ਇਨਕਲਾਬੀ ਸੰਘਰਸ਼ਾਂ ਲਈ ਹਮੇਸ਼ਾ ਪ੍ਰੇਰਨਾ ਸਰੋਤ ਰਹਿਣਗੇ “ਸਾਥੀ ਦਰਸ਼ਨ ਸਿੰਘ ਜੀ ਕੈਨੇਡੀਅਨ”

ਸਮਾਜਿਕ ਤਬਦੀਲੀ ਲਈ ਹਮੇਸ਼ਾ ਇਕ ਤੋਂ ਵਧੇਰੇ ਤੱਤ ਮਿਲ ਕੇ ਜ਼ਿੰਮੇਵਾਰ ਬਣਦੇ ਹਨ ਤੇ ਇਨ੍ਹਾਂ ਵਿਚੋੰ ਇਕ ਮਹੱਤਵਪੂਰਨ ਵਿਅਕਤੀਗਤ ਪ੍ਰਤੀਬੱਧਤਾ ਦਾ ਤੱਤ ਹੁੰਦਾ ਹੈ । ਪ੍ਰਤੀਬੱਧ ਵਿਅਕਤੀਆਂ ਦਾ ਯੋਗਦਾਨ ਇਤਹਾਸ ਦੀ ਧਾਰਾ ਨੂੰ ਇਕ ਵਿਸ਼ੇਸ਼ ਮੋੜ ਦੇਣ ਲਈ ਬਹੁਤ ਜ਼ਰੂਰੀ ਹੁੰਦਾ ਹੈ । ਅਜਿਹੇ ਹੀ ਇਕ ਮਹਾਨ ਇਨਕਲਾਬੀ ਅਮਰ ਸ਼ਹੀਦ ਕਾਮਰੇਡ ਦਰਸ਼ਨ ਸਿੰਘ ਜੀ ਕੈਨੇਡੀਅਨ   ਨੇ ਜ਼ਿਲ੍ਹਾ ਹੁਸ਼ਿਆਰਪੁਰ ਦੀ ਗੜ੍ਹਸ਼ੰਕਰ ਤਹਿਸੀਲ ਦੇ ਇਕ ਛੋਟੇ ਜਿਹੇ ਪਿੰਡ ਲੰਗੇਰੀ ਵਿੱਚ ਪਿਤਾ ਸਰਦਾਰ ਦੇਵਾ ਸਿੰਘ ਸੰਘਾ ਅਤੇ ਮਾਤਾ ਸ੍ਰੀਮਤੀ ਰਾਓ ਜੀ ਦੇ ਘਰ 13 ਮਾਰਚ 1918 ਨੂੰ ਜਨਮ ਲਿਆl ਅੱਜ ਮਿਤੀ 25 ਸਤੰਬਰ 2021ਨੂੰ ਉਨ੍ਹਾਂ ਦੇ  35ਵੇਂ ਸ਼ਹੀਦੀ ਦਿਹਾੜੇ ਸਮੇਂ ਉਨ੍ਹਾਂ ਨੂੰ ਯਾਦ ਕਰਦਿਆਂ ਜਦੋਂ ਦੇਸ਼ ਦਾ ਮਜ਼ਦੂਰ ਕਿਸਾਨ ਆਪਣੇ ਹੱਕਾਂ ਲਈ ਦਿੱਲੀ ਦੇ ਬਾਰਡਰਾਂ ਸਮੇਤ ਦੇਸ਼ ਦੇ ਵੱਖ ਵੱਖ ਖਿੱਤਿਆਂ ਅੰਦਰ ਵੱਡੀਆਂ ਕਾਰਪੋਰੇਟ ਸ਼ਕਤੀਆਂ ਅਤੇ ਉਸ ਦੀ ਕਠਪੁਤਲੀ ਕੇਂਦਰੀ ਸਰਕਾਰ   ਵਿਰੁੱਧ ਸ਼ੰਘਰਸ਼ ਕਰਕੇ  ਆਪਣੀ ਹੋਂਦ ਦੀ ਲੜਾਈ ਲੜ ਹੋਵੇ  ਤਾਂ ਸਾਥੀ ਕੈਨੇਡੀਅਨ ਦੇ ਜੀਵਨ ਸੰਘਰਸ਼ ਉਨ੍ਹਾਂ ਵੱਲੋਂ ਘਾਲੀ ਗਈ ਘਾਲਣਾ ਅਤੇ ਦਿੱਤੀ ਗਈ  ਸ਼ਹਾਦਤ ਨੂੰ ਯਾਦ ਕਰਨਾ ਸਮੇਂ ਦੀ ਅਣਸਰਦੀ ਲੋੜ ਬਣਦੀ ਹੈ  ।
ਪਿੰਡ ਦੇ ਪ੍ਰਾਇਮਰੀ ਅਤੇ ਮਾਹਿਲਪੁਰ ਦੇ ਹਾਈ ਸਕੂਲ ਤੋਂ ਦਸਵੀਂ ਦੀ ਪੜ੍ਹਾਈ ਕਰਨ ਉਪਰੰਤ 1936  ਈਸਵੀ ਵਿੱਚ ਘਰ ਦੀ ਗ਼ਰੀਬੀ ਤੋਂ ਨਿਜਾਤ ਪਾਉਣ ਲਈ ਆਪਣੀ ਥੋੜ੍ਹੀ ਜਿਹੀ ਜ਼ਮੀਨ ਵੀ ਗਹਿਣੇ ਰੱਖ ਕੈਨੇਡਾ ਵੱਲ ਨੂੰ ਚਾਲੇ ਪਾ ਦਿੱਤੇ ।  ਇਹ ਸਫਰ ਉਨ੍ਹਾਂ ਲਈ ਬੜਾ ਸੰਘਰਸ਼ਮਈ ਰਿਹਾ  ਉਹ ਕੈਨੇਡਾ ਲਈ ਕਲਕੱਤੇ ਤੋਂ ਮਾਲ ਢੋਣ ਵਾਲੇ ਜਹਾਜ਼ ਰਾਹੀਂ ਹਾਂਗਕਾਂਗ ਤੇ ਫਿਰ ਸ਼ੰਘਈ ਪੁੱਜੇ ।ਵੈਨਕੂਵਰ ਲਈ ਜਹਾਜ਼ ਫੜਨ ਵਾਸਤੇ  ਉਨ੍ਹਾਂ ਨੂੰ ਸ਼ੰਘਈ ਵਿੱਚ ਲਗਪਗ ਡੇਢ ਮਹੀਨੇ ਦੀ ਉਡੀਕ ਕਰਨੀ ਪਈ ਆਖ਼ਰ ਉਹ 13 ਮਾਰਚ 1937 ਨੂੰ ਕੈਨੇਡਾ ਦੇ ਸ਼ਹਿਰ ਵੈਨਕੂਵਰ ਵਿੱਚ ਆ ਪਹੁੰਚੇ ,ਇਸ ਦਿਨ ਉਨ੍ਹਾਂ ਦਾ 19 ਵਾਂ ਜਨਮ ਦਿਨ ਸੀ। ਦਰਸ਼ਨ ਸਿੰਘ ਕੈਨੇਡਾ ਵਿੱਚ ਵਿਦਿਆਰਥੀ ਦੇ ਤੌਰ ਤੇ ਦਾਖਲ ਹੋਏ ਪਰ ਯੂਨੀਵਰਸਿਟੀ ਵਿਚ ਪੜ੍ਹਨ ਲਈ ਪੈਸੇ ਦੀ ਲੋੜ ਸੀ  ਜਿਸ ਕਰਕੇ ਉਨ੍ਹਾਂ ਨੂੰ ਲੱਕੜ ਮਿੱਲ ਵਿੱਚ ਭਾਰੀ ਫੱਟੇ ਖਿੱਚਣ ਦਾ ਕੰਮ ਕਰਨਾ ਪਿਆ। ਕੁਝ ਸਮਾਂ ਲੱਕੜ ਮਿੱਲ ਵਿੱਚ ਕੰਮ ਕਰਨ ਤੋਂ ਬਾਅਦ ਦਰਸ਼ਨ ਸਿੰਘ ਨੇ ਇਹ ਕੰਮ ਛੱਡ ਦਿੱਤਾ ਤੇ ਉਹ  ਡੰਕਨ ਨੇੜੇ ਲੌਗਿੰਗ ਕੈਂਪ ਵਿੱਚ ਜਾ ਕੇ ਕੰਮ ਕਰਨ ਲੱਗੇ । ਇਹ ਜਾਨ ਜੋਖ਼ਮ ਵਿੱਚ ਪਾਉਣ ਵਾਲਾ ਕੰਮ ਸੀ ਪਰ ਇੱਥੇ ਮਜ਼ਦੂਰੀ ਦੇ ਪੈਸੇ ਵੱਧ ਮਿਲਦੇ ਸਨ ।ਕੁਝ ਮਹੀਨੇ ਮਿੱਲ ਦੇ ਲੌਗਿੰਗ ਕੈਂਪ ਵਿਚ ਕੰਮ ਕਰਨ ਤੋਂ ਬਾਅਦ ਦਰਸ਼ਨ ਸਿੰਘ ਵੈਨਕੂਵਰ ਦੀ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਵਿਚ ਪੜ੍ਹਾਈ ਕਰਨ ਲੱਗੇ ਪਰ ਦਰਸ਼ਨ ਸਿੰਘ ਆਪਣੀ ਯੂਨੀਵਰਸਿਟੀ  ਦੀ ਪੜ੍ਹਾਈ ਨਾਲੋਂ ਮਾਰਕਸਵਾਦੀ ਸਾਹਿਤ ਪੜ੍ਹਨ ਵਿੱਚ ਜ਼ਿਆਦਾ ਦਿਲਚਸਪੀ ਰੱਖਦੇ ਸਨ । ਉਹ ਬਹੁਤਾ ਸਮਾਂ ਰਾਜਨੀਤਕ ਮਸਲਿਆਂ ਬਾਰੇ ਪੜ੍ਹਨ ਅਤੇ ਉਨ੍ਹਾਂ ਨੂੰ ਸਮਝਣ ਤੇ ਲਾਉਂਦੇ ਰਹੇ ।ਦਰਸ਼ਨ ਸਿੰਘ ਦੇ ਕਹਿਣ ਅਨੁਸਾਰ ਉਸ ਨੂੰ ਯੂਨੀਵਰਸਿਟੀ ਦੇ ਮਜ਼ਬੂਨਾਂ ਦੀ ਸਮਝ ਨਹੀਂ ਸੀ ਪੈਂਦੀ  ਪਰ ਸਿਆਸੀ ਸਾਹਿਤ ਪੜ੍ਹਨ ਅਤੇ ਸਮਝਣ ਵਿੱਚ ਉਨ੍ਹਾਂ ਨੂੰ ਕਦੇ ਵੀ ਕੋਈ ਮੁਸ਼ਕਿਲ ਪੇਸ਼ ਨਹੀਂ ਸੀ ਆਉਂਦੀ  ।ਇਸੇ ਯੂਨੀਵਰਸਿਟੀ ਵਿਚ ਪੜ੍ਹਦਿਆਂ ਉਨ੍ਹਾਂ ਕੁਝ ਅਗਾਂਹਵਧੂ ਸੋਚ ਵਾਲੇ ਗੋਰੇ ਵਿਦਿਆਰਥੀਆਂ ਨੇ ਮਿਲ ਕੇ ਯੰਗ ਕਮਿਊਨਿਸਟ ਲੀਗ ਨਾਂ ਦੀ ਕਲੱਬ ਬਣਾਈ  ਜੋ ਕਿ ਸਮਾਜਿਕ ਮਸਲਿਆਂ ਲਈ ਕੰਮ ਕਰਦੀ ਸੀ 
