ਆਜੀਵਿਕਾ ਮਿਸ਼ਨ ਤਹਿਤ ਪਛੜੇ ਇਲਾਕਿਆ ਵਿੱਚ ਸੈਨਟਰੀ ਪੈਡਸ ਵੰਡੇ ਜਾਣ ਦੀ ਮੁਹਿੰਮ ਸ਼ੁਰੂ

ਬਠਿੰਡਾ/ 10 ਜੂਨ/ — ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਅੱਜ ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਬੀ. ਸ਼੍ਰੀ ਨਿਵਾਸਨ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਪਰਮਵੀਰ ਸਿੰਘ ਵੱਲੋਂ ਕੋਵਿਡ-19 ਦੀ ਸਥਿਤੀ ਦੌਰਾਨ ਪੈਦਾ ਹੋਏ ਹਲਾਤਾ ਨੂੰ ਦੇਖਦੇ ਹੋਏ ਮਿਸ਼ਨ ਫਤਿਹ ਤਹਿਤ ਜ਼ਿਲ੍ਹੇ ਦੇ ਅਤਿ ਪੱਛੜੇ ਇਲਾਕਿਆਂ ਵਿੱਚ ਔਰਤਾਂ ਲਈ ਮੁਫ਼ਤ ਸੈਨਟਰੀ ਪੈਡਸ ਵੰਡਣ ਦੀ ਮੁਹਿੰਮ ਸ਼ੁਰੂ ਕਰਵਾਈ ਹੈ। ਡਿਪਟੀ ਕਮਿਸ਼ਨਰ ਬਠਿੰਡਾ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਸ਼ਹਿਰ ਦੀਆਂ ਸਾਰੀਆਂ ਸਲੱਮ ਬਸਤੀਆਂ ਵਿੱਚ ਰਹਿਣ ਵਾਲੀਆਂ ਲੜਕੀਆਂ ਅਤੇ ਔਰਤਾਂ ਨੂੰ 36 ਹਜ਼ਾਰ ਸੈਨਟਰੀ ਪੈਡਸ ਵੰਡੇ ਜਾ ਰਹੇ ਹਨ। ਉਨ੍ਹਾਂ ਦੱਸਿਆਂ ਕਿ ਇਹ ਸੈਨਟਰੀ ਪੈਡਸ ਪੀ.ਐਸ.ਆਰ.ਐਲ.ਐਮ ਸਟਾਫ ਵੱਲੋਂ ‘ਬੇਟੀ ਬਚਾਉ ਬੇਟੀ ਪੜਾਓ’ ਮੁਹਿੰਮ ਨਾਲ ਜੁੜ ਕੇ ਵੰਡੇ ਜਾ ਰਹੇ ਹਨ, ਜਿਸ ਵਿੱਚ ਸਿਹਤ ਵਿਭਾਗ ਵੱਲੋਂ ਵੀ ਸਹਿਯੋਗ ਦਿੱਤਾ ਜਾ ਰਿਹਾ ਹੈ।
ਅੱਜ ਇਸ ਮੁਹਿੰਮ ਤਹਿਤ ਬਠਿੰਡਾ ਦੇ ਬੇਅੰਤ ਨਗਰ ਅਰਬਨ ਪ੍ਰਾਇਮਰੀ ਹੈਲਥ ਸੈਂਟਰ ਅਧੀਨ ਆਉਂਦੇ ਝੁੱਗੀ-ਝੋਪੜੀ ਵਾਲੇ ਇਲਾਕੇ ਵਿੱਚ ਪੀ.ਐਸ.ਆਰ.ਐਲ.ਐਮ. ਸਟਾਫ ਵੱਲੋਂ ਸੈਨਟਰੀ ਪੈਡਸ ਵੰਡੇ ਗਏ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਪਰਮਵੀਰ ਸਿੰਘ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਜਿਹੜੇ ਸੈਨਟਰੀ ਪੈਡਸ ਸਲੱਮ ਇਲਾਕਿਆਂ ਵਿੱਚ ਵੰਡੇ ਜਾ ਰਹੇ ਹਨ, ਉਹ ਜਿਲ੍ਹੇ ਦੇ ਬਲਾਕ ਭਗਤਾ ਭਾਈਕਾ ਅਧੀਨ ਆਉਂਦੇ ਪਿੰਡ ਗੁਰੂਸਰ ਦੇ ਸਵੈ ਸਹਾਇਤਾ ਸਮੂਹਾਂ ਦੀਆਂ ਔਰਤਾਂ ਵੱਲੋਂ ਤਿਆਰ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪੀ.ਐਸ.ਆਰ.ਐਲ.ਐਮ. ਵੱਲੋਂ ਆਰ-ਅਰਬਨ ਮਿਸ਼ਨ ਤਹਿਤ ਉਕਤ ਔਰਤਾਂ ਨੂੰ ਸੈਨਟਰੀ ਪੈਡਸ ਬਣਾਉਣ ਵਾਲੀ ਮਸ਼ੀਨ ਲਗਵਾ ਕੇ ਦਿੱਤੀ ਗਈ ਸੀ। ਇਸ ਪ੍ਰੋਜੈਕਟ ਨੂੰ ਪਿੰਡ ਦੇ ਸਵੈ ਸਹਾਇਤਾ ਸਮੂਹਾਂ ਦੀਆਂ ਔਰਤਾਂ ਆਜੀਵਿਕਾ ਮਿਸ਼ਨ ਦੀ ਅਗਵਾਈ ਵਿੱਚ ਆਪਣੇ ਪੱਧਰ ਤੇ ਚਲਾ ਕੇ ਰੋਜੀ-ਰੋਟੀ ਕਮਾ ਰਹੀਆਂ ਹਨ।

