ਜ਼ਿੰਮੇਵਾਰਾਨਾ ਭਾਈਚਾਰਕ ਸੇਵਾ -ਸ. ਸਤਨਾਮ ਸਿੰਘ (ਪਾਬਲਾ) ਬਸਿਆਲਾ ਵਾਲੇ ਆਸਟਰੇਲੀਆ ਵਿਖੇ ਜਸਟਿਸ ਆਫ ਦੀ ਪੀਸ ਨਿਯੁਕਤ

1988 ਤੋਂ ਰਹਿ ਰਹੇ ਹਨ ਆਸਟਰੇਲੀਆ, ਗੁਰੁਆਰਾ ਸ੍ਰੀ ਗੁਰੂ ਸਿੰਘ ਸਭਾ ਕਰੇਗੀਬਰਨ ਇਕ ਵਾਰ ਸਕੱਤਰ ਅਤੇ ਦੋ ਵਾਰ ਉਪ ਪ੍ਰਧਾਨ ਰਹੇ ਹਨ

(ਆਕਲੈਂਡ):-ਡੂੰਘੇ ਧਰਾਤਲ, ਡਿੱਗਰਾਂ ਦੀ ਮਾਰ, ਅੱਗ ਦੀਆਂ ਲਾਟਾਂ ਸਹਿਣ ਉਪਰੰਤ ਕਿਸੇ ਤਰਾਸ਼ੇ ਹੋਣ ਗਹਿਣੇ ਨੇ ਆਪਣੀ ਚਮਕ ਵੇਖ ਕੇ ਆਪਣਾ ਜੀਵਨ ਕਿਆ ਖੂਬਸੂਰਤ ਵਰਨਣ ਕੀਤਾ ਹੈ:-
‘‘ਖੁਸ਼ੀਆਂ ਭਾਵੇਂ ਨਿੱਕੀਆ ਨੇ, ਪਰ ਅਸੀਂ ਆਪ ਕਮਾਈਆਂ ਨੇ॥
ਕਿੰਝ ਜੀਣਾ (ਚਮਕਣਾ) ਇਸ ਜੱਗ ’ਤੇ ਸੱਜਣਾ,
ਇਹ ਅਕਲਾ ਸਾਨੂੰ ਠੋਕਰਾਂ ਖਾ ਕੇ ਆਈਆਂ ਨੇ..’’
ਆਸਟਰੇਲੀਆ ਵਸਦੇ ਭਾਰਤੀ ਖਾਸ ਕਰ ਪੰਜਾਬੀ ਭਾਈਚਾਰੇ ਨੂੰ ਇਸ ਗੱਲ ਦੀ ਅਤਿਅੰਤ ਖੁਸ਼ੀ ਹੋਵੇਗੀ ਕਿ ਮੈਲਬੋਰਨ ਵਸਦੇ ਪੰਜਾਬੀ ਭਾਈਚਾਰੀ ਦੀ ਜਾਣੀ-ਪਹਿਚਾਣੀ ਸਖਸ਼ੀਅਤ ਸ. ਸਤਨਾਮ ਸਿੰਘ ਪਾਬਲਾ ਬਸਿਆਲਾ ਵਾਲੇ ਅੱਜ ਸਵੇਰੇ ‘ਬਰੌਡਮੀਡੋ ਮੈਜਿਸਟ੍ਰੇਟ ਕੋਰਟ’ ਵਿਕਟੋਰੀਆ ਵਿਖੇ ਮਾਣਯੋਗ ਜੱਜ ਸਾਹਿਬਾ ਸਟੈਲਾ ਸਟ੍ਰਬਰਿੱਜ ਕੋਲੋਂ ਸੰਵਿਧਾਨ ਦੀ ਸਹੁੰ ਚੁੱਕ ਕੇ ‘ਜਸਟਿਸ ਆਫ ਦੀ ਪੀਸ’ ਬਣ ਗਏ ਹਨ। ਵਿਕਟੋਰੀਆ ਦੇ ਖੇਤਰ ਵਿਚ ਇੰਗਲਿਸ਼ ਦੇ ਨਾਲ-ਨਾਲ ਪੰਜਾਬੀ ਅਤੇ ਹਿੰਦੀ ਬੋਲਣ ਵਾਲੇ ਜੇ.ਪੀਜ਼ ਦੀ ਹਮੇਸ਼ਾਂ ਲੋੜ ਰਹਿੰਦੀ ਹੈ ਅਤੇ ਇਸ ਸੇਵਾ ਤੋਂ ਪੰਜਾਬੀ ਅਤੇ ਹਿੰਦੀ ਭਾਸ਼ਾ ਬੋਲਣ ਵਾਲੇ ਭਾਰਤੀ ਭਾਈਚਾਰੇ ਨੂੰ ਕਾਫੀ ਸਹਾਇਤਾ ਮਿਲੇਗੀ। ਅੱਜ ਉਨ੍ਹਾਂ ਦੇ ਨਾਲ ਦੋ ਹੋਰ ਪੰਜਾਬੀਆਂ ਸ. ਹਰਪ੍ਰੀਤ ਸਿੰਘ ਭਸੀਨ ਅਤੇ ਸ੍ਰੀ ਮੁਨੀਸ਼ ਬਾਂਸਲ ਨੇ ਵੀ ਜੇ.ਪੀ. ਦੀ ਸਹੁੰ ਚੁੱਕੀ।

