ਦੱਖਣੀ ਅਸਟ੍ਰੇਲੀਆਈ ਲਿਬਰਲ ਪਾਰਟੀ ਦੇ ਐਮ.ਪੀ. ਦਾ ਖੁੱਸਿਆ ਡ੍ਰਾਇਵਿੰਗ ਲਾਇਸੰਸ, ਸੜਕ ਸੁਰੱਖਿਆ ਪ੍ਰਤੀ ਦੋਸ਼

ਦੱਖਣੀ ਅਸਟ੍ਰੇਲੀਆਈ ਲਿਬਰਲ ਪਾਰਟੀ (ਸ਼ੈਫੀ ਖੇਤਰ) ਦੇ ਐਮ.ਪੀ. -ਟਿਮ ਵ੍ਹੈਟਸਟੋਨ ਨੇ ਜਨਤਕ ਤੌਰ ਤੇ ਆਪਣੀ ਗਲਤੀ ਮੰਨਦਿਆਂ ਦੱਸਿਆ ਹੈ ਕਿ ਉਨ੍ਹਾਂ ਉਪਰ ਸੜਕ ਸੁਰੱਖਿਆ ਸਬੰਧੀ ਕਾਫੀ ਦੋਸ਼ ਲੱਗੇ ਹਨ ਅਤੇ ਇਸੇ ਵਾਸਤੇ ਉਨ੍ਹਾਂ ਦਾ ਡ੍ਰਾਇਵਿੰਗ ਲਾਇਸੰਸ ਦੀ ਰੱਦ ਕਰ ਦਿੱਤਾ ਗਿਆ ਹੈ। ਇਸ ਦੇ ਇਵਜ ਵਿੱਚ ਉਨ੍ਹਾਂ ਨੇ ਆਪਣੇ ਮੌਜੂਦਾ ਅਹੁਦੇ ਤੋਂ ਵੀ ਤਿਆਗ ਪੱਤਰ ਦੇ ਦਿੱਤਾ ਹੈ ਅਤੇ ਹਾਲ ਦੀ ਘੜੀ ਉਨ੍ਹਾਂ ਦਾ ਕੰਮਕਾਜ ਵਿਰੋਧੀ ਧਿਰ ਦੇ ਨੇਤਾ ਡੇਵਿਡ ਸਪੀਰਸ ਹੀ ਸਾਂਭ ਰਹੇ ਹਨ।
ਉਨ੍ਹਾਂ ਕਿਹਾ ਕਿ ਸੜਕ ਸੁਰੱਖਿਆ ਸਾਡੇ ਦੇਸ਼ ਅਤੇ ਸਮਾਜ ਦਾ ਇੱਕ ਅਹਿਮ ਮੁੱਦਾ ਹੈ ਅਤੇ ਇਸ ਨਾਲ ਕਿਸੇ ਕਿਸਮ ਦੀ ਅਣਗਹਿਲੀ ਬਰਦਾਸ਼ਤ ਹੀ ਨਹੀਂ ਕੀਤੀ ਜਾ ਸਕਦੀ ਅਤੇ ਫੇਰ ਅਣਗਹਿਲੀ ਜਾਂ ਗਲਤੀ ਕਰਨ ਵਾਲਾ ਕੋਈ ਵੀ ਕਿਉਂ ਨਾ ਹੋਵੇ। ਇਸੇ ਵਾਸਤੇ ਉਨ੍ਹਾਂ ਨੇ ਆਪਣੇ ਮੌਜੂਦਾ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ ਕਿਉਂਕਿ ਉਹ ਸਮਝਦੇ ਹਨ ਕਿ ਉਨ੍ਹਾਂ ਵੱਲੋਂ ਜੋ ਸੜਕ ਸੁਰੱਖਿਆ ਸਬੰਧੀ ਗਲਤੀਆਂ ਹੋ ਗਈਆਂ ਹਨ ਤਾਂ ਉਨ੍ਹਾਂ ਨੂੰ ਮੌਜੂਦਾ ਜਨਤਕ ਅਹੁਦਿਆਂ ਉਪਰ ਰਹਿਣ ਦਾ ਕੋਈ ਹੱਕ ਹੀ ਨਹੀਂ ਹੈ ਇਸ ਵਾਸਤੇ ਉਹ ਇਖਲਾਕੀ ਤੌਰ ਤੇ ਅਸਤੀਫ਼ਾ ਦੇ ਰਹੇ ਹਨ।