ਕੈਨੈਡਾ ਵਿੱਚ ਲਗਾਤਾਰ ਵੱਧ ਰਹੀ ਗੈਂਗਵਾਰ -ਭਾਰਤੀਆਂ ਅਤੇ ਖਾਸ ਕਰਕੇ ਪੰਜਾਬੀਆਂ ਦੀ ਸ਼ਮੂਲੀਅਤ ਚਿੰਤਾਜਨਕ

ਕੈਨੇਡਾ ਇੱਕ ਬਹੁ ਸੱਭਿਆਚਾਰਕ ਦੇਸ਼ ਹੈ। ਜਿੱਥੇ ਵੱਖ-ਵੱਖ ਸੱਭਿਆਚਾਰਾਂ ਨਾਲ ਸਬੰਧਤ ਲੋਕ ਵੱਖਰਤਾ ਦਾ ਸਤਿਕਾਰ ਕਰਦੇ ਹੋਏ ਇਸ ਨੂੰ ਅੱਗੇ ਵਧਾਉਣ ਦਾ ਹਰ ਹੀਲਾ ਕਰਦੇ ਰਹਿੰਦੇ ਹਨ, ਤਾਂ ਜੋ ਬਹੁ-ਦਿਸ਼ਾਵੀ ਵਿਕਾਸ ਵਿਚ ਖੜੋਤ ਨਾ ਆਵੇ। ਹਾਲਾਂਕਿ ਵਿਸ਼ਵੀਕਰਨ ਦੇ ਦੌਰ ਵਿਚ ਕਈ ਵਾਰ ਸ਼ੁਰੂਆਤੀ ਪੱਧਰ ਤੇ ਮੁਸ਼ਕਿਲਾਂ ਦਾ ਆਉਣਾ ਸੁਭਾਵਿਕ ਹੈ ਪਰ ਸਮਾਂ ਪੈਣ ਤੇ ਸਥਿਤੀਆਂ ਸਕਾਰਾਤਮਕ ਹੋ ਨਿਬੜਦੀਆਂ ਹਨ। ਦੁਨੀਆਂ ਦੇ ਇਸ ਖੂਬਸੂਰਤ ਮੁਲਕ ਵਿਚ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਪੁਰਾਣੇ ਗੈਂਗਾਂ ਦੇ ਆਪਸੀ ਝਗੜਿਆਂ ਕਾਰਨ ਵੇਨਕੂਵਰ, ਸਰੀ, ਡੇਲਟਾ ਅਤੇ ਹੋਰ ਥਾਵਾਂ ਤੇ ਹੋ ਰਹੀਆਂ ਵਾਰਦਾਤਾਂ ਨੇ ਜਿਥੇ ਇਕ ਵਾਰੀ ਫਿਰ ਤੋਂ ਪੰਜਾਬੀ ਭਾਈਚਾਰੇ ਦੇ ਨਾਲ ਨਾਲ ਹੋਰਨਾਂ ਭਾਈਚਾਰਿਆਂ ਦੇ ਮਨਾਂ ਵਿਚ ਡਰ ਅਤੇ ਚਿਹਰੇ ਤੇ ਮਾਯੂਸੀ ਲਿਆ ਦਿੱਤੀ ਹੈ, ਉਥੇ ਹੀ ਇਸ ਮੁਲਕ ਦੇ ਸੁਰੱਖਿਆ ਇੰਤਜ਼ਾਮਾਂ ਅਤੇ ਪੁਲੀਸ ਮਹਿਕਮੇ ਦੀ ਕਾਰਗੁਜ਼ਾਰੀ ਵੀ ਪ੍ਰਸ਼ਨਾਂ ਦੇ ਘੇਰੇ ਵਿੱਚ ਆ ਗਈ ਹੈ। 9 ਮਈ 2021 ਨੂੰ ਵੈਨਕੂਵਰ ਏਅਰਪੋਰਟ ਉੱਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਦਿਨ ਦਿਹਾੜੇ 28 ਸਾਲਾ ਕਰਮਨ ਗਰੇਵਾਲ ਦੀ ਹੱਤਿਆ ਕਰ ਦਿੱਤੀ ਗਈ ਅਤੇ ਪੁਲੀਸ ਉੱਪਰ ਵੀ ਗੋਲੀਆਂ ਚਲਾਈਆਂ ਗਈਆਂ। ਕਰਮਨ ਗਰੇਵਾਲ ਤਥਾਕਥਿਤ ਯੂਨਾਈਟਿਡ ਨੇਸ਼ਨਜ਼ ਗੈਂਗ ਨਾਲ ਸਬੰਧਤ ਸੀ ਤੇ ਉਸ ਉਪਰ ਪਹਿਲਾਂ ਵੀ ਕਈ ਕੇਸ ਚੱਲ ਰਹੇ ਸਨ। ਇਸ ਘਟਨਾ ਤੋਂ ਬਾਅਦ ਬਦਲਾਖੋਰੀ ਦੇ ਚੱਲਦਿਆਂ ਬ੍ਰਦਰਜ਼ ਕੀਪਰ ਗੈਂਗ ਨਾਲ ਸਬੰਧਤ 23 ਸਾਲਾ ਜਸਕੀਰਤ ਕਾਲਕਟ ਦੀ ਵੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜੋ ਕਿ ਕੁਝ ਦਿਨ ਪਹਿਲਾਂ ਹੀ ਜ਼ਮਾਨਤ ਤੇ ਰਿਹਾਅ ਹੋ ਕੇ ਆਇਆ ਸੀ ਤੇ ਫਿਰ ਜਸਕੀਰਤ ਦੇ ਭਰਾ ਗੁਰਕੀਰਤ ਕਾਲਕਟ ਦੀ ਹੱਤਿਆ। ਇਸ ਤੋਂ ਪਹਿਲਾਂ 27 ਦਸੰਬਰ 2020 ਨੂੰ 19 ਸਾਲਾ ਹਰਮਨ ਢੇਸੀ, 28 ਦਸੰਬਰ ਨੂੰ 14 ਸਾਲਾ ਟੇਕੁਅਲ ਵਿਲਜ਼, 6 ਜਨਵਰੀ 2021 ਨੂੰ 24 ਸਾਲਾ ਗੈਰੀ ਕੰਗ, 7 ਜਨਵਰੀ ਨੂੰ 29 ਸਾਲਾ ਅਨੀਸ ਮੁਹੰਮਦ, 9 ਜਨਵਰੀ ਨੂੰ ਦਿਲਰਾਜ ਜੌਹਲ, 3 ਫਰਵਰੀ ਨੂੰ 32 ਸਾਲਾ ਕ੍ਰਿਸ ਕੇਨਵਰਦੀ, 29 ਮਾਰਚ ਨੂੰ 23 ਸਾਲਾ ਜੋਬਨ ਢੀਂਡਸਾ ਤੇ 25 ਸਾਲਾ ਚੇਤਨ ਢੀਂਡਸਾ (ਸਕੇ ਭਰਾ), 17 ਅਪ੍ਰੈਲ ਨੂੰ 31 ਸਾਲਾ ਹਰਪ੍ਰੀਤ ਸਿੰਘ ਉਰਫ ਹਰਬ ਧਾਲੀਵਾਲ, 