ਸਾਡਾ ਪੰਜਾਬ-ਸਾਡੀ ਜ਼ਿੰਮੇਵਾਰੀ: ਨਿਊਜ਼ੀਲੈਂਡ ‘ਚ ਸ. ਸੱਜਣ ਸਿੰਘ ਚੀਮਾ ਦੇ ਪ੍ਰੇਰਨਾ ਸਰੋਤ ਸ਼ਬਦਾਂ ਨੇ ਆਮ ਆਦਮੀ ਪਾਰਟੀ ਵਰਕਰਾਂ ਦਾ ਵਧਾਇਆ ਉਤਸ਼ਾਹ

NZ PIC 19 March-1ਸਾਡਾ ਪੰਜਾਬ-ਸਾਡੀ ਜ਼ਿੰਮੇਵਾਰੀ ਦਾ ਅਹਿਸਾਸ ਦਿਲ ਅੰਦਰ ਸਮਾ ਨਿਊਜ਼ੀਲੈਂਡ ਵਸਦੇ ਬਹੁਤ ਸਾਰੇ ਪਰਵਾਸੀ ਪੰਜਾਬੀ ਅੱਜਕੱਲ੍ਹ ਆਮ ਆਦਮੀ ਪਾਰਟੀ ਸੰਗ ਮੋਢੇ ਨਾਲ ਮੋਢਾ ਮਿਲਾ ਕੇ ਇਸ ਗੱਲ ਦਾ ਸਪਸ਼ਟ ਸੁਨੇਹਾ ਦੇਣਾ ਚਾਹੁੰਦੇ ਹਨ ਕਿ ਅਸੀਂ ਪੰਜਾਬ ਦੇ ਪ੍ਰਸ਼ਾਸ਼ਣ (ਸੁਧਾਰਵਾਦੀ ਸਿਸਟਮ) ਵਿਚ ਬਦਲਾਅ ਚਾਹੁੰਦੇ  ਹਾਂ। ਇਸ ਗੱਲ ਦਾ ਪ੍ਰਤੱਖ ਪ੍ਰਮਾਣ ਬੀਤੀ ਰਾਤ ਇਥੇ ਆਮ ਆਦਮੀ ਪਾਰਟੀ ਦੇ ਨਿਸ਼ਕਾਮ ਵਰਕਰਾਂ ਵੱਲੋਂ ਪੰਜਾਬ ਤੋਂ ਆਏ ਅਰਜਨ ਐਵਾਰਡੀ ਅਤੇ ਆਮ ਆਦਮੀ ਪਾਰਟੀ  ਦੇ ਮੁੱਖ ਦਫਤਰ (ਦਿੱਲੀ) ਵੱਲੋਂ ਭੇਜੇ ਗਏ ਸ. ਸੱਜਣ ਸਿੰਘ ਚੀਮਾ ਦੀ ਡਿਨਰ ਪਾਰਟੀ ਦੇ ਵਿਚ ਦਿੱਤਾ ਗਿਆ। 100 ਤੋਂ ਵੱਧ ਸ਼ਾਮਿਲ ਹੋਏ ਪਾਰਟੀ ਵਰਕਰਾਂ ਨੇ ਬਹੁਤ ਸੋਹਣਾ ਬੈਠਣ ਦਾ ਪ੍ਰਬੰਧ ਕੀਤਾ ਸੀ, ਪੂਰੇ ਹਾਲ  ਦੇ ਵਿਚ ਪਾਰਟੀ ਦੇ  ਉਦੇਸ਼ ਵਾਲੇ ਬੈਨਰ ਲੱਗੇ ਸਨ। ਬਹੁਤ ਸਾਰੇ ਵਰਕਰਾਂ ਨੇ ਹਾਲ ਨੂੰ ਸਜਾਉਣ ਦਾ ਕੰਮ ਵੀ ਕੀਤਾ। ਰਾਤ 8 ਤੋਂ 11 ਤੱਕ ਚੱਲੀ ਇਸ ਸਮਾਗਮ ਵਿਚ ਪਹੁੰਚੇ ਸ. ਸੱਜਣ ਸਿੰਘ ਚੀਮਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ”ਉਨ੍ਹਾਂ ਨੇ ਸਾਰਾ ਕੁਝ ਜਾਂਚ ਪਰਖ ਕੇ ਆਪਣੀ ਉਚ ਨੌਕਰੀ ਛੱਡੀ ਹੈ ਅਤੇ ਆਮ ਆਦਮੀ ਪਾਰਟੀ ਨਾਲ ਸਾਂਝ ਪਾਈ ਹੈ।” ਉਨ੍ਹਾਂ ਕਿਹਾ ਕਿ ਸੋਹਣੇ ਪੰਜਾਬ ਨੂੰ ਬਚਾਉਣ ਦੇ ਲਈ ਜੇਕਰ ਉਨ੍ਹਾਂ ਦੇ ਜੀਵਨ ਵਿਚੋਂ ਇਕ ਤੁਪਕੇ ਜਿੰਨਾ ਵੀ ਹਿੱਸਾ ਪੈ ਜਾਵੇ ਤਾਂ ਉਹ ਆਪਣੇ ਆਪ ਨੂੰ ਭਾਗਸ਼ਾਲੀ ਸਮਝਣਗੇ। ਉਨ੍ਹਾਂ ਆਮ ਆਦਮੀ ਪਾਰਟੀ ਦੇ ਦੂਰ ਅੰਦੇਸ਼ੀ ਅਤੇ ਪੰਜਾਬ ਦੇ ਵਿਗੜੇ ਹੋਏ ਸਿਸਟਮ ਨੂੰ ਦਰੁਸਤ ਕਰਨ ਦੀ ਭਵਿੱਖਤ ਯੋਜਨਾ ਬਾਰੇ ਵੀ ਇਸ਼ਾਰਾ ਕੀਤਾ। ਸ. ਚੀਮਾ ਨੇ ਕਿਹਾ ਕਿ ਮੌਜੂਦਾ ਸਰਕਾਰਾਂ ਪੰਜਾਬ ਦੇ ਲੋਕਾਂ ਨੂੰ ਦਾਲਾਂ ਅਤੇ ਆਟੇ ਤੱਕ ਹੀ ਸੀਮਤ ਰੱਖ ਕੇ ਖੁਸ਼ ਕਰਨ ਦੀ ਕੋਸ਼ਿਸ਼ ਵਿਚ ਰਹੀਆਂ ਹਨ ਜਦ ਕਿ ਅੱਜ ਦੇ ਪੜ੍ਹੇ-ਲਿਖੇ ਨੌਜਵਾਨ ਵਰਗ ਨੂੰ ਨੌਕਰੀ, ਸਿਹਤ ਸੰਭਾਲ ਅਤੇ ਦੁਨੀਆ ਦੇ ਬਰਾਬਰ ਖੜ੍ਹਨ ਦੀ ਲੋੜ ਹੈ।  ਪੰਜਾਬ ਦੇ ਵਿਚ ਨਸ਼ਿਆਂ ਦੀ ਗੱਲ ਕਰਦਿਆਂ ਕਿਹਾ ਕਿ ਸਰਕਾਰਾਂ ਸਰਹੱਦਾਂ ਨੂੰ ਇਸ ਦੀਆਂ ਦੋਸ਼ੀਆਂ ਠਹਿਰਾਉਂਦੀਆਂ ਹਨ ਪਰ ਸਰਕਾਰਾਂ ਇਹ ਨਹੀਂ ਦਸਦੀਆਂ ਕਿ ਜ਼ੇਲ੍ਹਾਂ ਦੇ ਵਿਚ ਅਤੇ ਪਿੰਡਾਂ ਦੇ ਵਿਚ ਨਸ਼ਾ ਕਿਵੇਂ ਪਹੁੰਚ ਰਿਹਾ ਹੈ।? ਬਾਰਾਂ ਹਜ਼ਾਰ ਤੋਂ ਵੱਧ ਪਿੰਡਾਂ ਦੀ ਗੱਲ ਕਰਦਿਆਂ ਕਿਹਾ ਕਿ ਹਰ ਪਿੰਡ ਦੇ ਵਿਚ ਦਰਜਨਾਂ ਦੀ ਗਿਣਤੀ ਵਿਚ ਬੱਚੇ ਨਸ਼ਿਆਂ ਦੀ ਭੇਟ ਚੜ੍ਹ ਚੁੱਕੇ ਹਨ ਤੇ ਪਰਿਵਾਰਾਂ ਦੀ ਹਾਲਤ ਤਰਸਯੋਗ ਬਣੀ ਹੈਈ ਹੈ। ਕਿਸਾਨੀ ਮਰ ਰਹੀ ਹੈ। ਤਿੰਨ ਘੰਟੇ ਤੋਂ ਵੱਧ ਚੱਲੀ ਇਸ ਮੀਟਿੰਗ ਜਾਂ ਕਹਿ ਲਿਆ ਜਾਵੇ ਕਿ ਦੋ-ਤਰਫਾ ਖੁੱਲ੍ਹੀ ਗੱਲਬਾਤ ਦੇ ਦੌਰ ਵਿਚ ਨਿਊਜ਼ੀਲੈਂਡ ਵਸਦੇ ਬਹੁਤ ਸਾਰੇ ਪਾਰਟੀ ਸਹਿਯੋਗੀਆਂ ਨੇ ਸ. ਚੀਮਾ ਨੂੰ ਰਾਜਨੀਤਕ ਮਾਹੌਲ ਬਾਰੇ, ਮੌਜੂਦਾ ਹਲਾਤਾਂ ਬਾਰੇ ਅਤੇ ਕਿੱਥੇ-ਕਿੱਥੇ ਬਦਲਾਅ ਦੀ ਲੋੜ ਹੈ? ਬਾਰੇ ਖੁੱਲ੍ਹ ਕੇ ਪ੍ਰਸ਼ਨ-ਉਤਰ ਕੀਤੇ। ਪਾਰਟੀ ਵਰਕਰਾਂ ਨੂੰ ਸ. ਸੱਜਣ ਸਿੰਘ ਚੀਮਾ ਦੇ ਕਹੇ ਪ੍ਰੇਰਨਾ ਸਰੋਤ ਸ਼ਬਦਾਂ ਤੋਂ ਕਾਫੀ ਉਤਸ਼ਾਹ ਮਿਲਿਆ ਜੋ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਤੱਕ ਆਪਣੇ ਰੰਗ ਵਿਖਾਉਣ ਦੇ ਵਿਚ ਸਹਾਈ ਹੋਵੇਗਾ।
ਪ੍ਰੋਗਰਾਮ ਦੇ ਸ਼ੁਰੂ ਵਿਚ ਸ. ਹਰਜਿੰਦਰ ਸਿੰਘ ਮਾਨ ਨੇ ਆਏ ਸਾਰੇ ਮਹਿਮਾਨਾਂ, ਪਾਰਟੀ ਵਰਕਰਾਂ ਅਤੇ ਮੁੱਖ ਮਹਿਮਾਨ ਸ. ਸੱਜਣ ਸਿੰਘ ਚੀਮਾ ਨੂੰ ‘ਜੀ ਆਇਆ’ ਆਖਿਆ। ਇਸ ਉਪਰੰਤ ਸ੍ਰੀ ਰਾਜੀਵ ਬਾਜਵਾ ਨੇ ਮਾਈਕ ਸੰਭਾਲਦਿਆਂ ਸਭ ਤੋਂ ਪਹਿਲਾਂ ਪਹੁੰਚੇ ਹੋਏ ਪਰਿਵਾਰਾਂ ਨੂੰ ਸਟੇਜ ਉਤੇ ਬੁਲਾਇਆ ਅਤੇ ਉਨ੍ਹਾਂ ਦੇ ਦਿੱਤੇ ਜਾ ਰਹੇ ਸਹਿਯੋਗ ਨੂੰ ਪ੍ਰਵਾਨ ਕੀਤਾ। ਉਨ੍ਹਾਂ ਸ. ਖੜਗ ਸਿੰਘ ਹੋਰਾਂ ਵੱਲੋਂ ਨਿਊਜ਼ੀਲੈਂਡ ਦੇ ਵਿਚ ਸ਼ੁਰੂ ਹੋਈ ਆਮ ਆਦਮੀ ਪਾਰਟੀ  ਦੀ  ਲੰਬੇ ਸਫ਼ਰ ਵਾਲੀ ਗੱਡੀ ਨੂੰ ਇੰਜਣ ਵਾਂਗ ਸ਼ਕਤੀ ਦੇਣ ਦਾ ਵੀ ਧੰਨਵਾਦ ਕੀਤਾ। ਸਾਰੇ ਪਾਰਟੀ ਵਰਕਰ ਅਤੇ ਸਹਿਯੋਗੀ  ਇਸ ਮੀਟਿੰਗ ਦੇ ਵਿਚ ਪੰਜਾਬ ਪ੍ਰਤੀ ਆਪਣੀ ਬਣਦੀ ਜ਼ਿੰਮੇਵਾਰੀ ਨੂੰ ਨਿਭਾਉਦੇਂ ਜਾਪ ਰਹੇ ਸਨ। ਅੰਤ ਦੇ ਵਿਚ ਸ. ਖੜਗ ਸਿੰਘ ਹੋਰਾਂ ਆਏ ਸਾਰੇ ਮੈਂਬਰਜ਼, ਪਰਿਵਾਰਾਂ ਅਤੇ ਸ. ਸੱਜਣ ਸਿੰਘ ਚੀਮਾ ਦਾ ਧੰਨਵਾਦ ਕੀਤਾ। ਵਰਨਣਯੋਗ ਹੈ ਕਿ ਸ. ਸੱਜਣ ਸਿੰਘ ਚੀਮਾ ਇਥੇ ਵਸਦੇ ਨੈਸ਼ਨਲ ਪਾਰਟੀ ਦੇ ਮੈਂਬਰ ਸ. ਅਵਤਾਰ ਸਿੰਘ ਹਾਂਸ ਅਤੇ ਬੇਅ ਆਫ ਪਲੈਂਟੀ ਤੋਂ ਸ. ਅਮਰੀਕ ਸਿੰਘ ਪਟਵਾਰੀ ਦੇ ਨੇੜਲੇ ਰਿਸ਼ਤੇਦਾਰ ਹਨ।