 ਕਾਮਰੇਡ ਦਰਸ਼ਨ ਸਿੰਘ ਹਿੰਦੁਸਤਾਨ ਦੀ ਕਮਿਊਨਿਸਟ ਪਾਰਟੀ ਨਾਲ ਵੀ ਪੂਰੀ ਤਰ੍ਹਾਂ ਜੁੜੇ ਹੋਏ ਸਨ ਉਹ ਹਿੰਦੁਸਤਾਨੀ ਭਾਈਚਾਰੇ ਦੀਆਂ ਸਰਗਰਮੀਆਂ ਚ ਡੂੰਘੀ ਦਿਲਚਸਪੀ ਰੱਖਦੇ ਸੀ  ਜਦੋਂ ਵੀ ਸਮਾਂ ਮਿਲਦਾ ਉਹ ਵੱਖ ਵੱਖ ਥਾਵਾਂ ਤੇ ਜਾ ਕੇ ਹਿੰਦੁਸਤਾਨ ਦੀ ਆਜ਼ਾਦੀ ,ਕੈਨੇਡਾ ਵਿੱਚ ਵੋਟ ਦੇ ਹੱਕ ,ਨਸਲਵਾਦ, ਮਜ਼ਦੂਰਾਂ ਦੀ ਲੁੱਟ ਖਸੁੱਟ, ਅਤੇ ਸਮਾਜਿਕ ਪਾੜੇ ਬਾਰੇ ਅਕਸਰ  ਹੀ ਤਕਰੀਰਾਂ ਕਰਦੇ ਜਿਸ ਕਰਕੇ ਉਹ ਕੈਨੇਡੀਅਨ ਪੰਜਾਬੀਆਂ   ਅਤੇ ਅਗਾਂਹਵਧੂ ਗੋਰਿਆਂ ਵਿੱਚ ਬਹੁਤ ਹੀ ਹਰਮਨ ਪਿਆਰੇ ਹੋ ਗਏ । ਇਨ੍ਹਾਂ ਤਕਰੀਰਾਂ ਕਾਰਨ ਦਰਸ਼ਨ ਨੂੰ ਇਮੀਗ੍ਰੇਸ਼ਨ ਵੱਲੋਂ ਵਰਕ ਪਰਮਿਟ ਦੇਣੇ ਬੰਦ ਕਰ ਦਿੱਤੇ ਗਏ  ਜਿਸ ਕਾਰਨ ਉਨ੍ਹਾਂ ਨੂੰ ਯੂਨੀਵਰਸਿਟੀ ਦੀ ਪੜ੍ਹਾਈ ਬੰਦ ਕਰਨੀ ਪਈ ਅਤੇ ਉਨ੍ਹਾਂ ਦੇ ਸੰਘਰਸ਼ਮਈ ਜੀਵਨ ਦੀ ਸ਼ੁਰੂਆਤ ਹੋਈ । 
ਦਰਸ਼ਨ ਸਿੰਘ ਹਿੰਦੁਸਤਾਨ ਵਿਚ ਰਹਿੰਦਿਆਂ ਹੀ ਸਮਾਜਵਾਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਸੀ ਕੈਨੇਡਾ ਵਿਚ ਆ ਕੇ  ਮਾਰਕਸਵਾਦੀ ਸਾਹਿਤ ਪੜ੍ਹਿਆ ਤਾਂ ਆਪ ਦੇ ਵਿਚਾਰ ਹੋਰ ਪੱਕੇ ਹੋ ਗਏ ਆਪ ਨੇ ਕੈਨੇਡਾ ਵਿਚ ਹਿੰਦੋਸਤਾਨੀ ਕਮਿਊਨਿਟੀ ਦੇ ਚਾਲੀ ਸਾਲਾਂ ਦੇ ਇਤਿਹਾਸ ਨੂੰ  ਪੜ੍ਹਿਆ ਅਤੇ ਘੋਖਿਆ   । ਆਪ ਨੂੰ ਇਸ ਗੱਲ ਦੀ ਸਮਝ ਆਈ ਕਿ ਕਾਮਾਗਾਟਾ ਮਾਰੂ ਦੇ ਦਿਨਾਂ ਤੋਂ ਲੈ ਕੇ ਹੁਣ ਤੱਕ ਜਦ ਵੀ ਕਦੀ  ਹਿੰਦੁਸਤਾਨੀ ਆਵਾਸੀਆਂ ਤੇ ਭਾਰੀ ਪਈ ਤਾਂ ਸਿਰਫ਼ ਕਮਿਊਨਿਸਟ ਵਿਚਾਰਾਂ ਦੇ ਕੈਨੇਡੀਅਨ ਹੀ ਉਨ੍ਹਾਂ ਦੀ ਮਦਦ ਲਈ ਬਹੁੜੇ ਹਨ ਇਹ ਸਿਰਫ਼ ਕੈਨੇਡੀਅਨ ਕਮਿਊਨਿਸਟ ਪਾਰਟੀ ਹੀ ਸੀ ਜਿਹੜੀ ਹਿੰਦੁਸਤਾਨ ਦੀ ਆਜ਼ਾਦੀ ਦੀ ਹਮਾਇਤ ਕਰਦੀ ਸੀ ਅਤੇ ਨਸਲਵਾਦ ਵਿਰੁੱਧ ਸਰਗਰਮੀ ਨਾਲ ਲੜਦੀ  ਸੀ ਜਿਸ ਕਰਕੇ  ਅਲਬਰਟਾ ਵਿਚ ਰਹਿੰਦਿਆਂ ਉਹ 1939 ਵਿੱਚ  ਕਮਿਊਨਿਸਟ ਪਾਰਟੀ ਆਫ ਕੈਨੇਡਾ ਦੇ ਮੈਂਬਰ ਬਣ ਗਏ  ।
ਕੈਨੇਡਾ ਰਹਿੰਦਿਆਂ  ਉਨ੍ਹਾਂ ਅੰਦਰ ਹਿੰਦੁਸਤਾਨ ਦੀ ਜੰਗੇ ਆਜ਼ਾਦੀ ਵਿੱਚ ਆਪਣਾ ਯੋਗਦਾਨ ਪਾਉਣ ਦੀ ਤੀਬਰ ਇੱਛਾ ਸੀ ,  ਇਸੇ ਇਰਾਦੇ ਨਾਲ ਉਹ ਜੂਨ ਉੱਨੀ ਸੌ ਚਾਲੀ ਵਿੱਚ ਵੈਨਕੂਵਰ ਜਹਾਜ਼ ਫੜ ਕੇ ਹਿੰਦੁਸਤਾਨ ਨੂੰ ਰਵਾਨਾ ਹੋ ਗਏ। ਦਰਸ਼ਨ ਸਿੰਘ ਤੋਂ ਪਹਿਲਾਂ ਗ਼ਦਰ ਪਾਰਟੀ ਨੇ ਸਾਨ ਫਰਾਂਸਿਸਕੋ ਤੋਂ ਕੁਝ ਗ਼ਦਰੀਆਂ ਨੂੰ ਹਿੰਦੋਸਤਾਨ ਭੇਜਿਆ ਸੀ ਪਰ ਜਾਪਾਨ ਪੁੱਜਣ ਤੇ ਦਰਸ਼ਨ ਸਿੰਘ ਨੂੰ ਪਤਾ ਲੱਗਾ ਕਿ ਉਨ੍ਹਾਂ ਗ਼ਦਰੀਆਂ   ਚੋਂ ਬਹੁਤਿਆਂ ਨੂੰ ਸ਼ੰਘਈ ਅਤੇ ਹਾਂਗਕਾਂਗ ਵਿੱਚ ਫੜਕੇ ਜੇਲ੍ਹੀਂ ਡੱਕ ਦਿੱਤਾ ਹੈ  ਜਿਸ ਤੇ   ਜਾਪਾਨ ਚ ਰਹਿੰਦੇ ਹਿੰਦੁਸਤਾਨੀਆਂ ਨੇ ਦਰਸ਼ਨ ਨੂੰ ਆਖਿਆ ਜੇ ਤੂੰ ਸ਼ੰਘਈ ਦੀ ਜੇਲ੍ਹ ਵਿੱਚ  ਸੜਨਾ ਚਾਹੁੰਦਾ  ਤਾਂ  ਜਾ ਸਕਦੈੰ ਪਰ ਇਸ ਵਿੱਚ ਕੋਈ ਫ਼ਾਇਦਾ ਨਹੀਂ ਹੋਣਾ । ਇਸ ਕਰਕੇ ਉਨ੍ਹਾਂ ਦੀ ਸਲਾਹ ਮੰਨ ਕੇ ਦਰਸ਼ਨ ਫੇਰ ਜਪਾਨ ਤੋਂ ਵਾਪਸ ਕੈਨੇਡਾ ਮੁੜ ਗਏ   । ਕੈਨੇਡਾ ਵਾਪਸੀ ਤੇ ਉਨ੍ਹਾਂ ਦੀ ਮਿਲਣੀ ਕਮਿਊਨਿਸਟ ਲੀਡਰ ਨਾਈਜਲ ਮੌਰਗਨ ਨਾਲ ਹੋਈ  ਨਾਈਜਲ ਮੌਰਗਨ ਲੱਕੜ ਦੀਆਂ ਮਿੱਲਾਂ ਦੇ ਕਾਮਿਆਂ ਦੀ ਯੂਨੀਅਨ ਸੰਗਠਿਤ ਕਰਨ ਲਈ ਦਰਸ਼ਨ ਦੀ ਮਦਦ ਚਾਹੁੰਦਾ ਸੀ ।ਲੱਕੜ ਮਿੱਲਾਂ ਦੇ ਕਾਮਿਆਂ ਦੀ ਯੂਨੀਅਨ ਇੰਟਰਨੈਸ਼ਨਲ ਵੁੱਡਵਰਕਸ ਆਫ ਅਮੈਰਿਕਾ ਅਮਰੀਕਾ ਵਿੱਚ  ਜੰਮੀ ਪਲੀ ਸੀ ਤੇ ਇਸ ਨੂੰ ਬਣਾਉਣ ਵਾਲੇ ਵੀ ਅਮਰੀਕੀ ਕਮਿਊਨਿਸਟ ਸਨ ।ਆਈ ਡਬਲਯੂ ਏ ਦੀ ਉੱਪਰਲੀ ਲੀਡਰਸ਼ਿਪ ਕਮਿਊਨਿਸਟਾਂ ਦੇ ਹੱਥ ਵਿੱਚ ਹੀ ਸੀ। ਕੈਨੇਡਾ ਵਿੱਚ ਆਈ ਡਬਲਯੂ ਏ ਨੂੰ ਬਣਾਉਣ ਵਾਲੇ ਵੀ ਕਮਿਊਨਿਸਟ  ਹੀ ਸਨ। ਕਮਿਊਨਿਸਟ ਲੀਡਰ ਨਾਈਜਲ ਮੌਰਗਨ ਨੇ ਦਰਸ਼ਨ ਸਿੰਘ ਨੂੰ ਦੱਸਿਆ ਕਿ ਹਿੰਦੁਸਤਾਨੀ ਚੀਨੀ ਤੇ ਜਾਪਾਨੀ ਕਾਮਿਆਂ ਨੂੰ ਜਥੇਬੰਦ ਕਰਨ  ਕਰਨ ਚ ਪਾਰਟੀ ਨੂੰ ਮੁਸ਼ਕਲ ਆ ਰਹੀ ਹੈ ਤੇ ਹਿੰਦੁਸਤਾਨੀ ਕਾਮਿਆਂ ਨੂੰ ਆਈ ਡਬਲਯੂ ਏ ਚ ਲਿਆਉਣ ਲਈ ਉਸ ਨੂੰ ਦਰਸ਼ਨ ਦੀ ਮਦਦ ਚਾਹੀਦੀ ਹੈ ।ਦਰਸ਼ਨ ਸਿੰਘ ਇਸ ਕੰਮ ਲਈ ਰਾਜ਼ੀ ਹੋ ਗਏ  ਤੇ ਆਪ 1944-45  ਤਕ ਬਹੁਤ ਸਾਰੇ ਕਾਮਿਆਂ ਨੂੰ ਆਈ ਡਬਲਯੂ ਏ ਦੇ ਮੈਂਬਰ ਬਣਾਉਣ ਵਿਚ ਕਾਮਯਾਬ ਹੋ ਗਏ  ਦਰਸ਼ਨ ਅਤੇ ਹੋਰ ਕਮਿਊਨਿਸਟ ਇਨਕਲਾਬੀ ਲੀਡਰਾਂ ਦੀ ਅਗਵਾਈ ਵਿਚ  15 ਮਈ 1946  ਨੂੰ ਲੱਕੜ ਸਨਅਤ ਦੇ ਕਾਮਿਆਂ ਨੇ ਹੜਤਾਲ ਕਰ ਦਿੱਤੀ ਆਈ ਡਬਲਯੂ ਏ ਲਈ 37 ਦਿਨ ਚੱਲੀ  ਇਹ ਇਕ ਇਤਹਾਸਕ ਤੇ ਫ਼ੈਸਲਾਕੁੰਨ ਹੜਤਾਲ ਸੀ। ਇਸ ਹੜਤਾਲ ਵਿੱਚ ਪੰਜਾਬੀ ਕਾਮਿਆਂ ਨੇ ਯੂਨੀਅਨ ਦਾ ਪੂਰਾ ਪੂਰਾ ਸਾਥ ਦਿੱਤਾ ਉਹ ਆਪਣੇ ਗੋਰੇ   ਭਰਾਵਾਂ ਨਾਲ ਰਲ ਕੇ ਪਿਕਟ ਲਾਈਨਾਂ ਤੇ ਡਟੇ ਰਹੇ। ਆਖਰ ਯੂਨੀਅਨ ਦੀ ਜਿੱਤ ਹੋਈ। ਦਿਹਾੜੀ ਅੱਠ ਘੰਟੇ ਦੀ ਮੰਨ  ਲਈ ਗਈ ,ਤਨਖ਼ਾਹ ਦੇ ਪ੍ਰਤੀ ਘੰਟਾ ਰੇਟ ਵਿੱਚ ਭਾਰੀ ਵਾਧਾ ਹੋਇਆ, ਹਿੰਦੋਸਤਾਨੀ ਤੇ ਦੂਸਰੇ ਗ਼ੈਰ ਗੋਰੇ ਕਾਮਿਆਂ ਨੂੰ  ਗੋਰੇ ਕਾਮਿਆਂ ਜਿੰਨੀ ਤਨਖ਼ਾਹ ਮਿਲਣ ਲੱਗੀ। ਇਸ ਹੜਤਾਲ ਦੀ ਕਾਮਯਾਬੀ ਚ ਦਰਸ਼ਨ ਸਿੰਘ ਦਾ ਵੱਡਾ ਇਤਿਹਾਸਕ   ਯੋਗਦਾਨ ਰਿਹਾ  ।ਜਿਸ ਦਾ ਲਾਹਾ ਅੱਜ ਵੀ ਵੱਡੀ ਗਿਣਤੀ ਵਿਚ ਕੈਨੇਡਾ ਵਿਚ ਕੰਮ ਕਰ ਰਹੇ ਪਰਵਾਸੀ ਭਾਰਤੀਆਂ ਨੂੰ ਮਿਲ ਰਿਹਾ ਹੈ । ਆਈ ਡਬਲਯੂ  ਏ ਦੀ ਸਥਾਪਨਾ ਲਈ ਦਰਸ਼ਨ ਵੱਲੋਂ ਕੈਨੇਡਾ ਦੀਆਂ ਵੱਖ ਵੱਖ ਸਟੇਟਾਂ ਵਿੱਚ  ਸਿਰ ਤੋੜ ਯਤਨ ਕੀਤੇ   ।
ਕੈਨੇਡਾ ਵਿੱਚ ਰਹਿੰਦੇ ਹਿੰਦੁਸਤਾਨੀਆਂ ਵੱਲੋਂ ਵੋਟ ਦੇ ਹੱਕ ਲਈ ਲੜੇ ਘੋਲ ਵਿੱਚ ਵੀ ਦਰਸ਼ਨ ਸਿੰਘ ਨੇ ਅਹਿਮ ਭੂਮਿਕਾ ਨਿਭਾਈ ਦਰਸ਼ਨ ਸਿੰਘ ਵੱਲੋਂ ਕਮਿਊਨਿਟੀ ਦੇ ਦੂਸਰੇ ਲੀਡਰਾਂ ਨਾਲ ਰਲ ਕੇ ਵੋਟ ਦੇ ਹੱਕ ਲਈ ਲੜੇ ਇਸ ਘੋਲ ਦੀ ਆਖਰ ਜਿੱਤ ਹੋਈ ।ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਨੇ  2 ਅਪ੍ਰੈਲ  1947 ਨੂੰ ਕਾਨੂੰਨ ਬਣਾ ਕੇ ਹਿੰਦੁਸਤਾਨੀਆਂ ਨੂੰ ਵੋਟ ਦਾ ਹੱਕ ਦੇ ਦਿੱਤਾ ।ਬੀ ਸੀ ਵਿੱਚ ਵੋਟ ਦਾ ਹੱਕ ਮਿਲਣ ਨਾਲ ਇੱਥੇ ਵੱਸਦੇ ਹਿੰਦੁਸਤਾਨੀਆਂ ਨੂੰ ਕੈਨੇਡਾ ਦੇ ਸਿਟੀਜ਼ਨ ਬਣਨ ਅਤੇ ਕੈਨੇਡਾ ਚ ਵੋਟ ਪਾਉਣ ਦਾ ਹੱਕ ਮਿਲ ਗਿਆ। ਇਸ  ਜਿੱਤ ਲਈ ਕਾਮਰੇਡ ਕੈਨੇਡੀਅਨ ਨੂੰ ਸਲਾਮ ਕਰਨਾ ਬਣਦਾ ਹੈ ,ਜਿਨ੍ਹਾਂ ਵੱਲੋਂ  ਕੈਨੇਡਾ ਚ ਵੋਟ ਦੇ ਹੱਕ ਲਈ ਲੜੇ ਘੋਲ ਚ ਖੱਬੀ ਸੋਚ ਵਾਲੀਆਂ ਸਿਆਸੀ ਪਾਰਟੀਆਂ ਅਤੇ ਆਈ ਡਬਲਯੂ ਏ ਵਰਗੀਆਂ ਯੂਨੀਅਨਾਂ ਨੂੰ ਹਿੰਦੁਸਤਾਨੀਆਂ ਦੇ ਹੱਕ ਵਿਚ ਭੁਗਤਾਇਆ ।
