ਪਰਮ ਸੇਵਾ ਵਸ਼ਿਸ਼ਟ ਮੈਡਲ ਜਨਰਲ ਕਰਤਾਰ ਸਿੰਘ ਗਿੱਲ ਦਾ ਅਕਾਲ ਚਲਾਣਾ ਦੇਸ਼ ਤੇ ਕੌਮ ਨੂੰ ਵੱਡਾ ਘਾਟਾ: ਸ਼ੁਭ ਕਰਮਨ ਸੁਸਾਇਟੀ

(ਪਿੰਡ ਅੱਛਰਵਾਲ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਪਲਦਿਆਂ ਮਾਹਿਲਪੁਰ ਦੇ ਸਟਾਰ ਫੁਟਬਾਲਰ ਰਹੇ)

ਭਾਰਤੀ ਫੌਜ ਅਤੇ ਸਿੱਖ ਜਗਤ ਦੀ ਨਾਮਵਰ ਸ਼ਖ਼ਸੀਅਤ ਲੈਫਟੀਨੈਂਟ ਜਨਰਲ ਕਰਤਾਰ ਸਿੰਘ ਗਿੱਲ ਦੇ 3 ਨਵੰਬਰ ਨੂੰ ਹੋਏ ਅਕਾਲ ਚਲਾਣੇ ਨਾਲ ਦੇਸ਼ ਤੇ ਕੌਮ ਨੂੰ ਵੱਡਾ ਘਾਟਾ ਪਿਆ ਹੈ। 26 ਮਈ 1930 ਨੂੰ ਬਰਮਾ ਵਿਚ ਜਨਮ ਹੋਇਆ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਵਿਚ ਪਾਲਣ ਪੋਸ਼ਣ ਹੋਇਆ। ਫੁੱਟਬਾਲ ਖੇਡ ਲਈ ਜਾਣੀ ਜਾਂਦੀ ਧਰਤੀ ਮਾਹਿਲਪੁਰ ਦੇ ਸਟਾਰ ਫੁਟਬਾਲਰ ਰਹੇ। 1952 ਵਿਚ ਭਾਰਤੀ ਫੌਜ ਵਿਚ ਭਰਤੀ ਹੋਏ। ਜਨਰਲ ਕਰਤਾਰ ਸਿੰਘ ਦੇ ਸਹੁਰਾ ਜਨਰਲ ਨਾਗਰਾ ਨੇ ਹੀ 1971 ਵਿਚ ਬੰਗਲਾ ਦੇਸ਼ ਦੀ ਜੰਗ ਵਿਚ ਪਾਕਿਸਤਾਨ ਦੇ ਜਨਰਲ ਨਿਆਜ਼ੀ ਨੂੰ ਗ੍ਰਿਫ਼ਤਾਰ ਕੀਤਾ ਸੀ। ਆਪ ਵੀ ਕਈ ਜੰਗਾਂ ਵਿਚ ਅੱਗੇ ਹੋ ਕੇ ਲੜੇ। ਜੂਨ 1984 ਵਿਚ ਜਦੋਂ ਭਾਰਤੀ ਫੌਜ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕੀਤਾ ਤਾਂ ਉਹਨਾਂ ਬੇਖੌਫ਼ ਹੋ ਕੇ ਆਪਣੀ ਵਿਰੋਧਤਾ ਦਰਜ ਕਰਵਾਈ। ਜਿਸ ਕਾਰਨ ਉਹਨਾਂ ਦੀ ਤਰੱਕੀ ਵੀ ਰੋਕ ਦਿੱਤੀ ਗਈ।
ਸ਼ੁਭ ਕਰਮਨ ਸੁਸਾਇਟੀ ਹੁਸ਼ਿਆਰਪੁਰ ਦੇ ਚੇਅਰਮੈਨ ਸ: ਰਸ਼ਪਾਲ ਸਿੰਘ ਅਤੇ ਸਕੱਤਰ ਡਾ: ਪਰਮਿੰਦਰ ਸਿੰਘ ਖਾਨਪੁਰ ਨੇ ਕਿਹਾ ਕਿ ਉਹ ਜਿੱਥੇ ਬਹਾਦਰ ਸਨ, ਉੱਥੇ ਦਿਆਲੂ ਤੇ ਪਰਉਪਕਾਰੀ ਸਨ। ਸੰਸਥਾ ਨੇ ਕਿਹਾ ਕਿ ਉਹਨਾਂ ਸੇਵਾ-ਮੁਕਤ ਹੋਣ ਉਪਰੰਤ ਚੰਡੀਗੜ੍ਹ ਵਿਖੇ ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼, ਸਿੱਖ ਐਜੂਕੇਸ਼ਨਲ ਸੁਸਾਇਟੀ ਅਤੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਆਦਿਕ ਸੰਸਥਾਂਵਾਂ ਵਿਚ ਨਿਸ਼ਕਾਮ ਅਗਵਾਈ ਕਰਨ ਦੀ ਸੇਵਾ ਨਿਭਾਈ। ਸੰਸਾਰ ਸਿੱਖ ਸੰਗਠਨ ਦੀ ਨੀਂਹ ਰੱਖੀ ਤੇ ਸੰਸਾਰ ਭਰ ਵਿਚ ਲਾਮਬੰਦੀ ਕਰਨ ਦੀ ਸੇਵਾ ਨਿਭਾਈ। ਵੱਖ-ਵੱਖ ਸਿੱਖ ਸੰਸਥਾਂਵਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਨੂੰ ਹੱਲਾਸ਼ੇਰੀ ਦਿੱਤੀ। ਵਿਦਿਆਰਥੀ ਵਰਗ ਨੂੰ ਸਿੱਖਿਆ ਅਤੇ ਹੁਨਰ ਪ੍ਰਦਾਨ ਕਰਨ ਲਈ ਮੌਕੇ ਸਿਰਜੇ। ਪਛੜੇ ਤੇ ਘੱਟ-ਗਿਣਤੀ ਵਿਦਿਆਰਥੀਆਂ ਲਈ ਵਜ਼ੀਫੇ ਘਰ-ਘਰ ਤੱਕ ਪਹੁੰਚਾਉਣ ਲਈ ਨਿੱਠ ਕੇ ਚੇਤਨਾ ਪੈਦਾ ਕੀਤੀ ਅਤੇ ਸਮੇਂ ਸਮੇਂ ਸਰਕਾਰਾਂ ਨਾਲ ਜੱਦੋਜਹਿਦ ਵੀ ਕੀਤੀ।
ਸਵਰਗੀ ਸ: ਕਰਤਾਰ ਸਿੰਘ ਗਿੱਲ ਜੀ ਨਮਿਤ 8 ਨਵੰਬਰ ਦਿਨ ਐਤਵਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਸੈਕਟਰ 28 ਏ ਚੰਡੀਗੜ੍ਹ ਵਿਖੇ ਅਰਦਾਸ ਹੋ ਰਹੀ ਹੈ। ਨਿਰਸੰਦੇਹ ਵਿਸ਼ਵ ਵਿਚ ਬੈਠਾ ਹਰ ਸਿੱਖ ਆਪਣੇ ਹਿਰਦੇ ਤੋਂ ਅਰਦਾਸ ਕਰੇਗਾ ਅਤੇ ਉਹਨਾਂ ਦੀ ਦੇਣ ਨੂੰ ਯਾਦ ਕਰੇਗਾ।

Install Punjabi Akhbar App

Install
×