ਯੂਕੇ: ਲੰਡਨ ਨੇ ਇੱਕ ਵਾਰ ਫਿਰ ਸਾਦਿਕ ਖਾਨ ਨੂੰ ਚੁਣਿਆ ਮੇਅਰ

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਰਾਜਧਾਨੀ ਲੰਡਨ ਵਿੱਚ ਮੇਅਰ ਸਾਦਿਕ ਖਾਨ ਨੇ ਟੋਰੀ ਪਾਰਟੀ ਦੇ ਵਿਰੋਧੀ ਸ਼ੌਨ ਬੇਲੀ ਨੂੰ ਮਾਤ ਦੇ ਕੇ  ਲੰਡਨ ਦੇ ਮੇਅਰ ਵਜੋਂ ਦੂਜੀ ਵਾਰ ਜਿੱਤ ਹਾਸਲ ਕੀਤੀ ਹੈ। ਲੇਬਰ ਪਾਰਟੀ ਦੇ ਖਾਨ ਨੇ 55.2% ਵੋਟਾਂ ਨਾਲ ਬੇਲੀ ਨੂੰ ਮਾਤ ਦਿੱਤੀ, ਜਿਹਨਾਂ ਨੇ 44.8% ਵੋਟਾਂ ਪ੍ਰਾਪਤ ਕੀਤੀਆਂ। ਆਪਣੇ ਟਵੀਟ ਰਾਹੀਂ ਸਾਦਿਕ ਖਾਨ ਨੇ ਲੰਡਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸ਼ਹਿਰ ਦਾ ਵਿਕਾਸ ਕਰਨ ਵਿੱਚ ਕੋਈ ਕਸਰ ਨਹੀਂ ਛੱਡਣਗੇ। ਖਾਨ ਨੇ ਮਹਾਂਮਾਰੀ ਦੇ ਦਿਨਾਂ ਤੋਂ ਬਾਅਦ ਲੰਡਨ ਲਈ ਇੱਕ ਸੁਹਿਰਦ ਭਵਿੱਖ ਬਣਾਉਣ ਦਾ ਭਰੋਸਾ ਵੀ ਦਿੱਤਾ। ਸਾਦਿਕ ਖਾਨ ਨੇ ਚੋਣਾਂ ਦੀ ਪਹਿਲੀ ਪਸੰਦ ਵਿੱਚ ਬੇਲੀ ਦੀਆਂ 893,051 ਵੋਟਾਂ ਦੇ ਮੁਕਾਬਲੇ 1,013,721 ਵੋਟ ਹਾਸਲ ਕੀਤੀ ਜਦਕਿ ਉਸਨੇ 192,313 ਦੂਜੀ ਪਸੰਦ ਦੀਆਂ ਵੋਟਾਂ ਪ੍ਰਾਪਤ ਕੀਤੀਆਂ, ਪਰ ਬੇਲੀ ਨੂੰ 84,550 ਵੋਟਾਂ ਪਈਆਂ। ਲੰਡਨ ਦੇ ਮੇਅਰ ਨੂੰ ਰਾਜਧਾਨੀ ਵਿੱਚ ਵੱਧ ਰਹੇ ਹਿੰਸਕ ਅਪਰਾਧ, ਖਾਸ ਕਰਕੇ ਕਿਸ਼ੋਰਾਂ ਵਿੱਚ ਛੁਰੇਮਾਰੀ ਕਾਰਨ ਅਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ। ਉਸਦੀ ਦੁਬਾਰਾ ਚੋਣ ਮੁਹਿੰਮ ਨੇ ਨੌਕਰੀਆਂ ‘ਤੇ ਧਿਆਨ ਕੇਂਦ੍ਰਤ ਕੀਤਾ ਹੈ। ਉਹਨਾਂ ਨੇ ਮਹਾਂਮਾਰੀ ਦੇ ਦੌਰਾਨ ਕੰਮ ਗੁਆ ਚੁੱਕੇ ਤਕਰੀਬਨ 300,000 ਲੰਡਨ ਵਾਸੀਆਂ ਦੀ ਮਦਦ ਲਈ ਸੈਰ-ਸਪਾਟਾ ਅਤੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ‘ਤੇ ਜ਼ੋਰ ਦਿੱਤਾ ਹੈ।

Install Punjabi Akhbar App

Install
×