ਸੰਤ ਅਤਰ ਸਿੰਘ ਮਸਤੂਆਣਾ: ਜੀਵਨ ਅਤੇ ਸ਼ਖ਼ਸੀਅਤ

ਕਰਮਯੋਗੀ, ਨਾਮ ਬਾਣੀ ਦੇ ਰਸੀਏ ਮਹਾਨ ਵਿਦਿਆ ਦਾਨੀ ਅਤੇ ਗੁਰਬਾਣੀ ਦਾ ਪ੍ਰਚਾਰ ਕਰਨ ਵਾਲੇ ਸੰਤ ਅਤਰ ਸਿੰਘ ਜੀ ਦਾ ਜਨਮ ਚੇਤ ਸੁਦੀ ਏਕਮ ਸੰਮਤ 1923 ਬਿਕ੍ਰਮੀ (ਸੰਨ 1866) ਨੂੰ ਕਰਮ ਸਿੰਘ ਦੇ ਘਰ ਮਾਤਾ ਭੋਲੀ ਦੀ ਕੁੱਖੋਂ ਪਿੰਡ ਚੀਮਾ, ਜ਼ਿਲ੍ਹਾ ਸੰਗਰੂਰ ਵਿਖੇ ਹੋਇਆ। ਆਪ ਜੀ ਦੀਆਂ ਰੁਚੀਆਂ ਬਚਪਨ ਤੋਂ ਹੀ ਆਪਣੇ ਹਾਣੀਆਂ ਤੋਂ ਵਿਲੱਖਣ ਅਤੇ ਵਚਿੱਤਰ ਸਨ। ਆਪ ਖੇਤਾਂ ਵਿਚ ਘੰਟਿਆਂਬੱਧੀ ਖਿਆਲਾਂ ਵਿਚ ਗੁਆਚੇ ਰਹਿੰਦੇ। ਮਾਲਾ ਲੈ ਕੇ ਅਕਾਲਪੁਰਖ ਦਾ ਨਾਮ ਜਪਦੇ ਰਹਿੰਦੇ। ਸੰਤ ਬੂਟਾ ਸਿੰਘ ਨਿਰਮਲੇ ਪਾਸੋਂ ਆਪ ਨੇ ਗੁਰਮੁਖੀ ਪੜ੍ਹੀ। ਪ੍ਰਭੂ ਭਗਤੀ ਵਿਚ ਰੰਗੇ ਹੋਣ ਕਾਰਨ ਅਤੇ ਹਰ ਸਮੇਂ ਅਕਾਲ ਪੁਰਖ ਦੇ ਸਿਮਰਨ ਵਿਚ ਗੁਆਚੇ ਰਹਿਣ ਕਰਕੇ ਲੋਕ ਆਪ ਨੂੰ ਛੋਟੀ ਉਮਰ ਵਿਚ ਹੀ ਸੰਤ ਕਹਿਣ ਲੱਗ ਪਏ ਸਨ।

ਆਪ ਜੀ 18 ਸਾਲ ਦੀ ਉਮਰ ਵਿਚ ਫੌਜ ਵਿਚ ਭਰਤੀ ਹੋ ਗਏ। ਇਸ ਨੌਕਰੀ ਦੌਰਾਨ ਹੀ ਆਪਨੇ ਪਲਟਨ ਨੰ. 4 ਦੇ ਗੁਰਦੁਆਰੇ ਵਿਚ ਅੰਮਿ੍ਰਤ ਛਕਿਆ। ਕੁਹਾਟ ਛਾਉਣੀ ਤੋਂ ਆਪ ਹਜ਼ੂਰ ਸਾਹਿਬ ਚਲੇ ਗਏ ਜਿਥੇ ਬਹੁਤ ਕਠਿਨ ਤਪ ਕੀਤਾ।

