ਪੰਚ ਪ੍ਰਧਾਨੀ ਪ੍ਰਥਾ ਦੇ ਸੰਸਥਾਪਕ, ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ

ਦੁਨੀਆ ਦੇ ਇਤਿਹਾਸ ਵਿੱਚ ਅਜਿਹੀ ਉਦਾਹਰਣ ਕਿਧਰੇ ਵੀ ਨਹੀ ਮਿਲੇਗੀ,ਜਿਹੋ ਜਿਹੀ ਲੋਕ ਇਨਕਲਾਬ ਦੇ ਬਾਨੀ, ਪੰਚ   ਪ੍ਰਧਾਨੀ ਪ੍ਰਥਾ ਦੇ ਸੰਸਥਾਪਕ,ਸਰਬੰਸਦਾਨੀ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੁਨੀਆਂ ਸਾਹਮਣੇ ਪੇਸ ਕੀਤੀ ਹੈ। ਸਿਰਫ ਨੌਂ ਸਾਲ ਦੀ ਛੋਟੀ ਜਿਹੀ ਉਮਰ ਵਿੱਚ ਕਸ਼ਮੀਰੀ ਪੰਡਤਾਂ ਦਾ ਧਰਮ ਬਚਾਉਂਣ ਲਈ ਆਪਣੇ ਪਿਤਾ ਨੂੰ ਕੁਰਬਾਨੀ ਦੇਣ ਲਈ ਹੱਥੀਂ ਤੋਰ ਦੇਣਾ।ਚਮਕੌਰ ਦੀ ਕੱਚੀ ਗੜ੍ਹੀ ਚੋਂ ਜੁਆਨੀ ਦੀ ਦਹਿਲੀਜ ਤੇ ਪੈਰ ਰੱਖਣ ਤੋਂ ਪਹਿਲਾਂ ਹੀ ਆਪਣੇ ਦੋ ਵੱਡੇ ਪੁੱਤਰਾਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਨੂੰ ਮੈਦਾਨ ਏ ਜੰਗ ਵਿੱਚ ਸ਼ਹੀਦ ਹੋਣ ਲਈ ਭੇਜ ਦੇਣਾ। ਉਧਰ ਸਰਹਿੰਦ ਦੇ ਠੰਡੇ ਬੁਰਜ ਵਿੱਚ ਬਿਰਧ ਮਾਤਾ ਗੁਜਰੀ ਜੀ ਅਤੇ ਦੀਵਾਰਾਂ ਵਿੱਚ ਸੱਤ ਤੇ ਨੌਂ ਸਾਲ ਦੀਆਂ ਨਿਕੀਆਂ ਜਿੰਦੜੀਆ, ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਨੂੰ ਵੀ ਸਿੱਖੀ ਦੀਆਂ ਨੀਂਹਾਂ  ਪੱਕੀਆਂ ਕਰਨ ਖ਼ਾਤਰ ਧਰਮ ਦੇ ਲੇਖੇ ਲਾ ਦੇਣਾ। ਇਹ ਅਦੁੱਤੀ ਮਸ਼ਾਲ ਦੁਨੀਆਂ ਵਿੱਚ ਹੋਰ ਕਿਸੇ ਵੀ ਗੈਰ ਸਿੱਖ ਧਾਰਮਿਕ ਰਹਿਬਰ,ਪੀਰ ਪੈਗੰਬਰ ਜਾਂ ਰਿਸ਼ੀ ਮੁਨੀ ਦੇ ਹਿੱਸੇ ਨਹੀ ਆਈ, ਜਿਹੜੀ ਦੂਜਿਆਂ ਲਈ ਆਪਣਾ ਪਰਿਵਾਰ ਵਾਰਕੇ ਸਿੱਖਾਂ ਦੇ ਗੁਰੂ ਗੋਬਿੰਦ ਸਿੰਘ ਨੇ ਪੈਦਾ ਕੀਤੀ।