ਅਡੋਲਤਾ ਦਾ ਮੁਜੱਸਮਾ ਸ੍ਰ ਸਿਮਰਨਜੀਤ ਸਿੰਘ ਮਾਨ ਬਨਾਮ ਰਵਾਇਤੀ ਸਿਆਸੀ ਧਿਰਾਂ 

ਸੰਗਰੂਰ ਲੋਕ ਸਭਾ ਸੀਟ ਲਈ ਹੋਣ ਜਾ ਰਹੀ ਜਿਮਨੀ ਚੋਣ ਦੇ ਸਬੰਧ ਵਿੱਚ ਭਾਰਤ ਦੀਆਂ ਖੁਫੀਆਂ ਏਜੰਸੀਆਂ ਨੇ ਸ੍ਰ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿੱਚ ਲੋਕ ਮੱਤ ਹੋਣ ਦੀਆਂ ਪੇਸ ਕੀਤੀਆਂ ਰਿਪੋਰਟਾਂ ਤੋ ਬਾਅਦ ਕੇਂਦਰੀ ਤਾਕਤਾਂ ਦੀ ਨੀਦ ਹਰਾਮ ਹੋ ਗਈ ਹੈ।ਅਕਾਲੀ ਦਲ ਬਾਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਵੱਲੋਂ ਪਿਛਲੇ ਦਿਨਾਂ ਵਿੱਚ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਮੇਤ ਕੁੱਝ ਹੋਰ ਸੀਨੀਅਰ ਪਾਰਟੀ ਆਗੂਆਂ ਨਾਲ ਸ੍ਰ ਸਿਮਰਨਜੀਤ ਸਿੰਘ ਮਾਨ ਦੀ ਰਿਹਾਇਸ ਤੇ ਪਹੁੰਚ ਕੇ ਸ੍ਰ ਮਾਨ ਨੂੰ ਬੰਦੀ ਸਿੰਘਾਂ ਦਾ ਵਾਸਤਾ ਪਾ ਕੇ ਜੋ ਚੋਣ ਪ੍ਰਕਿਰਿਆ ਤੋ ਪਾਸੇ ਹਟਾਉਣ ਦੀ ਚਾਲ ਚੱਲੀ ਗਈ ਸੀ,ਉਹ ਸਾਰਾ ਤਾਣਾ ਬਾਣਾ ਦਿੱਲੀ ਤੋ ਬੁਣਿਆ ਗਿਆ ਸੀ,ਪਰ ਬਦਕਿਸਮਤੀ ਨੂੰ ਸੁਖਬੀਰ ਬਾਦਲ ਇਸ ਚਾਲ ਵਿੱਚ ਵੀ ਕਾਮਯਾਬ ਹੋਣ ਦੀ ਬਜਾਏ ਮਾਰ ਖਾ ਗਏ।  ਸਿਆਸੀ ਮਾਹਰਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਪਹਿਲੀ ਵਾਰ ਸ੍ਰ ਮਾਨ ਨੇ ਸਿਆਸਤ ਵਿੱਚ ਧੋਬੀ ਪਟੜਾ ਮਾਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਸ੍ਰ ਸਿਮਰਨਜੀਤ ਸਿੰਘ ਮਾਨ ਕਿਸੇ ਜਾਣ ਪਹਿਚਾਣ ਦੇ ਮੁਹਥਾਜ ਨਹੀ ਹਨ।ਉਨਾਂ ਨੇ ਜੂਨ 1984 ਦੇ ਸ੍ਰੀ ਦਰਬਾਰ ਸਾਹਿਬ ਤੇ ਹੋਏ ਫੌਜੀ ਹਮਲੇ ਦੇ ਰੋਸ ਵਜੋਂ ਆਪਣੇ ਡੀ ਆਈ ਜੀ ਪਦ ਦੇ ਉੱਚ ਅਹੁਦੇ ਤੋ ਅਸਤੀਫਾ ਦਿੱਤਾ ਸੀ,ਜਿਸ ਤੋ ਬਾਅਦ ਉਨਾਂ ਦੀਆਂ ਮੁਸਕਲਾਂ ਵਿੱਚ ਢੇਰ ਸਾਰਾ ਵਾਧਾ ਹੋਇਆ ਸੀ ਅਤੇ ਪਰਿਵਾਰ ਨੂੰ ਵੀ ਬੇਹੱਦ ਖੁਆਰੀਆਂ ਝੱਲਣੀਆਂ ਪਈਆਂ ਸਨ।

ਸ੍ਰ ਮਾਨ ਆਪਣੇ ਸਾਥੀਆਂ ਸਮੇਤ ਜਾਨ ਬਚਾ ਕੇ ਭਾਰਤ ਤੋ ਨਿਕਲਣ ਦੀ ਕੋਸਸ਼ਿ ਕਰਦੇ ਸਮੇ ਨੇਪਾਲ ਦੇ ਬਾਰਡਰ ਤੋ ਫੜੇ ਗਏ ਸਨ,ਜਿਸ ਤੋ ਬਾਅਦ ਉਨਾਂ ਨੂੰ ਗੈਰ ਮਨੁੱਖੀ ਤਸੀਹੇ ਦਿੱਤੇ ਗਏ ਤੇ ਉਹ ਲਗਾਤਾਰ ਪੰਜ ਸਾਲ ਭਾਗਲਪੁਰ (ਬਿਹਾਰ) ਦੀ ਜੇਲ ਚ ਬੰਦ ਰਹੇ ਸਨ। ਸ੍ਰ ਮਾਨ ਜੇਲ ਦੀ ਕਾਲ ਕੋਠੜੀ ਵਿੱਚੋਂ ਉਸ ਮੌਕੇ ਰਿਹਾਅ ਹੋਏ ਸਨ ਜਦੋ 1989 ਦੀ ਲੋਕ ਸਭਾ ਦੀਆਂ ਚੋਣਾਂ ਵਿੱਚ ਉਨਾਂ ਨੂੰ ਲੋਕ ਸਭਾ ਹਲਕਾ ਤਰਨਤਾਰਨ ਤੋ ਲੋਕਾਂ ਨੇ ਰਿਕਾਰਡਤੋੜ ਵੋਟਾਂ ਪਾ ਕੇ ਜਿਤਾਇਆ ਸੀ ਅਤੇ ਉਹ ਭਾਰਤ ਵਿੱਚ ਸਭ ਤੋਂ ਵੱਧ ਵੋਟਾਂ ਲੈ ਕੇ ਜਿੱਤ ਦਰਜ ਕਰਨ ਵਾਲੇ ਦੂਜੇ ਲੋਕ ਸਭਾ ਮੈਂਬਰ ਬਣੇ ਸਨ।ਇਹ ਉਹ ਸਮਾਂ ਸੀ ਜਦੋ ਬਾਪੂ ਜੋਗਿੰਦਰ ਸਿੰਘ ਦੀ ਅਗਵਾਈ ਵਾਲੇ ਸੰਯੁਕਤ ਅਕਾਲੀ ਦਲ ਵੱਲੋਂ ਖੜੇ ਸਾਰੇ ਹੀ ਲੋਕ ਸਭਾ ਮੈਂਬਰ ਜਿੱਤ ਗਏ ਸਨ ਤੇ ਰਿਹਾਅ ਹੋਣ ਤੋ ਬਾਅਦ ਬਾਪੂ ਜੁਗਿੰਦਰ ਸਿੰਘ ਨੇ ਆਪ ਖੁਦ ਪ੍ਰਧਾਨਗੀ ਤੋ ਅਸਤੀਫਾ ਦੇ ਕੇ ਸ੍ਰ ਮਾਨ ਨੂੰ ਪਾਰਟੀ ਦੀ ਵਾਂਗ ਡੋਰ ਸੰਭਾਲ ਦਿੱਤੀ ਸੀ।

ਉਸ ਤੋ ਉਪਰੰਤ ਉਹ ਨਿਰੰਤਰ ਉਸ ਪੰਥਕ ਪਾਰਟੀ ਦੀ ਅਗਵਾਈ ਕਰਦੇ ਆ ਰਹੇ ਹਨ।1989 ਦੀ ਵੱਡੀ ਜਿੱਤ ਤੋ ਬਾਅਦ ਪੰਜਾਬ ਦੇ ਰਵਾਇਤੀ ਸਿਆਸੀ ਹਲਕਿਆਂ ਸਮੇਤ ਭਾਰਤੀ ਏਜੰਸੀਆਂ  ਅੰਦਰ ਹਲਚਲ ਮੱਚ ਗਈ,ਅਤੇ ਉਨਾਂ ਨੇ ਤੁਰੰਤ ਸ੍ਰ ਮਾਨ ਨੂੰ ਸਿਆਸੀ ਤੌਰ ਤੇ ਘੇਰਨ ਦੀ ਤਿਆਰੀ ਵਿੱਢ ਦਿੱਤੀ,ਜਿਸ ਵਿਚ ਤਤਕਾਲੀ ਰਵਾਇਤੀ ਅਕਾਲੀ ਲੀਡਰਸ਼ਿਪ ਦੀ ਮੁੱਖ ਭਾਗੇਦਾਰੀ ਰਹੀ।ਹੋਰ ਕੋਈ ਵੀ ਚਾਰਾ ਨਾ ਜਾਂਦਾ ਦੇਖ ਕੇ ਭਾਰਤੀ ਤਾਕਤਾਂ ਨੇ ਅਕਾਲੀ ਦਲ ਨਾਲ ਮਿਲ ਕੇ ਸ੍ਰ ਮਾਨ ਦੇ ਤਿੰਨ ਫੁੱਟੀ ਕਿਰਪਾਨ ਨਾਲ ਲੈ ਕੇ ਲੋਕ ਸਭਾ ਵਿੱਚ ਜਾਣ ਤੇ ਪਾਬੰਦੀ ਲਾ ਦਿੱਤੀ। ਸ੍ਰ. ਮਾਨ ਲੋਕ ਸਭਾ ਮੈਂਬਰਾਂ ਨੂੰ ਲੈ ਕੇ ਜਦੋਂ ਲੋਕ ਸਭਾ ਚ ਸ਼ਾਮਲ ਹੋਣ ਲਈ ਪਹੁੰਚੇ, ਪਰ ਕਿਰਪਾਨ ਅੰਦਰ ਲਿਜਾਣ ਤੇ ਲਗਾਈ ਰੋਕ ਨੂੰ ਦੇਖਦਿਆਂ ਓਥੇ ਹੀ ਧਰਨੇ ਤੇ ਬੈਠ ਗਏ। ਇਸ ਸਮੇਂ ਦੌਰਾਨ ਉਸ ਸਮੇਂ ਦੇ ਲੋਕ ਸਭਾ ਦੇ ਸਪੀਕਰ ਰਬੀ ਦੇ ਉੱਠ ਕੇ ਬਾਹਰ ਸ੍ਰ. ਮਾਨ ਨੂੰ ਮਿਲਣ ਪਹੁੰਚੇ। ਉਨਾਂ ਸ੍ਰ. ਮਾਨ ਨੂੰ ਅੰਦਰ ਜਾਣ ਲਈ ਕਿਹਾ ਪਰ ਸ੍ਰ. ਮਾਨ ਨੇ ਜਵਾਬ ਚ ਕਿਹਾ ਕਿ ਉਹ ਕਿਰਪਾਨ ਤੋਂ ਬਿਨਾਂ ਅੰਦਰ ਨਹੀਂ ਜਾ ਸਕਦੇ।

ਸਪੀਕਰ ਰਬੀ ਰੇ ਨੇ ਕਿਹਾ ਕਿ ਉਹ ਤੁਹਾਡੀਆਂ ਭਾਵਨਾਵਾਂ ਨਾਲ ਸਹਿਮਤ ਹਨ ਪਰ ਉਹ ਕੁੱਝ ਨਹੀਂ ਕਹਿ ਸਕਦੇ।  ਇਹ ਚਾਲ ਇਸ ਕਰਕੇ ਖੇਡੀ ਗਈ,ਕਿਉਂਕਿ ਉਹ ਇਹ ਗੱਲ ਭਲੀ ਭਾਂਤ ਜਾਣਦੇ ਸਨ ਕਿ ਸ੍ਰ ਮਾਨ ਇਸ ਗੱਲ ਤੇ ਰਾਜੀ ਨਹੀ ਹੋਵੇਗਾ,ਇਸ ਲਈ ਉਨਾਂ ਦੀ ਵਧਦੀ ਤਾਕਤ ਨੂੰ ਕਮਜੋਰ ਕਰਨ ਲਈ ਲੋਕ ਸਭਾ ਚ ਜਾਣ ਤੋ ਰੋਕਣਾ ਹੀ ਇੱਕੋ ਇੱਕ ਮਕਸਦ ਸੀ,ਜਿਸ ਵਿੱਚ ਭਾਰਤੀ ਤਾਕਤਾਂ ਕਾਮਯਾਬ ਵੀ ਰਹੀਆਂ।