ਆਸਟਰੇਲੀਆ ਦੇ ਵਿਚ ‘ਜਸਟਿਸ ਆਫ ਦਾ ਪੀਸ’ ਜਿਸ ਨੂੰ ਆਮ ਤੌਰ ਉਤੇ ਜੇ.ਪੀ. ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਇਕ ਤਰ੍ਹਾਂ ਨਾਲ ਕਮਿਊਨਿਟੀ ਦੇ ਵਿਚ ਪ੍ਰਸ਼ਾਸ਼ਿਨਕ ਅਧਿਕਾਰੀ ਹੁੰਦਾ ਹੈ ਜੋ ਕਿ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਦਿੰਦਾ ਹੈ, ਜਿਨ੍ਹਾਂ ਦੀ ਮਾਨਤਾ ਸਰਕਾਰੀ ਏਜੰਸੀਆਂ ਦੇ ਵਿਚ ਹੁੰਦੀ ਹੈ। ਉਦਾਹਰਣ ਦੇ ਤੌਰ ਉਤੇ ਸਰਟੀਫਿਕੇਟ, ਪਾਸਪੋਰਟ, ਸਪਾਂਸਰਸ਼ਿੱਪ, ਹਲਫੀਆ ਬਿਆਨ, ਪਹਿਚਾਣ ਪੱਤਰ ਆਦਿ ਤਸਦੀਕ ਕਰਨੇ ਹੁੰਦੇ ਹਨ। ਇਹ ਸੇਵਾ ਨਿਸ਼ਕਾਮ ਹੁੰਦੀ ਹੈ ਅਤੇ ਲੋਕ ਸਮਾਂ ਲੈ ਕੇ ਮਿਲਦੇ ਹਨ ਜਾਂ ਨਿਰਧਾਰਤ ਜਗ੍ਹਾ ਉਤੇ ਜਾ ਕੇ ਸੇਵਾ ਕਰਨੀ ਹੁੰਦੀ ਹੈ।
 ਜੀਵਨ ਪੰਛੀ ਝਾਤ: ਸ. ਸਤਨਾਮ ਸਿੰਘ (56) ਪਾਬਲਾ ਸਪੁੱਤਰ ਸਵ. ਹਰਭਜਨ ਸਿੰਘ-ਸਵ. ਮਾਤਾ ਸੀਤਲ ਕੌਰ ਦਾ ਜੱਦੀ ਪਿੰਡ ਬਸਿਆਲਾ ਤਹਿਸੀਲ ਗੜ੍ਹਸ਼ੰਕਰ ਹੈ। ਉਨ੍ਹਾਂ ਮੁੱਢਲੀ ਪੜ੍ਹਾਈ ਪਿੰਡ ਦੇ ਪ੍ਰਾਇਮਰੀ ਤੇ ਮਿਡਲ ਸਕੂਲ, ਹਾਈ ਸਕੂਲ ਪਿੰਡ ਦੇਨੋਵਾਲ ਕਲਾਂ, ਹਾਇਰ ਸੈਕੰਡਰੀ ਗੜ੍ਹਸ਼ੰਕਰ ਤੋਂ ਅਤੇ ਕਾਰਪੈਂਟਰੀ ਦੇ ਵਿਚ ਆਈ. ਟੀ.ਆਈ. ਨਵਾਂਸ਼ਹਿਰ ਤੋਂ ਡਿਪਲੋਮਾ ਕੀਤਾ ਹੋਇਆ ਹੈ। 1986 ਦੇ ਵਿਚ ਉਹ ਪ੍ਰਵਾਸੀ ਜੀਵਨ ਦੀ ਸਫਰ ਸ਼ੁਰੂ ਕਰਦਿਆਂ ਪਹਿਲਾਂ ਸ. ਮੱਖਣ ਸਿੰਘ ਬਸਿਆਲਾ ਦੀ ਪ੍ਰੇਰਨਾ ਸਦਕਾ ਗ੍ਰੀਸ ਪਹੁੰਚੇ। ਇਥ ਕੁਝ ਸਮਾਂ ਬਿਤਾਇਆ ਅਤੇ ਫਿਰ 1988 ਦੇ ਵਿਚ ਉਨ੍ਹਾਂ ਆਸਟਰੇਲੀਆ ਨੂੰ ਹੀ ਆਪਣੀ ਕਰਮਭੂਮੀ ਬਣਾ ਲਿਆ। ਸ਼ੁਰੂ ਦੇ ਵਿਚ ਇਕ ਫੈਕਟਰੀ ਦੇ ਵਿਚ ਕੰਮ ਕੀਤਾ। 1990 ਤੋਂ 2017 ਤੱਕ ਟੈਕਸੀ ਬਿਜ਼ਨਸ ਵਿਚ ਵੀ ਰਹੇ। ਸਮਾਜਿਕ ਕਾਰਜਾਂ ਦੀ ਚੇਟਕ ਸਦਕਾ 1996 ਦੇ ਵਿਚ ਸਿੰਘ ਸਭਾ ਸਪੋਰਟਸ ਕਲੱਬ ਦੇ ਖਜ਼ਾਨਚੀ ਬਣੇ, ਫਿਰ 2002 ਦੇ ਵਿਚ ਪ੍ਰਧਾਨਗੀ ਦੀ ਸੇਵਾ ਨਿਭਾਈ। 2006 ਦੇ ਵਿਚ ਆਪ ਨੂੰ ਸਰਕਾਰ ਵੱਲੋਂ  ਪ੍ਰੀਮੀਅਰ ਆਫ ਦਾ ਵਿਕਟੋਰੀਆ ਨੇ ‘ਮੈਰਿਟੋਓਰੀਅਸ ਸਰਵਿਸ ਟੂ ਦਾ ਕਮਿਊਨਿਟੀ’ ਐਵਾਰਡ (ਵਿਕਟੋਰੀਆ ਮਲਟੀਕਲਚਰਲ ਐਵਾਰਡ ਫਾਰ ਐਕਲੈਂਸ) ਐਵਾਰਡ ਦਿੱਤਾ।
2002 ਤੋਂ 2007 ਤਕ ਉਹ ਪੰਜਾਬੀ ਬ੍ਰਾਡਕਾਸਟਿੰਗ ਗਰੁੱਪ ਦੇ ਕਨਵੀਨਰ ਬਣੇ, 2007 ਦੇ ਵਿਚ ਉਹ ਆਸਟਰੇਲੀਅਨ ਸਿੱਖ ਗੇਮਜ਼ ਆਰਗੇਨਾਈਜਿੰਗ ਕਮੇਟੀ ਦੇ ਖਜ਼ਾਨਚੀ ਬਣੇ, 2008-2010 ਦੇ ਵਿਚ ਆਸਟਰੇਲੀਅਨ ਕਬੱਡੀ ਫੈਡਰੇਸ਼ਨ ਫੈਡਰੇਸ਼ਨ ਦੇ ਖਜ਼ਾਨਚੀ ਬਣੇ, 2009-2010 ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਰੇਗੀਬਰਨ ਦੇ ਸਕੱਤਰ, 2010 ਤੋਂ 2014 ਤੱਕ ਉਪ ਪ੍ਰਧਾਨ, 2017 ਦੇ ਵਿਚ ਫਿਰ ਉਪ ਪ੍ਰਧਾਨ, 2017 ਤੋਂ 2019 ਤੱਕ ਨੈਸ਼ਨਲ ਕਬੱਡੀ ਫੈਡਰੇਸ਼ਨ ਆਫ ਆਸਟਰੇਲੀਆ ਦੇ ਸਕੱਤਰ, 2019 ਦੇ ਵਿਚ ਫਿਰ ਆਸਟਰੇਲੀਅਨ ਸਿੱਖ ਗੇਮਜ਼ ਆਰਗੇਨਾਈਜਿੰਗ ਕਮੇਟੀ ਮੈਲਬੌਰਨ ਦੇ ਸਕੱਤਰ ਅਤੇ ਇਸ ਵੇਲੇ ਆਸਟਰੇਲੀਅਨ ਇੰਡੀਅਨ ਹਿਸਟੋਰੀਕਲ ਸੁਸਾਇਟੀ ਦੇ ਪ੍ਰਧਾਨ ਵਜੋਂ ਕਮਿਊਨਿਟੀ ਸੇਵਾਵਾਂ ਨਿਭਾਅ ਰਹੇ ਹਨ। ਪੇਸ਼ੇ ਵਜੋਂ ਉਹ ਇਕ ਸਫਲ ਰੀਅਲ ਇਸਟੇਟ ਸੇਲਜ਼ ਪਰਸਨ ਦੇ ਤੌਰ ਉਤੇ ਗੋਲਡਬੈਂਕ ਰੀਅਲ ਇਸਟੇਟ ਗਰੁੱਪ ਦੇ ਨਾਲ ਜੁੜੇ ਹੋਏ ਹਨ।
ਵਧਾਈ: ਆਸਟਰੇਲੀਆ ਅਤੇ ਨਿਊਜ਼ੀਲੈਂਡ ਵਸਦੇ ਸਿੱਖ ਭਾਈਚਾਰੇ ਵੱਲੋਂ ਉਨ੍ਹਾਂ ਨੂੰ ਜਸਟਿਸ ਆਫ ਦੀ ਪੀਸ ਬਨਣ ਉਤੇ ਵਧਾਈ ਦਿੱਤੀ ਜਾਂਦੀ ਹੈ।