ਸੀਨੀਅਰ ਤੇ ਟਕਸਾਲੀ ਆਗੂ ‘ਬਾਦਲ ਪਰਿਵਾਰ ਰਹਿਤ ਅਕਾਲੀ ਦਲ’ ਮਜ਼ਬੂਤ ਕਰਨ ਦੇ ਰੌਂਅ ਵਿਚ

agitation against badals

ਅਕਾਲੀ ਭਾਜਪਾ ਸਰਕਾਰ ਸਮੇਂ ਹੋਈਆਂ ਬੇਅਦਬੀ ਘਟਨਾਵਾਂ ਸਬੰਧੀ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਤੇ ਪੰਜਾਬ ਵਿਧਾਨ ਸਭਾ ਵਿਚ ਹੋਈ ਖੁੱਲ੍ਹੀ ਬਹਿਸ ਤੋਂ ਬਾਅਦ ਇਹਨਾਂ ਅਣ-ਸੁਖਾਵੀਆਂ ਘਟਨਾਵਾਂ ਵਿਚ ਬਾਦਲ ਪਰਿਵਾਰ ਦੀ ਸ਼ਮੂਲੀਅਤ ਜੱਗ ਜ਼ਾਹਿਰ ਹੋਣ ਸਬੰਧੀ ਦੁਨੀਆ ਭਰ ਵਿਚ ਛਿੜੀ ਵੱਡੀ ਚਰਚਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਸੁਲਘਦੀ ਅੱਗ ਦਾ ਹੀ ਨਤੀਜਾ ਹੈ ਕਿ ”ਬਾਦਲ ਪਰਿਵਾਰ ਰਹਿਤ ਅਕਾਲੀ ਦਲ” ਮਜ਼ਬੂਤ ਕਰਨ ਲਈ ਸਰਗਰਮੀਆਂ ਤੇਜ਼ ਹੋ ਗਈਆਂ ਹਨ।

ਇਸ ਵਿਚ ਕੋਈ ਸ਼ੱਕ ਨਹੀਂ, ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਪ੍ਰਮੁੱਖ ਪਾਰਟੀ ਹੈ ਅਤੇ ਇਸਨੂੰ ਬਹੁਤ ਵੱਡੀਆਂ ਕੁਰਬਾਨੀਆਂ ਦੇ ਕੇ ਸਥਾਪਤ ਕੀਤਾ ਗਿਆ ਹੈ। ਇਸ ਪਾਰਟੀ ਦੀ ਕਰੀਬ ਇੱਕ ਸਦੀ ਦੀ ਉਮਰ ਵਿਚ ਸ੍ਰ: ਸੁਰਮੁਖ ਸਿੰਘ ਵਰਗੇ ਉੱਚੀ ਸ਼ਖ਼ਸੀਅਤ ਦੇ ਮਾਲਕ, ਬਾਬਾ ਖੜਕ ਸਿੰਘ ਵਰਗੇ ਦਲੇਰ ਤੇ ਇਮਾਨਦਾਰ, ਬਾਬਾ ਊਧਮ ਸਿੰਘ ਵਰਗੇ ਘੁਲਾਟੀਏ, ਮਾ: ਤਾਰਾ ਸਿੰਘ ਤੇ ਜਗਦੇਵ ਸਿੰਘ ਤਲਵੰਡੀ ਵਰਗੇ ਲੋਹ ਪੁਰਸ਼, ਸੰਤ ਫ਼ਤਿਹ ਸਿੰਘ ਤੇ ਸੰਤ ਹਰਚੰਦ ਸਿੰਘ ਵਰਗੇ ਸੰਤ ਸੁਭਾਅ ਦੇ ਮਾਲਕ ਪ੍ਰਧਾਨ ਰਹੇ ਹਨ। ਇਹਨਾਂ ਹਮੇਸ਼ਾ ਆਪਣੇ ਨਿੱਜ ਤੋਂ ਉੱਪਰ ਉੱਠ ਕੇ ਸ਼੍ਰੋਮਣੀ ਅਕਾਲੀ ਦਲ, ਪੰਥ ਅਤੇ ਸਿੱਖੀ ਦੀ ਚੜ੍ਹਦੀ ਕਲਾ ਲਈ ਕੁਰਬਾਨੀਆਂ ਕਰਨ ਤੋਂ ਵੀ ਮੂੰਹ ਨਹੀਂ ਸੀ ਮੋੜਿਆ। ਕੁੱਝ ਦਹਾਕੇ ਪਹਿਲਾਂ ਪਾਰਟੀ ਦੀ ਪ੍ਰਧਾਨਗੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਨੇ ਸੰਭਾਲ ਲਈ ਅਤੇ ਜਦ ਉਨ੍ਹਾਂ ਇਹ ਮਹਿਸੂਸ ਕੀਤਾ ਕਿ ਬਿਰਧ ਅਵਸਥਾ ਵਿਚ ਚਲੇ ਜਾਣ ਤੇ ਇਹ ਅਹੁਦਾ ਪਰਿਵਾਰ ਤੋਂ ਬਾਹਰ ਨਾ ਚੱਲਿਆ ਜਾਵੇ ਤਾਂ ਉਨ੍ਹਾਂ ਆਪਣੇ ਸਪੁੱਤਰ ਸ੍ਰ: ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦਾ ਪ੍ਰਧਾਨ ਥਾਪ ਦਿੱਤਾ।