ਭਾਰਤੀ  ਏਜੰਸੀਆਂ ਨੇ ਇੱਕ ਪਾਸੇ ਸ੍ਰ ਮਾਨ ਤੇ ਇਹ ਸਖਤ ਸਰਤ ਰੱਖ ਦਿੱਤੀ ਅਤੇ ਦੂਜੇ ਪਾਸੇ ਉਨਾਂ ਨੂੰ ਬਦਨਾਮ ਕਰਨਾ ਸੁਰੂ ਕਰ ਦਿੱਤਾ ਕਿ ਦੇਖੋ ਪੰਜਾਬ ਦੇ ਲੋਕੋ ਤੁਸੀ ਸ੍ਰ ਮਾਨ ਨੂੰ ਇੱਕ ਤਰਫਾ ਵੋਟਾਂ ਪਾ ਕੇ ਜਿਤਾਇਆ ਹੈ,ਪਰ ਉਹਨਾਂ ਨੇ ਤੁਹਾਡੀਆਂ ਭਾਵਨਾਵਾਂ ਦੀ ਕਦਰ ਨਹੀ ਕੀਤੀ ਤੇ ਉਹਨਾਂ ਨੇ ਆਪਣਾ ਸਮਾ ਅਜਾਈਂ ਹੀ ਗੁਆ ਦਿੱਤਾ ਹੈ।

ਏਜੰਸੀਆਂ ਦੀ ਇਸ ਸਾਜਿਸ ਨੂੰ ਕਾਮਯਾਬ ਕਰਨ ਵਿੱਚ ਸਭ ਤੋ ਵੱਡਾ ਯੋਗਦਾਨ ਉਸ ਮੌਕੇ ਦੀ ਅਕਾਲੀ ਲੀਡਰਸ਼ਿਪ ਦਾ ਹੀ ਰਿਹਾ।ਜੇਕਰ ਅਕਾਲੀ ਦਲ ਏਜੰਸੀਆਂ ਦੇ ਆਖੇ ਲੱਗ ਕੇ ਕੇਂਦਰ ਦੇ ਪੱਖ ਚ ਨਾ ਖੜਦਾ, ਤਾਂ ਕਿਸੇ ਦੀ ਹਿੰਮਤ ਨਹੀ ਸੀ ਸ੍ਰ ਮਾਨ ਨੂੰ ਪਾਰਲੀਮੈਟ ਅੰਦਰ ਕਿਰਪਾਨ ਲੈ ਕੇ ਜਾਣ ਤੋ ਰੋਕ ਸਕਣ ਦੀ,ਕਿਉਂਕਿ ਇਹ ਅਕਾਲੀ ਦਲ ਦੀ ਰਵਾਇਤ ਰਹੀ ਹੈ।ਇਸ ਤੋ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਜਥੇਦਾਰ ਮੋਹਨ ਸਿੰਘ ਤੁੜ ਤਿੰਨ ਫੁੱਟੀ ਕਿਰਪਾਨ ਲੈ ਕੇ ਪਾਰਲੀਮੈਂਟ ਚ ਜਾਂਦੇ ਰਹੇ ਹਨ,ਪਰ ਇਹ ਸਾਜਿਸ ਸ੍ਰ ਮਾਨ ਨੂੰ ਪਛਾੜਨ ਲਈ ਏਜੰਸੀਆਂ ਅਤੇ ਅਕਾਲੀ ਲੀਡਰਸਸ਼ਿਪ ਵੱਲੋਂ ਸਾਂਝੇ ਤੌਰ ਤੇ ਤਿਆਰ ਕੀਤੀ ਗਈ ਸੀ,ਜਿਸ ਵਿੱਚ ਉਹ ਸਫਲ ਹੋਏ ਸਨ,ਤੇ ਕੌਂਮ ਦਾ ਜਰਨੈਲ ਇੱਕ ਗਿਣੀ ਮਿਥੀ ਸਾਜਿਸ ਤਹਿਤ ਪਛਾੜ ਦਿੱਤਾ ਗਿਆ ਸੀ।ਇਸ ਤੋਂ ਬਾਅਦ ਸਟੇਟ ਦੀ ਹਮਾਇਤ ਨਾਲ ਸ੍ਰ ਪ੍ਰਕਾਸ ਸਿੰਘ ਬਾਦਲ ਬਦਲ ਬਦਲ ਕੇ ਰਾਜ ਸੱਤਾ ਦਾ ਅਨੰਦ ਮਾਣਦਾ ਰਿਹਾ ਹੈ,ਪਰ ਉਹਨਾਂ ਨੇ ਕਦੇ ਵੀ ਸਿੱਖ ਹਿਤਾਂ ਦੀ ਗੱਲ ਨਹੀ ਸੀ ਕੀਤੀ।

