ਬਦਲੀ ਬਦਲੀ ਨੁਹਾਰ

sampadaki001ਪਿਛਲੇ ਤਕਰੀਬਨ ਇਕ ਮਹੀਨੇ ਤੋਂ ਭਾਰਤ ਫੇਰੀ ਤੇ ਹਾਂ। ਜਿਸ ਦੌਰਾਨ ਵੱਖ ਵੱਖ ਪਿੰਡਾਂ, ਸ਼ਹਿਰਾਂ, ਸਕੂਲਾਂ ਕਾਲਜਾਂ ਅਤੇ ਯੂਨੀਵਰਸਿਟੀਜ਼ ‘ਚ ਜਾਣ ਦਾ ਮੌਕਾ ਮਿਲਿਆ। ਵੱਖ-ਵੱਖ ਕਿਸਮ ਦੇ ਲੋਕਾਂ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਿਆ। ਤੇਜੀ ਨਾਲ ਬਦਲਦੇ ਸੰਸਾਰ ‘ਚ ਹਰ ਚੀਜ਼ ‘ਚ ਬਦਲਾਓ ਹੋਣਾ ਲਾਜ਼ਮੀ ਹੈ। ਸੋ ਬਹੁਤ ਸਾਰੇ ਬਦਲਾਓ ਇਹੋ ਜਿਹੇ ਦੇਖਣ ਨੂੰ ਮਿਲੇ ਜਿਨ੍ਹਾਂ ਦੀ ਨਜ਼ਰਾਂ ਨੂੰ ਤਲਾਸ਼ ਸੀ। ਪਰ ਕੁਝ ਕੁ ਬਦਲਾਅ ਇਹੋ ਜਿਹੇ ਵੀ ਦੇਖਣ ਨੂੰ ਮਿਲ ਰਹੇ ਹਨ ਜੋ ਸੋਚ ਤੋਂ ਬਾਹਰ ਦੀ ਗੱਲ ਹਨ। ਮਸਲਨ ਕੱਲ੍ਹ ਹੀ ਆਪਣੇ ਪਿੰਡ ‘ਚ ਅਚਾਨਕ ਇਕ ਫੇਰੀ ਵਾਲੇ ਦੀ ਆਵਾਜ਼ ਕੰਨੀ ਪਈ, ਪਹਿਲੀ ਵਾਰ ‘ਚ ਸਮਝ ਨਹੀਂ ਆਇਆ ਕਿ ਇਹ ਭਾਈ ਕੀ ਵੇਚਣ ਦਾ ਹੋਕਾ ਦੇ ਰਿਹਾ। ਘਰੋਂ ਬਾਹਰ ਆ ਕੇ ਦੇਖਿਆ ਤਾਂ ਇਕ ਛੋਟੇ ਜਿਹੇ ਟੈਂਪੂ ਤੇ ਇਕ ਭਾਈ ਏਅਰਟੈੱਲ ਦੇ ਸਿੰਮ ਵੇਚ ਰਿਹਾ ਸੀ। ਜਦ ਉਸ ਕੋਲ ਜਾ ਕੇ ਉਸ ਨਾਲ ਗੱਲਬਾਤ ਕੀਤੀ ਤਾਂ ਪਤਾ ਚੱਲਿਆ ਕਿ ਬਿਲਕੁਲ ਅਨਪੜ੍ਹ ਬੰਦਾ ਆਧੁਨਿਕਤਾ ਬਾਰੇ ਡੱਕਾ ਪਤਾ ਨਹੀਂ, ਫੇਰ ਵੀ ਆਪਣੇ ਗਾਹਕਾਂ ਨੂੰ ਮੋਟੀਆਂ-ਮੋਟੀਆਂ ਗੱਲਾਂ ਦੱਸ ਕੇ, ਫ਼ੋਨ ਕਸਟਮਰ ਕੇਅਰ ਨੂੰ ਮਿਲਾ ਕੇ ਗਾਹਕ ਦੇ ਕੰਨ ਨੂੰ ਲਾ ਦੇਵੇ। ਆਖੇ ਜੇ ਕੁਝ ਹੋਰ ਪੁੱਛਣਾ ਤਾਂ ਆਹ ਬੀਬੀ ਨੂੰ ਪੁੱਛ ਲਓ। ਹੈਰਾਨ ਹੋ ਕੇ ਪੁੱਛਿਆ ਕਿ ਅੱਜ ਕੱਲ੍ਹ ਤਾਂ ਬਹੁਤ ਸਾਰੇ ਪੜ੍ਹੇ ਲਿਖੇ ਨੌਜਵਾਨ ਬੇਰੁਜ਼ਗਾਰ ਫਿਰਦੇ ਹਨ ਫੇਰ ਤੁਹਾਨੂੰ ਕੰਪਨੀ ਨੇ ਕਿਵੇਂ ਰੱਖ ਲਿਆ। ਉਹ ਕਹਿੰਦਾ ਆਪਾਂ ਤਾਂ ਸਿੰਗਲੇ ਦੀ ਦੁਕਾਨ ਤੋਂ ਉਧਾਰ, ਆਹ ਮੋਬਾਈਲ ਤੇ ਕਾਰਡ ਜੇ ਚੁੱਕ ਲਿਆਉਣੇ ਹਾਂ ਤੇ ਆਥਣ ਨੂੰ ਹਿਸਾਬ ਕਿਤਾਬ ਕਰ ਲਈਦਾ।
ਬਹੁਤ ਸਾਰੇ ਵਿੱਦਿਅਕ ਅਦਾਰਿਆਂ ‘ਚ ਬੱਚਿਆਂ ਨਾਲ ਨੌਜਵਾਨਾਂ ਨਾਲ ਰੂਬਰੂ ਹੋਣ ਦਾ ਮੌਕਾ ਮਿਲਿਆ। ਭਾਵੇਂ ਵੱਖ ਵੱਖ ਵਿਸ਼ਿਆਂ ਦੇ ਵਿਦਿਆਰਥੀਆਂ ਨਾਲ ਉਨ੍ਹਾਂ ਦੇ ਵਿਸ਼ਿਆਂ ਤੇ ਗੱਲਬਾਤ ਕਰਨ ਦਾ ਮੌਕਾ ਮਿਲਿਆ ਪਰ ਆਖ਼ਿਰ ‘ਚ ਬੱਚਿਆਂ ਦਾ ਇੱਕ ਹੀ ਸਵਾਲ ਹੁੰਦਾ ਸੀ ਕਿ ਵਿਦੇਸ਼ ਕਿਵੇਂ ਜਾਇਆ ਜਾ ਸਕਦਾ ਹੈ। ਇਕ ਪਾਸੇ ਸਰਕਾਰਾਂ ਦਾਅਵੇ ਕਰ ਰਹੀਆਂ ਕਿ ਆਉਣ ਵਾਲੇ ਕੁਝ ਸਾਲਾਂ ਨੂੰ ਭਾਰਤ ਦਾ ਵੀਜ਼ਾ ਲੈਣ ਲਈ ਲੋਕ ਤਰਲੇ ਕੱਢਿਆ ਕਰਨਗੇ ਤੇ ਭਾਰਤ ਦੀ ਕਰੰਸੀ ਏਨੀ ਕੁ ਪਾਵਰ ਫੁਲ ਹੋ ਜਾਵੇਗੀ ਕਿ ਭਾਰਤ ਦਾ ਨੌਜਵਾਨ ਵਿਦੇਸ਼ ਵੱਲ ਮੂੰਹ ਨਹੀਂ ਕਰੇਗਾ। ਪਰ ਅੱਜ ਦੀ ਘੜੀ ਇਹੋ ਜਿਹੀ ਰਹਿਮਤਾਂ ਦੀ ਬਰਸਾਤ ਦੀ ਕੋਈ ਸੰਭਾਵਨਾ ਦਿਖਾਈ ਨਹੀਂ ਦਿੰਦੀ। ਕਿਉਂਕਿ ਮੀਂਹ ਵੀ ਕਦੇ ਸੁਕੇ ਅਸਮਾਨੀ ਨਹੀਂ ਪੈਂਦੇ ਦੇਖੇ ਗਏ। ਕੁਝ ਵਕਤ ਤਾਂ ਲਗਦਾ ਤਿਤਰਫੰਗੀ ਨੂੰ ਕਾਲੀਆਂ ਘਟਾਵਾਂ ‘ਚ ਤਬਦੀਲ ਹੋ ਕੇ ਵਰ੍ਹਨ ‘ਚ। ਫ਼ਿਲਹਾਲ ਤਾਂ ਬੇਰੁਜ਼ਗਾਰੀ ਦੀ ਬੂ ਹਰ ਗਲੀ ਮੁਹੱਲੇ ‘ਚੋਂ ਆ ਰਹੀ ਹੈ। ਜੇ ਕੁਝ ਬਦਲਾਅ ਦੇ ਆਸਾਰ ਦਿਖੇ ਹਨ ਤਾਂ ਉਹ ਕੇਜ਼ਰੀਵਾਲ ਦੇ ਰੂਪ ਵਿਚ ਹਨ। ਪਿਛਲੇ ਵਰ੍ਹੇ ਜੋ ਸ਼ਿਕਵੇ ਕੇਜ਼ਰੀਵਾਲ ਦੇ ਸਨ ਕਿ ਉਨ੍ਹਾਂ ਨੂੰ ਪੂਰਨ ਬਹੁਮਤ ਨਹੀਂ ਮਿਲਿਆ, ਉਹ ਸਭ ਦਿੱਲੀ ਦੀ ਜਨਤਾ ਨੇ ਦੂਰ ਕਰ ਦਿੱਤੇ ਹਨ। ਦੇਖਣਾ ਬਣਦਾ ਹੈ ਕਿ ਉਹ ਕਿਸ ਤਰ੍ਹਾਂ ਨਾਲ ਸਿਆਸਤ ਰੂਪੀ ਗੰਦਗੀ ਵਿੱਚ ਵੜ ਕੇ, ਆਪਣਾ ਦਾਮਨ ਸਾਫ਼ ਰੱਖਦੇ ਹੋਏ ਇਸ ਨੂੰ ਸਾਫ਼ ਕਰਨ ‘ਚ ਕਾਮਯਾਬ ਹੁੰਦੇ ਹਨ ਕਿ ਨਹੀਂ। ਸੰਭਾਵਨਾਵਾਂ ਜਾਗੀਆਂ ਹਨ, ਉਮੀਦ ਇਹੀ ਕੀਤੀ ਜਾ ਰਹੀ ਹੈ ਕਿ ਨੌਜਵਾਨਾਂ ਲਈ ਵਿਦੇਸ਼ ਨਾਲੋਂ ਦੇਸ਼ ਜੰਨਤ ਦਾ ਰੂਪ ਧਾਰਨ ਕਰਨ ਦੇ ਰਾਹ ਪੈ ਰਿਹਾ ਹੈ। ਚਮਤਕਾਰ ਵੀ ਹੋ ਸਕਦੇ ਹਨ ਇਸ ਗੱਲ ਨੂੰ ਸਾਬਿਤ ਕਰ ਦਿਖਾਇਆ ਹੈ ਆਪ ਪਾਰਟੀ ਨੇ। ਪਰ ਇਕੋ ਰਾਤ ‘ਚ ਇਹੋਜਿਹੇ ਚਮਤਕਾਰ ਨਹੀਂ ਹੁੰਦੇ। ਇਸ ਪਿੱਛੇ ਵਰ੍ਹਿਆਂ ਦੀ ਮਿਹਨਤ ਵੀ ਲਗਦੀ ਹੈ। ਕੇਜਰੀਵਾਲ ਨੂੰ ਜਾਨਣ ਵਾਲੇ ਜਾਣਦੇ ਹਨ ਕਿ ਅੱਜ ਤੋਂ ਤਕਰੀਬਨ ੧੫ ਸਾਲ ਪਹਿਲਾਂ ਵੀ ਜਦੋਂ ਅਸੀਂ ਕੰਨ ਪਰਨੇ ਸੁੱਤੇ ਪਏ ਹੁੰਦੇ ਸੀ ਉਸ ਵਕਤ ਉਹ ਗਲੀ ਮੁਹੱਲਿਆਂ ‘ਚ ਨੁੱਕੜ ਮੀਟਿੰਗਾਂ ਕਰ ਕਰ ਲੋਕਾਂ ‘ਚ ਜਾਗ੍ਰਿਤੀ ਦਾ ਹੋਕਾ ਦਿੰਦਾ ਹੁੰਦਾ ਸੀ। ਸੋ ਲੋੜ ਹੈ ਹੁਣ ਉਹਨਾਂ ਨੂੰ ਵਕਤ ਦੇਣ ਦੀ ਤਾਂ ਕਿ ਉਹ ਮਾੜੇ ਸਿਸਟਮ ਨੂੰ ਪੱਕੇ ਤੌਰ ਤੇ ਸੁਧਾਰ ਕਰ ਸਕਣ। ਆਪ ਦੀ ਦਿੱਲੀ ‘ਚ ਦਿਖਾਈ ਕਾਰਗੁਜਾਰੀ ਨੇ ਜਿਥੇ ਸਾਰੇ ਮੁਲਕ ‘ਚ ਹਲਚਲ ਪੈਦਾ ਕੀਤੀ ਹੈ ਉਥੇ ਇਤਿਹਾਸ ਗਵਾਹ ਹੈ ਕਿ ਹਰ ਬਾਰ ਪਹਿਲ ਪੰਜਾਬ ਨੇ ਕੀਤੀ ਹੈ। ਇਸ ਬਾਰ ਵੀ ਨਜ਼ਰਾਂ ਪੰਜਾਬ ਤੇ ਟਿੱਕ ਗਈਆਂ ਹਨ। ਭਾਵੇਂ ਹਾਲੇ ਗੱਲ ਕਰਨੀ ਸਮੇ ਤੋਂ ਪਹਿਲਾਂ ਦੀ ਗੱਲ ਹੈ ਕਿਉਂਕਿ ਹਾਲੇ ਪੰਜਾਬ ਚੋਣਾਂ ‘ਚ ਲੰਮਾਂ ਵਕਤ, ਪਰ ਫੇਰ ਵੀ ਜੇ ਹੁਣ ਆਪ ਵੇਲਾ ਸਾਂਭ ਲੈਂਦੀ ਹੈ ਤਾਂ ਅਗਲੀ ਜਿੱਤ ਪੰਜਾਬ ਵਿਚ ਤਹਿ ਲੱਗ ਰਹੀ ਹੈ।
ਤੀਜਾ ਮਸਲਾ ਮੋਦੀ ਦੀ ਸਫ਼ਾਈ ਲਹਿਰ ਦਾ; ਭਾਵੇਂ ਮੋਦੀ ਲਹਿਰ ਦਾ ਜਵਾਬ ਦਿੱਲੀ ਦੀਆਂ ਚੋਣਾ ਦੇ ਚੁੱਕੀਆਂ ਹਨ। ਫੇਰ ਵੀ ਮੋਦੀ ਦੀ ਸਫ਼ਾਈ ਲਹਿਰ ਕੀਤੇ ਨਾ ਕਿਤੇ ਆਪਣੇ ਰੰਗ ਦਿਖਾ ਰਹੀ ਹੈ। ਜਿੱਥੇ ਵੀ ਜਾਣ ਦਾ ਮੌਕਾ ਮਿਲਿਆ ਉਥੇ ਇਹ ਗੱਲ ਦੇਖੀ ਗਈ ਕਿ ਛੋਟੀਆਂ ਛੋਟੀਆਂ ਮਾਰਕੀਟ ‘ਚ ਸਫ਼ਾਈ ਰੱਖਣ ਲਈ ਕੂੜਾਦਾਨ ਰੱਖੇ ਦਿਖਾਈ ਦੇ ਰਹੇ ਹਨ। ਇਹ ਬਦਲਾਅ ਵੱਲ ਪੁੱਟਿਆ ਪਹਿਲਾ ਕਦਮ ਦਿਖਾਈ ਦੇ ਰਿਹਾ। ਲੋੜ ਹੈ ਇਸ ਨੂੰ ਸਿਰਫ਼ ‘ਮੋਦੀ ਲਹਿਰ’ ਕਰਕੇ ਨਾ ਬਲਕਿ ਇਕ ‘ਲੋਕ ਲਹਿਰ’ ਦੇ ਤੌਰ ਤੇ ਅਪਣਾਇਆ ਜਾਵੇ ਅਤੇ ਜਾਰੀ ਰੱਖਿਆ ਜਾਵੇ।

Install Punjabi Akhbar App

Install
×