ਮੈਲਬਰਨ ਵਿਚ ਸ਼੍ਰੋਮਣੀ ਅਕਾਲੀ ਦਲ ਆਸਟ੍ਰੇਲੀਆ ਦੀ ਪਲੇਠੀ ਮੀਟਿੰਗ

received_574048622749957ਸ਼੍ਰੋਮਣੀ ਅਕਾਲੀ ਦਲ ਆਸਟ੍ਰੇਲੀਆ ਦੀ ਪਲੇਠੀ ਮੀਟਿੰਗ, ਮੈਲਬਰਨ ਵਿਖੇ, ਦਲ ਦੇ ਪ੍ਰਧਾਨ, ਸ. ਕੰਵਲਜੀਤ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸ਼੍ਰੋਮਣੀ ਅਕਾਲੀ ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ, ਚੰਡੀਗੜ੍ਹ ਵਿਖੇ, ਸਮੂੰਹ ਅਕਾਲੀ ਲੀਡਰਸ਼ਿਪ ਦੀ ਮੌਜੂਦਗੀ ਵਿਚ, ਸ਼੍ਰੋਮਣੀ ਅਕਾਲੀ ਦਲ ਆਸਟ੍ਰੇਲੀਆ ਦੇ ਸੇਵਕਾਂ ਦੇ ਨਾਵਾਂ ਦਾ ਜੋ ਐਲਾਨ ਕੀਤਾ ਗਿਆ, ਉਸ ਬਾਰੇ ਧੰਨਵਾਦ ਕਰਨ ਅਤੇ ਅੱਗੋਂ ਆਸਟ੍ਰੇਲੀਆ ਵਿਚ ਦਲ ਦੀਆਂ ਸਰਗਰਮੀਆਂ ਵਾਸਤੇ ਦਿਸ਼ਾ ਨਿਰਦੇਸ਼ ਨਿਸਚਿਤ ਕਰਨ ਹਿਤ ਇਹ ਮੀਟਿੰਗ ਸੱਦੀ ਗਈ ਸੀ।
ਕੇਂਦਰੀ ਲੀਡਰਸ਼ਿਪ ਵੱਲੋਂ ਆਸਟ੍ਰੇਲੀਆ ਵਾਸਤੇ ਥਾਪੇ ਅਹੁਦੇਦਾਰ ਇਸ ਪ੍ਰਕਾਰ ਹਨ:
ਸਰਪ੍ਰਸਤ — ਸ. ਅਮਰਜੀਤ ਸਿੰਘ ਸਹੋਤਾ
ਚੇਅਰਮੈਨ — ਸ. ਬੂਟਾ ਸਿੰਘ ਸਿਧੂ
ਪ੍ਰਧਾਨ — ਸ. ਕੰਵਲਜੀਤ ਸਿੰਘ ਸਿੱਧੂ
ਜਨਰਲ ਸਕੱਤਰ — ਸ. ਅਰਵਿੰਦਰਪਾਲ ਸਿੰਘ ਰੰਧਾਵਾ
ਸੀਨੀਅਰ ਮੀਤ ਪ੍ਰਧਾਨ — ਸ. ਭੂਪਿੰਦਰ ਸਿੰਘ ਮਨੇਸ
ਸੀਨੀਅਰ ਮੀਤ ਪ੍ਰਧਾਨ — ਸ. ਨਾਜਰ ਸਿੰਘ ਕਾਕੜਾ
ਮੀਤ ਪ੍ਰਧਾਨ — ਸ. ਰਾਜ ਮਹਿੰਦਰ ਸਿੰਘ ਮੰਡ
ਮੀਡੀਆ ਸਕੱਤਰ — ਸ. ਰਵਿੰਦਰ ਸਿੰਘ ਲੋਪੋਂ
ਖ਼ਜ਼ਾਨਚੀ — ਸ. ਸੁਖਵੀਰ ਸਿੰਘ ਗਰੇਵਾਲ
ਉਪ੍ਰੋਕਤ ਅਹੁਦੇਦਾਰਾਂ ਤੋਂ ਇਲਾਵਾ ਹੇਠ ਲਿਖੇ ਮੈਂਬਰਾਂ ਨੇ ਵੀ ਇਸ ਇਕਤੱਰਤਾ ਵਿਚ ਸ਼ਾਮਲ ਹੋ ਕੇ ਆਪਣੇ ਵੱਡਮੁੱਲੇ ਵਿਚਾਰ ਪਰਗਟ ਕਰਕੇ ਵਿਚਾਰ ਵਟਾਂਦਰੇ ਵਿਚ ਆਪਣਾ ਹਿੱਸਾ ਪਾਇਆ:
ਪ੍ਰੀਤਮ ਸਿੰਘ ਚੁੱਘਾ, ਸ. ਕੇਵਲ ਸਿੰਘ ਸੰਧੂ, ਸ. ਈਸ਼ਪਾਲ ਸਿੰਘ ਸਿੱਧੂ, ਸ. ਗੁਰਦੇਵ ਸਿੰਘ ਗਿੱਲ, ਸ. ਕੁਲਵਿੰਦਰ ਸਿੰਘ, ਸ. ਗਗਨਦੀਪ ਸਿੰਘ ਕਪੂਰ, ਸ. ਪ੍ਰਿਤਪਾਲ ਸਿੰਘ ਕਪੂਰ, ਸ. ਸਿਮਰਜੀਤ ਸਿੰਘ, ਸ. ਜਸਵੰਤ ਸਿੰਘ, ਸ. ਮਨਦੀਪ ਸਿੰਘ ਮੈਂਡੀ, ਸ. ਜੋਗਾ ਸਿੰਘ ਆਦਿ।
ਮੀਟਿੰਗ ਦੀ ਸ਼ੁਰੂਆਤ ਵਿਚ ਪਹਿਲਾਂ ਤੋਂ ਚਲੇ ਆ ਰਹੇ ਆਸਟ੍ਰੇਲੀਅਨ ਦਲ ਦੇ ਸਾਬਕਾ ਮੁਖੀ ਸ. ਅਮਰਜੀਤ ਸਿੰਘ ਸਹੋਤਾ ਵੱਲੋਂ ਦਲ ਦੀਆਂ ਪਹਿਲੀਆਂ ਸਰਗਰਮੀਆਂ ਬਾਰੇ ਜਾਣਕਾਰੀ ਦਿਤੀ ਗਈ।
ਹਾਜਰ ਮੈਂਬਰਾਂ ਵੱਲੋਂ ਪੰਥ ਦੀ ਬੇਹਤਰੀ ਵਾਸਤੇ ਦਲ ਦੀ ਅਗਵਾਈ ਹੇਠ ਪੰਥਕ ਸੇਵਾ ਦੇ ਮੈਦਾਨ ਵਿਚ ਹਰ ਪ੍ਰਕਾਰ ਹਿੱਸਾ ਪਾਉਣ ਵਾਸਤੇ ਦਿੜ੍ਹਤਾ ਪ੍ਰਗਟਾਈ ਗਈ। ਵੱਖ ਵੱਖ ਵਿਸ਼ਿਆਂ ਉਪਰ ਉਸਾਰੂ ਵਿਚਾਰਾਂ ਕੀਤੀਆਂ ਗਈਆਂ ਅਤੇ ਕੁਝ ਜਰੂਰੀ ਫੈਸਲੇ ਲਏ ਗਏ।
ਦਲ ਦੀ ਕੇਂਦਰੀ ਲੀਡਰਸ਼ਿਪ ਦਾ ਇਸ ਗੱਲੋਂ ਧੰਨਵਾਦ ਕੀਤਾ ਗਿਆ ਕਿ ਉਹਨਾਂ ਨੇ ਸੇਵਕਾਂ ਉਪਰ ਭਰੋਸਾ ਕਰਕੇ ਆਸਟ੍ਰੇਲੀਆ ਵਿਚ ਸੇਵਾ ਕਰਨ ਵਾਸਤੇ ਸਾਡੇ ਉਪਰ ਭਰੋਸਾ ਕੀਤਾ ਗਿਆ ਅਤੇ ਨਾਲ਼ ਹੀ ਯਕੀਨ ਦਿਵਾਇਆ ਕਿ ਅਸੀਂ ਸਾਰੇ ਸੇਵਕ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਹੇਠ ਹਰ ਪ੍ਰਕਾਰ ਪੰਥ ਦੀ ਚੜ੍ਹਦੀਕਲਾ ਵਾਸਤੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਰਵਉਚਤਾ ਵਾਸਤੇ, ਕੇਂਦਰੀ ਆਗੂਆਂ ਦੀ ਰਹਿਨੁਮਾਈ ਹੇਠ, ਹਰ ਪ੍ਰਕਾਰ ਦੀ ਕੁਰਬਾਨੀ ਕਰਨ ਲਈ ਤਿਆਰ ਰਹਾਂਗੇ।
ਇਹ ਵਿਚਾਰ ਸਰਬ ਸੰਮਤੀ ਨਾਲ ਪ੍ਰਵਾਨ ਕੀਤਾ ਗਿਆ ਕਿ ਲੰਮੇ ਸਮੇ ਤੋਂ, ਬਾਹਰਲੇ ਦੇਸ਼ਾਂ ਵਿਚਲੇ ਅਕਾਲੀ ਵਰਕਰ ਹੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਚਾਰ ਕਰਦੇ ਆ ਰਹੇ ਸਨ। ਇਹਨਾਂ ਅਕਾਲੀ ਵਰਕਰਾਂ ਨੂੰ ਪੰਥ ਵਿਰੋਧੀਆਂ ਦੇ ਵਿਰੋਧ ਦਾ ਸਖ਼ਤ ਸਾਹਮਣਾ ਕਰਨਾ ਵੀ ਪਿਆ ਪਰ ਵਰਕਰ ਪੰਥਕ ਸੇਵਾ ਦੇ ਮੈਦਾਨ ਵਿਚ ਡਟੇ ਰਹੇ। ਮਾਨਯੋਗ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਇਹਨਾਂ ਵਰਕਰਾਂ ਨੂੰ ਅਹੁਦਿਆਂ ਦੇ ਰੂਪ ਵਿਚ ਮਾਣ ਦੇ ਕੇ ਸਤਿਕਾਰਿਆ ਹੈ।
ਅੱਜ ਸੋਸ਼ਲ ਮੀਡੀਆ ਦਾ ਯੁੱਗ ਹੈ ਤੇ ਇਹ ਵਰਕਰ ਇਸ ਉਪਰ, ਦੇਸ਼ਾਂ ਵਿਦੇਸ਼ਾਂ ਵਿਚ ਬੜੀ ਦ੍ਰਿੜ੍ਹਤਾ ਨਾਲ਼ ਪੰਥਕ ਨੀਤੀਆਂ ਦਾ ਪ੍ਰਚਾਰ ਕਰ ਰਹੇ ਹਨ।
ਪਹਿਲੀਆਂ ਵਿਚ ਸਾਡੇ ਮਾਣਯੋਗ ਬਜ਼ੁਰਗ ਪੱਤਰਕਾਰ ਸ. ਸਤਿੰਦਰਪਾਲ ਸਿੰਘ ਕਪੂਰ ਨੇ ਆਪਣੇ ਪੱਤਰਕਾਰੀ ਦੇ ਤਜਰਬੇ ਅਨੁਸਾਰ ਆਪਣੇ ਲੇਖਾਂ ਤੇ ਪੋਸਟਾਂ ਦੁਆਰਾ ਅਕਾਲੀ ਦਲ ਦੀ ਡਟ ਕੇ ਹਿਮਾਇਤ ਕੀਤੀ। ਇਸ ਸੇਵਾ ਲਈ ਅਸੀਂ ਹਮੇਸ਼ਾਂ ਕਪੂਰ ਸਾਹਿਬ ਦੇ ਰਿਣੀ ਰਹਾਂਗੇ।
ਇਹ ਬੜੀ ਖ਼ੁਸ਼ੀ ਭਰੀ ਖ਼ਬਰ ਹੈ ਕਿ ਇਸ ਪਲੇਠੀ ਮੀਟਿੰਗ ਵਿਚ, ਸਿਡਨੀ ਦੇ ਵਸਨੀਕ ਪ੍ਰਸਿਧ ਪੰਥਕ ਵਿਦਵਾਨ ਗਿਆਨੀ ਸੰਤੋਖ ਸਿੰਘ ਜੀ ਵੀ ਸ਼ਾਮਲ ਹੋਏ ਅਤੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦੇ ਆਰੰਭਤਾ ਦੇ ਇਤਿਹਾਸ ਉਪਰ ਸੰਖੇਪ ਚਾਨਣਾ ਪਾਇਆ। ਗਿਆਨੀ ਜੀ ਨੇ ਦੱਸਿਆ ਕਿ ਅਕਤੂਬਰ 1920 ਵਿਚ, ਸ੍ਰੀ ਦਰਬਾਰ ਸਾਹਿਬ ਦੇ ਪੁਜਾਰੀ, ਪੰਥਕ ਜੋਸ਼ ਦਾ ਮੁਕਾਬਲਾ ਨਾ ਕਰ ਸਕਣ ਕਰਕੇ, ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੁਞਾਂ ਛੱਡ ਕੇ ਭੱਜ ਗਏ ਤਾਂ ਉਸ ਸਮੇ ਪੰਥ ਨੇ ਜਥੇਦਾਰ ਤੇਜਾ ਸਿੰਘ ਭੁੱਚਰ ਦੀ ਅਗਵਾਈ ਹੇਠ, ਪੰਝੀ ਸਿੰਘਾਂ ਜਥਾ ਸੇਵਾ ਵਾਸਤੇ ਨਿਯੁਕਤ ਕਰ ਦਿਤਾ ਜਿਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੰਭਾਲ਼ ਲਈ। ਇਸ ਦੌਰਾਨ ਸਰਕਾਰ ਨੇ ਇਕ ੩੬ ਮੈਂਬਰੀ ਕਮੇਟੀ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਵਾਸਤੇ ਬਣਾ ਦਿਤੀ ਪਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ, ਡਾ. ਗੁਰਬਖ਼ਸ਼ ਸਿੰਘ ਦੇ ਦਸਤਖ਼ਤਾਂ ਹੇਠ ਚਿੱਠੀ ਭੇਜ ਕੇ, ਨਵੰਬਰ 1920 ਨੂੰ ਪੰਥਕ ਇਕੱਠ ਬੁਲਾ ਕੇ, 175 ਮੈਂਬਰਾਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਂ ਹੇਠ ਪੰਥਕ ਸੰਸਥਾ ਕਾਇਮ ਕਰ ਲਈ ਗਈ ਅਤੇ ਸਰਕਾਰ ਨਾਲ਼ ਟਕਰਾ ਟਾਲਣ ਲਈ, ਸਰਕਾਰੀ ਕਮੇਟੀ ਦੇ 36 ਮੈਂਬਰਾਂ ਨੂੰ ਵੀ ਇਸ ਸ਼ਾਮਲ ਕਰ ਲਿਆ ਗਿਆ। ਫਿਰ ਬਾਕੀ ਗੁਰਦੁਆਰਿਆਂ ਦੇ ਪ੍ਰਬੰਧ ਦਾ ਕੰਟਰੋਲ ਪ੍ਰਾਪਤ ਕਰਨ ਵਾਸਤੇ ਇਕ ਜਥੇਬੰਦੀ ਦੀ ਲੋੜ ਸੀ। ਇਸ ਲਈ ਅਗਲੇ ਮਹੀਨੇ ਹੀ ਦਸੰਬਰ 1920 ਵਿਚ ਹੀ ਸ਼੍ਰੋਮਣੀ ਅਕਾਲੀ ਦਲ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਹਜ਼ੂਰੀ ਵਿਚ ਸਥਾਪਨਾ ਕੀਤੀ ਗਈ। ਇਸ ਦੇ ਪਹਿਲੇ ਪ੍ਰਧਾਨ ਬਣਨ ਦਾ ਮਾਣ ਸ. ਸਰਮੁਖ ਸਿੰਘ ਝਬਾਲ ਨੂੰ ਪ੍ਰਾਪਤ ਹੋਇਆ। ਇਸ ਸ਼ਹੀਦਾਂ ਦੀ ਜਥੇਬੰਦੀ ਦੀ ਅਗਵਾਈ ਹੇਠ, ਸਿੱਖ ਪੰਥ ਨੇ ਪੰਜ ਸਾਲ ਜਦੋਂ ਜਹਿਦ ਕਰਕੇ, ਜਿਸ ਵਿਚ ਕੈਦਾਂ, ਜੁਰਮਾਨੇ ਪੰਜ ਸੌ ਸ਼ਹੀਦੀਆਂ ਅਤੇ ਹੋਰ ਬੇਅੰਤ ਤਸੀਹੇ ਝੱਲ ਕੇ, 1925 ਦਾ ਗੁਰਦੁਆਰਾ ਐਕਟ ਬਣਵਾ ਕੇ, ਸਾਰੇ ਪੰਜਾਬ ਦੇ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਲਿਆਂਦਾ।
1947 ਤੋਂ ‘ਆਜ਼ਾਦ ਭਾਰਤ’ ਸਿੱਖ ਕੌਮ ਦੇ ਹੱਕਾਂ ਦੀ ਰਾਖੀ ਵਾਸਤੇ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਜਦੋ ਜਹਿਦ ਕਰਦਾ ਆ ਰਿਹਾ ਹੈ। ਪੰਜਾਬੀ ਬੋਲ਼ੀ, ਰਿਜੀਨਲ ਫ਼ਾਰਮੂਲਾ, ਪੰਜਾਬੀ ਸੂਬਾ, ਐਮਰਜੈਂਸੀ ਆਦਿ ਬਾਰੇ ਸਮੇ ਸਮੇ ਸ਼੍ਰੋਮਣੀ ਅਕਾਲੀ ਦਲ ਸਮੁਚੇ ਹਿੰਦੁਸਤਾਨੀਆਂ ਦੇ ਮਨੁਖੀ ਹੱਕਾਂ ਦੀ ਲੜਾਈ ਵਿਚ ਮੋਹਰੀ ਹੋ ਕੇ ਹਿੱਸਾ ਪਾਉਂਦਾ ਆ ਰਿਹਾ ਹੈ। ਪਹਿਲਾਂ 1952 ਵਿਚ ਅਤੇ ਫਿਰ 1967 ਤੋਂ ਹੁਣ ਤੱਕ ਸਰਕਾਰਾਂ ਦੀ ਅਗਵਾਈ ਕਰਨ ਦਾ ਮਾਣ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਪ੍ਰਾਪਤ ਹੈ। ਭਾਵੇਂ ਕੇਂਦਰੀ ਸਰਕਾਰ ਨੇ ਚਾਰ ਵਾਰ ਸ਼੍ਰੋਮਣੀ ਅਕਾਲੀ ਦੀ ਅਗਵਾਈ ਵਾਲ਼ੀ ਸਰਕਾਰ ਤੋੜੀ ਹੈ ਪਰ ਦਲ ਨੇ ਆਪਣੀ ਜਦੋ ਜਹਿਦ ਨਹੀਂ ਤਿਆਗੀ। ਹਿੰਦੁਸਤਾਨ ਵਿਚ ਸਭ ਤੋਂ ਪਹਿਲੀ ਨਾਨ ਕਾਂਗਰਸ ਸਰਕਾਰ ਬਣਾਉਣ ਦਾ ਸੇਹਰਾ 1952 ਵਿਚ, ਵੀ ਸ਼੍ਰੋਮਣੀ ਅਕਾਲੀ ਦਲ ਦੇ ਸਿਰ ਹੀ ਬਝਿਆ ਸੀ।
ਇਸ ਕੁਰਬਬਾਨੀਆਂ ਵਾਲ਼ੀ ਮਹਾਨ ਜਥੇਬੰਦੀ ਦੀ ਪ੍ਰਧਾਨਗੀ ਕਰਨ ਦਾ ਮਾਣ ਸਮੇ ਸਮੇ ਪ੍ਰਸਿਧ ਵਿਅਕਤੀਆਂ ਨੂੰ ਪ੍ਰਾਪਤ ਹੁੰਦਾ ਰਿਹਾ, ਜਿਨ੍ਹਾਂ ਵਿਚ ਕੁਝ ਕੁ ਖਾਸ ਨਾਂ ਇਉਂ ਹਨ:
ਸ. ਸਰਮੁਖ ਸਿੰਘ ਝਬਾਲ, ਬਾਬਾ ਖੜਕ ਸਿੰਘ, ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ ਸ. ਹੁਕਮ ਸਿੰਘ, ਜਥੇਦਾਰ ਪ੍ਰੀਤਮ ਸਿੰਘ ਗੋਜਰਾਂ, ਸੰਤ ਫ਼ਤਿਹ ਸਿੰਘ, ਜਥੇਦਾਰ ਮੋਹਨ ਸਿੰਘ ਤੁੜ, ਸ. ਜਗਦੇਵ ਸਿੰਘ ਤਲਵੰਡੀ, ਸ. ਸੁਰਜੀਤ ਸਿੰਘ ਬਰਨਾਲਾ, ਸੰਤ ਹਰਚੰਦ ਸਿੰਘ ਲੌਂਗੋਵਾਲ, ਸ. ਪ੍ਰਕਾਸ਼ ਸਿੰਘ ਬਾਦਲ ਆਦਿ, ਅਤੇ ਹੁਣ ਇਕੀਵੀਂ ਸਦੀ ਦੇ ਆਧੁਨਿਕ ਯੁੱਗ ਵਿਚ, ਇਸ ਦੀ ਅਗਵਾਈ, ਸ. ਪ੍ਰਕਾਸ਼ ਸਿੰਘ ਬਾਦਲ ਦੀ ਸਰਪ੍ਰਸਤੀ ਅਤੇ ਸ. ਸੁਖਬੀਰ ਸਿੰਘ ਬਾਦਲ ਦੇ ਸੁਯੋਗ ਹੱਥਾਂ ਵਿਚ ਹੈ ਜੋ ਕਿ ਇਸ ਮਹਾਨ ਜਥੇਬੰਦੀ ਨੂੰ ਸਮੇ ਦੀ ਹਾਣੀ ਬਣਾ ਕੇ, ਇਸ ਦੀ ਅਗਵਾਈ ਕਰ ਰਹੇ ਹਨ।
ਆਸਟ੍ਰੇਲੀਅਨ ਸ਼੍ਰੋਮਣੀ ਅਕਾਲੀ ਦਲ ਦੇ ਨੈਸ਼ਨਲ ਪ੍ਰਧਾਨ, ਸ. ਕੰਵਲਜੀਤ ਸਿੰਘ ਸਿੱਧੂ ਨੇ, ਗਿਆਨੀ ਸੰਤੋਖ ਸਿੰਘ ਜੀ ਦੀਆਂ ਸੇਵਾਵਾਂ ਪ੍ਰਾਪਤ ਕਰਨ ਵਾਸਤੇ ਮਤਾ ਪੇਸ਼ ਕੀਤਾ ਕਿ ਗਿਆਨੀ ਜੀ ਪਾਸੋਂ, ਇਹਨਾਂ ਦੇ ਲੰਮੇ ਤਜਰਬੇ ਅਤੇ ਸਾਰੀ ਉਮਰ ਪੰਥਕ ਸੇਵਾ ਦੇ ਮੈਦਾਨ ਵਿਚ ਵਿਚਰਨ ਕਰਕੇ, ਪ੍ਰਾਪਤ ਕੀਤੇ ਗਏ ਤਜਰਬੇ ਤੋਂ ਦਲ ਲਈ ਲਾਭ ਉਠਾਉਣ ਵਾਸਤੇ, ਆਸਟ੍ਰੇਲੀਅਨ ਸ਼੍ਰੋਮਣੀ ਅਕਾਲੀ ਦਲ ਦੇ ਸਪੈਸ਼ਲ ਐਡਵਾਈਜ਼ਰ ਦੇ ਰੂਪ ਵਿਚ ਸੇਵਾ ਲਈ ਜਾਵੇ। ਜੈਕਾਰੇ ਸਮੇਤ ਸਰਬਸੰਮਤੀ ਨਾਲ਼ ਇਸ ਦੀ ਪ੍ਰਵਾਨਗੀ ਦਿਤੀ ਗਈ।

ਜਾਰੀ ਕਰਤਾ:- ਰਵਿੰਦਰ ਸਿੰਘ ਲੋਪੋਂ
ਮੀਡੀਆ ਸਕੱਤਰ
ਸ਼ੋ੍ਮਣੀ ਅਕਾਲੀ ਦਲ
ਆਸਟ੍ਰੇਲੀਆ

Install Punjabi Akhbar App

Install
×