ਆਸਟ੍ਰੇਲੀਆ ਅੰਦਰ ਰੂਸ ਦੇ ਜਾਸੂਸਾਂ ਦਾ ਗਿਰੋਹ ਬੇਨਕਾਬ

ਬੀਤੇ 18 ਮਹੀਨਿਆਂ ਤੋਂ ਸੀ ਸਰਗਰਮ

ਦੇਸ਼ ਅੰਦਰ ਬੀਤੇ 18 ਮਹੀਨਿਆਂ ਤੋਂ ਸਰਗਰਮ ਇੱਕ ਜਸੂਸੀ ਗਿਰੋਹ ਦਾ ਪਰਦਾਫਾਸ਼ ਏ.ਐਸ.ਆਈ.ਓ. ਵੱਲੋਂ ਕੀਤਾ ਗਿਆ ਹੈ ਜੋ ਕਿ ਮੁੱਖ ਤੌਰ ਤੇ ਰੂਸ ਨਾਲ ਸਬੰਧ ਰੱਖਦਾ ਹੈ ਅਤੇ ਕੈਨਬਰਾ ਵਿੱਚ ਰੂਸੀ ਸਫ਼ਾਰਤਖਾਨੇ ਦੇ ਨਾਲ ਨਾਲ ਦੇਸ਼ ਦੇ ਹੋਰ ਵੀ ਬਹੁਤ ਸਾਰੇ ਖੇਤਰਾਂ ਵਿੱਚ ਸਰਗਰਮ ਸੀ।
ਆਸਟ੍ਰੇਲੀਆਈ ਸੁਰੱਖਿਆ ਇੰਟੈਲੀਜੈਂਸ ਸੰਸਥਾ ( Australian Security Intelligence Organisation (ASIO)) ਦੇ ਡਾਇਰੈਕਟਰ ਜਨਰਲ ਮਾਈਕ ਬਰਗਸ ਨੇ ਰੂਸ ਦਾ ਨਾਮ ਲਏ ਬਿਨ੍ਹਾਂ ਇਸ ਜਾਣਕਾਰੀ ਨੂੰ ਸਾਂਝਾ ਕਰਦਿਆਂ ਕਿਹਾ ਹੈ ਕਿ ਇਸ ਗਿਰੋਹ ਦਾ ਮੁੱਖ ਕੰਮ ਅਜਿਹੇ ਆਸਟ੍ਰੇਲੀਆਈ ਅਧਿਕਾਰੀਆਂ ਜਾਂ ਹੋਰ ਵਿਅਕਤੀ ਵਿਸ਼ੇਸ਼ਾਂ ਨੂੰ ਲਾਮਬੰਧ ਕਰਨਾ ਹੁੰਦਾ ਸੀ ਜਿਨ੍ਹਾਂ ਕੋਲੋਂ ਕਿ ਕੁੱਝ ਨਾ ਕੁੱਝ ਸਰਕਾਰ ਅਤੇ ਹੋਰ ਮਹਿਕਮਿਆਂ ਬਾਬਤ ਮਹੱਤਵਪੂਰਨ ਅਤੇ ਖੁਫ਼ੀਆ ਜਾਣਕਾਰੀਆਂ ਆਦਿ ਹਾਸਿਲ ਕੀਤੇ ਜਾ ਸਕਣ ਅਤੇ ਇਸ ਦੇ ਨਾਲ ਹੀ ਆਧੁਨਿਕ ਤਕਨਾਲੋਜੀ ਆਦਿ ਬਾਰੇ ਵਿੱਚ ਡਾਟਾ ਚੁਰਾਇਆ ਜਾ ਸਕੇ ਜਾਂ ਇਕੱਠਾ ਕੀਤਾ ਜਾ ਸਕੇ।
ਉਨ੍ਹਾਂ ਨੇ ਆਸਟ੍ਰੇਲੀਆਈ ਲੋਕਾਂ ਨੂੰ ਸਾਵਧਾਨ ਕਰਦਿਆਂ ਕਿਹਾ ਹੈ ਕਿ ਦੇਸ਼ ਅੰਦਰ ਅਜਿਹੀਆਂ ਕਾਰਵਾਈਆਂ ਹੋਣ ਬਾਰੇ ਵਿੱਚ ਪੁਖਤਾ ਸਬੂਤ ਹਨ ਅਤੇ ਆਸਟ੍ਰੇਲੀਆਈ ਨਾਗਰਿਕ ਅਤੇ ਹੋਰ ਵਿਅਕਤੀ ਵਿਸ਼ੇਸ਼ ਇਸ ਗੱਲ ਤੋਂ ਸੁਚੇਤ ਰਹਿਣ ਅਤੇ ਕਿਸੇ ਵੀ ਅਣਜਾਣ ਪੁਣੇ ਆਦਿ ਦਾ ਸ਼ਿਕਾਰ ਨਾ ਹੋਣ ਕਿਉਂਕਿ ਅਜਿਹੀਆਂ ਗਤੀਵਿਧੀਆਂ ਦੇਸ਼ ਦੀ ਸੁਰੱਖਿਆ ਵਿੱਚ ਸੇਂਧਮਾਰੀ ਦਾ ਕੰਮ ਕਰ ਸਕਦੀਆਂ ਹਨ ਅਤੇ ਕਾਫੀ ਨੁਕਸਾਨ ਇਨ੍ਹਾਂ ਨਾਲ ਹੋ ਸਕਦਾ ਹੈ।

ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੂੰ ਜਦੋਂ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਸਾਫ਼ ਲਫ਼ਜ਼ਾਂ ਵਿੱਚ ਕਹਿ ਦਿੱਤਾ ਕਿ ਉਹ ਦੇਸ਼ ਦੀ ਸੁਰੱਖਿਆ ਦੇ ਮੱਦੇਨਜ਼ਰ ਹਾਲ ਦੀ ਘੜੀ ਇਸ ਬਾਰੇ ਕੁੱਝ ਵੀ ਕਹਿਣ ਤੋਂ ਅਸਮਰਥ ਹਨ ਪਰੰਤੂ ਉਨ੍ਹਾਂ ਨੇ ਏ.ਐਸ.ਆਈ.ਓ. ਦੇ ਅਧਿਕਾਰੀਆਂ ਦੀ ਕਾਰਗੁਜ਼ਾਰੀ ਉਪਰ ਸ਼ਾਬਾਸ਼ੀ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਦੇਸ਼ ਹਿਤ ਵਿੱਚ ਬਹੁਤ ਹੀ ਮਹੱਤਵਪੂਰਨ ਕੰਮ ਕੀਤਾ ਹੈ ਜਿਸ ਦੀ ਹਰ ਤਰਫ਼ੋਂ ਸ਼ਲਾਘਾ ਹੀ ਹੋਣੀ ਚਾਹੀਦੀ ਹੈ ਅਤੇ ਸਾਨੂੰ ਆਪਣੀ ਏਜੰਸੀ ਉਪਰ ਪੂਰਾ ਮਾਣ ਹੈ।