ਅਸੂਲ ਪ੍ਰਸਤ ਇਨਸਾਨ ਸ੍ਰ: ਸੇਵਾ ਸਿੰਘ ਕਿਰਪਾਨ ਬਹਾਦਰ

b s bhullar 190416 Sewa Sungh Kirpan Bahadur

ਅੱਜ ਦੀ ਦੁਨੀਆ ‘ਚ ਪਗੜੀ ਅਤੇ ਕਿਰਪਾਨ ਦੇ ਮੁੱਦੇ ਤੇ ਦੇਸ਼ ਵਿਦੇਸ਼ ਵਿਚ ਝਗੜੇ ਹੋਣੇ ਆਮ ਗੱਲ ਹੀ ਬਣ ਚੁੱਕੀ ਹੈ ਅਤੇ ਬਹੁਤ ਵਾਰ ਉਨ੍ਹਾਂ ਮਸਲਿਆਂ ਦਾ ਅਸੂਲਾਂ ਨੂੰ ਅੱਖੋਂ ਪਰੋਖੇ ਕਰਕੇ ਹੱਲ ਵੀ ਕਰ ਲਿਆ ਜਾਂਦਾ ਹੈ। ਪਰ ਜੇ ਕਰੀਬ ਸਵਾ ਸਦੀ ਪਹਿਲਾਂ ਦੀ ਗੱਲ ਕਰੀਏ, ਕਹਿੰਦੇ ਨੇ ਜਦੋਂ ਬ੍ਰਿਟਿਸ਼ ਰਾਜ ਵਿਚ ਸੂਰਜ ਨਹੀਂ ਸੀ ਛਿਪਦਾ, ਉਦੋਂ ਅਜਿਹੇ ਮੁੱਦੇ ਤੇ ਅੜ ਜਾਣਾ ਖਾਲਾ ਜੀ ਦਾ ਵਾੜਾ ਨਹੀਂ ਸੀ, ਪਰ ਮਾਲਵੇ ਦਾ ਇੱਕ ਮਹਾਨ ਸਿੱਖ ਸੇਵਾ ਸਿੰਘ ਸੀ, ਜੋ ਉਦੋਂ ਵੀ ਅੜਿਆ। ਉਸਨੇ ਭਾਵੇਂ ਉਦੋਂ ਫ਼ੌਜ ਵਿਚ ਨੌਕਰੀ ਕਰਦਿਆਂ ਵਿਸ਼ਵ ਯੁੱਧ ਵਿਚ ਵੀ ਹਿੱਸਾ ਲਿਆ ਸੀ, ਪਰ ਜਦ ਧਾਰਮਿਕ ਅਸੂਲਾਂ ਦੀ ਗੱਲ ਆਈ ਤਾਂ ਉਸਨੇ ਕੇਵਲ ਅੰਗਰੇਜ਼ ਸਰਕਾਰ ਦੀ ਨੌਕਰੀ ਨੂੰ ਹੀ ਲੱਤ ਨਹੀਂ ਮਾਰੀ, ਬਲਕਿ ਪਰਿਵਾਰਕ ਸੁਖ ਸਹੂਲਤਾਂ ਦਾ ਤਿਆਗ ਕਰਕੇ ਵੀ ਅਸੂਲਾਂ ਤੇ ਫ਼ਰਜ਼ਾਂ ਤੇ ਪਹਿਰਾ ਦਿੱਤਾ। ਇਸ ਦਲੇਰ ਤੇ ਆਦਰਸ਼ ਪੁਰਸ਼ ਨੂੰ ਬਾਅਦ ਵਿਚ ਸੇਵਾ ਸਿੰਘ ਕਿਰਪਾਨ ਬਹਾਦਰ ਨਾਲ ਹੀ ਜਾਣਿਆਂ ਜਾਣ ਲੱਗਾ।

ਇਸ ਅਸੂਲ ਪ੍ਰਸਤ ਇਨਸਾਨ ਸੇਵਾ ਸਿੰਘ ਦਾ ਜਨਮ ਸੰਨ 1890 ‘ਚ ਉਸ ਸਮੇਂ ਦੇ ਜ਼ਿਲ੍ਹਾ ਸੰਗਰੂਰ ਅਤੇ ਅੱਜ ਦੇ ਜ਼ਿਲ੍ਹਾ ਬਰਨਾਲਾ ਦੇ ਪਿੰਡ ਬਖਤਗੜ੍ਹ ਵਿਖੇ ਪਿਤਾ ਸ੍ਰ: ਹਰਨਾਮ ਸਿੰਘ ਦੇ ਘਰ ਮਾਤਾ ਪ੍ਰੇਮ ਕੌਰ ਦੀ ਸੁਲੱਖਣੀ ਕੁੱਖ ਚੋਂ ਹੋਇਆ। ਸੁਰਤ ਸੰਭਾਲਦਿਆਂ ਉਸਨੇ ਪੰਜਾਬੀ ਪੜ੍ਹਨੀ ਸ਼ੁਰੂ ਕੀਤੀ, ਭਾਸ਼ਾ ਦਾ ਗਿਆਨ ਹੋਣ ਤੇ ਧਾਰਮਿਕ ਗ੍ਰੰਥ ਪੜ੍ਹੇ ਅਤੇ ਚੰਗੀ ਸਿੱਖਿਆ ਹਾਸਲ ਕੀਤੀ। ਆਪਣੇ ਚੰਗੇ ਭਵਿੱਖ ਅਤੇ ਪਰਿਵਾਰ ਦੀ ਆਰਥਿਕ ਹਾਲਤ ਦੇ ਸੁਧਾਰ ਨੂੰ ਮੁੱਖ ਰੱਖਦਿਆਂ ਉਹ 1908 ਵਿਚ ਭਾਰਤੀ ਫ਼ੌਜ ਦੀ ਬੰਗਾਲ ਸੈਪਰਜ਼ ਦੇ ਮਾਈਨਰ ਯੂਨਿਟ ਵਿਚ ਜਾ ਭਰਤੀ ਹੋਇਆ। ਦੇਸ਼ ‘ਚ ਬ੍ਰਿਟਿਸ਼ ਹਕੂਮਤ ਸੀ, ਇਸ ਤਰ੍ਹਾਂ ਫ਼ੌਜ ਅੰਗਰੇਜ਼ ਸਰਕਾਰ ਦੇ ਹੀ ਅਧੀਨ ਸੀ। ਪਹਿਲਾ ਸੰਸਾਰ ਯੁੱਧ ਸ਼ੁਰੂ ਹੋਇਆ, ਦੁਨੀਆ ਭਰ ਦੇ ਦੇਸ਼ ਦੋ ਭਾਗਾਂ ਵਿਚ ਵੰਡੇ ਗਏ ਤਾਂ ਭਾਰਤੀ ਫ਼ੌਜ ਨੂੰ ਮੇਸੇਪੋਟਾਮੀਆ ਜਿਸ ਨੂੰ ਹੁਣ ਇਰਾਕ ਕਿਹਾ ਜਾਂਦਾ ਹੈ, ਦੀ ਧਰਤੀ ਤੇ ਪਹੁੰਚ ਕੇ ਲੜਾਈ ਲੜਨੀ ਪਈ, ਜਿਸ ਵਿਚ ਸ੍ਰ: ਸੇਵਾ ਸਿੰਘ ਵੀ ਸ਼ਾਮਲ ਸੀ।

ਯੁੱਧ ਖ਼ਤਮ ਹੋਣ ਤੇ ਉਹ ਆਪਣੇ ਵਤਨ ਵਾਪਸ ਪਰਤੇ ਅਤੇ ਪਰਿਵਾਰ ਨਾਲ ਦੁੱਖ ਸੁਖ ਸਾਂਝਾ ਕਰਨ ਲਈ ਛੁੱਟੀ ਲੈ ਕੇ ਘਰ ਪਹੁੰਚੇ। ਉਨ੍ਹਾਂ ਤੇ ਬਚਪਨ ਵਿਚ ਮਿਲੀ ਧਾਰਮਿਕ ਸਿੱਖਿਆ ਅਤੇ ਪੜ੍ਹੇ ਗ੍ਰੰਥਾਂ ਦਾ ਬੜਾ ਪ੍ਰਭਾਵ ਸੀ, ਇਸ ਲਈ ਉਨ੍ਹਾਂ ਛੁੱਟੀ ਦੌਰਾਨ ਹੀ ਅੰਮ੍ਰਿਤਪਾਨ ਕਰ ਲਿਆ। ਛੁੱਟੀ ਕੱਟ ਕੇ ਜਦ ਸੇਵਾ ਸਿੰਘ ਰੁੜਕੀ ਵਿਖੇ ਆਪਣੀ ਡਿਊਟੀ ਤੇ ਪਹੁੰਚੇ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਫ਼ੌਜ ਵਿਚ ਕਿਰਪਾਨ ਪਹਿਨਣ ਦੀ ਇਜਾਜ਼ਤ ਨਹੀਂ ਹੈ। ਉਹ ਅਜੇ ਹਵਾਲਦਾਰ ਦੇ ਰੈਂਕ ਤੇ ਹੀ ਕੰਮ ਕਰ ਰਹੇ ਸਨ, ਪਰ ਜਦ ਅਸੂਲ ਦੀ ਗੱਲ ਸਾਹਮਣੇ ਆਈ ਤਾਂ ਉਨ੍ਹਾਂ ਕਿਰਪਾਨ ਲਾਹੁਣ ਤੋਂ ਇਨਕਾਰ ਕਰ ਦਿੱਤਾ। ਅਫ਼ਸਰਾਂ ਨੇ ਸਮਝਾਉਣ ਦੇ ਬਹੁਤ ਯਤਨ ਕੀਤੇ, ਪਰ ਸੇਵਾ ਸਿੰਘ ਨੇ ਕਿਹਾ ਕਿ ਕਿਰਪਾਨ ਧਾਰਮਿਕ ਚਿੰਨ੍ਹ ਹੈ ਅਤੇ ਪੰਜ ਕਕਾਰਾਂ ਵਿਚ ਸ਼ਾਮਲ ਹੈ, ਅੰਮ੍ਰਿਤਧਾਰੀ ਵਿਅਕਤੀ ਵੱਲੋਂ ਜਿਸ ਨੂੰ ਸਰੀਰ ਤੋਂ ਦੂਰ ਨਹੀਂ ਕੀਤਾ ਜਾ ਸਕਦਾ। ਅਫ਼ਸਰਾਂ ਨੇ ਜ਼ਿੱਦ ਨਾ ਛੱਡਣ ਤੇ ਨੌਕਰੀ ਚਲੇ ਜਾਣ ਬਾਰੇ ਦੱਸਿਆ ਤਾਂ ਸੇਵਾ ਸਿੰਘ ਨੇ ਕਿਰਪਾਨ ਦੇ ਮੁੱਦੇ ਤੇ ਨੌਕਰੀ ਨੂੰ ਲੱਤ ਮਾਰ ਦੇਣ ਨੂੰ ਹੀ ਤਰਜੀਹ ਦਿੱਤੀ। ਆਖ਼ਰ ਸੇਵਾ ਸਿੰਘ ਅਤੇ ਤਿੰਨ ਹੋਰ ਉਸਦੇ ਸਾਥੀਆਂ ਨੂੰ ਫ਼ੌਜ ਦੀ ਨੌਕਰੀ ਚੋਂ ਕੱਢ ਦਿੱਤਾ ਅਤੇ ਉਹ ਆਪਣੇ ਘਰ ਵਾਪਸ ਆ ਗਏ।

ਨੌਕਰੀ ਚੋਂ ਕੱਢਣ ਨਾਲ ਉਨ੍ਹਾਂ ਅੰਦਰ ਸਿੱਖੀ ਦੀ ਭਾਵਨਾ ਪਹਿਲਾਂ ਨਾਲੋਂ ਵੀ ਜ਼ਿਆਦਾ ਪ੍ਰਚੰਡ ਹੋ ਗਈ ਅਤੇ ਉਨ੍ਹਾਂ 1919 ‘ਚ ਪੰਥ ਖ਼ਾਲਸਾ ਦੀਵਾਨ ਭਸੌੜ ਵਿਖੇ ਚੱਲ ਰਹੇ ਸਿੱਖ ਸੁਧਾਰਵਾਦੀ ਸੰਗਠਨ ਨਾਲ ਸੰਪਰਕ ਕਾਇਮ ਕੀਤਾ ਅਤੇ ਕਿਰਪਾਨ ਪਹਿਨਣ ਦੀ ਆਜ਼ਾਦੀ ਲਈ ਅੰਦੋਲਨ ਸ਼ੁਰੂ ਕਰ ਲਿਆ। ਉਨ੍ਹਾਂ ਤਿੰਨ ਅਖ਼ਬਾਰ ਪੱਤਰ ਕਿਰਪਾਨ ਵਰਲਾਪ, ਕਿਰਪਾਨ ਫ਼ਰਿਆਦ ਤੇ ਕਿਰਪਾਨ ਦਾ ਪਿਆਰ ਸ਼ੁਰੂ ਕੀਤੇ, ਜੋ ਸਮੇਂ ਦੀ ਸਰਕਾਰ ਨੇ ਜ਼ਬਤ ਕਰ ਲਏ। ਉਨ੍ਹਾਂ ਫਿਰ ਵੀ ਹੌਸਲਾ ਨਾ ਛੱਡਿਆ ਅਤੇ 1922 ਵਿਚ ਭਸੌੜ ਛੱਡ ਕੇ ਅੰਮ੍ਰਿਤਸਰ ਚਲੇ ਗਏ ਅਤੇ ਉੱਥੇ ਪੰਜਾਬੀ ਹਫ਼ਤਾਵਾਰੀ ਪੱਤਰ ‘ਕਿਰਪਾਨ ਬਹਾਦਰ’ ਛਾਪਣਾ ਸ਼ੁਰੂ ਕਰ ਦਿੱਤਾ। ਇਹ ਉਹ ਸਮਾਂ ਸੀ ਜਦ ਦੇਸ਼ ਵਿਚ ਆਜ਼ਾਦੀ ਦੀ ਲੜਾਈ ਪੂਰੀ ਤਰ੍ਹਾਂ ਭਖ ਚੁੱਕੀ ਸੀ ਅਤੇ ਭਾਰਤੀ ਕ੍ਰਾਂਤੀਕਾਰੀ ਰੂਪੋਸ਼ ਹੋ ਕੇ ਦੇਸ਼ ਵਾਸੀਆਂ ਨੂੰ ਆਜ਼ਾਦੀ ਲਈ ਲਾਮਬੰਦ ਕਰ ਰਹੇ ਸਨ ਅਤੇ ਜਾਨਾਂ ਕੁਰਬਾਨ ਕਰ ਰਹੇ ਸਨ। ਸ੍ਰ: ਸੇਵਾ ਸਿੰਘ ਅੰਦਰ ਵੀ ਦੇਸ਼ ਪਿਆਰ ਦਾ ਜਜ਼ਬਾ ਠਾਠਾਂ ਮਾਰ ਰਿਹਾ ਸੀ ਅਤੇ ਉਹ ਕ੍ਰਾਂਤੀਕਾਰੀਆਂ ਤੋਂ ਬਹੁਤ ਪ੍ਰਭਾਵਿਤ ਸਨ, ਉਨ੍ਹਾਂ ਆਪਣੇ ਪੱਤਰ ਵਿਚ ਆਜ਼ਾਦੀ ਦੀ ਪ੍ਰਾਪਤੀ ਲਈ ਅਤੇ ਕ੍ਰਾਂਤੀਕਾਰੀਆਂ ਦੇ ਹੱਕ ‘ਚ ਲੜੀਵਾਰ ਲੇਖ ਲਿਖਣਾ ਸ਼ੁਰੂ ਕਰ ਦਿੱਤਾ। ਅੰਗਰੇਜ਼ ਸਰਕਾਰ ਇਸ ਤੋਂ ਬਹੁਤ ਖ਼ਫ਼ਾ ਹੋਈ ਅਤੇ ਸੇਵਾ ਸਿੰਘ ਵਿਰੁੱਧ ਮੁਕੱਦਮਾ ਦਰਜ ਕਰ ਦਿੱਤਾ, ਜਿਸਦਾ ਫ਼ੈਸਲਾ ਸੁਣਾਉਂਦਿਆਂ ਅਦਾਲਤ ਵੱਲੋਂ 2 ਸੌ ਰੁਪਏ ਜੁਰਮਾਨਾ ਤੇ ਇੱਕ ਸਾਲ ਦੀ ਸਜ਼ਾ ਸੁਣਾਈ ਗਈ।

ਸਜ਼ਾ ਪੂਰੀ ਕਰਨ ਉਪਰੰਤ ਸਾਲ 1927 ਵਿਚ ਉਨ੍ਹਾਂ ਦਾ ਸੰਪਰਕ ਆਜ਼ਾਦੀ ਦੀ ਤੜਪ ਰੱਖਣ ਵਾਲੇ ਸ੍ਰ: ਸਰਦੂਲ ਸਿੰਘ ਕਵੀਸ਼ਰ ਨਾਲ ਹੋਇਆ, ਜੋ ਇੱਕ ਪੱਤਰ ‘ਸੰਗਤ’ ਦੇ ਸੰਪਾਦਕ ਸਨ। ਸ੍ਰ: ਸੇਵਾ ਸਿੰਘ ਨੇ ਆਪਣਾ ਮੈਗਜ਼ੀਨ ਵੀ ਸ੍ਰ: ਕਵੀਸ਼ਰ ਦੇ ਮੈਗਜ਼ੀਨ ਨਾਲ ਮਿਲਾ ਦਿੱਤਾ ਅਤੇ ਇਹ ਪੱਤਰ ਨਵੇਂ ਨਾਂ ‘ਕਿਰਪਾਨ ਬਹਾਦਰ ਸੰਗਤ’ ਨਾਲ ਛਪਣਾ ਸ਼ੁਰੂ ਹੋ ਗਿਆ। 1931 ਵਿਚ ਦੇਸ ਪ੍ਰੇਮੀਆਂ ਵੱਲੋਂ ਮੁਕਤਸਰ ਵਿਖੇ ਇੱਕ ਰੈਲੀ ਕੀਤੀ ਗਈ ਸੀ, ਜਿਸ ਵਿਚ ਸ੍ਰ: ਸੇਵਾ ਸਿੰਘ ਨੇ ਵੀ ਭਾਸ਼ਣ ਦਿੱਤਾ, ਜੋ ਦੇਸ਼ ਦੀ ਆਜ਼ਾਦੀ ਲਈ ਸੀ। ਸਮੇਂ ਦੀ ਅੰਗਰੇਜ਼ ਸਰਕਾਰ ਨੇ ਇਸ ਭਾਸ਼ਣ ਨੂੰ ਫ਼ਿਰਕੂ ਤਕਰੀਰ ਐਲਾਨ ਕੇ ਉਨ੍ਹਾਂ ਤੇ ਮੁਕੱਦਮਾ ਦਰਜ ਕਰ ਦਿੱਤਾ, ਜਿਸ ਵਿਚ ਉਨ੍ਹਾਂ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਗਈ ਅਤੇ ਉਹ ਛਾਪਾਖ਼ਾਨਾ ਵੀ ਜ਼ਬਤ ਕਰ ਲਿਆ, ਜਿੱਥੋਂ ਮੈਗਜ਼ੀਨ ਕੱਢਿਆ ਜਾਂਦਾ ਸੀ। ਸ੍ਰ: ਕਿਰਪਾਲ ਸਿੰਘ ਦੇ ਨਾਂ ਨਾਲ ਕਿਰਪਾਨ ਬਹਾਦਰ ਅਜਿਹਾ ਜੁੜਿਆ ਕਿ ਇਹ ਉਨ੍ਹਾਂ ਦਾ ਤਖ਼ੱਲਸ ਹੀ ਬਣ ਗਿਆ, ਲੋਕ ਉਨ੍ਹਾਂ ਨੂੰ ਕਿਰਪਾਲ ਸਿੰਘ ਕਿਰਪਾਲ ਬਹਾਦਰ ਹੀ ਕਹਿਣ ਲੱਗ ਪਏ।