ਭਾਂਵੇਂ 1999 ਦੀਆਂ ਲੋਕ ਸਭਾ ਚੋਣਾਂ ਵਿੱਚ ਫਿਰ ਦੁਵਾਰਾ ਸੰਗਰੂਰ ਲੋਕ ਸਭਾ ਹਲਕੇ ਤੋ ਸ੍ਰ ਮਾਨ ਨੂੰ ਲੋਕਾਂ ਵੱਲੋਂ ਬਹੁਮੱਤ ਦੇ ਕੇ ਦਿੱਲੀ ਭੇਜਿਆ ਵੀ ਗਿਆ,ਜਿਸ ਦਾ ਸ੍ਰ ਮਾਨ ਨੇ ਪੂਰਾ ਮੁੱਲ ਮੋੜਿਆ।ਉਹਨਾਂ ਆਪਣੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਸੰਗਰੂਰ ਲੋਕ ਸਭਾ ਹਲਕੇ ਦੇ ਪਿੰਡਾਂ ਸਹਿਰਾਂ ਅਤੇ ਕਸਬਿਆਂ ਨੂੰ ਬਗੈਰ ਕਿਸੇ ਭੇਦ ਭਾਵ ਦੇ ਗਰਾਂਟਾਂ ਦੇ ਖੁੱਲੇ ਗੱਫੇ ਦਿੱਤੇ। ਇਹ ਵੀ ਦੱਸਣਾ ਬਣਦਾ ਹੈ ਕਿ ਸ੍ਰ ਮਾਨ ਨੇ ਹੀ ਲੋਕਾਂ ਨੂੰ ਇਹ ਦੱਸਿਆ ਕਿ ਲੋਕ ਸਭਾ ਮੈਂਬਰ ਕੋਲ ਵੀ ਅਖਤਿਆਰੀ ਕੋਟੇ ਦਾ ਫੰਡ ਹੁੰਦਾ ਹੈ,ਜਿਹੜਾ ਇੱਕ ਐਮ ਪੀ ਨੇ ਆਪਣੇ ਹਲਕੇ  ਦੇ ਵਿਕਾਸ ਲਈ ਖਰਚਣਾ ਹੁੰਦਾ ਹੈ।ਇਸ ਤੋ ਪਹਿਲਾਂ ਲੋਕਾਂ ਨੂੰ ਇਹ ਇਲਮ ਵੀ ਨਹੀ ਸੀ ਕਿ ਲੋਕ ਸਭਾ ਮੈਂਬਰ ਕੋਲ ਵੀ ਕੋਈ ਅਖਤਿਆਰੀ ਕੋਟਾ ਹੁੰਦਾ ਹੈ। ਇਸ ਤੋ ਇਲਾਵਾ ਸ੍ਰ ਮਾਨ ਨੇ ਲੋਕ ਸਭਾ ਵਿੱਚ ਜਿਸਤਰਾਂ ਜੋਰਦਾਰ ਢੰਗ ਨਾਲ ਪੰਜਾਬ ਦਾ ਪੱਖ ਰੱਖਿਆ,ਜਿਸਤਰਾਂ ਸਿੱਖ ਮੰਗਾਂ ਨੂੰ ਜੋਰਦਾਰ ਢੰਗ ਨਾਲ ਪੇਸ ਕੀਤਾ,ਉਹ ਭਾਸਨ ਅੱਜ ਵੀ ਸੁਣੇ ਜਾ ਸਕਦੇ ਹਨ। ਪ੍ਰੰਤੂ ਜਿਵੇਂ ਉੱਪਰ ਲਿਖਿਆ ਜਾ ਚੁੱਕਾ ਹੈ ਕਿ ਭਾਰਤੀ ਤਾਕਤਾਂ ਨੂੰ ਉਹ ਸਿੱਖ ਆਗੂ ਦੀ ਕਾਮਯਾਬੀ ਕਦੇ ਵੀ ਬਰਦਾਸਤ ਨਹੀ,ਜਿਹੜਾ ਪੰਜਾਬ ਦੇ ਹਿਤਾਂ ਦੀ ਗੱਲ ਨਿਧੜਕ ਹੋ ਕੇ ਕਰਦਾ ਹੈ।

ਲੰਘੀ ਫਰਬਰੀ ਵਿੱਚ ਹੋਈਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਭਾਂਵੇਂ ਆਮ ਆਦਮੀ ਪਾਰਟੀ ਨੇ ਹੂੰਝਾ ਫੇਰ ਜਿੱਤ ਪਰਾਪਤ ਕੀਤੀ ਪਰੰਤੂ ਅਮਰਗੜ ਹਲਕਾ ਇੱਕੋ ਇੱਕ ਅਜਿਹਾ ਹਲਕਾ ਹੈ,ਜਿੱਥੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਬਹੁਤ ਥੋੜੇ ਫਰਕ ਨਾਲ ਜਿੱਤ ਦਰਜ ਕਰ ਸਕਿਆ, ਉੱਧਰ ਪੰਥਕ ਸਫਾਂ ਅੰਦਰ ਸ੍ਰ ਮਾਨ ਦੀ ਹਾਰ ਨੂੰ ਸਾਜਿਸ ਸਮਝਿਆ ਜਾਂਦਾ ਰਿਹਾ ਹੈ।