ਹਜ਼ੂਰ ਸਾਹਿਬ ਤੋਂ ਲੰਮਾ ਸਮਾਂ ਵਾਪਸ ਨਾ ਆਉਣ ਕਾਰਨ ਆਪ ਨੂੰ ਫੌਜ ਵਿਚੋਂ ਭਗੌੜਾ ਕਰਾਰ ਦਿੱਤਾ ਗਿਆ। ਪਤਾ ਲੱਗਣ ’ਤੇ ਆਪ ਜਦੋਂ ਹਾਜ਼ਰ ਹੋਏ ਤਾਂ ਕੁਝ ਦਿਨ ਕੁਆਰਟਰ ਗਾਰਦ ਵਿਚ ਰੱਖਕੇ ਆਪ ਦਾ ਫੌਜ ਵਿਚੋਂ ਨਾਂ ਕੱਟ ਦਿੱਤਾ ਗਿਆ। ਇਸ ਉਪਰੰਤ ਆਪ ਨੇ ਸਿੱਖ ਧਰਮ ਅਤੇ ਵਿਦਿਆ ਦੇ ਪ੍ਰਚਾਰ ਦਾ ਕਾਰਜ ਆਰੰਭ ਕਰ ਦਿੱਤਾ। ਹਜ਼ਾਰਾਂ ਵਿਅਕਤੀਆਂ ਨੂੰ ਅੰਮਿ੍ਰਤ ਛਕਾਇਆ। ਪ੍ਰਸਿੱਧ ਅਕਾਲੀ ਨੇਤਾ ਮਾਸਟਰ ਤਾਰਾ ਸਿੰਘ ਵੀ ਆਪ ਪਾਸੋਂ ਅੰਮਿ੍ਰਤ ਛਕ ਕੇ ਸਿੰਘ ਸਜੇ ਸਨ। ਪੋਠੋਹਾਰ ਅਤੇ ਸਰਹੱਦੀ ਸੂਬੇ ਦੇ ਇਲਾਕੇ ਵਿਚ ਆਪ ਨੇ ਮੁੱਢਲੀਆਂ ਪ੍ਰਚਾਰ ਸਰਗਰਮੀਆਂ ਕੀਤੀਆਂ। ਇਸ ਤੋਂ ਬਾਅਦ ਆਪ ਲਾਹੌਰ ਅਤੇ ਅੰਮਿ੍ਰਤਸਰ ਪਹੁੰਚੇ। ਤਰਨਤਾਰਨ ਵਿਖੇ ਕੁਝ ਸਮਾਂ ਠਹਿਰ ਕੇ ਇਲਾਕੇ ਦੀਆਂ ਸੰਗਤਾਂ ਨੂੰ ਹਰੀ ਜਸ ਨਾਲ ਨਿਹਾਲ ਕਰਦੇ ਰਹੇ। ਇਕ ਸਿੰਧੀ ਸਿੱਖ ਭਾਈ ਆਤਮਾ ਸਿੰਘ ਜੋ ਆਪ ਦਾ ਪ੍ਰੇਮੀ ਸੀ, ਦੀ ਬੇਨਤੀ ਤੇ ਆਪ ਸਿੰਧ ਲਈ ਚੱਲ ਪਏ। ਕੋਟਕਪੂਰਾ, ਮੁਕਤਸਰ, ਬਠਿੰਡਾ ਤੇ ਰਸਤੇ ਹੈਦਰਾਬਾਦ (ਸਿੰਧ) ਪਹੁੰਚੇ। ਸਿੰਧ ਦੇ ਇਲਾਕੇ ਵਿਚ ਆਪ ਨੇ ਕਰਾਚੀ, ਮਲੋਰਾ ਅਤੇ ਹੈਦਰਾਬਾਦ ਵਿਖੇ ਧਰਮ ਅਤੇ ਵਿਦਿਆ ਦਾ ਪਰਚਾਰ ਕੀਤਾ। ਇਥੋਂ ਹੀ ਆਪ ਮਾਰਵਾੜ, ਜੈਪੁਰ, ਅਜਮੇਰ ਅਤੇ ਮਨਮਾੜ ਹੁੰਦੇ ਹੋਏ ਹਜ਼ੂਰ ਸਾਹਿਬ ਗਏ। ਹਜ਼ੂਰ ਸਾਹਿਬ ਤੋਂ ਵਾਪਸੀ ਤੇ ਅੰਮਿ੍ਰਤਸਰ ਤੇ ਗੁੱਜਰਾਂਵਾਲੇ ਵਿਖੇ ਬਾਣੀ ਦਾ ਪ੍ਰਚਾਰ ਕੀਤਾ।