ਦਰਸ਼ਨ ਡੂੰਘੇ ਚਿੰਤਕ ਹੋਣ ਕਾਰਨ ਅੰਤਰਰਾਸ਼ਟਰੀ ਮਸਲਿਆਂ ਬਾਰੇ ਡੂੰਘੀ ਦਿਲਚਸਪੀ ਅਤੇ ਜਾਣਕਾਰੀ ਰੱਖਦੇ ਸੀ ਉਨ੍ਹਾਂ 1945-46 ਦੌਰਾਨ ਰਾਈਜ਼ ਆਫ ਨਿਊ ਏਸ਼ੀਆ ਨਾਂ ਦੀ ਕਿਤਾਬ ਲਿਖੀ ।ਆਪ ਦਾ ਇਸ ਕਿਤਾਬ ਨੂੰ ਲਿਖਣ ਦਾ ਮਕਸਦ  ਕੈਨੇਡੀਅਨ ਲੋਕਾਂ ਨੂੰ  ਏਸ਼ੀਆ ਦੇ ਮੁਲਕਾਂ ਚ ਚਲ ਰਹੇ ਆਜ਼ਾਦੀ ਕੌਮੀ ਅੰਦੋਲਨਾਂ ਬਾਰੇ ਜਾਣਕਾਰੀ ਦੇਣਾ ਸੀ। ਇਸ ਕਿਤਾਬ ਵਿਚ ਹਿੰਦੁਸਤਾਨ ,ਚੀਨ, ਜਪਾਨ, ਇਰਾਨ ,ਤੁਰਕੀ ,ਵੀਅਤਨਾਮ, ਇੰਡੋਨੇਸ਼ੀਆ, ਫਿਲਪੀਨਜ਼ ਅਤੇ ਕੋਰੀਆ ਆਦਿ ਮੁਲਕਾਂ ਬਾਰੇ ਦਰਸ਼ਨ ਸਿੰਘ ਦੇ ਲਿਖੇ ਲੇਖ ਹਨ । 
15 ਅਗਸਤ  1947 ਨੂੰ   ਮਿਲੀ  ਭਾਰਤੀ ਆਜ਼ਾਦੀ ਦੇ ਅਰਥ ਉਹ ਭਲੀ ਭਾਂਤ ਸਮਝ ਗਏ ਸਨ  । ਉਹ ਭਾਵੇਂ ਕੈਨੇਡਾ ਵਿੱਚ ਲੋਕ ਮੁਕਤੀ ਸੰਗਰਾਮ ਵਿਚ ਆਪਣਾ ਯੋਗਦਾਨ ਪਾ ਰਹੇ ਸਨ ਪਰ ਉਨ੍ਹਾਂ ਦੀ ਰੂਹ ਹਿੰਦੁਸਤਾਨ ਅੰਦਰ ਸੀ  ।ਉਹ ਦੇਖਦੇ ਸਨ ਕਿ ਹਿੰਦੋਸਤਾਨ ਅੰਦਰ ਕਿਰਤ ਕਰਨ ਵਾਲੇ ਲੋਕਾਂ ਦੀ ਹਾਲਤ  ਕੈਨੇਡੀਅਨ ਮਜ਼ਦੂਰਾਂ ਦੀ ਦੇ ਮੁਕਾਬਲੇ ਕਿਤੇ  ਬਦ ਤੋਂ ਬਦਤਰ ਸੀ।  ਉਹ ਇਹ ਮਹਿਸੂਸ ਕਰਨ ਲੱਗੇ ਕਿ  ਕਿ ਜੇਕਰ ਉਨ੍ਹਾਂ ਨੇ ਆਪਣੇ ਆਪ ਨੂੰ ਸਿਆਸਤ ਦੇ ਸਮਰਪਿਤ ਕਰਨਾ ਹੈ ਤਾਂ  ਉਹ  ਇਹ ਸਭ ਕੁਝ  ਭਾਰਤ ਜਾ ਕੇ ਕਰਨ , ਜਿਸ ਕਰਕੇ ਉਹ 16 ਦਸੰਬਰ 1947 ਨੂੰ ਭਾਰਤ ਪਹੁੰਚ ਗਏ  ।ਹਜ਼ਾਰਾਂ ਦੇਸ਼ ਭਗਤ ਕੈਨੇਡਾ ਅਮਰੀਕਾ ਦੀਆਂ ਕਮਾਈਆਂ ਤੇ ਸੁੱਖ ਸਹੂਲਤਾਂ ਨੂੰ ਲੱਤ ਮਾਰ ਕੇ ਆਜ਼ਾਦੀ ਦੀ ਜੰਗ ਵਿੱਚ ਆ ਕੇ ਕੁੱਦੇ ਸਨ  ਪਰ  ਦਰਸ਼ਨ ਸਿੰਘ ਪਹਿਲੇ ਕੈਨੇਡੀਅਨ ਸੀ ਜੋ ਭਾਰਤ ਨੂੰ ਮਿਲੀ ਆਜ਼ਾਦੀ ਨੂੰ ਅਧੂਰੀ ਸਮਝਦਿਆਂ ਗ਼ਦਰੀਆਂ ਦੇ ਸੁਪਨਿਆਂ ਵਾਲੇ ਕਿਰਤੀ ਕਿਸਾਨਾਂ ਦੀ ਸਰਦਾਰੀ ਵਾਲੇ ਰਾਜ ਦੀ ਸਥਾਪਨਾ ਲਈ ਸੰਘਰਸ਼ ਕਰਨ ਵਾਸਤੇ ਭਾਰਤ ਪਰਤੇ ਸਨ  ।ਭਾਰਤ ਪੁੱਜ ਕੇ ਉਹ ਭਾਰਤੀ  ਕਮਿਊਨਿਸਟ ਪਾਰਟੀ ਦੀ ਕਲਕੱਤਾ  ਕਾਂਗਰਸ ਰਾਹੀਂ ਪਾਰਟੀ ਵਿੱਚ ਸ਼ਾਮਲ ਹੋ ਗਏ  ਕੋਲਕਾਤਾ ਕਾਂਗਰਸ ਤੋਂ ਛੇਤੀ ਹੀ ਬਾਅਦ ਭਾਰਤ ਸਰਕਾਰ ਵੱਲੋਂ ਭਾਰਤੀ ਕਮਿਊਨਿਸਟ ਪਾਰਟੀ ਨੂੰ ਗੈਰਕਾਨੂੰਨੀ ਕਰਾਰ ਦੇ ਦਿੱਤਾ ਗਿਆ । ਇਸ ਸਮੇਂ ਦੌਰਾਨ ਦਰਸ਼ਨ ਸਿੰਘ ਆਪਣੇ ਬਹੁਤ ਸਾਰੇ ਸਾਥੀਆਂ ਦੇ ਨਾਲ ਗੁਪਤਵਾਸ ਰਹਿ ਕੇ ਪਾਰਟੀ ਲਈ ਕੰਮ ਕਰਦੇ ਰਹੇ ਤੇ ਇਸੇ ਗੁਪਤਵਾਸ ਦੌਰਾਨ ਹੀ ਉਨ੍ਹਾਂ ਦਾ ਵਿਆਹ  ਜਲੰਧਰ ਜ਼ਿਲ੍ਹੇ ਦੇ ਪਿੰਡ ਜੰਡਿਆਲਾ ਦੇ ਗ਼ਦਰੀ ਬਾਬਾ ਲਾਲ ਸਿੰਘ ਦੀ ਪੋਤੀ ਹਰਬੰਸ ਕੌਰ ਨਾਲ ਹੋਇਆ ।