ਸ੍ਰ ਮਾਨ ਆਪਣੇ ਆਪ ਵਿੱਚ ਇੱਕ ਮਿਸਾਲ ਹਨ,ਜਿੰਨਾਂ ਨੇ 38 ਸਾਲਾਂ ਦੇ ਲੰਮੇ ਅਰਸੇ ਦੌਰਾਨ ਆਪਣੀ ਕੌਂਮ ਪ੍ਰਤੀ ਜਵਾਬਦੇਹੀ ਨੂੰ ਸੱਕੀ ਨਹੀ ਹੋਣ ਦਿੱਤਾ,ਬਲਕਿ ਕੌਮੀ ਅਜਾਦੀ ਦੇ ਸੰਕਲਪ ਤੇ ਲਗਾਤਾਰ ਦਿ੍ਰੜਤਾ ਨਾਲ ਪਹਿਰਾ ਦਿੰਦੇ ਆ ਰਹੇ ਹਨ। ਜੇਕਰ ਇਸ ਵਾਰ ਸੰਗਰੂਰ ਦੀ ਜਿਮਨੀ ਵਿੱਚ ਵੀ ਸ੍ਰ ਮਾਨ ਦਾ ਸਾਥ ਸਿੱਖ ਕੌਂਮ ਨੇ ਨਾ ਦਿੱਤਾ,ਤਾਂ ਸਾਇਦ ਇਹ ਕੌਂਮ ਦੀ ਵੱਡੀ ਅਕਿ੍ਰਤਘਣਤਾ ਸਮਝੀ ਜਾਵੇਗੀ।ਅੱਜ ਦੇ ਖਤਰਨਾਕ ਸਮੇ ਚ ਇੱਕੋ ਇੱਕ ਅਜਿਹਾ ਲੀਡਰ ਹੈ,ਜਿਹੜਾ ਪਿਛਲੇ ਚਾਰ ਦਹਾਕਿਆਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਸੋਚ ਤੋ ਰੱਤੀ ਮਾਤਰ ਵੀ ਪਾਸੇ ਨਹੀ ਹੋਇਆ।ਸਿੱਖ ਕੌਂਮ ਝੂਠੇ ਅਕਾਲੀ ਦਲਾਂ ਦੇ ਪਿੱਛੇ ਲੱਗ ਕੇ ਸ੍ਰ ਮਾਨ ਨੂੰ ਵਾਰ ਵਾਰ ਹਰਾਉਂਦੀ ਹੀ ਨਹੀ ਬਲਕਿ ਮਜਾਕ ਵੀ ਖੁਦ ਉਡਾਉਂਦੀ ਹੈ,ਪਰ ਉਹ ਪਤਾ ਨਹੀ ਕਿਹੜੀ ਮਿੱਟੀ ਦਾ ਬਣਿਆ ਹੈ ਕਿ ਫਿਰ ਵੀ ਇੱਕੋ ਰਟ ਲਾਈ ਰੱਖਦਾ ਹੈ ਕਿ ਮੈ ਆਪਣੀ ਕੌਂਮ ਦੇ ਗਲੋਂ ਗੁਲਾਮੀ ਦਾ ਜੰਜਾਲ ਲਾਹ ਕੇ ਹੀ ਰਹਿਣਾ ਹੈ।

ਉਹ ਕਸਮੀਰ ਦੇ ਮੁਸਲਮਾਨਾਂ ਤੇ ਹੁੰਦੇ ਅਤਿਆਚਾਰ ਦਾ ਡੰਕੇ ਦੀ ਚੋਟ ਤੇ ਵਿਰੋਧ ਕਰਦਾ ਹੈ।