8 ਮਈ ਨੂੰ 19 ਸਾਲਾ ਟੋਨੀ ਦਲੀਪੀ, 9 ਮਈ ਨੂੰ 28 ਸਾਲਾ ਕਰਮਨ ਗਰੇਵਾਲ, 13 ਮਈ ਨੂੰ ੨੩ ਸਾਲਾ ਜਸਕੀਰਤ ਕਾਲਕਟ ਤੇ ਉਸ ਤੋਂ ਬਾਅਦ ਗੁਰਕੀਰਤ ਕਾਲਕਟ (ਸਕੇ ਭਰਾ)। ਇਹ ਕੁਝ ਅਜਿਹੇ ਨਾਮ ਹਨ, ਜਿਨ੍ਹਾਂ ਦਾ ਸਬੰਧ ਵੱਖਰੇ ਵੱਖਰੇ ਗੈਂਗਾਂ ਜਿਵੇਂ United Nations Gang, Wolf Pack, Red Scorpion, Independent Soldiers, Brothers Keeper Gang ਨਾਲ ਸੀ ਤੇ ਇਨ੍ਹਾਂ ਦੀਆਂ ਆਪਸੀ ਰੰਜਿਸ਼ਾਂ ਵਿਚ ਮਾਰੇ ਗਏ ਜਅਿਾਦਾਤਰ ਨੌਜਵਾਨ ਪੰਜਾਬੀ ਸਨ। ਲੰਬੇ ਸਮੇਂ ਤੋਂ ਚੱਲ ਰਹੀ ਇਨ੍ਹਾਂ ਗੈਂਗਵਾਰਾਂ ਦੀ ਆਪਸੀ ਰੰਜਿਸ਼ ਅਤੇ ਅੰਤਰਰਾਸ਼ਟਰੀ ਨਸ਼ਾ ਗਿਰੋਹਾਂ ਦਾ ਫੈਲ ਰਿਹਾ ਜਾਲ ਕੈਨੇਡਾ ਦੀ ਪੁਲੀਸ ਵਾਸਤੇ ਗਲ਼ੇ ਦੀ ਹੱਡੀ ਬਣ ਚੁੱਕਾ ਸੀ। ਜਿਸ ਨੂੰ ਠੱਲ੍ਹ ਪਾਉਣ ਲਈ ਟੋਰਾਂਟੋ ਪੁਲੀਸ, ਅਮਰੀਕੀ ਏਜੰਸੀਆਂ ਤੇ ਸਾਊਥ ਵੈਸਟ ਓਂਟਾਰੀਓ ਦੇ ਨਾਲ ਕੈਨੇਡਾ ਪੁਲੀਸ ਦੇ ਸਹਿਯੋਗ ਸਦਕਾ ਇਕ ਪ੍ਰੋਜੈਕਟ ‘ਬ੍ਰੇਸਤਾ’ ਸ਼ੁਰੂ ਕੀਤਾ ਗਿਆ। ਜਿਸ ਅਧੀਨ ਇਕ ਅੰਤਰਰਾਸ਼ਟਰੀ ਨਸ਼ਾ ਗਿਰੋਹ ਨੂੰ ਫੜਿਆ ਗਿਆ, ਜਿਸ ਕੋਲੋਂ 61 ਮਿਲੀਅਨ ਡਾਲਰ ਕੀਮਤ ਦੀ ਡਰੱਗ ਫੜੀ ਗਈ, ਇਸ ਵਿਚ 444 ਕਿੱਲੋ ਕੋਕੀਨ, 427 ਕਿਲੋ ਬੇਰੀਜੁਆਨਾ, 182 ਕਿਲੋ ਕ੍ਰਿਸਟਲ ਮੈਥ, 300 ਆਕਸੀਕੋਡੌਨ ਗੋਲੀਆਂ, 9 ਲੱਖ 66 ਹਜ਼ਾਰ ਡਾਲਰ ਕਰੰਸੀ ਅਤੇ 21 ਵਾਹਨ ਵੀ ਫੜੇ ਗਏ। ਗ੍ਰਿਫਤਾਰ ਕੀਤੇ ਗਏ 20 ਲੋਕਾਂ ਦਾ ਮਕਸਦ ਇਸ ਨਸ਼ੇ ਨੂੰ ਮੈਕਸੀਕੋ ਤੋਂ ਕੈਲੇਫੋਰਨੀਆ ਦੇ ਰਸਤੇ ਕੈਨੇਡਾ ਵਿਚ ਲਿਆ ਕੇ ਵੇਚਣ ਦਾ ਸੀ। ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਇਸ ਵਿਚ ਵੀ ਜਅਿਾਦਾਤਰ ਪੰਜਾਬੀ, ਜਿਨ੍ਹਾਂ ਵਿਚ ਗੁਰਮਨ ਪ੍ਰੀਤ, ਅਮਰਜੀਤ ਸਿੰਘ ਸਰਕਾਰੀਆ, ਸੁਖਵੰਤ ਬਰਾੜ, ਹਰਵਿੰਦਰ ਭੁੱਲਰ, ਗੁਰਬਖਸ਼ ਸਿੰਘ ਗਰੇਵਾਲ, ਸਰਜੰਟ ਧਾਲੀਵਾਲ ਵੀ ਸ਼ਾਮਲ ਸਨ। ਇੰਨੀ ਵੱਡੀ ਤਾਦਾਦ ਵਿੱਚ ਇਹ ਨਸ਼ਾ ਕਿਸੇ ਵੀ ਮੁਲਕ ਦੀ ਨੌਜਵਾਨੀ ਨੂੰ ਬਰਬਾਦ ਕਰਨ ਲਈ ਕਾਫ਼ੀ ਸੀ। ਇਸੇ ਪ੍ਰਕਾਰ ਵੈਨਕੂਵਰ ਪੁਲੀਸ ਵੱਲੋਂ Combined Forces Special Enforcement Unit of BC, Integrated Homicide Investigation Team ਅਤੇ Local Municipal Police Departments ਦੇ ਸਾਂਝੇ ਉੱਦਮ ਨਾਲ ਚਲਾਏ ਪ੍ਰੋਜੈਕਟਾਂ Triplett, Territory, Tariff ਅਤੇ Temper ਤਹਿਤ ਹਥਿਆਰਾਂ, ਖ਼ਤਰਨਾਕ ਨਸ਼ਿਆਂ, 2 ਮਿਲੀਅਨ ਡਾਲਰ ਦੇ ਗਹਿਣਿਆਂ, ਕੈਸ਼ ਅਤੇ ਵਾਹਨ ਸਮੇਤ 27 ਗੈਂਗਸਟਰਾਂ ਨੂੰ ਵੀ ਫੜਿਆ ਗਿਆ। ਇਥੇ ਵੀ ਵੱਡੀ ਤਦਾਦ ਪੰਜਾਬੀਆਂ ਦੀ ਸੀ। ਆਖਰਿ ਇਸ ਬਹੁ-ਸੱਭਿਆਚਾਰਕ ਦੇਸ਼ ਅੰਦਰ ਇਨ੍ਹਾਂ ਨੌਜਵਾਨਾਂ ਵੱਲੋਂ ਇਹੋ ਜਿਹੇ ਕਾਰਜਾਂ ਨੂੰ ਅੰਜਾਮ ਦੇਣਾ ਤੇ ਉਹ ਵੀ ਉਸ ਉਮਰ ਵਿਚ, ਜਿਸ ਵਿਚ ਮਿਹਨਤ ਕਰਕੇ ਕਮਾਇਆ ਨਾਮ ਸਾਰੀ ਉਮਰ ਸਿਰ ਉੱਚਾ ਕਰਕੇ ਜਿਉਣ ਯੋਗ ਬਣਾਉਂਦਾ ਹੈ। ਆਖਰਿ ਇਨ੍ਹਾਂ ਨੂੰ ਮੌਤ ਦੇ ਰਸਤਿਆਂ ਦੇ ਸਿਰਨਾਵਿਆਂ ਦੇ ਕੇ ਤੋਰਨ ਪਿੱਛੇ ਜਾਂ ਤੁਰਨ ਪਿੱਛੇ ਕਿਹੜੀ ਮਾਨਸਿਕਤਾ ਕੰਮ ਕਰਦੀ ਹੈ? ਉਹ ਵੀ ਜ਼ਿਆਦਾਤਰ ਉਸ ਕੋਮ ਨਾਲ ਸਬੰਧਤ ਨੌਜਵਾਨ, ਜਿਸ ਦੇ ਹਿੱਸੇ ਬਾਰ ਬਾਰ ਖਿੰਡਰਨਾ ਆਇਆ। ਇਤਿਹਾਸ ਗਵਾਹ ਹੈ। ‘ਖਾਧਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ’ ਦੀ ਬਿਰਤੀ ਵਾਲੇ ਇਹ ਸਿਰੜੀ, ਉਤਸ਼ਾਹੀ, ਮਿਹਨਤੀ, ਸਾਹਸੀ, ਰੱਜ ਕੇ ਜ਼ਿੰਦਗੀ ਮਾਣਨ ਵਾਲੇ, ਅਣਖੀ, ਪਿਆਰ ਨਾਲ ਗੁਲਾਮੀ ਕਰਨ ਕਾਰਨ ਦੂਜਿਆਂ ਵਿਚ ਰਚ ਮਿਚ ਜਾਣ ਵਾਲੇ ਦੁਨੀਆਂ ਦੇ ਚਿੱਤਰਪੱਟ ਤੇ ਆਪਣੀ ਥਾਂ ਬਣਾਉਂਦੇ ਆ ਰਹੇ ਹਨ। ਸਦੀਆਂ ਤੋਂ ਖ਼ਤਰਿਆਂ ਨੂੰ ਸਹੇੜਨ ਵਾਲੇ ਇਹ ਪੰਜਾਬੀ ਵਿਦੇਸ਼ਾਂ ਦੀਆਂ ਧਰਤੀਆਂ ਉਪਰ ਵੀ ਹਮੇਸ਼ਾ ਚੜ੍ਹਦੀ ਕਲਾ ਵਿਚ ਰਹੇ। ਕੋਈ ਵੀ ਖੇਤਰ ਹੋਵੇ, ਕਾਨੂੰਨ, ਸਿਆਸਤ, ਪ੍ਰਸ਼ਾਸਨ, ਡਾਕਟਰ, ਪ੍ਰੋਫ਼ੈਸਰ, ਬਿਜ਼ਨਸ, ਇੱਥੋਂ ਤਕ ਕਿ ਮਾਨਵਤਾ ਦੇ ਸੇਵਾਦਾਰ ਬਣ ਕੇ ਆਪਣਾ ਨਾਮ ਕਮਾਉਣ ਵਾਲੇ ਇਹ ਪੰਜਾਬੀ ਹੀ ਹਨ ਪਰ ਜਿਵੇਂ ਕਿ ਸਾਰੇ ਜਾਣਦੇ ਹਨ ਕਿ ਜਦੋਂ ਤੋਂ ਸ੍ਰਿਸ਼ਟੀ ਬਣੀ ਹੈ, ਉਦੋਂ ਤੋਂ ਹੀ ਦੋ ਵਿਰੋਧੀ ਤਾਕਤਾਂ ਹਮੇਸ਼ਾ ਹੀ ਨਾਲ ਨਾਲ ਚਲਦੀਆਂ ਰਹੀਆਂ। ਦਿਨ ਰਾਤ, ਸੁੱਖ- ਦੁੱਖ, ਸੱਚ ਝੂਠ, ਚੰਗਿਆਈ-ਬੁਰਾਈ ਇਹ ਮੁੱਢ ਕਦੀਮੀਂ ਵਰਤਾਰੇ ਹਨ। ਆਪਣੀ ਸੇਵਾ ਭਾਵਨਾ, ਅਣਖ, ਬਹਾਦਰੀ, ਸਿਰੜ ਕਾਰਨ ਦੁਨੀਆਂ ਵਿਚ ਆਪਣੀ ਖ਼ਾਸ ਥਾਂ ਬਣਾ ਕੇ ਲੋਕਾਂ ਦੇ ਦਿਲਾਂ ਉੱਪਰ ਰਾਜ ਕਰਨ ਵਾਲੇ ਵੀ ਪੰਜਾਬੀ ਹੀ ਹਨ ਤੇ ਗ਼ੈਰਕਾਨੂੰਨੀ ਪਰਵਾਸ ਕਰਨ ਵਾਲੇ ਤੇ ਆਪਣੇ ਇਸ ਅਕਸ ਨੂੰ ਖੋਰਾ ਲਾਉਣ ਵਾਲੇ ਵੀ ਪੰਜਾਬੀ ਹੀ ਹਨ। ਪਰ ਕਦੇ ਵੀ ਇਨ੍ਹਾਂ ਪੰਜਾਬੀਆਂ ਦੇ ਲਈ ਹਥਿਆਰ ਤੇ ਹਿੰਸਾ ਨਿੰਦਣਯੋਗ ਨਹੀਂ ਰਹੇ। ਬੰਦਾ ਸਿੰਘ ਬਹਾਦਰ, ਭਗਤ ਸਿੰਘ, ਦੁੱਲਾ ਭੱਟੀ, ਜੱਗਾ ਡਾਕੂ, ਊਧਮ ਸਿੰਘ ਵਰਗੇ ਬਹਾਦਰਾਂ ਨੇ ਹਥਿਆਰ ਤਾਂ ਚੁਕੇ ਪਰ ਮਜ਼ਲੂਮਾਂ ਉੱਪਰ ਹੋ ਰਹੇ ਅੱਤਿਆਚਾਰਾਂ ਨੂੰ ਰੋਕਣ ਲਈ। ਇੱਥੋਂ ਤਕ ਕਿ ਸਮੇਂ ਦੀ ਮੰਗ ਨੂੰ ਦੇਖਦਿਆਂ ਹੋਇਆ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇਹੀ ਕਿਹਾ ਸੀ
ਚੂੰ ਕਾਰ ਅਜ਼ ਹਮਾ ਹੀਲਤੇ ਦਰ ਗੁਜ਼ਸ਼ਤ
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ।.
ਪਰ ਕਿਸੇ ਵੀ ਸਮਾਜ ਅੰਦਰ ਉਸ ਹਿੰਸਾ ਨੂੰ ਕਦੇ ਵੀ ਪ੍ਰਵਾਨਗੀ ਨਹੀਂ ਦਿੱਤੀ ਜਾ ਸਕਦੀ, ਜੋ ਮਜ਼ਲੂਮਾਂ ਨੂੰ ਡਰਾਉਣ, ਬਦਲਾ ਲੈਣ, ਪੈਸੇ ਦੇ ਦਮ ਤੇ ਧੌਂਸ ਜਮਾਉਣ ਲਈ ਕੀਤੀ ਗਈ ਹੋਵੇ। ਇੱਥੇ ਹੀ ਬਸ ਨਹੀਂ, ਇਸ ਅਮੁੱਲ ਵਿਰਾਸਤ ਦੇ ਧਾਰਨੀਆਂ ਦਾ ਇਨ੍ਹਾਂ ਰਾਹਾਂ ਤੇ ਤੁਰਨ ਪਿੱਛੇ ਜੋ ਕੁਝ ਕਾਰਨ ਨਜ਼ਰ ਆਉਂਦੇ ਹਨ ਉਨ੍ਹਾਂ ਵਿਚੋਂ ਅਹਿਮ, ਇਨ੍ਹਾਂ ਦਾ ਪੰਜਾਬੀ ਸੁਭਾਅ ਜੋ ਕਿਸੇ ਵੀ ਕੀਮਤ ਤੇ ਨਾ ਹਾਰਨ ਵਾਲਾ, ਪਿੱਛੇ ਨਾ ਮੁੜਨ ਵਾਲਾ ਪਰ ਨਾਲ ਹੀ ਦਿਖਾਵੇ ਦੀ ਬਿਰਤੀ, ਜੱਟਵਾਦੀ ਸੋਚ, ਰਾਤੋ-ਰਾਤ ਸ਼ੋਹਰਤ ਅਤੇ ਪੈਸਾ ਕਮਾਉਣ ਦੀ ਹੋੜ, ਵਿਦੇਸ਼ੀ ਮੁਲਕਾਂ ਵਿਚ ਜਾਣ ਦੀ ਭੇਡ ਚਾਲ ਅਤੇ ਸਭ ਤੋਂ ਖ਼ਤਰਨਾਕ ਨਸ਼ਿਆਂ, ਹਿੰਸਾ, ਅਤੇ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਵਾਲੀ ਅਜੋਕੀ ਗੀਤਕਾਰੀ ਤੇ ਗਾਇਕੀ।
ਜਦੋਂ ਤੋਂ ਪੂੰਜੀਵਾਦ, ਵਿਸ਼ਵੀਕਰਨ ਅਤੇ ਤਕਨਾਲੋਜੀ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕੀਤੇ ਤਾਂ ਪਰੰਪਰਕ ਸਬਰ, ਸੰਤੋਖ, ਭਾਈਚਾਰਾ ਜਿਵੇਂ ਹੌਲੀ-ਹੌਲੀ ਮਨਫੀ ਹੋਣਾ ਸ਼ੁਰੂ ਹੋ ਗਿਆ। ਖਪਤਕਾਰੀ ਯੁੱਗ ਨੇ ਰਿਸ਼ਤਿਆਂ ਵਿਚਲਾ ਨਿੱਘ ਮੁਕਾਬਲੇ ਦੀ ਅੱਗ ਵਿਚ ਬਦਲ ਦਿੱਤਾ। ਹਰ ਪੰਜਾਬੀ ਦੇ ਦਿਮਾਗ ਤੇ ਵਿਦੇਸ਼ ਇਸ ਕਦਰ ਸਵਾਰ ਹੋਇਆ ਕਿ ਜਾਇਜ਼ ਨਾਜਾਇਜ਼ ਢੰਗ ਕੋਈ ਵੀ ਹੋਵੇ ਬਸ ਬਾਹਰ ਜਾਣਾ। ਮੱਧ ਵਰਗੀ ਪਰਿਵਾਰ ਜਿਨ੍ਹਾਂ ਕੋਲ ਜ਼ਮੀਨਾਂ, ਉਨ੍ਹਾਂ ਜ਼ਮੀਨਾਂ ਵੇਚੀਆਂ। ਜਿਨ੍ਹਾਂ ਕੋਲ ਜ਼ਮੀਨਾਂ ਨਹੀਂ, ਉਨ੍ਹਾਂ ਕਰਜ਼ਾ ਚੁੱਕਿਆ ਤੇ ਆਪਣੇ ਜਵਾਨ ਹੁੰਦੇ ਬੱਚੇ ਵਿਦੇਸ਼ੀ ਮੁਲਕਾਂ ਵਲ ਧੱਕ ਦਿੱਤੇ। ਲੱਖਾਂ ਦੀ ਤਾਦਾਦ ਵਿਚ ਹਰ ਸਾਲ ਅਠਾਰਾਂ ਤੋਂ ਵੀਹ ਸਾਲ ਦੇ ਜਵਾਨ ਧੀਆਂ ਪੁੱਤ ਸੱਤ ਸਮੁੰਦਰ ਉਸ ਕੈਨੇਡਾ ਦੀ ਧਰਤੀ ਤੇ ਜਿੱਥੇ ਪੜ੍ਹਾਈ ਦੇ ਨਾਲ ਨਾਲ ਅਠਾਰਾਂ ਅਠਾਰਾਂ ਘੰਟੇ ਕੰਮ ਕਰਨਾ, ਤਾਂ ਜੋ ਆਪਣੀ ਫ਼ੀਸ ਭਰ ਸਕਣ, ਮਾਪਿਆਂ ਵਲੋਂ ਚੁੱਕਿਆ ਕਰਜ਼ਾ ਉਤਾਰ ਸਕਣ। ਨਤੀਜਾ ਮਲੂਕ ਜੰਿਦਗੀਆਂ ਉਸ ਭਾਰ ਥੱਲੇ ਦੱਬ ਗਈਆਂ, ਜਿਸ ਨੂੰ ਸਹਿਣ ਦੀ ਤਾਕਤ ਸਰੀਰ ਵਿਚ ਨਹੀਂ ਸੀ। High Stress Job, Depression ਕਾਰਨ ਬਣੇ ਨਸ਼ਿਆਂ ਦਾ। ਪੈਸਾ ਕਮਾਉਣ ਦੀ ਹੋੜ ਨੇ ਮੁੰਡਿਆਂ ਦੇ ਨਾਲ-ਨਾਲ ਕੁੜੀਆਂ ਨੂੰ ਵੀ ਮਜਬੂਰੀਵਸ ਉਨ੍ਹਾਂ ਰਾਹਾਂ ਤੇ ਧੱਕ ਦਿੱਤਾ, ਜਿਨ੍ਹਾਂ ਦੀ ਪੰਜਾਬੀ ਸਮਾਜ ਵਿਚ ਸਖ਼ਤ ਮਨਾਹੀ ਸੀ। ਦੂਜੇ ਪਾਸੇ ਨਸ਼ਿਆਂ ਦੇ ਵਪਾਰੀਆਂ ਦੀ ਨਜ਼ਰ ਹਮੇਸ਼ਾ ਹੀ ਇਹੋ ਜਿਹੇ ਮੁੰਡੇ ਤੇ ਕੁੜੀਆਂ ਉਪਰ ਰਹਿੰਦੀ ਹੈ। ਪਹਿਲਾਂ ਹੌਲੀ ਹੌਲੀ ਉਨ੍ਹਾਂ ਨੂੰ ਗਾਹਕਾਂ ਤਕ ਨਸ਼ਾ ਪਹੁੰਚਾਉਣ ਲਈ ਵਰਤਿਆ ਜਾਂਦਾ ਤੇ ਫਿਰ ਉਹ ਵੀ ਇਸ ਦੇ ਆਦੀ ਹੋ ਜਾਂਦੇ ਅਤੇ ਕਿਸੇ ਨਾ ਕਿਸੇ ਗੈਂਗ ਵਿਚ ਸ਼ਾਮਿਲ ਹੋ ਕੇ ਚੜ੍ਹਦੀ ਉਮਰੇ ਹੀ ਕਿਸੇ ਵਾਰਦਾਤ ਦਾ ਸ਼ਿਕਾਰ ਹੋ ਜਾਂਦੇ ਹਨ। ਦੂਸਰਾ ਵਰਗ ਉਹ, ਜੋ ਅੰਨ੍ਹੇ ਪੈਸੇ ਨਾਲ ਹਮੇਸ਼ਾ ਐਸ਼ ਕਰਨ ਵਾਲੇ, ਵੱਡੀਆਂ ਵੱਡੀਆਂ ਗੱਡੀਆਂ ਵਿਚ ਘੁੰਮਣ ਦੇ ਸ਼ੌਕੀਨ, ਜਿਸ ਦੀ ਹਰ ਕਿਸੇ ਨਾਲ ਯਾਰੀ ਚਾਹੇ ਉਹ ਪੁਲੀਸ ਵਾਲਾ ਹੋਵੇ ਜਾਂ ਫਿਰ ਨੇਤਾ। ਇਸ ਮਾਨਸਿਕਤਾ ਨਾਲ ਵਿਦੇਸ਼ ਦੀ ਧਰਤੀ ਤੇ ਪਹੁੰਚਿਆ ਉਹ ਨੌਜਵਾਨ ਸਭ ਕੁਝ ਉਵੇਂ ਹੀ ਚਾਹੁੰਦਾ ਹੈ ਜਿਵੇਂ ਉਹ ਆਪਣੇ ਮੁਲਕ ਵਿਚ ਕਰਦਾ ਰਿਹਾ ਹੈ, ਪਰ ਇੱਥੇ ਉਸ ਦੀ ਬਣ ਚੁੱਕੀ ਮਾਨਸਿਕਤਾ ਦਾ ਸਿੱਧਾ ਟਕਰਾਅ ਵਿਦੇਸ਼ੀ ਮੁਲਕ ਦੇ ਸਖ਼ਤ ਕਾਨੂੰਨ, ਪੁਲੀਸ ਪ੍ਰਬੰਧ ਅਤੇ ਸਿਆਸਤ ਨਾਲ ਹੁੰਦਾ ਹੈ ਤੇ ਉਸ ਵਲੋਂ ਕੀਤੀ ਗਈ ਕੋਈ ਵੀ ਗੈਰਕਾਨੂੰਨੀ ਹਰਕਤ ਉਸ ਨੂੰ ਜੇਲ੍ਹ ਜਾਂ ਫਿਰ ਉਸ ਦੇ ਦੇਸ਼ ਵਾਪਸ ਭੇਜ ਸਕਦੀ ਹੈ। ਫਿਰ ਵੀ ਕੈਨੇਡਾ ਅੰਦਰ ਪੰਜਾਬੀਆਂ ਦੀ ਗ਼ੈਰਕਾਨੂੰਨੀ ਕੰਮਾਂ ਵਿਚ ਸ਼ਮੂਲੀਅਤ ਬਾਰੇ 2009 ਵਿਚ ਵਿਸ਼ਵ ਪੰਜਾਬੀ ਕਾਨਫ਼ਰੰਸ ਕੈਨੇਡਾ ਵਿਚ ਲੇਖਕ ਸੁਖਿੰਦਰ ਦੱਸਦੇ ਹਨ
”ਬ੍ਰਿਟਿਸ਼ ਕੋਲੰਬੀਆ ਦੇ ਸੂਬੇ ਵਿਚ ਡਰੱਗ ਸਮੱਗਲਿੰਗ ਦੇ ਧੰਦੇ ਵਿਚ ਸਰਗਰਮ ਸਭ ਤੋਂ ਖੂੰਖਾਰ ਗੈਂਗ ਪੰਜਾਬੀਆਂ ਦੇ ਹੀ ਹਨ। ਡਰੱਗ ਸਮੱਗਲਿੰਗ ਦੇ ਇਸ ਧੰਦੇ ਵਿਚ ਸਰਗਰਮ ਦੋਸਾਂਝ ਭਰਾਵਾਂ, ਦੂਹੜੇ ਭਰਾਵਾਂ, ਗਿੱਲ ਭਰਾਵਾਂ, ਬੱਲ ਭਰਾਵਾਂ ਅਤੇ ਸੰਘੇੜਾ ਭਰਾਵਾਂ ਦੇ ਖੂੰਖਾਰ ਗੈਂਗਾਂ ਦਾ ਕੈਨੇਡਾ ਦੇ ਮੀਡੀਆ ਵਿਚ ਬਹੁਤ ਚਰਚਾ ਹੁੰਦਾ ਰਿਹਾ ਹੈ। ਇੱਥੇ ਹੀ ਬੱਸ ਨਹੀਂ ਕੋਈ ਹਫ਼ਤਾ ਹੀ ਖਾਲੀ ਜਾਂਦਾ ਹੈ ਜਦੋਂ ਕੋਈ ਪੰਜਾਬੀ ਨੌਜਵਾਨ ਟਰੱਕ ਡਰਾਈਵਰ ਕੈਨੇਡਾ ਅਮਰੀਕਾ ਦਾ ਬਾਰਡਰ ਪਾਰ ਕਰਦਿਆਂ ਆਪਣੇ ਟਰੱਕ ਦੇ ਸਾਮਾਨ ਵਿਚ ਲੁਕਾ ਕੇ ਭੰਗ, ਕਰੇਕ, ਕੁਕੈਨ ਜਾਂ ਚਰਸ ਦੇ ਲੱਖਾਂ ਡਾਲਰ ਦੇ ਪੈਕੇਟ ਲਿਜਾਂਦਾ ਹੋਇਆ ਬਾਰਡਰ ਪੁਲੀਸ ਵੱਲੋਂ ਗ੍ਰਿਫ਼ਤਾਰ ਨਾ ਕੀਤਾ ਗਿਆ ਹੋਵੇ। ਇਸ ਧੰਦੇ ਵਿਚ ਸਿਰਫ਼ ਪੰਜਾਬੀ ਮਰਦ ਹੀ ਸ਼ਾਮਿਲ ਨਹੀਂ, ਡਰੱਗ ਸਮੱਗਲਿੰਗ ਦੇ ਧੰਦੇ ਵਿਚ ਸਰਗਰਮ ਨੌਜਵਾਨ ਪੰਜਾਬੀ ਔਰਤਾਂ ਵੀ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੀਆਂ ਜਾ ਰਹੀਆਂ ਹਨ।ਕੈਨੇਡਾ ਦੇ ਏਅਰਪੋਰਟਾਂ ਦੀ ਪੁਲਿਸ ਵਲੋਂ ਕੈਨੇਡਾ ਦੇ ਕੁਝ ਚਰਚਿਤ ਹਾਸਰਸ ਕਵੀਆਂ ਦੀਆਂ ਪਤਨੀਆਂ ਅਤੇ ਗੁਰਦੁਆਰਿਆਂ ਦੇ ਪ੍ਰਧਾਨ ਵੀ ਹਵਾਈ ਸਫ਼ਰ ਕਰਦਿਆਂ ਦਾਰਿਝਮਕ ਗ੍ਰੰਥਾਂ ਵਿਚ ਲੁਕਾ ਕੇ ਅਫ਼ੀਮ, ਚਰਸ, ਕੁਕੇਨ, ਕਰੈਕ, ਲਿਆਉਂਦੇ ਹੋਏ ਕੈਨੇਡਾ ਦੀ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਜਾਂਦੇ ਰਹੇ ਹਨ।”
ਇਸ ਦੇ ਨਾਲ ਹੀ ਵਿਸ਼ਵੀਕਰਨ ਅਧੀਨ ਸੱਭਿਆਚਾਰਕ ਪ੍ਰਦੂਸ਼ਣ ਵੀ ਇਸ ਵਿਸ਼ਵ ਮੰਡੀ ਦਾ ਹਿੱਸਾ ਬਣ ਕੇ ਨੌਜਵਾਨਾਂ ਨੂੰ ਆਪਣੀ ਕੁੜਿੱਕੀ ਵਿਚ ਬੁਰੀ ਤਰ੍ਹਾਂ ਕੱਸ ਰਿਹਾ ਹੈ ਕਿਉਂਕਿ ਇਸ ਵਿਸ਼ਵ ਮੰਡੀ ਸੱਭਿਆਚਾਰ ਦਾ ਰਾਗ ਅਲਾਪਣ ਵਾਲਿਆਂ ਦਾ ਇਕੋ ਹੀ ਮਕਸਦ ਹੁੰਦਾ ਹੈ ਕਿਸੇ ਵੀ ਤਰੀਕੇ ਅੰਨ੍ਹਾ ਪੈਸਾ, ਸ਼ੋਹਰਤ ਕਮਾਉਣਾ ਤੇ ਉਸ ਲਈ ਅਪਣਾਏ ਜਾਣ ਵਾਲੇ ਤਰੀਕੇ ਇਹੋ ਜਿਹੇ ਕਿ ਜਿਨ੍ਹਾਂ ਨੂੰ ਸੁਣ ਕੇ ਆਮ ਇਨਸਾਨ ਦੀ ਰੂਹ ਕੰਬ ਜਾਵੇ। ਪੋਰਨੋਗ੍ਰਾਫੀ, ਸੇਕਸ ਦੇ ਅੱਡੇ, ਪ੍ਰਾਸਟੀਚੀਊਸ਼ਨ ਤੇ ਇਨ੍ਹਾਂ ਦੇ ਨਾਲ ਹੀ ਫਿਰ ਡਰੱਗ, ਹਥਿਆਰ, ਕਤਲ, ਸਮੱਗਲਿੰਗ, ਗੈਂਗਵਾਰ ਤੇ ਹੋਰ ਬਹੁਤ ਕੁਝ। ਇਸ ਸਭ ਕੁਝ ਨੂੰ ਵੇਖਣ ਤੋਂ ਬਾਅਦ ਹੀ ਸ਼ਾਇਦ ਸੁਖਿੰਦਰ ਨੇ ਗਲੋਬਲੀਕਰਨ ਵਿਚ ਇਹ ਸ਼ਬਦ ਲਿਖੇ ਹੋਣ:
ਲੋਕ ਨਸ਼ਿਆਂ ਦੇ ਦਰਿਆਵਾਂ ਚ ਕਿਉਂ ਡੁੱਬਦੇ ਜਾ ਰਹੇ?
ਪੋਰਨੋਗ੍ਰਾਫਿਕ ਫਲਿਮਾਂ ਦਾ ਹੜ੍ਹ ਸਾਨੂੰ ਕਿੱਧਰ ਲੈ ਜਾਵੇਗਾ?
ਲੱਚਰਵਾਦ ਅਤੇ ਅਸ਼ਲੀਲਤਾ ਨਾਲ ਭਰਿਆ ਸੰਗੀਤ ਕਿਹੋ ਜਿਹਾ ਸੱਭਿਆਚਾਰ ਸਿਰਜ ਰਿਹਾ?
ਆਰਥਿਕ ਤਰੱਕੀ ਦੇ ਨਾਮ ਉੱਤੇ ਲੋਕਾਂ ਨੂੰ ਕਿਉਂ ਉਜਾੜਿਆ ਜਾ ਰਿਹਾ…
ਯੁਵਕ ਡਰੱਗ ਸਮੱਗਲ ਕਰਨ ਵਾਲੇ ਗੈਂਗਸਟਰ ਹੀ ਕਿਉਂ ਬਣਨਾ ਲੋਚ ਰਹੇ…?