ਆਜੀਵਿਕਾ ਮਿਸ਼ਨ ਦੇ ਜ਼ਿਲ੍ਹਾ ਪ੍ਰੋਗਰਾਮ ਮੈਨੇਜ਼ਰ ਸਟਾਲਿਨਜੀਤ ਸਿੰਘ ਹਰੀਕਾ ਦੇ ਦੱਸਣ ਅਨੁਸਾਰ ਕੋਵਿਡ-19 ਦੀ ਸਥਿਤੀ ਨੂੰ ਦੇਖਦਿਆਂ 51432 ਮਾਸਕ ਬਣਾ ਕੇ ਵੰਡੇ ਗਏ ਹਨ ਅਤੇ ਹੁਣ ਸਮੇਂ ਦੀ ਲੋੜ ਅਨੁਸਾਰ ਔਰਤਾਂ ਲਈ ਅਤਿ ਲੋੜੀਂਦੇ ਸੈਨਟਰੀ ਪੈਡਸ ਵੰਡੇ ਜਾ ਰਹੇ ਹਨ ਤਾਂ ਜੋ ਗਰੀਬ ਬਸਤੀਆਂ ਦੀਆਂ ਔਰਤਾਂ ਅਤੇ ਲੜਕੀਆਂ ਨੂੰ ਇਨਫੈਂਕਸ਼ਨ ਤੋਂ ਬਚਾਇਆ ਜਾ ਸਕੇ। ਇਸ ਮੁਹਿੰਮ ਵਿੱਚ ਸਮਾਜ ਸੇਵੀ ਹਰਮਿਲਾਪ ਗਰੇਵਾਲ, ਜ਼ਿਲ੍ਹਾ ਫੰਕਸ਼ਨਲ ਮੈਨੇਜ਼ਰ ਸੁਖਵਿੰਦਰ ਸਿੰਘ ਚੱਠਾ, ਜ਼ਿਲ੍ਹਾ ਮਾਸ ਮੀਡੀਆਂ ਅਫ਼ਸਰ ਜਗਤਾਰ ਸਿੰਘ, ਜ਼ਿਲ੍ਹਾਂ ਬੀ.ਸੀ.ਸੀ ਨਰਿੰਦਰ ਕੁਮਾਰ, ਬਲਾਕ ਪ੍ਰੋਗਰਾਮ ਮੈਨੇਜ਼ਰ ਬਲਜੀਤ ਸਿੰਘ (ਗੋਨਿਆਣਾ), ਗਗਨਦੀਪ ਕੌਰ (ਭਗਤਾ ਭਾਈਕਾ), ਸੰਗੀਤਾ (ਬਠਿੰਡਾ), ਰਮਨੀਕ ਬਰਾੜ (ਸੰਗਤ), ਕਲੱਸਟਰ ਕੋਆਰਡੀਨੇਟਰ ਸੰਦੀਪ ਸਿੰਘ, ਮਨਦੀਪ ਕੌਰ, ਅਮਨਦੀਪ ਕੌਰ, ਤਜਿੰਦਰ ਸਿੰਘ, ਪਰਮਜੀਤ ਕੌਰ, ਸ਼ਿਵਾਂਗੀ ਅਤੇ ਏ.ਐਨ.ਐਮ ਹਰਜਿੰਦਰ ਕੌਰ ਵੀ ਸ਼ਾਮਿਲ ਸਨ।

Install Punjabi Akhbar App

Install
×