ਇਹਦੇ ਵਿੱਚ ਕੋਈ ਅਤਿਕਥਨੀ ਨਹੀ ਕਿ ਗੁਰੂ ਗੋਬਿੰਦ ਸਿੰਘ ਮਹਾਂਨ ਮਨੋਂ ਵਿਗਿਆਨੀ,ਮਹਾਨ ਦਾਰਸ਼ਨਿਕ ਅਤੇ ਮਹਾਂਨ ਯੋਧੇ ਸਨ।

ਸਿਰਫ 41 ਸਾਲ 9 ਮਹੀਨੇ ਦੀ ਉਮਰ ਵਿੱਚ ਮਨੁੱਖੀ ਜਾਮੇ ਵਿੱਚ ਵਿਚਰਦਿਆਂ ਉਹਨਾਂ ਨੇ ਜੋ ਅਲੌਕਿਕ ਕਾਰਨਾਮੇ ਇੱਕ ਸੰਤ ਸਿਪਾਹੀ ਜੋਧੇ ਜਰਨੈਲ ਵਜੋਂ ਜਾਂ ਇੱਕ ਦੂਰ ਅੰਦੇਸ ਦਾਰਸ਼ਨਿਕ ਵਿਦਵਾਨ ਵਜੋਂ ਕਰ ਦਿਖਾਏ,ਉਹ ਕਲਮਾਂ ਦੀ ਵੰਦਿਸ਼ ਤੋਂ ਪਰੇ ਦੀ ਗੱਲ ਹੈ।ਉਹਨਾਂ ਨੇ ਸਮਾਜ ਵਿੱਚ ਫੈਲੇ ਜਾਤਪਾਤ, ਊਚ ਨੀਚ ਦੇ ਜਾਤੀ ਜਮਾਤੀ ਕੋਹੜ੍ਹ ਅਤੇ ਹਕੂਮਤੀ ਜਬਰ ਜੁਲਮ ਨੂੰ ਗਹੁ ਨਾਲ ਵਾਚਿਆ ਤੇ ਅਨੁਭਵ ਕੀਤਾ, ਕਿ ਲਿਤਾੜਿਆ ਜਾ ਰਿਹਾ ਗਰੀਬ ਹਿੰਦੂ ਸਮਾਜ,  ਜਿੱਥੇ ਉੱਚ ਜਾਤੀਏ ਹਿੰਦੂਆਂ ਦਾ ਮਾਨਸਿਕ ਤੌਰ ਤੇ ਗੁਲਾਮ ਹੈ, ਉੱਥੇ ਉੱਚ ਜਾਤੀਏ ਹਿੰਦੂ ਸਮਾਜ ਬ੍ਰਾਹਮਣ ਤੇ ਖੱਤਰੀ ਨੂੰ ਵੀ ਮੁਗਲ ਸਾਸਕਾਂ ਦੀ ਕਰੋਪੀ ਦਾ ਸਿਕਾਰ ਹੋਣਾ ਪੈ ਰਿਹਾ ਹੈ। ਸੈਕੜੇ ਸਾਲਾਂ ਦੀ ਲੰਮੀ ਗੁਲਾਮੀ ਨੇ ਹਿੰਦੂ ਸਮਾਜ ਦੀ ਗੈਰਤ ਅਸਲੋਂ ਹੀ ਮਾਰ ਦਿੱਤੀ। ਕੋਈ ਵੀ ਹਿੰਦੂ, ਬਾਦਸ਼ਾਹ ਔਰੰਗਜੇਵ ਦੇ ਅਤਿਆਚਾਰ ਦਾ ਮੁਕਾਬਲਾ ਕਰਨ ਦੇ ਆਤਮਿਕ,ਮਾਨਸਿਕ ਅਤੇ ਸਰੀਰਕ ਤੌਰ ਤੇ ਸਮਰੱਥ ਨਹੀ ਸੀ ਰਿਹਾ, ਜਿਹੜਾ ਜਬਰ ਜੁਲਮ ਦਾ ਮੁਕਾਬਲਾ ਕਰਨ ਲਈ ਮੈਦਾਨ ਵਿੱਚ ਨਿੱਤਰ ਸਕਦਾ। ਨੌਵੇਂ ਗੁਰੂ ਤੇਗ ਬਹਾਦੁਰ ਸਹਿਬ ਜੀ ਦੀ ਸ਼ਹਾਦਤ ਤੋਂ ਵਾਅਦ ਪੈਦਾ ਹੋਏ ਹਾਲਾਤਾਂ ਦੇ ਮੱਦੇਨਜਰ ਦਸਵੇਂ ਗੁਰੂ ਸਾਹਿਬ ਨੇ ਸਿੱਖਾੰ ਨੂੰ ਅਜਿਹੀ ਸਕਲ ਦੇਣ ਦਾ ਮਨ ਬਣਾ ਲਿਆ, ਜਿਸ ਦੀ ਪਛਾਣ ਲੱਖਾਂ ਵਿੱਚ ਖੜਨ ਤੇ ਵੀ ਛੁਪ ਨਹੀ ਸਕੇਗੀ।