ਵਿਦਿਆ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਖੇਤਰ ਵਿਚ ਸੰਤ ਅਤਰ ਸਿੰਘ ਜੀ ਦੀ ਅਦੁੱਤੀ ਦੇਣ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਆਪ ਨੇ ਰਿਆਸਤੀ ਸ਼ਾਸਕਾਂ ਨੂੰ ਪ੍ਰੇਰਕੇ ਵਿਦਿਆ ਲਈ ਵੱਡੀਆਂ ਰਕਮਾਂ ਵਿਦਿਅਕ ਅਦਾਰਿਆਂ ਦੇ ਨਿਰਮਾਣ ਤੇ ਖਰਚ ਕਰਾਈਆਂ। ਮਾਲਵਾ ਖੇਤਰ ਵਿਚ ਵਿਦਿਆ ਦੀ ਘਾਟ ਨੂੰ ਭਾਂਪ ਕੇ ਆਪ ਨੇ ਸੰਗਰੂਰ ਤੋਂ ਪੰਜ ਮੀਲ ਦੇ ਫਾਸਲੇ ਤੇ ਰਿਆਸਤ ਨਾਭਾ ਦੀ ਜੂਹ ਵਿਚ ਮਸਤੂ ਨਾਂ ਦੇ ਜੱਟ ਵਲੋਂ ਸੰਤਾਂ, ਫਕੀਰਾਂ ਲਈ ਪੁੰਨ ਅਰਥ ਛੱਡੇ ਹੋਏ 100 ਕੁ ਵਿੱਘੇ ਦੇ ਰਕਬੇ ਉਪਰ ਇਕ ਵਿਲੱਖਣ ਵਿਦਿਅਕ ਕੇਂਦਰ ਸਥਾਪਤ ਕਰਨ ਦਾ ਸੰਕਲਪ ਕੀਤਾ। ਇਹ ਨਿਰੋਲ ਜੰਗਲੀ ਇਲਾਕਾ ਅਜੋਕਾ ਮਸਤੂਆਣਾ ਪ੍ਰਸਿੱਧ ਹੋਇਆ ਹੈ। ਇਥੇ ਗੁਰਦੁਆਰਾ ਸਾਹਿਬ ਦੀ ਇਮਾਰਤ ਬਣਾਈ ਗਈ ਅਤੇ 1919 ਵਿਚ ਅਕਾਲ ਕਾਲਜ ਦੀ ਇਮਾਰਤ ਬਣ ਕੇ ਤਿਆਰ ਹੋਈ। ਸੰਤ ਅਤਰ ਸਿੰਘ ਜੀ ਦੀਆਂ ਅਣਥੱਕ ਕੋਸ਼ਿਸ਼ਾਂ ਅਤੇ ਮਿਸ਼ਨਰੀ ਭਾਵਨਾ ਨਾਲ ਇਹ ਗੈਰ – ਆਬਾਦ ਇਲਾਕਾ ਧਾਰਮਿਕ, ਵਿਦਿਅਕ ਅਤੇ ਸਭਿਆਚਾਰਕ ਕੇਂਦਰ ਬਣ ਗਿਆ। ਮਸਤੂਆਣਾ ਸਹੀ ਅਰਥਾਂ ਵਿਚ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ ਨੂੰ ਸਾਕਾਰ ਕਰਦਾ ਸੀ। ਇਸ ਕਾਲਜ ਵਿਚ ਪੜ੍ਹਨ ਵਾਲੇ ਵਿਦਿਆਰਥੀ ਵਿਦਿਆ ਦਾ ਗਿਆਨ ਹਾਸਲ ਕਰਦੇ ਹੋਏ ਪ੍ਰਭੂ ਸਿਮਰਨ ਕਰਦੇ ਸਨ ਅਤੇ ਕਾਲਜ ਦੀ ਜ਼ਮੀਨ ਉਪਰ ਸਾਂਝੀ ਖੇਤੀ ਵਿਚ ਹੱਥੀਂ ਕਿਰਤ ਕਰਕੇ ਫਸਲ ਉਗਾਉਦੇ ਸਨ ਅਤੇ ਵੰਡ ਕੇ ਛਕਦੇ ਭਾਵ ਲੰਗਰ ਦੀ ਸੇਵਾ ਕਰਦੇ ਸਨ। ਮਸਤੂਆਣਾ ਕਾਲਜ ਨੇ ਬਹੁਤ ਵੱਡੇ ਸਕਾਲਰ ਪੈਦਾ ਕੀਤੇ। ਬਾਬੂ ਤੇਜਾ ਸਿੰਘ ਭਸੌੜ ਅਤੇ ਮਾਸਟਰ ਮੋਤਾ ਸਿੰਘ ਜਿਹੇ ਵਿਦਵਾਨ ਵੀ ਮਸਤੂਆਣਾ/ਸਾਹਿਬ ਨਾਲ ਜੁੜੇ ਰਹੇ ਹਨ। ਅਜ਼ਾਦੀ ਦੇ ਸੰਗਰਾਮ ਵਿਚ ਵੀ ਮਸਤੂਆਣਾ ਸਾਹਿਬ ਕਾਲਜ ਦੇ ਵਿਦਿਆਰਥੀਆਂ ਦਾ ਅਹਿਮ ਯੋਗਦਾਨ ਰਿਹਾ ਹੈ। ਅਨੇਕਾਂ ਇਨਕਲਾਬੀਆਂ ਦੀ ਇਹ ਪੱਕੀ ਠਾਹਰ ਸੀ।

