ਬੱਲੇ ਓ ਪੰਜਾਬੀ ਸ਼ੇਰਾ: 18 ਸਾਲਾ ਸਰਬਜੀਤ ਸਿੰਘ ਸਾਬੀ ਨਿਊਜ਼ੀਲੈਂਡ ਤੋਂ ਸਪੇਨ ਜਾ ਕੇ ਖੇਡ ਰਿਹਾ ਹੈ ਪ੍ਰੋਫੈਸ਼ਨਲ ਰਗਬੀ

NZ PIC 9 April-2ਨਿਊਜ਼ੀਲੈਂਡ ਵਸਦੇ ਪੰਜਾਬੀਆਂ ਨੂੰ ਇਸ ਗੱਲ ਦਾ ਮਾਣ ਹੋਏਗਾ ਕਿ ਆਪਣਾ ਇਕ 18 ਸਾਲਾ ਪੰਜਾਬੀ ਨੌਜਵਾਨ ਸਰਬਜੀਤ ਸਿੰਘ ਸਾਬੀ ਜੋ ਕਿ ਸ. ਬਲਜੀਤ ਸਿੰਘ ਬਾਧ ਨਿਵਾਸੀ ਰੋਟੋਰੂਆ (ਪਿੰਡ ਮੁੱਖਲੀਆਣਾ) ਦਾ ਹੋਣਹਾਰ ਫਰਜੰਦ ਹੈ, ਪ੍ਰੋਫੈਸ਼ਨਲ ਰਗਬੀ  ਖੇਡਣ ਵਾਸਤੇ ਤਿੰਨ ਮਹੀਨੇ ਤੋਂ ਸਪੇਨ ਗਿਆ ਹੋਇਆ ਹੈ। ਉਸ ਦੀ ਵਾਪਸੀ ਮੌਕੇ 17 ਅਪ੍ਰੈਲ ਨੂੰ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਮਿੱਤਰਾਂ-ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਭਰਵਾਂ ਸਵਾਗਤ ਕੀਤਾ ਜਾਵੇਗਾ। ਪਿਛਲੇ ਚਾਰ ਸਾਲਾਂ ਤੋਂ ਰਗਬੀ ਖਿਡਾਰੀ ਵੱਜੋਂ ਖੇਡ ਰਿਹਾ ਇਹ ਪੰਜਾਬੀ ਨੌਜਵਾਨ ਜੌਹਨ ਪਾਲ ਕਾਲਜ ਰੋਟੋਰੂਆ ਦੀ ਟੀਮ ਅਤੇ ਸੈਂਟਰਲ ਬੇਅ ਆਫ ਪਲੈਂਟੀ ਸਮੇਤ ਕਈ ਟੀਮਾਂ ਲਈ ਖੇਡਦਾ ਰਿਹਾ ਹੈ। ਇਸ ਨੂੰ ‘ਯੂਨੀਅਨ ਰਗਬੀ ਅਲਮੇਰੀਆ’ ਸਪੇਨ ਤੋਂ ਤਿੰਨ ਮਹੀਨਿਆਂ ਵਾਸਤੇ ਇਸ ਲਈ ਬੁਲਾਇਆ ਗਿਆ ਤਾਂ ਕਿ ਉਹ ਉਨ੍ਹਾਂ ਦੀ ਟੀਮ ਨੂੰ ਟੂਰਨਾਮੈਂਟ ਜਿੱਤਣ ਦੇ ਵਿਚ ਆਪਣੀ ਖੇਡ (ਨਿਊਜ਼ੀਲੈਂ ਸਟਾਇਲ) ਦੇ ਨਾਲ ਸਹਾਇਤਾ ਕਰ ਸਕੇ। ਸਾਬੀ ਦੀ ਖੇਡ ਉਨ੍ਹਾਂ ਨੂੰ ਐਨੀ ਵਧੀਆ ਲੱਗੀ ਕਿ ਉਹ ਸਤੰਬਰ ਮਹੀਨੇ ਦੁਬਾਰਾ ਖੇਡਣ ਜਾਵੇਗਾ। 89 ਕਿਲੋ ਵਜ਼ਨ, ਸੁੰਦਰ ਸ਼ਕਤੀਸ਼ਾਲੀ ਸਰੀਰ ਰੱਖਦੇ ਇਸ ਨੌਜਵਾਨ ਨੂੰ ਸਪੇਨ ਦੇ ਵਿਚ ਰਿਹਾਇਸ਼, ਖਾਣਾ ਅਤੇ ਹੋਰ ਸਾਰੀਆਂ ਸਹੂਲਤਾਂ ਫ੍ਰੀ ਦਿੱਤੀਆਂ ਜਾ ਰਹੀਆਂ ਹਨ। ਇਹ ਓਪਨਸਾਈਡ ਫਲੈਂਕਰ ਵਜੋਂ ਰਗਬੀ ਯੂਨੀਅਨ ਵਿਚ ਖੇਡਦਾ ਹੈ ਜੋ ਕਿ ਇਕ ਪ੍ਰੋਫੈਸ਼ਨਲ ਲੈਵਲ ਦੀ ਪੁਜੀਸ਼ਨ ਹੈ।
ਇਸ ਪ੍ਰਾਪਤੀ ਲਈ ਇਸ ਪੰਜਾਬੀ ਨੌਜਵਾਨ ਨੂੰ ਨਿਊਜ਼ੀਲੈਂਡ ਵਸਦੇ ਸਮੁੱਚੇ ਭਾਈਚਾਰੇ ਤੇ ਪੰਜਾਬੀ ਮੀਡੀਆ ਵੱਲੋਂ ਢੇਰ ਸਾਰੀਆਂ ਸ਼ੁੱਭ ਇਛਾਵਾਂ।

Install Punjabi Akhbar App

Install
×