ਸਤਨਾਮ ‘ਜੰਗਲਨਾਮਾ’ ਦੀ ਸ਼ਰਧਾਂਜਲੀ ‘ਤੇ ਵਿਸ਼ੇਸ਼: ਅਮਲਾਂ ਨਾਲ ਹੋਣ ਨਿਬੇੜੇ

satnam singh jangalnama copyਆਦਿ-ਵਾਸੀ, ਗ਼ਰੀਬ ਅਤੇ ਲਿਤਾੜੇ ਲੋਕਾਂ ਦੀਆਂ ਬਾਤਾਂ ਪਾਉਣ ਵਾਲੇ ਅਤੇ ਬਹੁਤ ਹੀ ਸੰਵੇਦਨਸ਼ੀਲ ਲੇਖਕ ਸਤਨਾਮ ‘ਜੰਗਲਨਾਮਾ’ ਵੱਲੋਂ ਕੀਤੀ ਗਈ ਖ਼ੁਦਕੁਸ਼ੀ ਦੀ ਮਨਹੂਸ ਖ਼ਬਰ ਨੇ ਮੈਨੂੰ ਧੁਰ ਅੰਦਰੋਂ ਝੰਜੋੜ ਕੇ ਰੱਖ ਦਿੱਤਾ। ਮੈਨੂੰ ਇੰਜ ਜਾਪਿਆ ਜਿਵੇਂ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਰਹੀ ਹੋਵੇ। ਸਉਲੇ ਰੰਗ, ਕੱਟੀ ਦਾੜ੍ਹੀ-ਮੁੱਛ, ਚਿੱਟੇ ਦੰਦ ਅਤੇ ਐਨਕ ਦੇ ਵੱਡੇ ਸ਼ੀਸ਼ਿਆਂ ਹੇਠਲੀਆਂ ਵਿਯੋਗੀ ਤੱਕਣੀ ਵਾਲੀਆਂ ਅੱਖਾਂ, ਦਰਮਿਆਨੇ ਕੱਦ ਅਤੇ ਗਠੀਲੇ ਸਰੀਰ ਵਾਲੇ ਸਤਨਾਮ ਦਾ ਚਿਹਰਾ-ਮੋਹਰਾ ਮੇਰੇ ਸਾਹਮਣੇ ਆਉਣ ਲੱਗ ਪਿਆ। ਮੈਨੂੰ ਇਸ ਖ਼ਬਰ ‘ਤੇ ਯਕੀਨ ਨਹੀਂ ਹੋ ਰਿਹਾ ਸੀ, ਮੈਨੂੰ ਇਹੀ ਸਵਾਲ ਵੱਢ-ਵੱਢ ਕੇ ਖਾਈ ਜਾ ਰਿਹਾ ਸੀ ਕਿ ਸਕੂਲੀ ਪੜ੍ਹਾਈ ਪੂਰੀ ਕਰਦਿਆਂ ਹੀ ਕਿਰਤ ਦੇ ਗੱਲੋਂ ਪੂੰਜੀਵਾਦ ਦੀ ਗ਼ੁਲਾਮੀ ਦੀਆਂ ਜੰਜੀਰਾਂ ਕੱਟਣ ਦਾ ਸੁਪਨਾ ਲੈ ਕੇ, 67ਵੇਂ ਦਹਾਕੇ ਦੌਰਾਨ ਪੰਜਾਬ ਵਿਚ ਪੈਦਾ ਹੋਈ ਨਕਸਲਬਾੜੀ ਲਹਿਰ ਵਿਚ ਕੁੱਦਣ ਵਾਲਾ….. ਆਪਣੇ ਘਰ-ਪਰਿਵਾਰ ਵੱਲ ਮੁੜ ਨਾ ਤੱਕਣ ਵਾਲਾ੩੩….. ਪੰਜਾਬ ਦੇ ਖੇਤ ਮਜ਼ਦੂਰਾਂ ਅਤੇ ਕਿਰਤੀਆਂ ਦੇ ਘਰਾਂ ਨੂੰ ਆਪਣੇ ਘਰ ਸਮਝਣ ਵਾਲਾ, ਪੂੰਜੀਵਾਦੀ ਅਨੈਤਿਕਤਾ ਦਾ ਸ਼ਿਕਾਰ ਹੋਈ ਜੀਵਨ ਸਾਥਣ ਦੇ ਵਿਛੋੜੇ ਨੂੰ ਸਹਿਣ ਵਾਲਾ…. ਆਦਿਵਾਸੀਆਂ ਤੇ ਉਨ੍ਹਾਂ ਦੀ ਮੁਕਤੀ ਲਈ ਲੜਨ ਵਾਲੇ ਮਾਉਵਾਦੀਆਂ ਨੂੰ ਨੇੜਿਉਂ ਸਮਝਣ ਖ਼ਾਤਰ ਖ਼ੌਫ਼ਨਾਕ ਜੰਗਲਾਂ ਦੇ ਉੱਚੇ ਪਹਾੜਾਂ, ਪਹਾੜੀ ਘਾਟੀਆਂ ਦਰਮਿਆਨ ਦੀਆਂ ਤੰਗ-ਡੰਡੀਆਂ ਨੂੰ ਦੁੱਖਦੇ ਪੈਰਾਂ ਨਾਲ ਗਾਹੁਣ ਵਾਲਾ…… ਰੋੜਾਂ ਵਾਲੇ ਚੌਲ ਤੇ ਕੀੜੇ-ਮਕੌੜਿਆਂ ਦੇ ਆਚਾਰ ਨਾਲ ਢਿੱਡ ਭਰ ਕੇ ਪਥਰੀਲੀ ਧਰਤੀ ‘ਤੇ ਰਾਤਾਂ ਗੁਜ਼ਾਰਨ ਵਾਲਾ… ਵੱਖ-ਵੱਖ ਭਾਸ਼ਾਵਾਂ ਵਿਚ ਅਨੁਵਾਦਿਤ ਹੋਣ ਦਾ ਦਮ ਰੱਖਣ ਵਾਲੇ ‘ਜੰਗਲਨਾਮਾ’ ਦਾ ਰਚੇਤਾ……. ਆਦਿਵਾਸੀਆਂ ਤੇ ਮਾਉਵਾਦੀਆਂ ‘ਤੇ ਸਲਵਾ ਜੁਡਮ ਨਾਂ ਦੇ ਲੈਵਲ ਹੇਠ ਢਾਹੇ ਜਾਣ ਵਾਲੇ ਸਰਕਾਰੀ ਜ਼ਬਰ-ਜ਼ੁਲਮ ਵਿਰੁੱਧ ‘ਗਰੀਨ ਹੰਟ ਵਿਰੋਧੀ ਫਰੰਟ’ ਬਣਾਉਣ ਵਿਚ ਮੋਹਰੀ ਭੂਮਿਕਾ ਨਿਭਾਉਣ ਵਾਲਾ ਸਤਨਾਮ ‘ਜੰਗਲਨਾਮਾ’ ਭਲਾ ਆਤਮ ਹੱਤਿਆ ਕਿਉਂ ਕਰ ਗਿਆ? ਇਹ ਸਵਾਲ ਸਿਰਫ਼ ਮੈਨੂੰ ਹੀ ਨਹੀਂ ਪ੍ਰੇਸ਼ਾਨ ਕਰ ਰਿਹਾ, ਸਗੋਂ ਸਤਨਾਮ ਦੇ ਕਈ ਹੋਰ ਜਾਣਕਾਰ ਵੀ ਇਹ ਸਵਾਲ ਉਠਾ ਰਹੇ ਹਨ।
ਇਸ ਮਹੱਤਵਪੂਰਨ ਸਵਾਲ ਦਾ ਜਵਾਬ ਤਲਾਸ਼ਣ ਲਈ ਖੋਜਦੇ ਖੋਜਦੇ ਮੈਨੂੰ ਕਾਮਰੇਡ ਮਾਓ ਦਾ ਇਹ ਕਥਨ ਚੇਤੇ ਆਇਆ, ”ਕੋਈ ਵਿਅਕਤੀ ਉਦੋਂ ਤੱਕ ਹੀ ਇਨਕਲਾਬੀ ਰਹਿ ਸਕਦਾ ਹੈ, ਜਦੋਂ ਤੱਕ ਉਹ ਇਨਕਲਾਬੀ ਅਮਲ ਨਾਲ ਜੁੜਿਆ ਰਹਿੰਦਾ ਹੈ । ਜਦ ਇਨਕਲਾਬੀ ਅਮਲ ਨਾਲੋਂ ਟੁੱਟ ਜਾਂਦਾ ਹੈ ਤਾਂ ਮੋੜਵੇਂ ਰੂਪ ਵਿਚ ਉਸ ਵਿਅਕਤੀ ਦੀ ਵਿਚਾਰਧਾਰਕ ਰਾਜਨੀਤਿਕ ਸੋਚ ਨੂੰ ਵੀ ਖੋਰਾ ਲੱਗਣਾ ਸ਼ੁਰੂ ਹੋ ਜਾਂਦਾ ਹੈ।” ਦਰਅਸਲ ਸਤਨਾਮ ‘ਜੰਗਲਨਾਮਾ’ ਨਾਲ ਵੀ ਇਹੋ ਦੁਖਾਂਤ ਵਾਪਰਿਆ। ਉਹ ਪਿਛਲੇ ਕੁੱਝ ਸਮੇਂ ਤੋਂ ਕੌਮਾਂਤਰੀ ਤੇ ਕੌਮੀ ਕਮਿਊਨਿਸਟ ਲਹਿਰ ਦੀ ਮੰਦੀ ਹਾਲਤ ਬਾਰੇ ਕਾਫ਼ੀ ਚਿੰਤਤ ਸੀ, ਪਰ ਅਜਿਹੀ ਚਿੰਤਨਸ਼ੀਲ ਅਵਸਥਾ ਦੌਰਾਨ ਉਹ ਕਾਮਰੇਡ ਮਾਰਕਸ ਦੀ ਇਸ ਸਿੱਖਿਆ ਤੋਂ ਸੇਧ ਲੈਣ ਤੋਂ ਖੁੰਝ ਗਿਆ ਕਿ ਜਦ ਕੋਈ ਵੀ ਸਮੱਸਿਆ ਪੈਦਾ ਹੁੰਦੀ ਹੈ ਤਾਂ ਉਸ ਸਮੱਸਿਆ ਅੰਦਰ ਹੀ ਸਮੱਸਿਆ ਦਾ ਹੱਲ ਮੌਜੂਦ ਹੁੰਦਾ ਹੈ। ਉਸ ਹੱਲ ਨੂੰ ਖੋਜਣ ਲਈ ਖੋਜਣਾ ਹੀ ਦਰੁਸਤ ਰਾਹ ਹੁੰਦਾ ਹੈ। ਪਰ ਅਫ਼ਸੋਸ! ਸਤਨਾਮ ਅਜਿਹੇ ਖੋਜਣ ਦੇ ਅਮਲ ਤੋਂ ਕੰਨੀ ਕਤਰਾ ਕੇ ਨਿਰੋਲ ਚਿੰਤਾ ਦੀ ਹਨੇਰੀ ਗਲੀ ਵਿਚ ਚਲਾ ਗਿਆ। ਉਸ ਦੇ ਇਉਂ ਅਮਲ ਨਾਲੋਂ ਟੁੱਟਣ ਕਾਰਨ ਉਸ ਦੀ ਸੋਚ ਅੰਦਰ ਵੀ ਨਾਕਾਰਾਤਮਕ ਪੱਖ ਭਾਰੂ ਹੋਣੇ ਸ਼ੁਰੂ ਹੋ ਗਏ, ਜਿਸ ਕਾਰਨ ਚਿੰਤਾ ਤੇ ਇਕੱਲਤਾ ਦੇ ਹਨੇਰੇ ਵਿਚ ਘਿਰੇ ਸਤਨਾਮ ਨੂੰ ਚਾਰੇ ਪਾਸੇ ਹਨੇਰਾ ਹੀ ਨਜ਼ਰ ਆਉਣਾ ਸ਼ੁਰੂ ਹੋਇਆ ਅਤੇ ਜ਼ਿੰਦਗੀ ਜਿਊਣ ਵਿਚੋਂ ਵਿਸ਼ਵਾਸ ਖ਼ਤਮ ਹੋ ਗਿਆ। ਇਸ ਘਟਨਾ ਨੂੰ ਕਈ ਸਤ੍ਹੀ ਲੈਣ ਵਾਲੇ ਆਲੋਚਕ ਇਸ ਘਟਨਾ ਦੀ ਜ਼ਿੰਮੇਵਾਰੀ ਮਜ਼ਦੂਰ ਜਮਾਤ ਦੀ ਵਿਚਾਰਧਾਰਾ ਤੇ ਰਾਜਨੀਤੀ ਸਿਰ ਮੜ੍ਹ ਰਹੇ ਹਨ। ਪਰ ਸੱਚ ਇਹ ਹੈ ਕਿ ਇਹ ਵਿਚਾਰਧਾਰਾ ਤਾਂ ਸਿਖਾਉਂਦੀ ਹੀ ਇਹ ਹੈ ਕਿ ਅਮਲ ਨਾਲੋਂ ਟੁੱਟ ਕੇ ਮਨੁੱਖ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਦੇ ਸਮਰੱਥ ਨਹੀਂ ਰਹਿੰਦਾ। ਸੋ ਸਤਨਾਮ ‘ਜੰਗਲਨਾਮਾ’ ਦੀ ਮੌਤ ਇਹ ਕੀਮਤੀ ਸਬਕ ਦਿੰਦੀ ਹੈ ਕਿ ਅਮਲ ਨਾਲ ਜੁੜ ਕੇ ਹੀ ਆਪਣੀ ਹੋਂਦ ਨੂੰ ਬਰਕਰਾਰ ਰੱਖ ਕੇ ਅੱਗੇ ਵਧਿਆ ਜਾ ਸਕਦਾ ਹੈ। ਇਸ ਗੱਲ ਦੀ ਪੁਸ਼ਟੀ ਹੁਣ ਤੱਕ ਦਾ ਮਨੁੱਖੀ ਇਤਿਹਾਸ ਵੀ ਕਰਦਾ ਹੈ।

ਵੱਲੋਂ : ਬਾਰੂ ਸਤਵਰਗ
ਮੋਬ.ਨੰ. 76965-26937