ਜਿਵੇਂ ਬਗਲਿਆਂ ਵਿੱਚ ਹੰਸ,ਗਧਿਆਂ ਵਿੱਚ ਘੋੜਾ ਅਤੇ ਭੇਡਾਂ ਵਿੱਚ ਸੇਰ ਝੱਟ ਪਛਾਣਿਆਂ ਜਾਂਦਾ ਹੈ ਉਸੇ ਤਰਾਂ ਸਿੱਖ ਵੀ ਹਜਾਰਾਂ ਲੱਖਾਂ ਚ ਖੜਾ  ਦੁਨੀਆਂ ਤੋਂ ਨਿਆਰਾ ਹੋਵੇਗਾ।

ਸਿੱਖ ਦੀ ਵੱਖਰੀ ਪਛਾਣ ਲਈ ਵੱਖਰੇ ਧਰਮ ਅਤੇ ਨਿਆਰੀ ਕੌਮ ਦਾ ਗਠਨ ਏਸੇ ਆਸ਼ੇ ਦੀ ਪੂਰਤੀ ਲਈ ਕੀਤਾਂ, ਤਾਂ ਕਿ ਕੋਈ ਵੀ ਸਿੱਖ ਹਕੂਮਤੀ ਅਤਿਆਚਾਰ ਤੋਂ ਡਰਦਾ ਆਪਣੇ ਸਿੱਖ ਹੋਣ ਨੂੰ ਛੁਪਾਅ ਨਾ ਸਕੇ, ਬਲਕਿ ਆਪਣੇ ਸਿੱਖ ਹੋਣ ਤੇ ਮਾਣ ਕਰੇ ਤੇ ਔਰੰਗਜੇਬ ਵਰਗੇ ਜਾਲਮ ਦੇ ਜੁਲਮ ਨੂੰ ਟੱਕਰ ਦੇਕੇ ਲੜ ਮਰਨ ਨੂੰ ਹਮੇਸਾ ਤਿਆਰ ਬਰ ਤਿਆਰ ਰਹੇ।ਉਹਨਾਂ ਦਾ ਉਦੇਸ਼ ਮਿਟ ਚੁੱਕੀ ਹੋਂਦ ਨੂੰ ਪ੍ਰਗਟ ਕਰਕੇ ਇੱਕ ਬਿਲਕੁਲ ਨਵੇਂ ਧਰਮੀ ਇਨਕਲਾਬੀ ਵਿਚਾਰ ਨੂੰ ਅਮਲੀ ਰੂਪ ਦੇਣਾ ਸੀ। ਉਹਨਾਂ ਨੇ ਯੁੱਧ ਤੋਂ ਡਰਨ ਵਾਲੇ ਅਤੇ ਜੁਲਮ ਦੀ ਮਾਰ ਹੇਠ ਪੀੜੇ ਜਾ ਰਹੇ ਸਮਾਜ ਦੀ ਮਾਨਸਿਕਤਾ ਸੁਭ ਕਰਮਾਂ ਹਿੱਤ ਲੜ ਮਰਨ ਵਾਲੇ ਰੂਪ ਵਿੱਚ ਬਦਲ ਦਿੱਤੀ।ਆਪਣੇ ਇਸ ਮਹਾਂਨ ਕਾਰਜ ਦੀ ਪੂਰਤੀ ਲਈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਮਹਾਂਨ ਕਰਾਂਤੀਕਾਰੀ ਲਹਿਰ ਨੂੰ ਜਨਮ ਦਿੱਤਾ,ਇੱਕ ਵੱਖਰੀ ਪਛਾਣ ਵਾਲੀ ਨਵੀਂ ਨਿਰਾਲੀ ਕੌਂਮ ਸਿਰਜਕੇ ਦੁਨੀਆ ਦਾ ਪਹਿਲਾ ਧਰਮ ਅਧਾਰਤ ਰਾਜਸੀ ਇਨਕਲਾਵ ਲਿਆਉਂਣ ਦਾ ਮਾਣ ਹਾਸਲ ਕੀਤਾ।ਅਜਿਹਾ ਇਨਕਲਾਬ ਜਿਹੜਾ ਪੂਰੀ ਦੁਨੀਆਂ ਲਈ ਰਾਹ ਦਿਸੇਰਾ ਬਣਿਆਂ।

