ਖਿਆਲ ਨਾਲ: ਸਕੀਮਾਂ ਬਨਾਉਣ ਵਾਲਾ ਵੀ ਫਸਦੈ…

– ਪਿਛਲੇ ਸਾਲ ਨੇਪੀਅਰ ਵਿਖੇ ਪੰਜਾਬੀ ਨੌਜਵਾਨ ਸੰਦੀਪ ਧੀਮਾਨ ਨੂੰ ਕਤਲ ਕਰਨ ਦੀ ਸਕੀਮ ਘੜਨ ਵਾਲੀ ਨੂੰ ਉਮਰ ਕੈਦ
– ਮ੍ਰਿਤਕ ਨੌਜਵਾਨ ਦੇ ਪਰਿਵਾਰ ਨੇ ਵੀਡੀਓ ਲਿੰਕ ਰਾਹੀਂ ਵੇਖੀ ਅਦਾਲਤੀ ਕਾਰਵਾਈ

(30 ਸਾਲਾ ਸੰਦੀਪ ਧੀਮਾਨ ਜਿਸ ਦਾ ਪਿਛਲੇ ਸਾਲ 17 ਦਸੰਬਰ ਨੂੰ ਡੇਟਿੰਗ ਮਹਿਲਾ ਮਿੱਤਰ ਨੇ ਕਤਲ ਕਰ ਦਿੱਤਾ ਸੀ)
(30 ਸਾਲਾ ਸੰਦੀਪ ਧੀਮਾਨ ਜਿਸ ਦਾ ਪਿਛਲੇ ਸਾਲ 17 ਦਸੰਬਰ ਨੂੰ ਡੇਟਿੰਗ ਮਹਿਲਾ ਮਿੱਤਰ ਨੇ ਕਤਲ ਕਰ ਦਿੱਤਾ ਸੀ)