ਇਸ ਪ੍ਰਧਾਨਗੀ ਦੇ ਦੌਰ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇੱਕ ਤਰ੍ਹਾਂ ਉਨ੍ਹਾਂ ਆਪਣੇ ਕਬਜ਼ੇ ਵਿਚ ਕਰ ਲਈ। ਜ: ਗੁਰਚਰਨ ਸਿੰਘ ਟੌਹੜਾ ਵਰਗੇ ਬੇਦਾਗ਼ ਆਗੂਆਂ ਨੂੰ ਉਨ੍ਹਾਂ ਕੱਖੋਂ ਹੌਲੇ ਕਰਨ ਵਿਚ ਕੋਈ ਕਸਰ ਬਾਕੀ ਨਾ ਛੱਡੀ। ਇਸਤੋਂ ਬਾਅਦ ਉਨ੍ਹਾਂ ਆਪਣੀ ਨਿਗਾਹ ਸ੍ਰੀ ਅਕਾਲ ਤਖ਼ਤ ਵੱਲ ਮੋੜ ਲਈ ਅਤੇ ਕੁੱਝ ਹੀ ਸਮੇਂ ਵਿਚ ਉਨ੍ਹਾਂ ਤਖ਼ਤ ਸਾਹਿਬ ਦੇ ਜਥੇਦਾਰ ਵੀ ਆਪਣੀ ਮਨਮਰਜ਼ੀ ਦੇ ਤਾਇਨਾਤ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ। ਸ੍ਰੀ ਅਕਾਲ ਤਖ਼ਤ ਸਾਹਿਬ ਜਿਸ ਦੇ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ, ਅਕਾਲੀ ਫੂਲਾ ਸਿੰਘ, ਅੱਛਰ ਸਿੰਘ ਤੇ ਵਿਸਾਖਾ ਸਿੰਘ ਦਦੇਹਰ ਵਰਗੇ ਕੁਰਬਾਨੀਆਂ ਦੇ ਪੁੰਜ, ਬੇਦਾਗ਼ ਸ਼ਖ਼ਸ, ਮਹਾਨ ਵਿਅਕਤੀ ਹੋਇਆ ਕਰਦੇ ਸਨ, ਉਸ ਅਹੁਦੇ ਤੇ ਗੁਰਬਚਨ ਸਿੰਘ ਨੂੰ ਬਿਠਾ ਕੇ ਆਪਣਾ ਮੋਹਰਾ ਬਣਾ ਲਿਆ। ਇਸੇ ਗੁਰਬਚਨ ਸਿੰਘ ਨੇ ਜਥੇਦਾਰ ਹੁੰਦਿਆਂ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਗੁਰਮੀਤ ਸਿੰਘ ਨੂੰ ਪਹਿਲਾਂ ਮੁਆਫ਼ੀ ਦਿੱਤੀ ਤੇ ਫਿਰ ਰੌਲਾ ਪੈਣ ਤੇ ਰੱਦ ਕੀਤੀ। ਜਿਸ ਤਖ਼ਤ ਸਾਹਿਬ ਦੇ ਜਥੇਦਾਰਾਂ ਨੇ ਆਪਣਾ ਘਰ ਬਾਰ ਛੱਡ ਕੇ ਆਪਣਾ ਜੀਵਨ ਧਰਮ ਦੇ ਲੇਖੇ ਲਾਇਆ ਸੀ, ਉਸੇ ਅਹੁਦੇ ਦਾ ਅਨੰਦ ਮਾਣ ਰਹੇ ਇਸ ਜਥੇਦਾਰ ਨੇ ਅਰਬਾਂ ਰੁਪਏ ਦੀਆਂ ਜਾਇਦਾਦਾਂ, ਹੋਟਲ, ਪਲਾਟ, ਕੋਠੀਆਂ, ਜ਼ਮੀਨਾਂ ਬਣਾ ਲਈਆਂ। ਅਕਾਲੀ ਦਲ ਦੇ ਪ੍ਰਧਾਨ ਦੋਵਾਂ ਬਾਦਲਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਆਪਣੇ ਅਨੁਸਾਰ ਵਰਤੋਂ ਕਰਨ ਲਈ ਉਸ ਨੂੰ ਹਰ ਤਰ੍ਹਾਂ ਦੀ ਖੁੱਲ੍ਹ ਦੇਈ ਰੱਖੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੋਲਕ ਦੀ ਦੁਰਵਰਤੋਂ ਹੁੰਦੀ ਰਹੀ, ਰਾਜ ਗੱਦੀ ਹਾਸਲ ਕਰਨ ਲਈ ਸ਼੍ਰੋਮਣੀ ਕਮੇਟੀ ਅਤੇ ਤਖ਼ਤ ਸਾਹਿਬਾਨਾਂ ਦੀ ਵਰਤੋਂ ਕੀਤੀ ਗਈ।

ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੋਣ ਦੇ ਬਾਵਜੂਦ, ਮੁੜ ਸਤ੍ਹਾ ਤੇ ਕਾਬਜ਼ ਰਹਿਣ ਲਈ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਦੀਆਂ ਵੋਟਾਂ ਹਾਸਲ ਕਰਨ ਲਈ ਕੇਵਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਡੇਰਾ ਮੁਖੀ ਨੂੰ ਮੁਆਫ਼ ਹੀ ਨਹੀਂ ਕਰਵਾਇਆ ਗਿਆ, ਡੇਰੇ ਵਿਚ ਜਾ ਕੇ ਡੰਡਾਉਤ ਕੀਤੀ ਗਈ ਅਤੇ ਬੁਰਜ ਜਵਾਹਰ ਸਿੰਘ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਚੋਰੀ, ਬਰਗਾੜੀ, ਬਹਿਬਲ ਕਲਾਂ, ਕੋਟਕਪੂਰਾ ਗੋਲੀ ਕਾਂਡ ਵਾਪਰੇ। ਪੰਜਾਬ ਵਿਚ ਪਏ ਰੌਲ਼ੇ ਨੂੰ ਦਬਾਉਣ ਲਈ ਅਕਾਲੀ ਸਰਕਾਰ ਨੇ ਜਸਟਿਸ ਜੋਰਾ ਸਿੰਘ ਕਮਿਸ਼ਨ ਸਥਾਪਤ ਕੀਤਾ ਗਿਆ ਅਤੇ ਫਿਰ ਉਸ ਦੀ ਰਿਪੋਰਟ ਨੂੰ ਜਾਰੀ ਕਰਨ ਤੇ ਰੋਕ ਲਾ ਦਿੱਤੀ। ਪਰ ਰਾਜ ਦੇ ਲੋਕ ਚਾਲਾਂ ਨੂੰ ਸਮਝ ਚੁੱਕੇ ਸਨ ਜਿਸ ਕਰ ਕੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਸਰਕਾਰ ਹੋਂਦ ਵਿਚ ਆ ਗਈ। ਇਸ ਸਰਕਾਰ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਸਥਾਪਤ ਕਰ ਕੇ ਮੁੜ ਸਥਾਪਤ ਕਰ ਕੇ ਜਾਂਚ ਕਰਵਾਈ ਅਤੇ ਇਸ ਕਮਿਸ਼ਨ ਦੀ ਰਿਪੋਰਟ ਤੇ ਪੰਜਾਬ ਵਿਧਾਨ ਸਭਾ ਵਿਚ ਖੁੱਲ੍ਹੀ ਬਹਿਸ ਕਰਵਾਈ ਗਈ। ਇਸ ਬਹਿਸ ਦਾ ਅਕਾਲੀ ਦਲ ਸਾਹਮਣਾ ਨਾ ਕਰ ਸਕਿਆ ਤੇ ਉਸ ਨੇ ਬਾਈਕਾਟ ਕਰਦਿਆਂ ਕਮਿਸ਼ਨ ਨੂੰ ਹੀ ਮੰਨਣ ਤੋਂ ਇਨਕਾਰ ਕਰ ਦਿੱਤਾ। ਪਰ ਲਾਈਵ ਪ੍ਰਕਾਸ਼ਿਤ ਹੋਈ ਇਸ ਬਹਿਸ ਨੇ ਜਿੱਥੇ ਬੇਅਦਬੀ ਘਟਨਾਵਾਂ ਵਿਚ ਬਾਦਲ ਪਰਿਵਾਰ ਦੀ ਸ਼ਮੂਲੀਅਤ ਜੱਗ ਜ਼ਾਹਿਰ ਕੀਤੀ, ਉੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਪੋਤੜੇ ਫਰੋਲਣ ਵਿਚ ਵੀ ਕੋਈ ਕਸਰ ਨਾ ਰਹਿਣ ਦਿੱਤੀ।

