ਮੁੱਰੇ ਨਦੀ ਦਾ ਪਾਣੀ ਲਗਾਤਾਰ ਵੱਧ ਰਿਹਾ ਹੈ ਅਤੇ ਇਸੇ ਦੇ ਚਲਦਿਆਂ ਨਾਲ ਦੇ ਖੇਤਰਾਂ ਆਦਿ ਅੰਦਰ ਹੜ੍ਹਾਂ ਦੇ ਖਤਰੇ ਬਰਕਰਾਰ ਹਨ। ਦੱਖਣੀ ਆਸਟ੍ਰੇਲੀਆ ਸਿਹਤ ਵਿਭਾਗ ਨੇ ਹੜ੍ਹਾਂ ਦੇ ਖਤਰੇ ਨੂੰ ਭਾਂਪਦਿਆਂ ਅਤੇ ਮੁੱਢਲੀ ਕਾਰਵਾਈ ਕਰਦਿਆਂ, ਰੈਨਮਾਰਕ ਪਰਿੰਜਾ ਹਸਪਤਾਲ ਵਿਚ ਰਹਿ ਰਹੇ 21 ਏਜਡ ਕੇਅਰ ਰਿਹਾਇਸ਼ੀਆਂ ਨੂੰ ਉਥੋਂ ਕੱਢ ਕੇ ਕਿਤੇ ਹੋਰ ਸੁਰੱਖਿਅਤ ਥਾਂ ਤੇ ਲੈ ਕੇ ਜਾਣ ਦਾ ਫੈਸਲਾ ਕੀਤਾ ਹੈ ਅਤੇ ਕਾਰਵਾਈ ਕੀਤੀ ਜਾ ਰਹੀ ਹੈ। ਇਸਤੋਂ ਬਾਅਦ ਹਸਪਤਾਲ ਵਿੱਚ ਹੋਰ ਵੀ 60 ਅਜਿਹੇ ਰਿਹਾਇਸ਼ੀ ਹਨ ਅਤੇ ਉਨ੍ਹਾਂ ਬਾਰੇ ਵੀ ਅਗਲੇ ਫੈਸਲੇ ਜਲਦੀ ਹੀ ਲਏ ਜਾਣਗੇ।
ਇਸ ਸਮੇਂ ਜੋ ਮੁੱਰੇ ਨਦੀ ਦੇ ਹਾਲਾਤ ਹਨ ਤਾਂ ਕਿਹਾ ਜਾ ਰਿਹਾ ਹੈ ਕਿ ਅਜਿਹੇ ਹਾਲਾਤ ਅਧਿਕਾਰਿਕ ਆਂਕੜਿਆਂ ਮੁਤਾਬਿਕ ਸਾਲ 1956 ਵਿੱਚ ਬਣੇ ਸਨ। ਇਸ ਨਾਲ ਮੌਜੂਦਾ ਸਮਿਆਂ ਅੰਦਰ ਰਾਜ ਭਰ ਵਿੱਚ ਘੱਟੋ ਘੱਟ 4000 ਅਜਿਹੀਆਂ ਪ੍ਰਾਪਰਟੀਆਂ ਆਦਿ ਉਪਰ ਹੜ੍ਹਾਂ ਦੇ ਖਤਰੇ ਮੰਡਰਾ ਰਹੇ ਹਨ ਜਿਨ੍ਹਾਂ ਵਿੱਚੋਂ 450 ਤਾਂ ਪੱਕੇ ਤੌਰ ਤੇ ਰਿਹਾਇਸ਼ੀ ਪ੍ਰਾਪਰਟੀਆਂ ਹੀ ਹਨ।
ਰਾਜ ਦੇ ਮੁੱਖ ਸਿਹਤ ਅਧਿਕਾਰੀ ਨਿਕੋਲਾ ਸਪਰਿਅਰ ਦਾ ਕਹਿਣਾ ਹੈ ਕਿ ਹਾਲਾਂਕਿ ਹੜ੍ਹਾਂ ਦੇ ਪਾਣੀ ਦੇ ਰੈਨਮਾਰਕ ਪਰਿੰਜਾ ਹਸਪਤਾਲ ਅੰਦਰ ਦਾਖਿਲ ਹੋਣ ਦੇ ਕਾਫੀ ਘੱਟ ਚਾਂਸ ਹਨ ਪਰੰਤੂ ਫੇਰ ਵੀ ਅਹਿਤਿਆਦਨ ਅਜਿਹੇ ਕਦਮ ਚੁੱਕੇ ਜਾ ਰਹੇ ਹਨ ਤਾਂ ਜੋ ਕਿਸੇ ਕਿਸਮ ਦੇ ਜਾਨੀ ਜਾਂ ਮਾਲ਼ੀ ਨੁਕਸਾਨ ਤੋਂ ਪਹਿਲਾਂ ਹੀ ਬਚਿਆ ਜਾ ਸਕੇ।
ਬੀਤੇ ਸ਼ਨਿਚਰਵਾਰ ਨੂੰ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਉਚੇਚੇ ਤੌਰ ਤੇ ਪ੍ਰੀਮੀਅਰ ਪੀਟਰ ਮੈਲੀਨਾਸਕਸ ਦੇ ਨਾਲ ਮਿਲ ਕੇ, ਰੈਨਮਾਰਕ ਪਰਿੰਜਾ ਹਸਪਤਾਲ ਦਾ ਦੌਰਾ ਵੀ ਕੀਤਾ ਸੀ ਅਤੇ ਹਰ ਤਰ੍ਹਾਂ ਦੀ ਸੰਭਵ ਮਦਦ ਦਾ ਭਰੋਸਾ ਵੀ ਦਿਵਾਇਆ ਸੀ।