1951 ਵਿੱਚ ਸਾਥੀ ਕਨੇਡੀਅਨ ਨੇ  ਜ਼ਿਲ੍ਹਾ ਜਲੰਧਰ ਵਿਚ ਕਮਿਊਨਿਸਟ ਪਾਰਟੀ ਦੇ ਸਕੱਤਰ 1963 ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਲਈ ਅਤੇ 1968 ਤੋਂ 1971 ਤਕ ਬਤੌਰ ਸੂਬਾ ਸਕੱਤਰ ਭਾਰਤੀ ਕਮਿਊਨਿਸਟ ਪਾਰਟੀ ਲਈ ਕੰਮ ਕਰਦਿਆਂ ਖ਼ਰਾਬ ਸਿਹਤ ਦੇ ਬਾਵਜੂਦ ਵੀ ਦਿਨ ਰਾਤ ਸ਼ੰਘਰਸ਼ ਕੀਤਾ । 1972 ਅਤੇ 1977 ਉਹ ਦੋ ਵਾਰ ਹਲਕਾ ਗੜ੍ਹਸ਼ੰਕਰ ਤੋਂ ਐਮਐਲਏ ਚੁਣੇ ਗਏ ਕੰਢੀ ਲੋਕਾਂ ਦੇ ਮਸੀਹੇ ਦੇ ਨਾਂ ਨਾਲ ਜਾਣੇ ਜਾਂਦੇ ਕੈਨੇਡੀਅਨ ਨੇ ਕੰਢੀ ਇਲਾਕੇ ਵਿੱਚ ਮੀਲਾਂ ਤੋਂ ਪਾਣੀ ਢੋ ਰਹੇ ਲੋਕਾਂ ਦੇ ਘਰ ਘਰ ਤੱਕ ਪਾਣੀ ਪਹੁੰਚਾਇਆ  ਅਕਤੂਬਰ ਉੱਨੀ ਸੌ ਪਚਾਸੀ ਵਿਚ ਇਲਾਕਾ ਜੰਡੋਲੀ ਦੇ ਆਸ ਪਾਸ ਦੇ ਸੋਲ਼ਾਂ ਪਿੰਡਾਂ ਨੂੰ ਉਜਾੜ ਕੇ ਮਿਲਟਰੀ  ਮਿਲਟਰੀ ਛਾਉਣੀ ਬਣਨ ਦਾ ਐਲਾਨ ਹੋਇਆ ਪਰ ਸਾਥੀ ਕਨੇਡੀਅਨ ਇਨ੍ਹਾਂ ਪਿੰਡਾਂ ਦਾ ਉਜਾੜਾ ਕਿਵੇਂ ਬਰਦਾਸ਼ਤ ਕਰ ਸਕਦੇ ਸੀ ਉਨ੍ਹਾਂ ਦੇ ਸੀਨੇ ਵਿੱਚ ਲਾਟ ਫਿਰ ਗਈ ਕਿਉਂਕਿ  ਘੁੱਗ ਵਸਦੇ ਪਿੰਡਾਂ ਦਾ ਉਜਾੜਾ ਹੋਣ ਵਾਲਾ ਸੀ ਜਿਉਂ ਹੀ ਇਨ੍ਹਾਂ ਪਿੰਡਾਂ ਦੇ  ਨਿਵਾਸੀਆਂ ਨੂੰ ਉਜਾੜੇ ਦੇ ਨੋਟਿਸ ਮਿਲੇ ਤਾਂ ਪਿੰਡਾਂ ਵਿੱਚ ਹਾਹਾਕਾਰ ਮੱਚ ਗਈ। ਛਾਉਣੀ ਨਾ ਬਣਨ  ਦੇਣ ਲਈ ਸਾਥੀ ਦਰਸ਼ਨ ਸਿੰਘ ਕੈਨੇਡੀਅਨ ਕੈਨੇਡੀਅਨ ਜੀ ਦੀ ਅਗਵਾਈ ਵਿੱਚ   ਚੱਲੇ ਸੰਘਰਸ਼ ਵਿੱਚ ਤਕਰੀਬਨ ਪੰਜਾਹ ਪਿੰਡਾਂ ਦਾ ਬੱਚਾ ਬੱਚਾ ਸੰਘਰਸ਼ ਲਈ ਅੱਗੇ ਆਇਆ। ਇਲਾਕੇ ਦੀਆਂ ਪੰਜਾਹ ਪੰਚਾਇਤਾਂ ਨੇ ਸਰਬਸੰਮਤੀ ਨਾਲ ਮਤੇ ਪਾਸ ਕਰਕੇ ਛਾਉਣੀ ਨਾ ਬਣਨ ਦੇਣ ਦੇ ਘੋਲ ਨੂੰ ਜਿੱਤ ਵਿੱਚ ਤਬਦੀਲ ਕਰ ਦਿੱਤਾ ।