ਏਸੇ  ਖਾਲਸਾਹੀ ਸਿਧਾਂਤ ਨੂੰ ਅਪਣਾਕੇ ਹੀ ਤਕਰੀਬਨ ਸੌ ਸਾਲ ਦੇ ਵਕਫੇ ਵਾਅਦ ਕੋਮਨਿਸਟ ਵਿਚਾਰਧਾਰਾ ਦੇ ਬਾਨੀ “ਕਾਰਲ ਮਾਰਕਸ” ਨੇ ਦੁਨੀਆਂ ਭਰ ਦੇ ਮਜਦੂਰਾਂ ਨੂੰ ਇੱਕ ਹੋਣ ਦਾ ਨਾਹਰਾ ਦਿੱਤਾ,ਇਹਨਾਂ ਲੀਹਾਂ ਤੇ ਚੱਲਕੇ ਹੀ ਰੂਸ ਵਿੱਚ ਕਾਮਰੇਡ “ਵਲਾਦੀਮੀਰ ਇਲੀਅਚ ਲੈਨਿਨ” ਨੇ ਲਿਤਾੜੀ ਜਾ ਰਹੀ ਪਰੋਲੇਤਾਰੀ ਜਮਾਤ ਨੂੰ ਇਕੱਠਾ ਕਰਕੇ ਰਾਜਸ਼ੀ ਪ੍ਰੀਵਰਤਨ  ਲਿਆਉਂਣ ਦਾ ਸੁਪਨਾ ਪੂਰਾ ਕੀਤਾ। ਇਹਨਾਂ ਲੀਹਾਂ ਤੇ ਚੱਲਕੇ ਹੀ ਚੀਨ ਵਿੱਚ ਕਾਮਰੇਡ “ਮਾਓ ਜੇ ਤੁੰਗ” ਨੇ ਲਗਾਤਾਰ ਪੱਚੀ ਵਰੇਹ ਲੰਮੀ ਫੈਸਲਾਕੁਨ ਲੜਾਈ ਲੜੀ ਤੇ ਅਖੀਰ ਜਿੱਤ ਪਰਾਪਤ ਕੀਤੀ। ਇਹ ਵੱਖਰੀ ਗੱਲ ਹੈ ਕਿ ਅੱਜ ਦੇ ਅਖੌਤੀ ਕਾਮਰੇਡ ਇਸ ਗੱਲ ਨੂੰ ਮੰਨਣ ਤੋਂ ਮੁਨਕਰ ਹਨ,ਪਰੰਤੂ ਇਸ ਇਤਿਹਾਸਿਕ ਸਚਾਈ ਨੂੰ ਝੁਠਲਾਇਆ ਵੀ ਨਹੀ ਜਾ ਸਕਦਾ, ਕਿ ਗੁਰੂ ਜੀ ਨੇ ਉੱਚ ਜਾਤੀਏ ਸਰਮਾਏਦਾਰੀ ਸਿਸਟਮ ਵੱਲੋਂ ਬੁਰੀ ਤਰਾਂ ਦੁਰਕਾਰੇ ਤੇ ਲਤਾੜੇ ਸਮਾਜ ਨੂੰ ਇਕੱਠਾ ਕੀਤਾ ਅਤੇ ਉਹਨਾਂ ਦੇ ਏਕੇ ਦੀ ਤਾਕਤ ਨਾਲ ਪੰਚ ਪ੍ਰਧਾਨੀ ਪ੍ਰਥਾ ਲਾਗੂ ਕਰਕੇ ਦੁਨੀਆਂ ਦਾ ਪਹਿਲਾ ਨਿਵੇਕਲਾ ਧਰਮ ਅਧਾਰਤ ਰਾਜਸੀ ਇਨਕਲਾਬ ਲਿਆਕੇ ਲੋਕਤੰਤਰ ਪਰਨਾਲੀ ਦੇ ਮੋਢੀ ਬਣੇ। ਖਾਲਸਾ ਸਿਰਜਣ ਦੀ ਮਰਯਾਦਾ  ਵਿੱਚ ਵੀ ਗੁਰੂ ਜੀ ਦੀ ਡੂੰਘੀ ਰੁਹਾਨੀ ਫਿਲਾਸ਼ਫੀ ਲੁਕੀ ਹੋਈ ਹੈ।