ਲੱਚਰਤਾ ਨਾਲ ਭਰੀ ਹੋਈ ਅਜੋਕੀ ਗੀਤਕਾਰੀ ਅਤੇ ਗਾਇਕੀ ਨੇ ਨਸ਼ਿਆਂ, ਹਥਿਆਰਾਂ, ਹਿੰਸਾ ਨਾਲ ਭਰੇ ਹੋਏ ਗੀਤਾਂ ਨੇ ਇਹੋ ਜਿਹੀ ਸੋਚ ਅਤੇ ਜਿਊਣ ਦੇ ਤਰੀਕੇ ਨੂੰ ਗਲੋਰੀਫਾਈ ਕੀਤਾ ਹੈ ਕਿ ਹਰ ਨੌਜਵਾਨ ਮੁੰਡਾ ਕੁੜੀ ਉਸ ਸੁਪਨ ਸੰਸਾਰ ਨੂੰ ਹਕੀਕਤ ਦਾ ਰੂਪ ਦੇਣਾ ਲੋਚਦਾ ਹੈ। ਜਿਸ ਦੇ ਨਤੀਜੇ ਵੀ ਬੇਹੱਦ ਖ਼ਤਰਨਾਕ ਸਾਹਮਣੇ ਆ ਰਹੇ ਹਨ। ਮਿਹਨਤੀ, ਸਿਰੜੀ, ਬਹਾਦਰਾਂ, ਪੰਜਾਬੀਆਂ ਦੀ ਕੌਮ ਦਿਖਾਵੇ ਦੀ ਦੌੜ ਵਿਚ ਗਲਤਾਨ ਹੋ ਰਹੀ ਹੈ। ਹਥਿਆਰਾਂ ਦਾ ਪ੍ਰਦਰਸ਼ਨ ਨੌਜਵਾਨ ਪੀੜ੍ਹੀ ਨੂੰ ਗ਼ਲਤ ਰਸਤਿਆਂ ਤੇ ਚੱਲਣ ਲਈ ਉਕਸਾ ਰਿਹਾ ਹੈ। ਬੱਬੂ ਮਾਨ ਦੇ ਹਥਿਆਰਾਂ ਦੇ ਸ਼ੌਕ ਅਤੇ ਦਿਲਜੀਤ ਦੇ ਗੋਲੀਆਂ ਚਲਾਉਣ ਦੇ ਸ਼ੌਂਕ ਤੋਂ ਬਾਅਦ ਸਿੱਧੂ ਮੂਸੇ ਵਾਲੇ ਨੇ ਤਾਂ ਜਿਵੇਂ ਸਹੁੰ ਹੀ ਖਾ ਲਈ ਕਿ ਉਸ ਦੇ ਲਿਖੇ ਤੇ ਗਾਏ ਗਾਣੇ ਹਥਿਆਰਮੁਕਤ ਨਹੀਂ ਹੋਣਗੇ। ਆਪਣੇ ਆਪ ਨੂੰ ਗੀਤਕਾਰ ਅਤੇ ਗਾਇਕ ਕਹਿਣ ਵਾਲਾ ਆਪਣੇ ਆਪ ਨੂੰ ਮੁੱਢ ਤੋਂ ਕਲੇਸ਼ੀ ਨੇਚਰ ਦਾ ਮੰਨਣ ਵਾਲਾ, ਬੰਦੇ ਨੂੰ ਮਾਰ ਕੇ ਕਸੂਰ ਪੁੱਛਣ ਵਾਲੇ ਪਿੰਡ ਨੂੰ ਬਿਲੌਂਗ ਕਰਨ ਵਾਲਾ, ਦੋ ਮੂੰਹਾਂ ਵਾਲੀ ਬੰਦੂਕ ਰੱਖ ਕੇ ਸ਼ੂਟਰਾਂ ਦੀ ਡਾਰ ਨਾਲ ਲੈ ਕੇ ਇਕ ਪਾਸੇ ਮਾਫ਼ੀਆ ਸਟਾਈਲ ਵਿਆਹ ਕਰਾਉਣ ਦਾ ਭਰਮ ਪਾਲਦਾ ਹੈ ਤੇ ਦੂਜੇ ਪਾਸੇ ਜੇਲ੍ਹ ਜਾਣ ਵਾਲੇ ਕੰਮ ਵੀ ਕਰਦਾ ਹੈ ਤੇ ਡੀ.ਐਸ.ਪੀ, ਐੱਸ. ਐੱਸ. ਪੀ ਨੂੰ ਆਪਣਾ ਯਾਰ ਵੀ ਦੱਸਦਾ। ਦੂਸਰੇ ਪਾਸੇ ਗੀਤਾਂ ਵਿਚ ਪੇਸ਼ ਹੋਣ ਵਾਲਾ ਜੱਟ ਇਨ੍ਹਾਂ ਗੀਤਕਾਰਾਂ ਅਤੇ ਗਾਇਕਾਂ ਵੱਲੋਂ ਧਮਕੀਆਂ ਦੇਣ ਵਾਲਾ, ਖਾੜਕੂ, ਨਸ਼ੇ ਕਰਨ ਵਾਲਾ, ਹਥਿਆਰਾਂ ਵਾਲਾ, ਵਿਹਲੜ, ਆਸ਼ਕ, ਅੜਬ ਸੁਭਾਅ ਵਾਲਾ ਉਸ ਅਸਲੀ ਜੱਟ ਦੇ ਆਸ ਪਾਸ ਵੀ ਨਹੀਂ ਢੁੱਕਦਾ ਜੋ ਮਿਹਨਤ ਕਰਦਾ ਮਿੱਟੀ ਨਾਲ ਮਿੱਟੀ ਹੁੰਦਾ, ਫ਼ਸਲ ਦੇ ਸਹੀ ਮੁੱਲ ਲਈ ਮੰਡੀਆਂ ਵਿਚ ਭਟਕਦਾ, ਸਰਕਾਰੀ ਤਸ਼ੱਦਦ ਸਹਿੰਦਾ, ਕਰਜ਼ੇ ਵਿਚ ਡੁੱਬਿਆ ਆਤਮਹੱਤਿਆ ਕਰਦਾ, ਜਵਾਨ ਹੋਈ ਧੀ ਦੇ ਵਿਆਹ ਦੇ ਫ਼ਿਕਰ ਵਿਚ ਰੱਬ ਅੱਗੇ ਬਾਰ ਬਾਰ ਪੱਕੀ ਫ਼ਸਲ ਦੇ ਸੁੱਖੀ ਸਾਂਦੀ ਘਰ ਆਉਣ ਦੀ ਅਰਦਾਸ ਕਰਦਾ, ਮੁਲਕ ਦੀਆਂ ਸੜਕਾਂ ਤੇ ਪੋਹ ਦੀਆਂ ਸਰਦ ਰਾਤਾਂ ਤੇ ਜੇਠ ਹਾੜ੍ਹ ਦੀ ਅੱਗ ਵਰ੍ਹਾਉਂਦੀ ਗਰਮੀ ਵਿਚ ਬੈਠਾ ਚੱਕੀ ਦੇ ਦੋ ਪੁੜਾਂ ਵਿਚਕਾਰ ਪਿਸ ਰਿਹਾ ਹੈ।