ਸੰਤ ਜੀ ਨੇ ਮਸਤੂਆਣਾ ਤੋਂ ਇਲਾਵਾ ਪੰਜਾਬ ਦੇ ਬਹੁਤ ਸਾਰੇ ਸ਼ਹਿਰਾਂ ਵਿਚ ਸਕੂਲ ਅਤੇ ਕਾਲਜ ਖੋਲ੍ਹੇ ਜਿਨ੍ਹਾਂ ਵਿਚੋਂ ਪ੍ਰਮੁੱਖ ਸੰਸਥਾਵਾਂ ਦਾ ਵੇਰਵਾ ਇਸ ਪ੍ਰਕਾਰ ਹੈ : 

1. ਖਾਲਸਾ ਹਾਈ ਸਕੂਲ, ਲਾਇਲਪੁਰ

2. ਖਾਲਸਾ ਹਾਈ ਸਕੂਲ, ਚੱਕਵਾਲ

3. ਮਿਸ਼ਨਰੀ ਕਾਲਜ ਗੁੱਜਰਾਂਵਾਲਾ

4. ਮਾਲਵਾ ਹਾਈ ਸਕੂਲ, ਲੁਧਿਆਣਾ

ਪੰਡਿਤ ਮਦਨ ਮੋਹਨ ਮਾਲਵੀਆ ਅਤੇ ਬਨਾਰਸ ਹਿੰਦੂ ਯੂਨੀਵਰਸਿਟੀ ਕੌਂਸਲ ਦੀ ਵਿਸ਼ੇਸ਼ ਬੇਨਤੀ ’ਤੇ ਆਪ ਨੇ ਯੂਨੀਵਰਸਿਟੀ ਕੈਂਪਸ ਵਿਖੇ 1914 ਵਿਚ ਐਗਲੋ ਸੰਸਕ੍ਰਿਤ ਕਾਲਜ ਦਾ ਨੀਂਹ-ਪੱਥਰ ਰੱਖਿਆ।

ਸੰਤ ਅਤਰ ਸਿੰਘ ਜੀ ਬਹੁਤ ਵੱਡੇ ਵਿਚਾਰਵਾਨ ਸਨ। ਆਪ ਨੇ ਗੁਰਬਾਣੀ ਦੀ ਬਾਹਰਮੁਖੀ ਵਿਆਖਿਆ ਲੋਕ ਭਾਸ਼ਾ ਵਿਚ ਕਰਕੇ ਜਨ-ਸਾਧਾਰਨ ਨੂੰ ਸਿੱਖੀ ਨਾਲ ਜੋੜਿਆ। ਆਪ ਸੰਕੀਰਣਤਾ ਤੋਂ ਉਪਰ ਉਠਕੇ ਮਾਨਵ ਭਲਾਈ ਦੇ ਕਾਰਜਾਂ ਵਿਚ ਲੀਨ ਰਹਿੰਦੇ ਸਨ। ਧਾਰਮਿਕ,ਵਿਦਿਅਕ ਅਤੇ ਸਮਾਜਿਕ ਕਾਰਜਾਂ ਤੋਂ ਇਲਾਵਾ ਆਪਨੇ ਦੇਸ਼ ਦੇ ਹੋਰਨਾਂ ਮਾਮਲਿਆਂ ਵਿਚ ਵੀ ਹਿੱਸਾ ਪਾਇਆ। 1911 ਦੇ ਇਤਿਹਾਸਕ ਦਿੱਲੀ ਦਰਬਾਰ ਵਿਚ ਆਪ ਇਕ ਪ੍ਰਮੁੱਖ ਸਿੰਘ ਪ੍ਰਤੀਨਿਧ ਦੇ ਤੌਰ ’ਤੇ ਸ਼ਾਮਲ ਹੋਏ ਸਨ। ਚੀਫ਼ ਖਾਲਸਾ ਦੀਵਾਨ ਵਲੋਂ ਸਿੱਖ ਵਿਦਿਅਕ ਕਾਨਫਰੰਸਾਂ ਨੂੰ ਆਯੋਜਿਤ ਕਰਨ ਵਿਚ ਆਪ ਦਾ ਅਹਿਮ ਯੋਗਦਾਨ ਹੰੁਦਾ ਸੀ। 1915 ਈਸਵੀ ਵਿਚ ਫਿਰੋਜ਼ਪੁਰ ਵਿਖੇ ਸਿੱਖ ਵਿਦਿਅਕ ਕਾਨਫਰੰਸ ਆਪ ਦੀ ਪ੍ਰਧਾਨਗੀ ਹੇਠ ਹੋਈ।