ਅਮ੍ਰਿਤ ਛਕਣ ਦੀ ਮਰਯਾਦਾ ਹੈ ਕਿ ਜਿੰਨਾ ਚਿਰ ਕੋਈ ਵੀ ਵਿਆਕਤੀ ਛੂਤ ਛਾਤ ਤੇ ਭਿੰਨ ਭੇਦ ਦਾ ਵਹਿਮ ਦੂਰ ਨਾਂ ਕਰੇ ਸੰਗਤ ਪੰਗਤ ਵਿੱਚ ਬੈਠਕੇ ਅਮ੍ਰਿਤ ਪਾਨ ਨਹੀ ਕਰ ਸਕਦਾ।ਕਿਉਂਕਿ ਅਮ੍ਰਿਤ ਛਕਣ ਵਾਲੇ ਸਿੱਖਾਂ ਨੂੰ ਇਕੋ ਬਾਟੇ ਚੋਂ ਹੀ ਅਮ੍ਰਿਤ ਛਕਾਇਆ ਜਾਂਦਾ ਹੈ ਤਾਂ ਕਿ ਕਿਸੇ ਦੇ ਮਨ ਵਿੱਚ ਕੋਈ ਵੀ ਹੀਣ ਭਾਵਨਾ ਜਾਂ ਉੱਚ ਜਾਤੀ ਦਾ ਹੰਕਾਰ ਨਾ ਰਹਿ ਸਕੇ। ਜਿਸਨੇ ਵੀ ਖਾਲਸਾ ਸਜਣਾ ਹੋਵੇ, ਉਹ ਸਾਰੇ ਭੇਦ ਭਾਵ ਮਿਟਾ ਕੇ ਸਮੁੱਚੇ ਖਾਲਸਾ ਪੰਥ ਨੂੰ ਆਪਣਾ ਪਰਿਵਾਰ ਸਮਝੇਗਾ, ਤੇ “ਏਕ ਪਿਤਾ ਏਕਸ ਕੇ ਹਮ ਬਾਰਿਕ” ਦਾ ਧਾਰਨੀ ਬਣੇਗਾ। ਹਰ ਇੱਕ ਸਿੱਖ ਦੇ ਨਾਮ ਨਾਲ ਅਮ੍ਰਿਤ ਛਕਣ ਤੋਂ  ਬਾਅਦ ਸਿੰਘ ਦਾ,ਤੇ ਬੀਬੀਆਂ ਦੇ ਨਾਮ ਨਾਲ ਕੌਰ ਦਾ ਖਿਤਾਬ ਜੋੜ ਦਿੱਤਾ ਗਿਆ।ਆਪਾ ਵਾਰੂ ਗਰੀਬ ਸਿਰਲੱਥ ਪੰਜ ਸਿੰਘਾਂ ਨੂੰ ਪੰਜ ਪਿਆਰਿਆਂ ਦਾ ਦਰਜਾ ਦਿੱਤਾ ਗਿਆ।ਗੁਰੂ ਜੀ ਨੇ ਇਹਨਾਂ ਪੰਜਾਂ ਪਿਆਰਿਆਂ ਤੋਂ ਹੀ ਆਪ ਵੀ ਅਮ੍ਰਿਤ ਪਾਨ ਕਰਕੇ ਖਾਲਸੇ ਨੂੰ ਗੁਰੂ ਖਾਲਸਾ ਹੋਣ ਦਾ ਮਾਣ ਬਖ਼ਸ਼ਿਆ। ਇਸ ਗੱਲ ਦਾ ਵੀ ਇਤਿਹਾਸ ਗਵਾਹ ਹੈ ਕਿ ਦੁਨੀਆਂ ਦੇ ਕਿਸੇ ਵੀ ਧਾਰਮਿਕ ਰਹਿਬਰ ਨੇ ਆਪਣੇ ਪੈਰੋਕਾਰਾਂ ਨੂੰ ਬਰਾਬਰਤਾ ਦਾ ਦਰਜਾ ਨਹੀ ਦਿੱਤਾ ਇਹ ਵੀ ਤੀਸਰੇ ਪੰਥ ਦੇ ਬਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹਿਸੇ ਹੀ ਆਇਆ ਕਿ ਪੰਜ ਸਿੰਘਾਂ ਨੂੰ ਬਰਾਬਰਤਾ ਹੀ ਨਹੀ ਬਲਕਿ ਪੂਰਨ ਗੁਰੂ ਪੰਥ ਦਾ ਦਰਜਾ ਦੇਕੇ ਪੰਚ ਪਰਧਾਨੀ ਪ੍ਰਥਾ ਨੂੰ ਪੱਕੇ ਪੈਰੀ ਕੀਤਾ ਤੇ ਲੋਕ ਤੰਤਰ ਪਰਨਾਲੀ ਦੀ ਮਜਬੂਤ ਨੀਂਹ ਰੱਖੀ।

