ (ਐਡਵੋਕੇਟ) +91 9878170771

satpal.deol0@gmail.com

Install Punjabi Akhbar App

Install
×