ਉਹ ਦੇਸ ਦੀਆਂ ਉੱਚ ਜਾਤੀਆਂ ਵੱਲੋਂ ਲਤਾੜੇ ਜਾ ਰਹੇ ਦਲਿਤ ਸਮਾਜ ਦਾ ਸਾਥ ਦੇਣ ਤੋ ਪਿੱਛੇ ਨਹੀ ਹੱਟਦਾ,ਉਹ ਮੂਲ ਨਿਵਾਸੀਆਂ ਨਾਲ ਸਾਂਝ ਪਾ ਕੇ ਇਕੱਠੇ ਹੋ ਕੇ ਪਿਸ ਰਹੇ ਸਾਰੇ ਸਮਾਜਾਂ ਦੀ ਬੰਦ ਖਲਾਸੀ ਦੀ ਗੱਲ ਦੂਰ ਦਰਾਡੇ ਸੂਬਿਆਂ ਚ ਜਾ ਕੇ ਕਰਦਾ ਹੈ,ਪਰ ਅਫਸੋਸ ! ਕਿ,ਫਿਰ ਵੀ ਘੱਟ ਗਿਣਤੀਆਂ ,ਭਾਵੇਂ ਉਹ ਮੁਸਲਮਾਨ ਭਾਈਚਾਰਾ ਹੋਵੇ ਜਾਂ ਇਸਾਈ ਹੋਣ,ਦਲਿਤ ਸਮਾਜ ਹੋਵੇ ਜਾਂ ਖੁਦ ਉਹਦਾ ਆਪਣਾ ਸਿੱਖ ਸਮਾਜ ਹੋਵੇ,ਕਿਸੇ ਨੇ ਵੀ ਸ੍ਰ ਸਿਮਰਨਜੀਤ ਸਿੰਘ ਮਾਨ ਦਾ ਡਟ ਕੇ ਸਾਥ ਨਹੀ ਦਿੱਤਾ।ਇਹਦੇ ਦੋ ਹੀ ਕਾਰਨ ਹੋ ਸਕਦੇ ਹਨ,ਜਾਂ ਤਾਂ ਭਾਰਤੀ ਸਿਸਟਮ ਨੇ ਉਪਰੋਕਤ ਸਾਰੇ ਭਾਈਚਾਰਿਆਂ ਦੀ ਸਮੇਤ ਸਿੱਖਾਂ ਦੇ ਅਣਖ ਗੈਰਤ ਮਾਰ ਦਿੱਤੀ ਹੈ, ਅਤੇ ਨਿੱਜੀ ਲੋਭ ਲਾਲਸਾ ਦੀ ਜੂਠੀ ਬੁਰਕੀ ਨੇ ਉਹਨਾਂ ਦਾ ਕੌਂਮੀ ਜਜਬਾ ਅਸਲੋਂ ਹੀ ਮਾਰ ਦਿੱਤਾ ਹੈ। ਜਾਂ ਫਿਰ ਸਟੇਟ ਦੀ ਨਸ਼ਿਆਂ ਚ ਡੋਬਣ ਵਰਗੀ ਸਾਜਿਸ ਨੇ ਸਿੱਖਾਂ ਦੀ ਦਲੇਰੀ ਨੂੰ ਖਤਮ ਕਰ ਦਿੱਤਾ ਹੈ। ਉੱਪਰੋ ਸਿੱਖਾਂ ਨੂੰ ਬਰਗਲਾਉਣ ਲਈ ਬਾਦਲ ਪਰਿਵਾਰ  ਵਰਗੀਆਂ ਜੋਕਾਂ ਕੌਂਮ ਨੂੰ ਅਜਿਹੀਆਂ ਚੁੰਬੜ  ਗਈਆਂ ਹਨ,ਜਿਹੜੀਆਂ ਸਿੱਖ ਜੁਆਨੀ ਦੇ ਖਾਤਮੇ ਲਈ ਲਗਾਤਾਰ ਲੱਗੀਆਂ ਹੋਈਆਂ ਹਨ।ਸੋ ਅੱਜ ਸੋਸਲ ਮੀਡੀਏ ਦਾ ਜਮਾਨਾ ਹੈ,ਪਲ ਪਲ ਦੀ ਜਾਣਕਾਰੀ ਉਪਲੱਭਦ ਹੁੰਦੀ ਹੈ।ਖਰੇ ਖੋਟੇ ਦੀ ਪਰਖ ਕਰਨ ਵਿੱਚ ਵੀ ਸੋਸਲ ਮੀਡੀਏ ਦਾ ਵੱਡਾ ਯੋਗਦਾਨ ਸਮਝਿਆ ਜਾ ਰਿਹਾ ਹੈ, ਨਵੀ ਸਿੱਖ ਜੁਆਨੀ ਸ੍ਰ ਸਿਮਰਨਜੀਤ ਸਿੰਘ ਮਾਨ ਦੀ ਸੋਚ ਨਾਲ ਵੱਡੀ ਪੱਧਰ ਤੇ ਜੁੜ ਚੁੱਕੀ ਹੈ ਜਿਸ ਤੌ ਘਬਰਾਇਆ ਭਾਰਤੀ ਤੰਤਰ ਸ੍ਰ ਮਾਨ ਨੂੰ ਕੋਈ ਵੀ ਹਰਬਾ ਵਰਤ ਕੇ ਸੰਗਰੂਰ ਜਿਮਨੀ ਚੋਣ ਹਰਾਉਣ ਲਈ ਸਾਜਿਸਾਂ ਰਚ ਰਿਹਾ ਹੈ।

