ਸ. ਕੰਵਲਜੀਤ ਸਿੰਘ ਬਖਸ਼ੀ ਵੱਲੋਂ ਸਤਿੰਦਰ ਸਰਤਾਜ ਦਾ ਸੋਮਵਾਰ ਵਲਿੰਗਟਨ ਵਿਖੇ ਪਾਰਲੀਮੈਂਟ ‘ਚ ਹੋਵੇਗਾ ਸਨਮਾਨ

  • ਪਾਰਲੀਮੈਂਟ ‘ਚ ਮਾਨ-ਸਨਮਾਨ – ਮੋਹਰ ਪੰਜਾਬੀ ਗੀਤ-ਸੰਗੀਤ ‘ਤੇ
  • ਸੋਮਵਾਰ 13 ਮਈ ਨੂੰ 11 ਵਜੇ ਰੱਖਿਆ ਗਿਆ ਸਮਾਗਮ
(ਡਾ. ਸਤਿੰਦਰ ਸਰਤਾਜ, ਪਾਰਲੀਮੈਂਟ ਬਿਲਡਿੰਗ ਅਤੇ ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ)
(ਡਾ. ਸਤਿੰਦਰ ਸਰਤਾਜ, ਪਾਰਲੀਮੈਂਟ ਬਿਲਡਿੰਗ ਅਤੇ ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ)

ਔਕਲੈਂਡ 11 ਮਈ -ਨਿਊਜ਼ੀਲੈਂਡ ਦੇ ਨੋਟਾਂ ਦੇ ਉਤੇ ਇੰਗਲੈਂਡ ਦੀ ਮਹਾਰਾਣੀ ਦੀ ਫੋਟੋ ਛਪਦੀ  ਹੈ। ਇਸ ਦੇਸ਼ ਦੀ ਬਾਦਸ਼ਾਹਿਤ ਬ੍ਰਿਟੇਨ ਦੇ ਰਾਜ ਘਰਾਣੇ ਕੋਲ ਹੈ ਅਤੇ ਬ੍ਰਿਟੇਨ ਦਾ ਸਬੰਧ ਭਾਰਤ ਨਾਲ ਸਦੀਆਂ ਪੁਰਾਣਾ ਅਤੇ ਗੂੜਾ ਰਿਹਾ ਹੈ। ਸਿੱਖ ਰਾਜ ਦੇ ਆਖਰੀ ਵਾਰਿਸ ਮਹਾਰਾਜਾ ਦਲੀਪ ਸਿੰਘ (ਛੋਟਾ ਸਪੁੱਤਰ ਮਹਾਰਾਜਾ ਰਣਜੀਤ ਸਿੰਘ ਅਤੇ ਮਹਾਰਾਣੀ ਜਿੰਦ ਕੌਰ) ਦੇ ਜੀਵਨ ਉਤੇ ਫਿਲਮ ‘ਦਾ ਬਲੈਕ ਪ੍ਰਿੰਸ’ ਬਨਾਉਣ ਵਾਲੇ ਗਾਇਕ ਤੇ ਨਾਇਕ ਡਾ. ਸਤਿੰਦਰ ਸਰਤਾਜ ਨੂੰ ਉਸੇ ਥਾਂ ਸਨਮਾਨਿਤ ਕੀਤਾ ਜਾ ਰਿਹਾ ਹੈ ਜਿੱਸ ਕੰਪਲੈਕਸ ਦੇ ਵਿਚ ਸਾਂਸਦਾਂ ਵੱਲੋਂ ਬਹਿ ਕੇ ਬਣਾਏ ਕਾਨੂੰਨ ਇੰਗਲੈਂਡ ਦੇ ਰਾਜ ਮਹਿਲਾਂ ਵਿਚ ਪਾਸ ਹੋਣ ਜਾਂਦੇ ਹਨ। ਨਿਊਜ਼ੀਲੈਂਡ ਦੇ ਪਹਿਲੇ ਭਾਰਤੀ ਅਤੇ ਸਿੱਖ ਸੰਸਦ ਮੈਂਬਰ ਸ. ਕੰਵਲਜੀਤ ਸਿੰਘ ਬਖਸ਼ੀ ਨੇ ਆਪਣੇ ਕੁਝ ਹੋਰ ਸਾਂਸਦਾ ਨਾਲ ਮਿਲ ਕੇ ਆਉਂਦੇ ਸੋਮਵਾਰ 11 ਵਜੇ (13 ਮਈ) ਉਨ੍ਹਾਂ ਨੂੰ ਦੇਸ਼ ਦੀ ਰਾਜਧਾਨੀ ਵਲਿੰਗਟਨ ਸਥਿਤ ਪਾਰਲੀਮੈਂਟ ਭਵਨ ਦੇ ਵਿਚ ਸਨਮਾਨਿਤ ਕਰਨ ਦਾ ਪ੍ਰੋਗਰਾਮ ਉਲੀਕਿਆ ਹੈ।

