ਕਿਸੇ ਸ਼ਹਿਰ ਵਿੱਚ ਟੋਨੀ ਨਾਮ ਦੇ ਇੱਕ ਲੜਕੇ ਦਾ ਕਿਸੇ ਲੜਕੀ ਨਾਲ ਚੱਕਰ ਚੱਲ ਰਿਹਾ ਸੀ, ਜਿਸ ਬਾਰੇ ਉਸ ਦੇ ਘਰ ਵਾਲਿਆਂ ਨੂੰ ਵੀ ਪਤਾ ਚੱਲ ਚੁੱਕਾ ਸੀ। ਪਰਿਵਾਰ ਨੇ ਟੋਨੀ ਨੂੰ ਸਮਝਾਇਆ ਕਿ ਲੜਕੀ ਦੇ ਭਰਾ ਸਿਰੇ ਦੇ ਵੈਲੀ ਤੇ ਬਦਮਾਸ਼ ਕਿਸਮ ਦੇ ਬੰਦੇ ਹਨ। ਜੇ ਉਨ੍ਹਾਂ ਨੂੰ ਪਤਾ ਲੱਗ ਗਿਆ ਤਾਂ ਉਹ ਤੇਰੀਆਂ ਲੱਤਾਂ ਤਾਂ ਤੋੜਨਗੇ ਹੀ, ਸਾਡੇ ਵਾਸਤੇ ਵੀ ਮੁਸੀਬਤ ਪੈਦਾ ਹੋ ਸਕਦੀ ਹੈ। ਟੋਨੀ ਦੇ ਸਿਰ ‘ਤੇ ਇਸ਼ਕ ਦਾ ਭੂਤ ਸਵਾਰ ਸੀ, ਇਸ ਲਈ ਉਹ ਇੱਕ ਕੰਨੋਂ ਸੁਣਦਾ ਤੇ ਦੂਸਰੇ ਕੰਨੋਂ ਕੱਢ ਦਿੰਦਾ। ਲੜਕੀ ਵੀ ਟੋਨੀ ਦੇ ਇਸ਼ਕ ਵਿੱਚ ਬੁਰੀ ਤਰਾਂ ਗ੍ਰਿਫਤਾਰ ਹੋ ਚੁੱਕੀ ਸੀ।
ਇੱਕ ਦਿਨ ਕਿਸੇ ਕੈਦੋਂ ਨੇ ਲੜਕੀ ਦੇ ਭਰਾਵਾਂ ਨੂੰ ਇਸ ਚੱਕਰ ਬਾਰੇ ਮੁਖਬਰੀ ਕਰ ਦਿੱਤੀ। ਅੱਗ ਬਬੂਲੇ ਹੋਏ ਭਰਾਵਾਂ ਨੇ ਪਹਿਲਾਂ ਤਾਂ ਚੰਗੀ ਤਰਾਂ ਥਪੜਾਈ ਕਰ ਕੇ ਆਪਣੀ ਲੜਕੀ ਦਾ ਦਿਮਾਗ ਦਰੁੱਸਤ ਕੀਤਾ ਤੇ ਫਿਰ ਟੋਨੀ ਨੂੰ ਜਾ ਢਾਹਿਆ। ਚੰਗੀ ਤਰਾਂ ਕੁੱਟ ਮਾਰ ਕਰ ਕੇ ਉਸ ਦੀਆਂ ਲੱਤਾਂ ਬਾਹਾਂ ਤੋੜ ਦਿੱਤੀਆਂ ਤੇ ਬੂਥੇ ‘ਤੇ ਪਾਕਿਸਤਾਨ ਦਾ ਨਕਸ਼ਾ ਵਾਹ ਦਿੱਤਾ। ਜਦੋਂ ਉਹ ਕੁੱਟ ਕੁੱਟ ਕੇ ਥੱਕ ਗਏ ਤਾਂ ਟੋਨੀ ਦੇ ਘਰ ਵਾਲਿਆਂ ਨੂੰ ਸੁਨੇਹਾਂ ਭੇਜ ਦਿੱਤਾ ਕਿ ਆ ਕੇ ਆਪਣੇ ਰਾਂਝੇ ਨੂੰ ਸਾਂਭ ਲਉ। ਘਰ ਵਾਲਿਆਂ ਨੇ ਟੋਨੀ ਨੂੰ ਚੁੱਕ ਕੇ ਸਰਕਾਰੀ ਹਸਪਤਾਲ ਦੀ ਚੂਹਿਆਂ ਨਾਲ ਭਰੀ ਐਮਰਜੈਂਸੀ ਵਾਰਡ ਵਿੱਚ ਦਾਖਲ ਕਰਵਾ ਦਿੱਤਾ ਪਰ ਲੜਕੀ ਦੇ ਮੁਸ਼ਟੰਡੇ ਭਰਾਵਾਂ ਤੋਂ ਡਰਦਿਆਂ ਪੁਲਿਸ ਕੋਲ ਜਾਣ ਦੀ ਹਿੰਮਤ ਨਾ ਕੀਤੀ। ਦੋ ਚਾਰ ਦਿਨਾਂ ਬਾਅਦ ਜਦੋਂ ਟੋਨੀ ਕੁਝ ਬੋਲਣ ਸੁਣਨ ਦੇ ਕਾਬਲ ਹੋਇਆ ਤਾਂ ਉਸ ਦਾ ਪਿਉ ਗੁੱਸੇ ਨਾਲ ਗਰਜਿਆ, ”ਚਵਲੇ ਜ਼ਮਾਨੇ ਦੀਏ, ਅਸੀਂ ਤੈਨੂੰ ਸਮਝਾਉਂਦੇ ਮਰ ਗਏ ਕਿ ਛੱਡ ਦੇ ਇਹ ਆਸ਼ਕੀ ਮਾਸ਼ੂਕੀ। ਪਰ ਲੱਖ ਸਮਝਾਉਣ ਬਾਵਜੂਦ ਤੂੰ ਸਾਡੀ ਇੱਕ ਨਾ ਮੰਨੀ। ਹੁਣ ਚੰਗਾ ਰਿਹਾਂ?” ਪਰ ਮਹਾਂ ਢੀਠ ਟੋਨੀ ਨੇ ਆਪਣੀਆਂ ਬਚੀਆਂ ਖੁਚੀਆਂ ਦੰਦੀਆਂ ਵਿਖਾਉਂਦੇ ਹੋਏ ਆਪਣੇ ਪਿਉ ਨੂੰ ਗਜ਼ਬਨਾਕ ਜਵਾਬ ਦਿੱਤਾ, ”ਸਾਰੀ ਗਲਤੀ ਤੁਹਾਡੀ ਹੈ। ਅਸਲ ਵਿੱਚ ਤੁਸੀਂ ਮੈਨੂੰ ਉਸ ਤਰਾਂ ਸਮਝਾਇਆ ਹੀ ਨਹੀਂ ਸੀ, ਜਿਸ ਤਰਾਂ ਲੜਕੀ ਦੇ ਭਰਾਵਾਂ ਨੇ ਸਮਝਾਇਆ ਹੈ।”