ਸਿੱਖਾਂ ਦੀ ਵੱਖਰੀ ਪਛਾਣ ਤੇ ਵੱਖਰੀ ਕੌਂਮ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲ ਬਾਦਸਾਹ ਬਹਾਦਰ ਸਾਹ ਵੱਲੋਂ ਪੁੱਛੇ ਗਏ ਇਹ ਸਵਾਲ ਕਿ ਮੁਸਲਮਾਂਨ ਇੱਕ ਖੁਦਾ ਨੂੰ ਮੰਨਦਾ ਹੈ ਤੁਹਾਡਾ ਕੀ ਵਿਚਾਰ ਹੈ ? , ਦੇ ਜਵਾਬ ਵਿੱਚ ਬੜੇ ਤਰਕ ਭਰਪੂਰ ਤੇ ਵਿਅੰਗਮਈ ਅੰਦਾਜ ਵਿੱਚ ਬਿਨਾ ਕਿਸੇ ਡਰ ਅਤੇ ਸੰਕੋਚ ਦੇ ਸਪੱਸਟ ਕੀਤਾ ਸੀ “ਕਿ ਪਹਿਲਾ ਖੁਦਾ ਮੁਸਲਮਾਨਾਂ ਦਾ ਹੈ ਜੋ ਇਕ ਤੰਗ ਦਿਲੀ ਵਿੱਚ ਖੜਾ ਹੈ ਤੇ ਕਾਜੀਆਂ ਦੀ ਬਣਾਈ ਹੋਈ ਸਰ੍ਹਾ ਦੇ ਜੋਰ ਨਾਲ ਸੁੰਗੜਦਾ ਤੇ ਫੈਲਦਾ ਰਹਿੰਦਾ ਹੈ,ਦੂਸਰਾ ਹਿੰਦੂਆਂ ਦਾ ਖੁਦਾਅ ਹੈ ਜਿਹੜਾ ਮੂਰਤੀਆਂ ਦੀ ਗਿਣਤੀ ਮਿਣਤੀ ਮੁਤਾਬਿਕ ਵਧਦਾ ਤੇ ਘਟਦਾ ਹੈ ਤੇ ਤੀਸਰਾ ਖੁਦਾਅ ਅਕਾਲ ਹੈ ਜਿਸਦਾ ਕੋਈ ਚਿਹਨ ਚੱਕਰ ਨਹੀ, ਕੋਈ ਗਿਣਤੀ ਮਿਣਤੀ ਨਹੀ,ਕੋਈ ਸਰੀਰ ਨਹੀ,ਭਾਵ ਨਿਰੰਕਾਰ ਹੈ,ਤੀਸਰਾ ਪੰਥ ਇਸ ਨਿਰੰਕਾਰ ਅੱਗੇ ਸੀਸ ਝੁਕਾਉਂਦਾ ਹੈ ਅਤੇ ਉਸ ਕੋਲੋਂ  ਹਿੰਦੂ ਤੇ ਮੁਸਲਮਾਨ ਦੋਨਾਂ ਦੇ ਭਲੇ ਦੀ ਦੁਆ ਮੰਗਦਾ ਹੈ।

ਗੁਰੂ ਗੋਬਿੰਦ ਸਿੰਘ ਨੇ ਜਿੱਥੇ “ਨਾ ਕੋ ਵੈਰੀ ਨਾਹਿ ਬੇਗਾਨਾ” ਦੇ ਗੁਰ ਸਿਧਾਂਤ ਨੂੰ ਸਪੱਸਟ ਕੀਤਾ ਹੈ ਉਥੇ ਆਪਣੇ ਤੀਸਰੇ ਪੰਥ ਖਾਲਸਾ ਦੇ ਮਿਸਨ ਨੂੰ ਵੀ ਸਪੱਸਟ ਕੀਤਾ ਹੈ ਕਿ ਖਾਲਸਾ ਪੰਥ ਕਿਸੇ ਇੱਕ ਫਿਰਕੇ ਦਾ ਗੁਲਾਮ ਨਹੀ ਬਲਕਿ ਅੱਡਰੀ ਨਿਰਾਲੀ ਹੋਂਦ ਵਾਲਾ ਨਿਆਰਾ ਧਰਮ ਹੈ।