ਪਿੰਡ ਲੰਗੇਰੀ ਵਾਸੀਆਂ ਲਈ 1980 ਵਿੱਚ ਭਾਈ ਪਿਆਰਾ ਸਿੰਘ ਜੀ ਦੀ ਯਾਦ ਵਿਚ ਸਰਕਾਰੀ ਡਿਸਪੈਂਸਰੀ 1982 ਵਿੱਚ ਇਕੱਲੇ ਲੰਗੇਰੀ ਪਿੰਡ ਲਈ ਵਾਟਰ  ਸਪਲਾਈ ਸਕੀਮ , ਪੱਕੀ ਸੜਕ ਅਤੇ 1983 ਵਿਚ ਲੰਗੇਰੀ ਨਾਲ ਲੱਗਦੇ ਚੋਅ ਉੱਪਰ ਪੁਲ ਬਣਾਉਣ ਤੋਂ ਇਲਾਵਾ ਸਰਕਾਰੀ ਟਿਊਬਵੈੱਲ ਲਗਵਾ ਕੇ ਲੰਗੇਰੀ ਪਿੰਡ ਦੇ ਦੇਸ਼ ਭਗਤਾਂ ਗਦਰੀਆਂ ਸੂਰਬੀਰਾਂ ਅਤੇ ਯੋਧਿਆਂ ਦੀ ਯਾਦ ਨੂੰ  ਸਮਰਪਣ ਕੀਤਾ  ।
1976 ਵਿੱਚ ਪ੍ਰਧਾਨਮੰਤਰੀ ਇੰਦਰਾ ਗਾਂਧੀ ਵੱਲੋਂ ਦੇਸ਼ ਅੰਦਰ ਐਮਰਜੈਂਸੀ ਲਗਾਉਣ ਨਾਲ ਹਾਲਾਤ ਖ਼ਰਾਬ ਹੋ ਗਏ ਦਿੱਲੀ ਅਤੇ ਪੰਜਾਬ ਦੇ ਮੌਕਾਪ੍ਰਸਤ ਸਿਆਸਤਦਾਨਾਂ ਨੇ ਆਪਣੀ ਕੁਰਸੀ ਬਚਾਉਣ  ਖ਼ਾਤਰ ਧਰਮ ਦਾ ਪੱਤਾ ਖੇਡਿਆ।  1984 ਵਿੱਚ ਕੇਂਦਰ ਵੱਲੋਂ  ਸ੍ਰੀ ਹਰਿਮੰਦਰ ਸਾਹਿਬ ਉੱਤੇ ਹਮਲੇ ਦੀ ਘਟਨਾ ਵਾਪਰੀ ।ਪੰਜਾਬ ਵਸਦੇ ਸਿੱਖਾਂ ਸਮੇਤ ਸਮੂਹ ਪੰਜਾਬੀਆਂ ਦੇ ਹਿਰਦੇ ਵਲੂੰਧਰੇ ਗਏ । ਪੰਜਾਬ ਅੰਦਰ ਕਾਲਾ ਦੌਰ ਸ਼ੁਰੂ ਹੋਇਆ ਅਤੇ  ਵੱਖਵਾਦੀ ਲਹਿਰ ਜ਼ੋਰ ਫੜ ਗਈ ।  ਸਾਥੀ ਦਰਸ਼ਨ ਸਿੰਘ ਕੈਨੇਡੀਅਨ  ਹਿੰਦੂ ਸਿੱਖ ਕੈਨੇਡੀਅਨ ਦੇ ਝੰਡਾ ਬਰਦਾਰ ਬਣ ਮਾਝੇ ਦੀ ਧਰਤੀ ਤੋਂ ਸ਼ੁਰੂ ਹੋ ਕੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਅੰਦਰ    ਹਿੰਦੂ ਸਿੱਖ ਏਕਤਾ ਦੇ ਹੱਕ ਵਿੱਚ ਜਲਸੇ ਕਰਨ ਲੱਗੇ ।ਇਨ੍ਹੀਂ ਦਿਨੀਂ  25 ਸਤੰਬਰ  1986 ਨੂੰ ਆਪਣੀ ਹੀ ਕਰਮ ਭੂਮੀ ਤੇ ਮਾਹਿਲਪੁਰ ਤੋਂ ਲੰਗੇਰੀ ਵੱਲ ਨੂੰ ਸਾਈਕਲ ਤੇ ਆ ਰਹੇ ਸਾਥੀ ਕੈਨੇਡੀਅਨ ਨੂੰ ਲੰਗੇਰੀ ਦੇ ਪਿੰਡ ਦੇ ਬਾਹਰ ਮਾਹਿਲਪੁਰ ਨੇੜੇ  ਵੱਖਵਾਦੀਆਂ ਵੱਲੋਂ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ। ਅੱਜ ਸਾਥੀ  ਕੈਨੇਡੀਅਨ ਸਰੀਰਕ ਰੂਪ ਵਿੱਚ ਭਾਵੇਂ ਸਾਡੇ ਵਿੱਚ ਨਹੀਂ ਪਰ ਉਨ੍ਹਾਂ ਦੀ ਸੋਚ ਨੂੰ ਕਦੀ ਕਤਲ ਨਹੀਂ ਕੀਤਾ ਜਾ ਸਕਦਾ। ਉਹ ਮਜਦੂਰਾਂ, ਕਿਸਾਨਾਂ, ਔਰਤਾਂ ,ਸਨਅਤੀ ਕਾਮਿਆਂ ਅਤੇ    ਵਿਦਿਆਰਥੀ ਸੰਘਰਸ਼ਾਂ ਦੇ ਰੂਪ ਵਿੱਚ ਹਮੇਸ਼ਾਂ   ਸਾਡੇ ਅੰਗ ਸੰਗ ਰਹਿਣਗੇ  ।

(ਅਵਤਾਰ ਲੰਗੇਰੀ)
+91 9463260181 ; avtarlangeri44@gmail.com

Install Punjabi Akhbar App

Install
×