ਸੋ ਜੇਕਰ ਕੈਨੇਡਾ ਵਰਗੇ ਮੁਲਕ ਵਿਚ ਲਗਾਤਾਰ ਵਧ ਰਹੀਆਂ ਵਾਰਦਾਤਾਂ ਕਾਰਨ ਸਥਿਤੀ ਨੂੰ ਗੰਭੀਰਤਾ ਨਾਲ ਵੇਖਦੇ ਹੋਏ ਉਥੋਂ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ 40 ਮਿਲੀਅਨ ਡਾਲਰ ਦੀ ਰਾਸ਼ੀ ਅਜਿਹੇ ਗੈਂਗਾਂ ਦੀ ਰੋਕਥਾਮ ਲਈ ਜਾਰੀ ਕਰਕੇ ਸਕਾਰਾਤਮਕ ਪਹਿਲ ਕੀਤੀ ਹੈ ਤਾਂ ਜੋ ਨੌਜਵਾਨ ਪੀੜ੍ਹੀ ਇਨ੍ਹਾਂ ਦੇ ਚੰਗੁਲ ਵਿਚ ਫਸਣੋਂ ਬਚ ਸਕੇ। ਇਸ ਦੇ ਨਾਲ ਹੀ ਜੈਗ ਖੋਸਾ (ਭਚ ਛੋਮਮੁਨਟਿੇ ੳਚਹਇਵੲਮੲਨਟ ੳਾੳਰਦ ਮੲਦੳਲਲੋਿਨ ੳਨਦ ੳ ਚਟਿੳਟੋਿਨ ਬੇ ਟਹੲ ਹੋਨੋੁਰੳਬਲੲ ਜੳਨੲਟ ਉਸਟਨਿ ਚਬਚ ਲਇੁਟੲਨੳਨਟ ਗੋਵੲਰਨੋਰ ੋਡ ਬਚ), ਜੋ ਗੈਂਗ ਟਾਸਕ ਫੋਰਸ ਵਿਚ ਕੰਮ ਕਰਨ ਦੇ ਨਾਲ ਅਨੇਕਾਂ ਪੁਲੀਸ ਮਹਿਕਮਿਆਂ ਵਿਚ ਵੀ ਕੰਮ ਕਰ ਚੁੱਕੇ ਹਨ, ਨੇ ਸਰੀ ਪੁਲੀਸ ਵਿਚ ਪੁਲੀਸ ਸਰਜੈਂਟ ਦੇ ਤੌਰ ਤੇ ਆਪਣੀ ਡਿਉਟੀ ਸੰਭਾਲੀ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਉਹ ਗੈਂਗ ਹਿੰਸਾ ਨੂੰ ਹਰ ਕੀਮਤ ਤੇ ਖ਼ਤਮ ਕਰਨਾ ਚਾਹੁੰਦੇ ਹਨ। ਸਾਰੇ ਕਨੇਡਾ ਵਸਦੇ ਭਾਈਚਾਰਿਆਂ ਦਾ ਵੀ ਫ਼ਰਜ਼ ਬਣਦਾ ਹੈ ਕਿ ਰਸਤੇ ਤੋਂ ਭਟਕੀ ਹੋਈ ਇਸ ਨੌਜਵਾਨੀ ਨੂੰ ਮੋੜ ਕੇ ਲਿਆਉਣ ਦਾ ਰਸਤਾ ਲੱਭਿਆ ਜਾਵੇ। ਮਾਪੇ ਅੰਨ੍ਹੇਵਾਹ ਪੈਸੇ ਕਮਾਉਣ ਦੀ ਹੋੜ ਵਿਚ ਏਨੇ ਨਾ ਉਲਝ ਜਾਣ ਕਿ ਆਪਣੇ ਬੱਚਿਆਂ ਨੂੰ ਆਪਣੇ ਹੱਥੋਂ ਗੁਆ ਬੈਠਣ।
ਇਸ ਦੇ ਨਾਲ ਹੀ ਜੋ ਸਭ ਤੋਂ ਅਹਿਮ ਉਸ ਸੰਵਾਦ ਦੀ ਪਿਰਤ ਨੂੰ ਫਿਰ ਤੋਂ ਸ਼ੁਰੂ ਕਰਨ ਦੀ ਜ਼ਰੂਰਤ ਹੈ, ਜਿਸ ਬਾਰੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ:
ਜਬ ਲਗੁ ਦੁਨੀਆ ਰਹੀਐ ਨਾਨਕ
ਕਿਛੁ ਸੁਣੀਐ ਕਿਛੁ ਕਹੀਐ।
ਆਓ ਆਪਣੀਆਂ ਪੀੜ੍ਹੀਆਂ, ਆਪਣੀਆਂ ਨਸਲਾਂ ਵਾਸਤੇ ਸੰਵਾਦ ਲਈ ਨਵਾਂ ਮੁਹਾਵਰਾ ਘੜੀਏ। ਸੰਵਾਦ ਰਚਾਉਣਾ ਪਵੇਗਾ ਮਾਂ ਬਾਪ ਨੂੰ ਆਪਣੇ ਧੀਆਂ ਪੁੱਤਾਂ ਨਾਲ, ਅਧਿਆਪਕਾਂ ਨੂੰ ਆਪਣੇ ਵਿਦਿਆਰਥੀਆਂ ਨਾਲ, ਲੇਖਕਾਂ ਨੂੰ ਪਾਠਕਾਂ ਨਾਲ, ਵੱਖ ਵੱਖ ਸੱਭਿਆਚਾਰਾਂ ਨੂੰ ਇੱਕ ਦੂਸਰੇ ਨਾਲ, ਇਨਸਾਨ ਨੂੰ ਇਨਸਾਨ ਨਾਲ ਤੇ ਸਭ ਤੋਂ ਜਅਿਾਦਾ ਸੰਵਾਦ ਰਚਾਉਣਾ ਪਵੇਗਾ ਆਪਣੇ ਆਪ ਨਾਲ ਤੇ ਸੰਭਾਲਣਾ ਪਵੇਗਾ ਆਪਣੇ ਵਿਰਸੇ, ਵਿਰਾਸਤ, ਫਲਸਫ਼ੇ, ਪ੍ਰੰਪਰਾਵਾਂ ਨੂੰ ਤੇ ਚਲਣਾ ਪਵੇਗਾ ਮਾਨਵਤਾ ਦਾ ਪਾਠ ਪੜ੍ਹਾਉਣ ਵਾਲੇ ਮਹਾਂਪੁਰਸ਼ਾਂ ਦੇ ਦੱਸੇ ਮਾਰਗ ਉੱਪਰ, ਕਿਉਂਕਿ ਪ੍ਰੰਪਰਾਵਾਂ, ਵਿਰਾਸਤ ਵਿਰਸੇ ਨੂੰ ਅੱਖੋਂ ਪਰੋਖੇ ਕਰਕੇ ਕੋਈ ਵੀ ਦੇਸ਼, ਕੌਮ ਤਰੱਕੀ ਨਹੀਂ ਕਰ ਸਕਦੀ। ਸਾਡੀਆਂ ਰਾਹਵਾਂ ਦੀ ਅਗਵਾਈ ਸਾਡੀਆਂ ਪ੍ਰੰਪਰਾਵਾਂ ਹੀ ਕਰਨਗੀਆਂ। ਵਿਸ਼ਵੀਕਰਨ ਅੰਦਰ ਆਪਣੀ ਵੱਖਰਤਾ ਨੂੰ ਕਾਇਮ ਰੱਖਦੇ ਹੋਏ, ਉਸ ਨੂੰ ਬਚਾਉਂਦੇ ਹੋਏ ਸਕਾਰਾਤਮਕ ਤਰੱਕੀ ਤਾਂ ਕਰੀਏ ਅਤੇ ਮਾੜੇ ਰਸਤਿਆਂ ਤੋਂ ਵੀ ਆਪਣੇ ਆਪ ਨੂੰ ਬਚਾ ਕੇ ਰੱਖੀਏ। ਇਕ ਦੂਜੇ ਤੋਂ ਅੱਗੇ ਨਿਕਲਣ ਦੀ ਹੋੜ ਨਾਲ ਦਸਤਪੰਜਾ ਲੈਣ ਲਈ ਬੌਧਿਕ ਦੇ ਨਾਲ ਨਾਲ ਵਿਹਾਰਕ ਪੱਧਰ ਤੇ ਵੀ ਪਹਿਰਾ ਦੇਈਏ।

(ਡਾ. ਸਿਮਰਨ ਸੇਠੀ) +91 99588 03313

Install Punjabi Akhbar App

Install
×