
ਆਉਣ ਵਾਲੀ ਦਿਸੰਬਰ ਮਹੀਨੇ ਦੀ 1 ਤਾਰੀਖ ਤੋਂ ਦੱਖਣੀ ਆਸਟ੍ਰੇਲੀਆ ਦੇ ਬਾਰਡਰ ਵਿਕਟੋਰੀਆ ਰਾਜ ਨਾਲ ਖੋਲ੍ਹ ਦਿੱਤੇ ਜਾਣਗੇ। ਇਹ ਐਲਾਨ ਦੱਖਣੀ ਆਸਟ੍ਰੇਲੀਆ ਦੇ ਪ੍ਰੀਮੀਅਰ ਸ੍ਰੀ ਸਟੀਵਨ ਮਾਰਸ਼ਲ ਵੱਲੋਂ ਕੀਤਾ ਗਿਆ ਅਤੇ ਉਨ੍ਹਾਂ ਇਹ ਵੀ ਕਿਹਾ ਕਿ ਵਿਪਦਾ ਦੀ ਘੜੀ ਵੇਲੇ ਸਿਰਫ ਇੱਕੋ ਇੱਕ ਚਾਰਾ ਹੋਣ ਕਾਰਨ ਸਾਰੇ ਬਾਰਡਰ ਸੀਲ ਕਰਨੇ ਪਏ ਸਨ ਅਤੇ ਹੁਣ ਉਨ੍ਹਾਂ ਨੂੰ ਖੁਸ਼ੀ ਹੈ ਕਿ ਦੋਹਾਂ ਰਾਜਾਂ ਦੀ ਰੁਕੀ ਹੋਈ ਗੱਡੀ ਮੁੜ ਤੋਂ ਲੀਹਾਂ ਉਪਰ ਆਉਣੀ ਸ਼ੁਰੂ ਹੋ ਗਈ ਹੈ ਅਤੇ ਵਿਕਟੋਰੀਆ ਵਿੱਚ ਭਾਰੀ ਪ੍ਰੇਸ਼ਾਨੀਆਂ ਅਤੇ ਕੋਵਿਡ-19 ਦੇ ਖਤਰਨਾਕ ਹਮਲੇ ਤੋਂ ਬਾਅਦ ਆਮ ਵਰਗੇ ਹਾਲਾਤ ਹੋ ਗਏ ਹਨ ਅਤੇ ਹੁਣ ਸਮਾਂ ਆ ਗਿਆ ਹੈ ਕਿ ਸਾਰੀਆਂ ਪਾਬੰਧੀਆਂ ਹਟਾਉਣ ਤੋਂ ਬਾਅਦ -ਪਰੰਤੂ ਕਰੋਨਾ ਦੀਆਂ ਬੁਨਿਆਦੀ ਅਹਿਤਿਆਦਾਂ ਦੇ ਮੱਦੇਨਜ਼ਰ, ਸਾਰੇ ਬਾਰਡਰ ਵੀ ਖੋਲ੍ਹ ਦਿੱਤੇ ਜਾਣ ਅਤੇ ਲੋਕ ਮੁੜ ਤੋਂ ਆਪਣੇ ਪਿਆਰਿਆਂ ਨੂੰ ਮਿਲਣ ਦੇ ਨਾਲ ਨਾਲ ਆਪਣੇ ਕੰਮ-ਧੰਦਿਆਂ ਵਿੱਚ ਵੀ ਲੱਗ ਸਕਣ। ਬੁਨਿਆਦੀ ਅਹਿਤਿਆਦਾਂ ਵਿੱਚ ਕੰਟੈਕਟ ਟ੍ਰੇਸਿੰਗ ਚੈਕ-ਇਨ ਸਿਸਟਮ ਰਹੇਗਾ ਅਤੇ ਇਹ ਖਾਸ ਕਰਕੇ ਪੱਬਾਂ, ਕਲੱਬਾਂ, ਰੈਸਟੋਰੈਂਟਾਂ, ਕੈਫੇ ਅਤੇ ਅਜਿਹੀਆਂ ਹੀ ਹੋਰ ਲਾਈਸੈਂਸ ਯੁਕਤ ਸਥਾਨਾਂ ਵੁਪਰ ਲਾਗੂ ਰਹੇਗਾ। ਉਨ੍ਹਾਂ ਕਿਹਾ ਕਿ ਦੱਖਣੀ ਆਸਟ੍ਰੇਲੀਆ ਰਾਜ ਦੇ ਸਿਹਤ ਅਧਿਕਾਰੀ ਛੇਤੀ ਤੋਂ ਛੇਤੀ ਇਸ ਸਿਸਟਮ ਨੂੰ ਲਾਗੂ ਕਰਨ ਵਿੱਚ ਲੱਗੇ ਹੋਏ ਹਨ ਅਤੇ ਜਿਉਂ ਹੀ ਇਹ ਕੰਮ ਕਰਨ ਲੱਗਦਾ ਹੈ ਤਾਂ ਫੇਰ ਹੋਰ ਰਿਆਇਤਾਂ ਵੀ ਲਾਗੂ ਕਰ ਦਿੱਤੀਆਂ ਜਾਣਗੀਆਂ। ਅਗਲੀਆਂ ਅਤੇ ਹੋਰ ਪਾਬੰਧੀਆਂ ਬਾਰੇ ਆਉਣ ਵਾਲੀ 17 ਤਾਰੀਖ ਦੀ ਟਰਾਂਜ਼ਿਸ਼ਨ ਕਮੇਟੀ ਦੀ ਮੀਟਿੰਗ ਵਿੱਚ ਵਿਚਾਰ ਵਿਮਰਸ਼ ਕੀਤੇ ਜਾਣਗੇ। ਉਨ੍ਹਾਂ ਉਚੇਚੇ ਤੌਰ ਤੇ ਸਾਰਿਆਂ ਦਾ ਹੀ ਧੰਨਵਾਦ ਕੀਤਾ ਜਿਨ੍ਹਾਂ ਇਸ ਸਾਲ ਦੀ ਇਸ ਮਹਾਮਾਰੀ ਦੌਰਾਨ ਸਰਕਾਰ ਦਾ ਸਾਥ ਨਿਭਾਇਆ ਅਤੇ ਰਾਜ ਵਿੱਚ ਹੋਣ ਵਾਲੇ ਜ਼ਿਆਦਾ ਨੁਕਸਾਨ ਦੀ ਕਿਸੇ ਪਾਸਿਉਂ ਵੀ ਕੋਈ ਗੁੰਜਾਇਸ਼ ਨਾ ਰਹੀ ਅਤੇ ਜਿਨ੍ਹਾਂ ਲੋਕਾਂ ਨੂੰ ਇਸ ਭਿਆਨਕ ਬਿਮਾਰੀ ਕਾਰਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਜਾਂ ਫੇਰ ਆਪਣੇ ਪਿਆਰਿਆਂ ਤੋਂ ਵਿਛੜਨਾ ਵੀ ਪਿਆ, ਉਨ੍ਹਾਂ ਪ੍ਰਤੀ ਪੂਰੀ ਸ਼ਰਧਾ ਭਾਵਨਾ ਨਾਲ ਉਨ੍ਹਾਂ ਦੁੱਖ ਪ੍ਰਗਟ ਕੀਤਾ ਅਤੇ ਭਵਿੱਖ ਵਿਚ ਅਜਿਹੀਆਂ ਅੜਚਣਾਂ ਨਾ ਆਉਣ ਦੀ ਕਾਮਨਾ ਕੀਤੀ।