ਆਕਲੈਂਡ 27 ਜੁਲਾਈ  -‘ਬੁਰੇ ਕੰਮ ਦਾ ਬੁਰਾ ਨਤੀਜਾ’ ਅਪਰਾਧੀ ਨੂੰ ਤਾਂ ਭੁਗਤਣਾ ਹੀ ਪੈਂਦਾ ਪਰ ਇਸ ਕੰਮ ਦੇ ਲਈ ਸਕੀਮ ਘੜਨ ਵਾਲਾ ਵੀ ਕਾਨੂੰਨ ਦੇ ਅੜਿੱਕੇ ਆ ਜਾਂਦਾ ਹੈ। ਪਿਛਲੇ ਸਾਲ 17 ਦਸੰਬਰ ਨੂੰ ਨੇਪੀਅਰ ਵਿਖੇ ਇਕ 30 ਸਾਲਾ ਪੰਜਾਬੀ ਨੌਜਵਾਨ ਸੰਦੀਪ ਧੀਮਾਨ ਦਾ ਉਸਦੀ ਇੰਟਰਨੈਟ ਉਤੇ ਬਣੀ ਦੋਸਤ ਨੇ ਆਪਣੇ ਸਾਥੀ ਨਾਲ ਮਿਲ ਕੇ ਕਤਲ ਕਰ ਦਿੱਤਾ ਸੀ। ਇਸ ਸਾਰੇ ਕਾਰੇ ਦੀ ਸਕੀਮ ਘੜਨ ਵਾਲੀ 18 ਸਾਲਾ ਕੁੜੀ ਰੌਸ ਪੇਜ਼ ਲੇਵਿਸ ਨੂੰ ਨੇਪੀਅਰ ਵਿਖੇ ਹਾਈਕੋਰਟ ਦੇ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਜਿਸ ਮੁੰਡੇ ਨੇ ਇਹ ਕਤਲ ਕੀਤਾ ਸੀ ਉਸਨੂੰ ਵੀ ਬੀਤੀ 25 ਮਈ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਮ੍ਰਿਤਕ ਨੌਜਵਾਨ ਦੇ ਸਿਡਨੀ ਰਹਿੰਦੇ ਮਾਤਾ-ਪਿਤਾ ਅਤੇ ਭਰਾਵਾਂ ਨੇ ਅੱਜ ਇਹ ਅਦਾਲਤੀ ਕਾਰਵਾਈ ਆਡੀਓ-ਵੀਡੀਓ ਲਿੰਕ ਰਾਹੀਂ ਵੇਖੀ। ਲੇਵਿਸ ਨੂੰ ਉਸਦੇ ਦਾਦਾ-ਦਾਦੀ ਨੇ ਪਾਲਿਆ ਸੀ। ਇਸ ਲੜਕੀ ਨੂੰ ਕਿਸੀ ਵੀ ਹਾਲਤ ਵਿਚ ਕਾਰ ਚਾਹੀਦੀ ਜਿਸ ਦੇ ਲਈ  ਉਸਨੇ ਆਪਣੇ ਚਚੇਰੀ ਭਰਾ ਦੀ ਸਹਾਇਤਾ ਲਈ ਅਤੇ ਡੇਟਿੰਗ ਸਾਈਟ ਦਾ ਇਸਤੇਮਾਲ ਕੀਤਾ। 40 ਮਿੰਟਾਂ ਦੀ ਡ੍ਰਾਈਵ ਤੋਂ ਬਾਅਦ ਇਸ ਮੁੰਡੇ ਨੂੰ ਇਕ ਸੁੰਨਸਾਨ ਥਾਂ ‘ਤੇ ਲਿਜਾਇਆ ਗਿਆ। ਉਸਨੂੰ ਬਾਹਰ ਟਹਿਲਣ ਲਈ ਕੱਢਿਆ ਗਿਆ ਅਤੇ ਉਸੇ ਵੇਲੇ ਮਾਰ ਦਿੱਤਾ ਗਿਆ। ਐਨੇ ਕੱਟ ਮਾਰੇ ਗਏ ਕਿ ਰਸੋਈ ਵਾਲਾ ਚਾਕੂ ਦਾ ਹੈਂਡਲ ਟੁੱਟ ਗਿੱਆ। ਇਸ ਨੌਜਵਾਨ ਨੇ ਉਸ ਕੁੜੀ ਨੂੰ ਇਕ ਦਿਨ ਪਹਿਲਾਂ ਇਕ ਫੋਨ ਵੀ ਲੈ ਕੇ ਦਿੱਤਾ ਸੀ ਜਿਸਦੇ ਮੈਸੇਜ ਤੋਂ ਬਹੁਤ ਕੁਝ ਪਤਾ ਲੱਗਾ। ਡੇਟਿੰਗ ਸਾਈਟ ਰਾਹੀਂ ਉਹ ਕਿਸੀ ਹੋਰ ਇੰਡੀਅਨ ਮੁੰਡੇ ਨੂੰ ਫਸਾਉਣ ਦੇ ਚੱਕਰ ਵੀ ਇਸਤੋਂ ਪਹਿਲਾਂ ਵੀ ਸੀ। ਜਿਸ ਦਿਨ ਕਤਲ ਹੋਇਆ ਉਸ ਦਿਨ ਇਸ ਦੋਸ਼ੀ ਕੁੜੀ ਨੇ ਆਪਣੀ ਸਹੇਲੀ ਨੂੰ ਸ਼ੇਖੀ ਮਾਰਦਿਆਂ ਇਹ ਵੀ ਦੱਸ ਦਿੱਤਾ ਸੀ ਕਿ ਉਸਨੇ ਕਾਰ ਲੱਭ ਲਈ ਹੈ ਅਤੇ ਉਹ ਇਸ ਮੁੰਡੇ ਨੂੰ ਅੱਜ ਮਾਰ ਦੇਣਗੇ। ਕਤਲ ਤੋਂ ਪਹਿਲਾਂ ਅਤੇ ਬਾਅਦ ਦੇ ਵਿਚ ਇਨ੍ਹਾਂ ਨੇ ਟੈਕਸਟ ਮੈਸੇਜ ਰਾਹੀਂ ਕਤਲ ਨੂੰ ਲੈ ਕੇ ਬਹੁਤ ਮਜ਼ਾਕ ਕੀਤਾ। ਜਿਹੜੀ ਕਾਰ ਇਹ ਪੰਜਾਬੀ ਨੌਜਵਾਨ ਚਲਾ ਰਿਹਾ ਸੀ ਉਸਨੂੰ ਵੇਚਣ ਦੀ ਵੀ ਕੋਸ਼ਿਸ਼ ਕੀਤੀ ਗਈ। ਕਤਲ ਵੇਲੇ ਇਕ ਹੋਰ ਵਿਅਕਤੀ ਉਸ ਦਿਨ ਕਾਰ ਦੇ ਵਿਚ ਸੀ ਜਿਸਨੇ ਪੁਲਿਸ ਕੋਲ ਸਾਰੀ ਕਹਾਣੀ ਦੱਸ ਦਿੱਤੀ ਸੀ। ਇਹ ਪੰਜਾਬੀ ਨੌਜਵਾਨ ਪੰਜਾਬ ਦੇ ਖਰੜ ਇਲਾਕੇ ਨਾਲ ਸਬੰਧ ਰੱਖਦਾ ਸੀ।

Welcome to Punjabi Akhbar

Install Punjabi Akhbar
×
Enable Notifications    OK No thanks