ਸੂਰਜ ਤੇ ਸ਼ਬਦ ਕਦੀ ਅਸਤ ਨਹੀਂ ਹੁੰਦੇ…ਬਸ ਘੁੰਮ ਜਾਂਦੀ ਹੈ ਧਰਤੀ ਰੋਜ਼ ਹੀ: ਨਿਊਜ਼ੀਲੈਂਡ ‘ਚ ਸਰਬਜੀਤ ਸੋਹੀ ਦੀ ਪਲੇਠੀ ਪੁਸਤਕ ‘ਸੂਰਜ ਆਵੇਗਾ ਕੱਲ੍ਹ ਵੀ’ ਰਿਲੀਜ਼

NZ PIC 27 March-2ਕਹਿੰਦੇ ਨੇ ਜੇਕਰ ਕਿਸੇ ਦਾ ਆਦਰਸ਼ ਸਮਾਜਵਾਦੀ ਹੋ ਜਾਵੇ ਤਾਂ ਉਸਦੇ ਜ਼ਿਹਨ ਵਿਚ ਸੋਸ਼ਣ, ਗੁਲਾਮੀ, ਬੇਗਾਨਗੀ, ਨਾ-ਬਰਾਬਰੀ ਅਤੇ ਜ਼ਬਰਦਸਤੀ ਨਾਲ ਸ਼ਿਕਾਇਤ ਹੋ ਜਾਂਦੀ ਹੈ। ਕਿਸੇ ਕਵੀ ਦੇ ਧੁਰੋਂ ਅੰਦਰੋ ਨਿਕਲੇ ਬੋਲ ਜਦੋਂ ਸ਼ਬਦਾਂ ਦਾ ਜ਼ਾਮਾ ਪਹਿਨ ਕੇ ਤੁਕਾਂ ਬਣਕੇ ਕਵਿਤਾਵਾਂ ਦੀ ਮਾਲਾ ਵਿਚ ਪਰੋਏ ਜਾਂਦੇ ਹਨ ਤਾਂ ਇਹ ਕਹਾਣੀਆਂ ਨੂੰ ਆਪਣੇ ਅੰਦਰ ਸਮੋਅ ਲੈ ਜਾਂਦੇ ਹਨ। ਪੰਜਾਬ ਦੇ ਵਿਚ ਪੰਜਾਬੀ ਲੈਕਚਰਾਰ ਦੀ ਨੌਕਰੀ ਛੱਡ ਆਸਟਰੇਲੀਆ ਵਸਿਆ ਪੰਜਾਬੀ ਮਾਂ ਬੋਲੀ ਦਾ ਜਾਇਆ ਇਕ ਸਖਸ਼ ਹੈ ਸਰਬਜੀਤ ਸੋਹੀ। ਇਸ ਪੰਜਾਬੀ ਕਵੀ ਨੇ ਦਿਲੋਂ ਨਿਕਲੇ ਬਲਬਲਿਆਂ ਨੂੰ ਕਹਾਣੀਆਂ ਪਾਉਂਦੀਆਂ ਕਵਿਤਾਵਾਂ ਦੇ ਵਿਚ ਪਰੋਅ ਪਲੇਠੀ ਪੁਸਤਕ ‘ਸੂਰਜ ਆਵੇਗਾ ਕੱਲ੍ਹ ਵੀ’ ਤਿਆਰ ਕਰਵਾਈ ਹੈ। ਨਿਊਜ਼ੀਲੈਂਡ ਦੇ ਵਿਚ ਇਸ ਪੁਸਤਕ ਨੂੰ ਰਿਲੀਜ਼ ਕਰਨ ਦਾ ਸ਼ਾਇਦ ਪਹਿਲਾ ਅਵਸਰ ਪ੍ਰਾਪਤ ਹੋਇਆ ਹੈ ਜਦ ਕਿ ਇਹ ਪੁਸਤਕ ਦੇਸ਼-ਵਿਦੇਸ਼ ਦੇ ਵਿਚ ਅਗਲੇ ਕੁਝ ਦਿਨਾਂ ਦੇ ਵਿਚ ਰਿਲੀਜ਼ ਕੀਤੀ ਜਾ ਰਹੀ ਹੈ। ਨਿਊਜ਼ੀਲੈਂਡ ਪੰਜਾਬੀ ਮੀਡੀਆ ਦੇ ਸਹਿਯੋਗ ਨਾਲ ਕਰਵਾਏ ਗਏ ਇਕ ਸਮਾਗਮ ਦੇ ਵਿਚ ਇਹ ਪੁਸਤਕ ਰਿਲੀਜ਼ ਕੀਤੀ ਗਈ ਜਿਸ ਦੇ ਵਿਚ ਅਦਾਰਾ ਰੇਡੀਓ ਸਪਾਈਸ ਤੋਂ ਸ. ਪਰਮਿੰਦਰ ਸਿੰਘ, ਨਵਤੇਜ ਸਿੰਘ, ਗੁਰਸਿਮਰਨ ਸਿੰਘ ਮਿੰਟੂ, ਹਰਪ੍ਰੀਤ ਸਿੰਘ ਹੈਪੀ, ਰੇਡੀਓ ਹੱਮ ਐਫ. ਐਮ. ਤੋਂ ਸ. ਬਿਕਰਮਜੀਤ ਸਿੰਘ ਮਟਰਾਂ, ਪੰਜਾਬ ਐਕਸਪ੍ਰੈਸ ਤੋਂ ਜੁਗਰਾਜ ਸਿੰਘ, ਕੂਕ ਸਮਾਚਾਰ ਤੋਂ ਸ. ਅਮਰਜੀਤ ਸਿੰਘ, ਐਨ. ਜ਼ੈਡ. ਤਸਵੀਰ ਤੋਂ ਸ੍ਰੀ ਨਰਿੰਦਰ ਸਿੰਗਲਾ, ਰੇਡੀਓ ਨੱਚਦਾ ਪੰਜਾਬ ਤੋਂ ਅਮਰੀਕ ਸਿੰਘ ਅਤੇ ਹਮਿਲਟਨ ਸ਼ਹਿਰ ਤੋਂ ਸ. ਨਵਜੋਤ ਸਿੰਘ ਸਿੱਧੂ ਹਾਜ਼ਿਰ ਸਨ। ਇਹ ਪੁਸਤਕ 100 ਕਵਿਤਾਵਾਂ ਦਾ ਕਾਵਿ-ਸੰਗ੍ਰਹਿ ਹੈ। ਸਿਰਲੇਖ ਵਾਲੀ ਕਵਿਤਾ 49ਵੇਂ ਨੰਬਰ ਉਤੇ ਰੱਖੀ ਗਈ ਹੈ ਅਤੇ ਆਖਰੀ ਲਾਈਨਾਂ ਇਕ ਨਵੇਂ ਸੂਰਜ ਦੀ ਆਸ ਨਾਲ ਖਤਮ ਹੁੰਦੀ ਹੈ। ਇਸ ਤੋਂ ਇਲਾਵਾ ਦਿਲ ਟੁੰਬਵੀਆਂ ਕਵਿਤਾਵਾਂ ਦੀ ਵੱਡੀ ਗਿਣਤੀ ਦੁਬਾਰਾ-ਦੁਬਾਰਾ ਪੜ੍ਹਨ ਲਈ ਮਜ਼ਬੂਰ ਕਰਦੀਆਂ ਹਨ। ਅੱਜ ਦੀ ਕਿਸਾਨੀ ਨੂੰ ਦਰਸਾਉਂਦੀ ਇਕ ਕਵਿਤਾ ਸੋਹੀ ਨੇ ਇਸ ਤਰ੍ਹਾਂ ਲਿਖੀ ਹੈ:-
‘ਚਹੁੰ ਵਿਘਿਆ ਵਿਚ……..
ਉਜੜੀ ਹੋਈ ਫ਼ਸਲ ਦੇ ਐਨ ਵਿਚਾਲੇ
ਢਹਿ ਰਹੇ ਮੋਟਰ ਵਾਲੇ ਕਮਰੇ ਦੇ ਸਾਂਹਵੇਂ,
ਉਲਰੀ ਹੋਈ ਟਾਹਲੀ  ਉਦਾਸ ਸੀ………..
ਲੋਅ ਲਗਦਿਆਂ ਹੀ, ਕਾਵਾਂ ਨੇ ਕੱਠਾ ਕਰ ਲਿਆ ਸਾਰਾ ਪਿੰਡ।
ਮੈਲੇ ਜਹੇ ਕੱਪੜਿਆਂ ਵਿਚ,
ਅਹਿਲ ਟੰਗਿਆ ਪਿਆ ਸੀ ਕੋਈ,
ਇਕ ਪੈਰ ਵਿਚ ਅੜੀ ਸੀ, ਅਜੇ ਵੀ ਘਸੀ ਹੋਈ ਲੱਕੀ ਜੁੱਤੀ……
ਸਿਰ ਦੀ ਪੱਗ, ਗਲ ਨੂੰ ਨਾਗਵੱਲ ਪਾ ਕੇ ਲਮਕੀ ਸੀ।
ਚੁੰਮਦੇ ਪਏ ਸੀ ਪੈਰਾਂ ਨੂੰ,
ਤੜਕੇ ਤੋਂ ਚਾਰਾ ਡੀਕਦੇ ਹੋਈ ਮਹਿਰੂ…….
ਛਿਹੋ ਛਿਹੋ ਕਰਨ ਵਾਲੀ ਆਵਾਜ਼, ਹੁਣ ਖਾਮੋਸ਼ ਹੋ ਚੁੱਕੀ ਸੀ!
ਸਰਬਜੀਤ ਸੋਹੀ ਨੂੰ ਨਿਊਜ਼ੀਲੈਂਡ ਪੰਜਾਬੀ ਮੀਡੀਆ ਵੱਲੋਂ ਬਹੁਤ-ਬਹੁਤ ਮੁਬਾਰਕਬਾਦ।