ਸ਼੍ਰੋਮਣੀ ਅਕਾਲੀ ਦਲ ਦੀ ਪਵਿੱਤਰਤਾ ਭੰਗ ਕਰਨ ਵਾਲਿਆਂ ਨੂੰ ਬਲਵੰਤ ਸਿੰਘ ਖੇੜਾ ਨੇ ਅਦਾਲਤੀ ਕਟਹਿਰੇ ਵਿਚ ਖੜ੍ਹਾ ਕਰਕੇ ਕੌਮ ਦਾ ਸਿਰ ਉੱਚਾ ਕੀਤਾ: ਭਾਈ ਰਣਜੀਤ ਸਿੰਘ

ਹੁਸ਼ਿਆਰਪੁਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਮੁਖੀ ਗਿਆਨੀ ਰਣਜੀਤ ਸਿੰਘ ਨੇ ਸ:ਬਲਵੰਤ ਸਿੰਘ ਖੇੜਾ ਦੇ ਗ੍ਰਹਿ ਪੁੱਜ ਕੇ ਮੁਲਾਕਾਤ ਕੀਤੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਬਉੱਚਤਾ ਲਈ ਤਿੰਨ ਦਹਾਕੇ ਤੋਂ ਅਦਾਲਤੀ ਲੜਾਈ ਵਿਚ ਜਿੱਤ ਲਈ ਮੁਬਾਰਕ ਦਿੱਤੀ। ਇਕ ਚੈਨਲ ਵਲੋਂ ਪੁੱਛੇ ਸਵਾਲਾਂ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਸਿੱਖ ਪੰਥ ਦੀਆਂ ਸਿਰਮੌਰ ਸੰਸਥਾਂਵਾਂ ਇਕ ਪਰਿਵਾਰ ਦੀਆਂ ਗ਼ੁਲਾਮ ਬਣ ਚੁੱਕੀਆਂ ਹਨ ਤੇ ਅਜਿਹੇ ਬਦਤਰ ਹਾਲਾਤਾਂ ਵਿਚ ਕੋਈ ਨਿਹੰਗ ਬਿਰਤੀ ਵਾਲੇ ਯੋਧੇ ਹੀ ਮੈਦਾਨ ਫਤਿਹ ਕਰ ਪਾਉਂਦੇ ਹਨ।
ਭਾਈ ਰਣਜੀਤ ਸਿੰਘ ਨੇ ਕਿਹਾ ਕਿ ਜਦੋਂ ਅਦਾਲਤ ਨੇ ਸਿੱਧ ਕਰ ਦਿੱਤਾ ਹੈ ਕਿ ਬਾਦਲ ਪਰਿਵਾਰ ਨੇ ਸਿੱਖ ਪੰਥ ਨਾਲ ਤੇ ਸੰਵਿਧਾਨ ਨਾਲ ਫਰਾਡ ਕੀਤਾ ਹੈ ਤਾਂ ਹੁਣ ਪੰਥ ਦਾ ਫਰਜ਼ ਬਣਦਾ ਹੈ ਕਿ ਹੋਛੇ ਢੰਗ ਨਾਲ ਅਕਾਲ ਤਖ਼ਤ ਸਾਹਿਬ ਤੋਂ ਦਿੱਤਾ ਫਖ਼ਰ-ਏ-ਕੌਮ ਐਵਾਰਡ ਵਾਪਸ ਲਿਆ ਜਾਵੇ। ਇਸ ਦੇ ਨਾਲ ਫਰਾਡ-ਏ-ਕੌਮ ਦੇਣ ਦਾ ਐਲਾਨ ਕੀਤਾ ਜਾਵੇ।
ਜ਼ਿਕਰਯੋਗ ਹੈ ਕਿ ਸਮਾਜਿਕ ਕਾਰਕੁੰਨ ਬਲਵੰਤ ਸਿੰਘ ਖੇੜਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਦੋ ਸੰਵਿਧਾਨ ਹਨ। ਇਕ ਸੰਵਿਧਾਨ ਗੁਰਦੁਆਰਾ ਸੰਗਠਨ ਵਜੋਂ ਮਾਨਤਾ ਪ੍ਰਾਪਤ ਕਰਨ ਲਈ ਗੁਰਦੁਆਰਾ ਚੋਣ ਕਮਿਸ਼ਨ ਅਤੇ ਦੂਸਰਾ ਭਾਰਤੀ ਚੋਣ ਕਮਿਸ਼ਨ ਕੋਲ ਭੇਜਿਆ ਸੀ। ਦੋਸ਼ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਇਹ ਝੂਠਾ ਵਾਅਦਾ ਦਿੱਤਾ ਸੀ ਕਿ ਉਸ ਨੇ ਸਮਾਜਵਾਦ ਅਤੇ ਧਰਮ ਨਿਰਪੱਖਤਾ ਦੇ ਸਿਧਾਂਤਾਂ ਨੂੰ ਸ਼ਾਮਲ ਕਰਨ ਲਈ ਆਪਣੇ ਸੰਵਿਧਾਨ ਵਿਚ ਸੋਧ ਕੀਤੀ ਹੈ ਜਦੋਂ ਕਿ ਇਕ ‘ਪੰਥਕ’ ਪਾਰਟੀ ਵਜੋਂ ਗੁਰਦੁਆਰਾ ਚੋਣਾਂ ਵਿਚ ਖੁੱਲ੍ਹ ਕੇ ਹਿੱਸਾ ਲਿਆ।
ਸ: ਬਲਵੰਤ ਸਿੰਘ ਖੇੜਾ ਅਤੇ ਕੋ-ਪਟੀਸ਼ਨਰ ਮਾ: ਓਮ ਸਿੰਘ ਸਟਿਆਣਾ ਨੇ ਇਕ ਪ੍ਰਸ਼ਨ ਦਾ ਉੱਤਰ ਦਿੰਦਿਆਂ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹਾ ਅਤੇ ਸ਼ੈਸ਼ਨ ਅਦਾਲਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਸੰਵਿਧਾਨ ਦੀ ਕਥਿਤ ਜਾਅਲਸਾਜ਼ੀ ਦੇ ਮਾਮਲੇ ਵਿਚ ਅੰਤਰਿਮ ਜ਼ਮਾਨਤ ਲੈਣ ਲਈ 13 ਸਤੰਬਰ ਨੂੰ ਜਾਂ ਉਸ ਤੋਂ ਪਹਿਲਾਂ ਹੇਠਲੀ ਅਦਾਲਤ ਵਿਚ ਸਮਰਪਣ ਕਰਨ ਦੇ ਨਿਰਦੇਸ਼ ਹੋਏ ਹਨ।
ਇਹ ਨਿਰਦੇਸ਼ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਦਲਜੀਤ ਸਿੰਘ ਚੀਮਾ ਦੀ ਪਟੀਸ਼ਨ ਨੂੰ ਰੱਦ ਕਰਨ ਦੇ ਕੁਝ ਦਿਨਾਂ ਬਾਅਦ ਆਇਆ ਹੈ। ਜਿਨ੍ਹਾਂ ਵਿਰੁੱਧ 2019 ਵਿਚ ਸੈਕਸ਼ਨ 420,464,466, ਭਾਰਤੀ ਦੰਡਾਵਲੀ ਦੀ 467,468,471 ਅਤੇ 120-ਬੀ ਕੇਸ ਦਰਜ ਹੋਇਆ ਸੀ। ਵਧੀਕ ਸ਼ੈਸ਼ਨ ਜੱਜ ਜਤਿੰਦਰਪਾਲ ਸਿੰਘ ਖੁਰਮੀ ਨੇ ਉਹਨਾਂ ਨੂੰ ਹੇਠਲੀ ਅਦਾਲਤ ਵਿਚ 13 ਸਤੰਬਰ ਨੂੰ ਜਾਂ ਇਸ ਤੋਂ ਪਹਿਲਾਂ ਸਮਰਪਣ ਕਰਨ ਦੇ ਨਿਰਦੇਸ਼ ਦਿੱਤੇ ਹਨ ਅਤੇ ਕਿਹਾ ਹੈ ਕਿ 1 ਲੱਖ ਰੁਪਏ ਦੇ ਨਿੱਜੀ ਮੁਚਲਕੇ ਦੇ ਅਧੀਨ ਅੰਤਰਿਮ ਜ਼ਮਾਨਤ’ਤੇ ਰਿਹਾਅ ਕਰ ਦਿੱਤਾ ਜਾਵੇਗਾ।

Install Punjabi Akhbar App

Install
×