ਆਪ ਨੇ ਸਾਰੀ ਉਮਰ ਮਨੁੱਖਤਾ ਨੂੰ ਸਹੀ ਸੇਧ ਦੇਣ ਦੇ ਲੇਖੇ ਲਾਈ। ਇਹ ਆਪ ਜੀ ਦੂਰ ਦਿ੍ਰਸ਼ਟੀ ਹੀ ਸੀ ਕਿ ਰਿਆਸਤੀ ਮੁਖੀਆਂ ਅਤੇ ਅਹਿਲਕਾਰਾਂ ਨੂੰ ਸਿੱਖੀ ਅਤੇ ਵਿਦਿਆ ਦੇ ਪ੍ਰਸਾਰ ਲਈ ਪ੍ਰੇਰਕੇ ਉਨ੍ਹਾਂ ਤੋਂ ਬਹੁਤ ਮਹੱਤਵਪੂਰਨ ਕਾਰਜ ਕਰਾਏ। ਉਨ੍ਹਾਂ ਨੂੰ ਆ ਰਹੀਆਂ ਗਿਰਾਵਟਾਂ ਤੋਂ ਜਾਣੂ ਕਰਾਕੇ ਸਹੀ ਰਾਹ ’ਤੇ ਤੋਰਨ ਦੇ ਉਪਰਾਲੇ ਵੀ ਕੀਤੇ। ਪੰਜਾਬ ਦੇ ਰਾਜਸੀ, ਸਮਾਜਿਕ ਅਤੇ ਮਾਨਸਿਕ ਅਧੋਗਤੀ ਦੇ ਉਸ ਨਾਜ਼ਕ ਦੌਰ ਵਿਚ ਸੰਤ ਜੀ ਨੇ ਆਪਣੇ ਵਿਚਾਰਾਂ ਅਤੇ ਬਚਨਾਂ ਨਾਲ ਪੰਜਾਬੀਆਂ ਵਿਚ ਆਤਮਿਕ ਬਲ ਪੈਦਾ ਕਰਕੇ ਉਨ੍ਹਾਂ ਨੂੰ ਸਵੈ-ਵਿਸ਼ਵਾਸੀ ਬਣਾਇਆ।

ਅਜਿਹੇ ਪ੍ਰਤਿਭਾਸ਼ਾਲੀ ਸਰਵ-ਗੁਣ ਸੰਪਨ ਮਹਾਨ ਵਿਦਵਾਨ ਅਤੇ ਮਹਾਂਪੁਰਖ ਦਾ 31 ਜਨਵਰੀ, 1927 ਨੂੰ ਸੰਗਰੂਰ ਵਿਖੇ ਦੇਹਾਂਤ ਹੋਇਆ। ਆਪ ਜੀ ਦਾ ਅੰਤਿਮ ਸਸਕਾਰ ਮਸਤੂਆਣਾ ਵਿਖੇ ਕੀਤਾ ਗਿਆ। ਜਿਥੇ ਬਹੁਤ ਖੂਬਸੂਰਤ ਗੁਰਦੁਆਰਾ ਅੰਗੀਠਾ ਸਾਹਿਬ ਬਣਿਆ ਹੋਇਆ ਹੈ। ਸੰਤ ਬਾਬਾ ਅਤਰ ਸਿੰਘ ਜੀ ਦਾ ਜੀਵਨ ਇਕ ਅਜਿਹਾ ਪ੍ਰੇਰਨਾ ਸਰੋਤ ਹੈ ਜਿਸ ਤੋਂ ਆਉਣ ਵਾਲੀਆਂ ਪੀੜ੍ਹੀਆਂ ਵੀ ਠੀਕ ਸੇਧ ਅਤੇ ਅਗਵਾਈ ਲੈਂਦੀਆਂ ਰਹਿਣਗੀਆਂ।

(ਡਾ. ਭਗਵੰਤ ਸਿੰਘ)

+91 9814851500