ਖਾਲਸਾ ਪੰਥ ਨੂੰ ਅਰਦਾਸ ਵਿੱਚ ਜਿੱਥੇ ਸਰਬੱਤ ਦੇ ਭਲੇ ਦੇ ਸੰਕਲਪ ਨੂੰ ਦ੍ਰਿੜ ਕਰਵਾਕੇ ਸਰਬ-ਸਾਂਝੀ ਵਾਲਤਾ ਦੀ ਉਦਾਹਰਣ ਪੇਸ ਕੀਤੀ ਹੈ,ਉਥੇ ਔਰੰਗਜੇਬ ਨੂੰ ਲਿਖੀ ਜਿੱਤ ਦੀ ਚਿੱਠੀ(ਜ਼ਫਰਨਾਮਾ) ਵਿੱਚ ਉਹਨਾਂ ਖਾਲਸੇ ਦੇ ਮੁੱਖ ਸਿਧਾਂਤ ਨੂੰ ਬਾਖੂਵੀ ਬਿਆਨ ਕਰਦਿਆਂ ਲਿਖਿਆ ਹੈ ਕਿ:”ਚੂੰ ਕਾਰ ਅਜ਼ ਹਮਾਂ ਹੀਲਤੇ ਦਰ ਗੁਜੱਸਤ,ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ”।ਭਾਵ ਜਦੋਂ ਸਾਰੇ ਹੀਲੇ ਹਾਰ ਜਾਣ ਤਾਂ ਕਿਰਪਾਨ ਦੇ ਮੁੱਠੇ ਤੇ ਹੱਥ ਜਾਣਾ ਜਾਇਜ ਹੈ।ਸੋ ਖਾਲਸਾ ਪੰਥ ਦੇ ਪਿਤਾ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਨੂੰ ਉਹਨਾਂ ਦੇ ਜਨਮ ਦਿਹਾੜੇ ਤੇ ਯਾਦ ਕਰਦਿਆਂ ਜਿੱਥੇ ਸਮੁੱਚੀ ਕੌਂਮ ਨੂੰ ਉਹਨਾਂ ਵੱਲੋਂ ਬਖਸ਼ੀ ਨਿਆਰੀ ਹਸਤੀ ਨੂੰ ਕਾਇਮ ਰੱਖਣ ਲਈ ਸਿੱਖ ਸਿਧਾਂਤਾਂ ਤੇ ਦ੍ਰਿੜਤਾ ਨਾਲ ਪਹਿਰਾ ਦੇਣ ਦੀ ਬੇਹੱਦ ਸਖਤ ਜਰੂਰਤ ਹੈ ਤਾਂ ਕਿ ਖਾਲਸਾ ਪੰਥ ਨੂੰ ਖੋਰਾ ਲਾਉਣ ਵਾਲੀਆਂ ਤਾਕਤਾਂ ਨੂੰ ਭਾਂਜ ਦਿੱਤੀ ਜਾ ਸਕੇ,ਓਥੇ ਟਕਸ਼ਾਲੀ ਅਤੇ ਮਿਸ਼ਨਰੀਆਂ ਚ ਦਿਨੋ ਦਿਨ ਖਤਰਨਾਕ ਹੱਦ ਪਾਰ ਕਰਦੇ ਜਾ ਰਹੇ ਪਾੜੇ ਨੂੰ ਖਤਮ ਕਰਨ ਲਈ ਵੀ ਸਾਰਥਿਕ ਯਤਨ ਕਰਨ ਦੀ ਲੋੜ ਹੈ,ਤਾਂ ਹੀ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਮਨਾਉਣੇ ਸਾਰਥਕ ਹੋ ਸਕਣਗੇ।