ਇਸ ਮੌਕੇ ਕੁਝ ਹੋਰ ਸੰਸਦ ਮੈਂਬਰ ਜਿਵੇਂ ਸ੍ਰੀ ਬ੍ਰੈਟ ਹਟਸਨ, ਸ੍ਰੀ ਕ੍ਰਿਸ਼ ਬਿਸ਼ਪ, ਮੈਡਮ ਨਿਕਲਾ ਵਿਲਰਜ਼, ਭਾਰਤੀ ਹਾਈ ਕਮਿਸ਼ਨਰ ਸ੍ਰੀ ਸੰਜੀਵ ਕੋਹਲੀ, ਭਾਰਤੀ ਭਾਈਚਾਰੇ ਤੋਂ ਸ. ਗੁਰਤੇਜ ਸਿੰਘ ਅਤੇ ਹੋਰ ਕਈ ਸਖਸ਼ੀਅਤਾਂ ਹਾਜ਼ਿਰ ਰਹਿਣਗੀਆਂ। ਡਾ. ਸਤਿੰਦਰ ਸਰਤਾਜ ਨੂੰ ਪਾਰਲੀਮੈਂਟ ਟੂਰ ਵੀ ਕਰਵਾਇਆ ਜਾਵੇਗਾ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਜਾਵੇਗਾ।

ਸ. ਬਖਸ਼ੀ ਨੇ ਇਹ ਗੱਲ ਵੀ ਵਿਸ਼ੇਸ਼ ਤੌਰ ‘ਤੇ ਆਖੀ ਕਿ ਡਾ. ਸਤਿੰਦਰ ਸਰਤਾਜ ਨੇ ਸੂਫੀਆਨਾ ਸੰਗੀਤ, ਸਭਿਆਚਾਰਕ ਸੰਗੀਤ, ਉਮਰਾਂ ਦੇ ਹਾਣੀ ਗੀਤਾਂ ਦੇ ਵਿਚ ਸਿਖਿਆਦਾਇਕ ਭਾਵ, ਵਿਸਰਦੇ ਵਿਰਸੇ ਅਤੇ ਇਤਿਹਾਸ ਨੂੰ ਮਾਲਾ ਦੀ ਤਰ੍ਹਾਂ ਪਰੋਣ ਦੀ ਸਫਲ ਕੋਸ਼ਿਸ਼ ਕੀਤੀ ਹੈ, ਜਿਸ ਕਰਕੇ ਉਹ ਸਰੋਤਿਆਂ ਦੇ ਦੇਸ਼-ਵਿਦੇਸ਼ ਵਿਚ ਹਰਮਨ ਪਿਆਰੇ ਬਣੇ ਹੋਏ ਹਨ। ਉਨ੍ਹਾਂ ਨੂੰ ਸਨਮਾਨਿਤ ਕਰਨ ‘ਤੇ ਮੈਂ ਆਪਣੇ ਵੱਲੋਂ ਉਨ੍ਹਾਂ ਦੇ ਸੰਗੀਤਕ ਸਫਰ ਦੀ ਸਮੁੱਚੀ ਕਾਮਯਾਬੀ ਉਤੇ ਮੋਹਰ ਲਾਉਣ ਦੇ ਬਰਾਬਰ ਸਮਝਾਗਾਂ।

Install Punjabi Akhbar App

Install
×