ਇਸ ਬਹਿਸ ਨੇ ਘਰ ਘਰ ਤੱਕ ਚਰਚਾ ਛੇੜ ਦਿੱਤੀ, ਆਮ ਲੋਕ ਬੇਅਦਬੀ ਘਟਨਾਵਾਂ ਸਬੰਧੀ ਬਾਦਲ ਪਰਿਵਾਰ ਨੂੰ ਜ਼ੁੰਮੇਵਾਰ ਕਰਾਰ ਦੇਣ ਲੱਗ ਪਏ। ਪਾਰਟੀ ਦੇ ਅੰਦਰ ਵੀ ਇਹਨਾਂ ਅਣ-ਸੁਖਾਵੀਆਂ ਘਟਨਾਵਾਂ ਅਤੇ ਬਾਦਲ ਪਰਿਵਾਰ ਦੀ ਸ਼ਮੂਲੀਅਤ ਬਾਰੇ ਅੱਗ ਸੁਲਘਦੀ ਰਹੀ। ਇਸ ਸੁਲਘਦੀ ਅੱਗ ਦਾ ਹੀ ਨਤੀਜਾ ਹੈ ਕਿ ਬੀਤੇ ਦਿਨ ਪਾਰਟੀ ਦੇ ਸਕੱਤਰ ਜਨਰਲ ਸ੍ਰ: ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ। ਭਾਵੇਂ ਉਸ ਨੇ ਅਸਤੀਫ਼ਾ ਦੇਣ ਨੂੰ ਆਪਣੀ ਸਿਹਤ ਠੀਕ ਨਾ ਰਹਿਣ ਦਾ ਕਾਰਨ ਦੱਸਿਆ ਹੈ, ਪਰ ਲੋਕ ਜਾਣੀ ਜਾਣ ਹਨ ਅਤੇ ਹਾਲਾਤਾਂ ਅਨੁਸਾਰ ਸਮਝ ਜਾਂਦੇ ਹਨ। ਇਸ ਸਮੇਂ ਨੂੰ ਪਾਰਟੀ ਦੀ ਅਤਿ ਮੰਦਭਾਗੀ ਵਾਲੀ ਹਾਲਤ ਹੀ ਕਿਹਾ ਜਾ ਸਕਦਾ ਹੈ ਕਿ ਸ੍ਰ: ਪ੍ਰਕਾਸ਼ ਸਿੰਘ ਬਾਦਲ ਖ਼ੁਦ ਸ੍ਰੀ ਢੀਂਡਸਾ ਦੀਆਂ ਲੇਲ੍ਹੜੀਆਂ ਕੱਢ ਰਹੇ ਹਨ। ਬੀਤੇ ਕੱਲ੍ਹ ਮਾਝੇ ਦੇ ਸੀਨੀਅਰ ਅਕਾਲੀ ਆਗੂਆਂ ਨੇ ਮੀਟਿੰਗ ਕਰ ਕੇ ਬਾਦਲ ਪਰਿਵਾਰ ਵਿਰੁੱਧ ਝੰਡਾ ਚੁੱਕਦਿਆਂ ਢੀਂਡਸਾ ਦੀ ਢਾਈ ਨਾਲ ਢਾਹੀ ਜਾ ਲਾਈ।