ਇਹੋ ਕਾਰਨ ਹੈ ਕਿ ਸਾਰੀਆਂ ਹੀ ਰਵਾਇਤੀ ਵਿਰੋਧੀ ਸਿਆਸੀ ਧਿਰਾਂ ਸ੍ਰ ਮਾਨ ਦੇ ਪਿੱਛੇ ਹੀ ਹੱਥ ਧੋ ਕੇ ਪਈਆਂ ਹੋਈਆਂ ਹਨ।ਸੋ ਕੌਂਮ ਦੀ ਅਜਾਦੀ ਦੀ ਲੜਾਈ ਚ ਸ੍ਰ ਮਾਨ ਦਾ ਸਾਥ ਦੇਣਾ ਹਰ ਸੱਚੇ ਸਿੱਖ ਦਾ ਫਰਜ ਹੋਣਾ ਚਾਹੀਦਾ ਹੈ।ਇਹ ਨਿੱਤ ਭਾਵੇਂ ਬਹੁਤ ਥੋੜ ਸਮੇ ਭਾਵ ਡੇਢ ਕੁ ਸਾਲ ਲਈ ਹੋਵੇਗੀ,ਪਰੰਤੂ ਜੇਕਰ ਸ੍ਰ ਮਾਨ ਨੂੰ ਕੌਮ ਸੰਗਰੂਰ ਜਿਮਨੀ ਚੋਣ ਜਿਤਾ ਦਿੰਦੀ ਹੈ,ਤਾਂ ਇਸ ਦਾ ਸੁਨੇਹਾ ਦੁਨੀਆ ਪੱਧਰ ਤੇ ਇਹ ਜਾਵੇਗਾ ਕਿ ਭਾਰਤ ਅੰਦਰ ਸਿੱਖ ਕੌਂਮ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਸੋਚ ਦੇ ਹਾਮੀ ਹਨ ਤੇ ਸ੍ਰ ਮਾਨ ਦੁਨੀਆਂ ਪੱਧਰ ਤੇ ਕੌਂਮੀ ਅਜਾਦੀ ਦੇ ਨਾਇਕ ਵਜੋ ਦੇਖੇ ਅਤੇ ਸਤਿਕਾਰੇ ਜਾਣਗੇ,ਪ੍ਰੰਤੂ ਜੇਕਰ ਸਿੱਖ ਸਮਾਜ,ਦਲਿਤ ਸਮਾਜ ਅਤੇ ਮੁਸਲਮਾਨ ਸਮਾਜ ਨੇ ਇਸ ਵਾਰ ਸ੍ਰ ਮਾਨ ਦਾ ਸਾਥ ਨਾ ਦੇਣ ਦੀ ਗੁਸਤਾਖੀ ਕਰ ਲਈ,ਤਾਂ ਇਸ ਤੋ ਬਾਅਦ ਘੱਟ ਗਿਣਤੀਆਂ ਦੇ ਹੱਕਾਂ ਹਿਤਾਂ ਦੀ ਗੱਲ ਕਰਨ ਵਾਲਾ ਸਾਇਦ ਕੋਈ ਨਹੀ ਬਚੇਗਾ।ਚੰਗਾ ਹੋਵੇ ਜੇਕਰ ਸੰਗਰੂਰ ਦੇ ਲੋਕ ਇਸ ਵਾਰ ਪਿਛਲੀਆਂ ਗਲਤੀਆਂ ਨੂੰ ਸੁਧਾਰ ਕੇ ਕਦੇ ਨਾ ਵਿਕਣ ਵਾਲੇ,ਨਾ ਝੁਕਣ ਵਾਲੇ ਇਸ ਬੇਦਾਗ ਆਗੂ ਨੂੰ ਸਾਨਦਾਰ ਜਿੱਤ ਦਵਾ ਕੇ ਪਾਰਲੀਮੈਂਟ ਚ ਭੇਜਣ ਤਾਂ ਕਿ ਉਹ ਘੱਟ ਗਿਣਤੀਆਂ,ਦਲਿਤ ਸਮਾਜ ਅਤੇ ਮੂਲ ਨਿਵਾਸੀਆਂ ਦੇ ਹੱਕਾਂ ਹਿਤਾਂ ਦੀ ਅਵਾਜ ਨੂੰ ਜੋਰਦਾਰ ਢੰਗ ਨਾਲ ਬੁਲੰਦ ਕਰ ਸਕਣ।

Install Punjabi Akhbar App

Install
×