ਸੰਨ 1933 ਵਿਚ ਉਨ੍ਹਾਂ ਮੁੜ ਇੱਕ ਅਖ਼ਬਾਰ ‘ਜਗਤ ਸੁਧਾਰ’ ਸ਼ੁਰੂ ਕੀਤਾ, ਪਰ ਮੌਕੇ ਦੇ ਹਾਲਤਾਂ ਅਨੁਸਾਰ ਉਹ ਸਫਲ ਨਾ ਹੋ ਸਕਿਆ ਅਤੇ ਜਲਦੀ ਹੀ ਬੰਦ ਕਰਨਾ ਪਿਆ। ਇਸ ਉਪਰੰਤ ਉਹ ਆਪਣੇ ਪਿੰਡ ਬਖਤਗੜ੍ਹ ਆ ਗਏ। ਜਿਸ ਇਨਸਾਨ ਅੰਦਰ ਦੇਸ਼ ਸਮਾਜ ਲਈ ਕੁੱਝ ਕਰਨ ਦੀ ਇੱਛਾ ਹੋਵੇ, ਉਹ ਟਿਕ ਕੇ ਘਰ ਨਹੀਂ ਬੈਠ ਸਕਦਾ। ਅਜਿਹੀ ਹਾਲਤ ਹੀ ਸ੍ਰ: ਸੇਵਾ ਸਿੰਘ ਦੀ ਸੀ, ਉਸ ਸਮੇਂ ਅਕਾਲੀ ਦਲ ਧਰਮ ਦੀ ਰਾਖੀ ਅਤੇ ਆਜ਼ਾਦੀ ਦੀ ਲੜਾਈ ਦੋਵਾਂ ਫਰੰਟਾਂ ਤੇ ਕੰਮ ਕਰ ਰਿਹਾ ਸੀ, ਅਕਾਲੀ ਆਗੂ ਬਹੁਤ ਉੱਚੀ ਸੁੱਚੀ ਸੋਚ ਵਾਲੇ ਅਤੇ ਨਿੱਜ ਤੋਂ ਉੱਪਰ ਉੱਠ ਕੇ ਦੇਸ਼ ਧਰਮ ਲਈ ਕੰਮ ਕਰ ਰਹੇ ਸਨ। ਸ੍ਰ: ਸੇਵਾ ਸਿੰਘ ਵੀ 1940 ਵਿਚ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਅਤੇ ਉਨ੍ਹਾਂ ਨੂੰ ਜ਼ਿਲ੍ਹੇ ਦਾ ਆਗੂ ਸਵੀਕਾਰ ਕਰ ਲਿਆ ਗਿਆ।

ਸ੍ਰ: ਸੇਵਾ ਸਿੰਘ ਅਨਪੜ੍ਹਤਾ ਨੂੰ ਦੇਸ਼ ਦੀ ਵੱਡੀ ਸਮੱਸਿਆ ਮੰਨਦੇ ਸਨ ਅਤੇ ਬੱਚਿਆਂ ਖ਼ਾਸ ਕਰਕੇ ਲੜਕੀਆਂ ਦੀ ਪੜ੍ਹਾਈ ਤੇ ਬਹੁਤ ਜ਼ੋਰ ਦਿੰਦੇ ਸਨ। ਸੰਨ 1946 ਵਿਚ ਉਨ੍ਹਾਂ ਪਹਿਲ ਕਦਮੀ ਕਰਕੇ ਬਖਤਗੜ੍ਹ ਵਿਖੇ ਪਿੰਡ ਦਾ ਇਕੱਠ ਕੀਤਾ ਅਤੇ ਲੋਕਾਂ ਨੂੰ ਪ੍ਰੇਰ ਕੇ ਪਿੰਡ ਵਿਚ ਖ਼ਾਲਸਾ ਹਾਈ ਸਕੂਲ ਦੀ ਸਥਾਪਨਾ ਕੀਤੀ। ਇਸ ਤੋਂ ਉਪਰੰਤ ਇਸ ਇਲਾਕੇ ਵਿਚ ਤਿੰਨ ਅਕਾਲੀ ਕਾਨਫ਼ਰੰਸਾਂ ਕਰਵਾਈਆਂ, ਜਿੱਥੋਂ ਵਿੱਦਿਆ ਦੇ ਪਸਾਰ ਲਈ ਪ੍ਰਚਾਰ ਕੀਤਾ। ਉਹ ਕਹਿੰਦੇ ਸਨ ਕਿ ਅਸੂਲਾਂ ਲਈ ਲੜਨਾ ਸੌਖਾ ਹੈ ਪਰ ਅਸੂਲਾਂ ਅਨੁਸਾਰ ਜਿਊਣਾ ਬਹੁਤ ਔਖਾ ਹੈ। ਉਹ ਆਖਦੇ ਆਪਣੇ ਉਦੇਸ਼ਾਂ, ਫ਼ਰਜ਼ਾਂ, ਆਦਰਸ਼ਾਂ, ਅਸੂਲਾਂ ਨੂੰ ਛੱਡ ਕੇ ਹਾਸਲ ਕੀਤੀ ਕਾਮਯਾਬੀ ਬੇਅਰਥ ਹੈ ਅਤੇ ਅਸੂਲਾਂ ਤੇ ਪਹਿਰਾ ਦਿੰਦਿਆਂ ਹਾਸਲ ਕੀਤੀ ਮੌਤ ਕਦੇ ਅਰਥ ਲੱਗ ਜਾਂਦੀ ਹੈ ਬੇਅਰਥ ਨਹੀਂ ਜਾਂਦੀ। ਸਾਰੀ ਜ਼ਿੰਦਗੀ ਦੇਸ਼, ਸਮਾਜ ਅਤੇ ਧਰਮ ਸਬੰਧੀ ਲੋਕਾਂ ਨੂੰ ਜਾਗਰਿਤ ਕਰਦਾ ਇਹ ਮਹਾਨ ਅਸੂਲ ਪ੍ਰਸਤ ਇਨਸਾਨ ਸੇਵਾ ਸਿੰਘ ਕਿਰਪਾਨ ਬਹਾਦਰ 8 ਅਗਸਤ 1961 ਨੂੰ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਿਆ। ਅੱਜ ਵੀ ਜਦ ਕਦੇ ਕਿਰਪਾਨ ਜਾਂ ਪਗੜੀ ਦਾ ਮੁੱਦਾ ਉੱਠਦਾ ਹੈ ਤਾਂ ਸ੍ਰ: ਸੇਵਾ ਸਿੰਘ ਕਿਰਪਾਨ ਬਹਾਦਰ ਦੀ ਯਾਦ ਤਾਜ਼ਾ ਹੋ ਜਾਂਦੀ ਹੈ। ਉਸਦੇ ਪਿੰਡ ਦੇ ਲੋਕ ਉਸਦੀ ਸੇਵਾ ਕੁਰਬਾਨੀ ਤੇ ਬਹੁਤ ਮਾਣ ਕਰਦੇ ਹਨ ਅਤੇ ਪਿੰਡ ਵਿਚ ਸ੍ਰ: ਸੇਵਾ ਸਿੰਘ ਕਿਰਪਾਨ ਬਹਾਦਰ ਦਾ ਬੁੱਤ ਵੀ ਸਥਾਪਤ ਕੀਤਾ ਗਿਆ ਹੈ।

(ਬਲਵਿੰਦਰ ਸਿੰਘ ਭੁੱਲਰ)
+91 98882-75913

Install Punjabi Akhbar App

Install
×