ਮਾਝੇ ਦੇ ਇਹਨਾਂ ਆਗੂਆਂ ਨੇ ਮੀਟਿੰਗ ਵਿਚ ਕਿਹਾ ਕਿ ਪਿਛਲੇ ਸਮੇਂ ਦੌਰਾਨ ਅਕਾਲੀ ਦਲ, ਸ਼੍ਰੋਮਣੀ ਕਮੇਟੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਕਾਰਗੁਜ਼ਾਰੀ ਵਿਚ ਊਣਤਾਈਆਂ ਆਈਆਂ ਹਨ। ਉਨ੍ਹਾਂ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ੀ ਦੇਣ ਵਾਲੇ ਫ਼ੈਸਲੇ ਨਾਲ ਵੀ ਅਸਹਿਮਤੀ ਪ੍ਰਗਟਾਈ ਅਤੇ ਅਕਾਲੀ ਸਰਕਾਰ ਦੌਰਾਨ ਬਰਗਾੜੀ ਬਹਿਬਲ ਵਰਗੀਆਂ ਘਟਨਾਵਾਂ ਵਾਪਰਨ ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਇਹਨਾਂ ਆਗੂਆਂ ਨੇ ਇਹ ਵੀ ਕਿਹਾ ਕਿ ਅਕਾਲੀ ਦਲ ਉਨ੍ਹਾਂ ਦੀ ਮਾਂ ਪਾਰਟੀ ਹੈ ਇਸਨੂੰ ਛੱਡਣ ਬਾਰੇ ਤਾਂ ਸੋਚਿਆ ਵੀ ਨਹੀਂ ਜਾ ਸਕਦਾ। ਇੱਥੇ ਹੀ ਬੱਸ ਨਹੀਂ ਉਨ੍ਹਾਂ ਇਹ ਵੀ ਕਹਿ ਦਿੱਤਾ ਕਿ ਉਹ ਅਕਾਲੀ ਦਲ ਦਾ ਨੁਕਸਾਨ ਨਹੀਂ ਹੋਣ ਦੇਣਗੇ, ਪਾਰਟੀ ਪਹਿਲਾਂ ਹੈ ਪ੍ਰਧਾਨ ਤਾਂ ਆਉਂਦੇ ਜਾਂਦੇ ਹੀ ਰਹਿੰਦੇ ਨੇ। ਇਸ ਮੀਟਿੰਗ ਦੀ ਸਮੁੱਚੀ ਕਾਰਵਾਈ ਨੂੰ ਘੋਖਿਆ ਵਿਚਾਰਿਆ ਜਾਵੇ ਤਾਂ ਇਹ ਗੱਲ ਹੀ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਪਿਛਲੇ ਸਮੇਂ ਪਾਰਟੀ ਵਿਚ ਹੋਈਆਂ ਊਣਤਾਈਆਂ ਤੇ ਆਈ ਗਿਰਾਵਟ ਤੋਂ ਉਹ ਬਹੁਤ ਖ਼ਫ਼ਾ ਹਨ, ਪਰ ਅਕਾਲੀ ਦਲ ਦੇ ਵਫ਼ਾਦਾਰ ਸਿਪਾਹੀ ਹੋਣ ਕਾਰਨ ਇਸ ਨੂੰ ਛੱਡਣ ਲਈ ਤਿਆਰ ਨਹੀਂ। ਪਾਰਟੀ ਪਹਿਲਾਂ ਪ੍ਰਧਾਨ ਤਾਂ ਆਉਂਦੇ ਜਾਂਦੇ ਰਹਿੰਦੇ ਹਨ ਦਾ ਅਰਥ ਵੀ ਇਹੋ ਲਗਦੈ ਕਿ ਜੇਕਰ ਪ੍ਰਧਾਨ ਬਦਲ ਦਿੱਤਾ ਜਾਵੇ ਤਾਂ ਉਹ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਦੇ ਰਹਿਣਗੇ।

ਸ੍ਰ: ਸੁਖਦੇਵ ਸਿੰਘ ਢੀਂਡਸਾ ਦਾ ਅਸਤੀਫ਼ਾ ਜੇਕਰ ਸਿਹਤ ਖ਼ਰਾਬ ਕਾਰਨ ਦਿੱਤਾ ਮੰਨਿਆ ਜਾਵੇ ਤਾਂ ਇਹ ਸੱਤ ਅਕਤੂਬਰ ਤੋਂ ਬਾਅਦ ਵੀ ਦਿੱਤਾ ਜਾ ਸਕਦਾ ਸੀ, ਜਦੋਂ ਕਿ ਬਾਦਲ ਪਰਿਵਾਰ ਦਾ ਸਾਰਾ ਜ਼ੋਰ ਸੱਤ ਦੀ ਪਟਿਆਲਾ ਰੈਲੀ ਨੂੰ ਕਾਮਯਾਬ ਕਰਨ ਤੇ ਲੱਗਾ ਹੋਇਆ ਹੈ। ਇੱਥੇ ਇਹ ਵੀ ਵਰਨਣਯੋਗ ਹੈ ਕਿ ਪਟਿਆਲਾ ਜ਼ਿਲ੍ਹੇ ਅਤੇ ਉਸ ਦੇ ਨਾਲ ਲਗਦੇ ਸੰਗਰੂਰ ਜ਼ਿਲ੍ਹੇ ਨੂੰ ਢੀਂਡਸਾ ਪਰਿਵਾਰ ਦਾ ਗੜ੍ਹ ਮੰਨਿਆਂ ਜਾਂਦਾ ਹੈ। ਇਸੇ ਤਰ੍ਹਾਂ ਜੇਕਰ ਮਾਝੇ ਦੇ ਆਗੂਆਂ ਦੀ ਮੀਟਿੰਗ ਨੂੰ ਆਮ ਸਮਝਿਆ ਜਾਵੇ ਤਾਂ ਉਹ ਮੀਟਿੰਗ ਵੀ ਰੈਲੀ ਤੋਂ ਬਾਅਦ ਕੀਤੀ ਜਾ ਸਕਦੀ ਸੀ। ਇਹਨਾਂ ਗਤੀਵਿਧੀਆਂ ਤੋਂ ਸਪਸ਼ਟ ਹੈ ਕਿ ਪਾਰਟੀ ਅੰਦਰ ਸੁਲਘਦੀ ਅੱਗ ਭਾਂਬੜ ਬਣਦੀ ਲਗਦੀ ਹੈ, ਕੁਰਬਾਨੀਆਂ ਨਾਲ ਹੋਂਦ ਵਿਚ ਆਈ ਪਾਰਟੀ ਅਕਾਲੀ ਦਲ ਦੀ ਹੋਂਦ ਨੂੰ ਤਾਂ ਕੋਈ ਖ਼ਤਰਾ ਦਿਖਾਈ ਨਹੀਂ ਦਿੰਦਾ, ਪਰ ਲੀਡਰਸ਼ਿਪ ਦੀ ਤਬਦੀਲੀ ਲਗਭਗ ਸੰਭਵ ਹੈ। ਪਾਰਟੀ ਦੇ ਸੀਨੀਅਰ ਅਤੇ ਟਕਸਾਲੀ ਆਗੂ ਬਾਦਲ ਪਰਿਵਾਰ ਰਹਿਤ ਅਕਾਲੀ ਦਲ ਮਜ਼ਬੂਤ ਕਰਨ ਦੇ ਰੌਂਅ ਵਿਚ ਹਨ। ਉਹ ਕਿਸ ਹੱਦ ਤੱਕ ਸਫ਼ਲ ਹੋਣਗੇ, ਇਸ ਸੁਆਲ ਦਾ ਜਵਾਬ ਤਾਂ ਭਵਿੱਖ ਦੇ ਗਰਭ ਵਿਚ ਹੈ, ਪਰ ਅਕਾਲੀ ਦਲ ਵਿਚ ਹਿਲਜੁਲ ਹੋਣ ਦੀਆਂ ਵੱਡੀਆਂ ਸੰਭਾਵਨਾਵਾਂ ਹਨ।

(ਬਲਵਿੰਦਰ ਸਿੰਘ ਭੁੱਲਰ)

+91 98882-75913

Welcome to Punjabi Akhbar

Install Punjabi Akhbar
×
Enable Notifications    OK No thanks