ਸਿਜਦਾ: ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਨੂੰ

– ਗੁਰਦੁਆਰਾ ਨਾਨਕਸਰ ਠਾਠ ਵਿਖੇ ਸ਼ਹੀਦੀ ਸਮਾਗਮ ਫਤਹਿਗੜ੍ਹ ਸਾਹਿਬ ਦੀ ਸੰਗਤ ‘ਚ ਰਿਹਾ ਭਾਰੀ ਉਤਸ਼ਾਹ

(ਭਾਈ ਜੋਗਿੰਦਰ ਸਿੰਘ ਦਿੱਲੀ ਵਾਲਿਆਂ ਦਾ ਰਾਗੀ ਜੱਥਾ ਕੀਰਤਨ ਕਰਦਿਆਂ)
(ਭਾਈ ਜੋਗਿੰਦਰ ਸਿੰਘ ਦਿੱਲੀ ਵਾਲਿਆਂ ਦਾ ਰਾਗੀ ਜੱਥਾ ਕੀਰਤਨ ਕਰਦਿਆਂ)

ਔਕਲੈਂਡ 24  ਦਸੰਬਰ -ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਧਰਮ ਪ੍ਰਤੀ ਦ੍ਰਿੜ ਰਹਿਣ ਲਈ ਦਿੱਤੀ ਸ਼ਹੀਦੀ ਕੁੱਲ ਦੁਨੀਆ ਦੇ ਵਿਚ ਨਿਵੇਕਲੀ ਹੈ। ਹਰ ਸਾਲ ਇਨ੍ਹਾਂ ਦੀ ਯਾਦ ਵਿਚ ਦੇਸ਼-ਵਿਦੇਸ਼ ਸ਼ਹੀਦੀ ਦਿਹਾੜੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਤੇ ਸਿੱਖਿਆਵਾਂ ਨੂੰ ਆਪਣੇ ਜੀਵਨ ਵਿਚ ਢਾਲਣ ਦੇ ਉਪਦੇਸ਼ ਦਿੱਤੇ ਜਾਂਦੇ ਹਨ। ਅੱਜ ਨਿਊਜ਼ੀਲੈਂਡ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਅੰਦਰ ਅਜਿਹੇ ਸ਼ਹੀਦੀ ਸਮਾਗਮ ਕੀਤੇ ਗਏ। ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ ਵਿਖੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਨਾਲ ਸਬੰਧਿਤ ਸੰਗਤਾਂ ਨੇ  ਸਮੁੱਚੀ ਸੰਗਤ ਦੇ ਸਹਿਯੋਗ ਨਾਲ ਸ੍ਰੀ ਅਖੰਠ ਪਾਠ ਆਰੰਭ ਕਰਵਾਏ ਹੋਏ ਸਨ ਜਿਨ੍ਹਾਂ ਦੇ ਭੋਗ ਉਪਰੰਤ ਕੀਰਤਨ ਦੀਵਾਨ ਸਜੇ।   ਜਿਸ ਵਿਚ ਹਜ਼ੂਰੀ ਰਾਗੀ ਭਾਈ ਜੋਗਿੰਦਰ ਸਿੰਘ ਦਿੱਲੀ ਵਾਲਿਆਂ ਨੇ ਰਸਭਿੰਨਾ ਸ਼ਬਦ ਕੀਰਤਨ ਕੀਤਾ ਅਤੇ ਗੁਰ ਵਿਚਾਰਾਂ ਕਰਕੇ ਸੰਗਤਾਂ ਨੂੰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਅਦੁੱਤੀ ਸ਼ਹਾਦਤ ਤੋਂ ਜਾਣੂ ਕਰਵਾਇਆ। ਕਵੀਸ਼ਰ ਭਾਈ ਹਰਜਿੰਦਰ ਸਿੰਘ ਐਮ. ਏ. ਅਤੇ ਭਾਈ ਸਰਵਣ ਸਿੰਘ ਨੇ ਕਾਵਿ ਪ੍ਰਸੰਗ ਸੁਣਾ ਕੇ ਇਤਿਹਾਸ ਉਤੇ ਝਾਤ ਪਵਾਈ। ਸੰਗਤਾਂ ਲਈ ਵਿਸ਼ੇਸ਼ ਤੌਰ ‘ਤੇ ਗੁਰੂ ਕੇ ਲੰਗਰਾਂ ਵਿਚ ਸ਼ਰਦਾਈ ਵੀ ਵਰਤਾਈ ਗਈ।