ਰੂਸ ਯੂਕਰੇਨ ਜੰਗ ਤੇ ਇਸ ਦੇ ਨਿਕਲਣ ਵਾਲੇ ਸਿਟੇ

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਕਿਹਾ ਹੈ ਕਿ ਸੰਸਾਰ ਦੇ ਇਤਿਹਾਸ ਵਿਚ ਇਕ ਨਵੇਂ ਯੁਗ ਦੀ ਆਮਦ ਹੋ ਰਹੀ ਹੈ। ਇਸ ਬਦਲੇ ਹੋਏ ਵਾਤਾਵਰਣ ਵਿਚ ਸਿਰਫ ਸਚੀ ਮੁਚੀ ਦੇ ਅਜ਼ਾਦ ਰਾਜ ਹੀ ਸਫਲ ਹੋ ਸਕਣਗੇ। ਪੂਤਿਨ ਨੇ ਦਾਅਵਾ ਕੀਤਾ ਹੈ ਕਿ ਆ ਰਹੀਆ ਬੜੀਆਂ ਵਡੀਆਂ ਤੇ ਸਚੀ ਮੁਚੀ ਦੀਆਂ ਇਨਕਲਾਬੀ ਤਬਦੀਲੀਆਂ ਇਕ ਨਵੇੇਂ ਸਾਂਝੀਵਾਲਤਾ, ਇਨਸਾਫ ਆਧਾਰਿਤ ਤੇ ਵਧੇਰੇ ਭਾਈਚਾਰਕ ਕੇਂਦਰਿਤ ਸੁਰਖਿਅਤ ਸੰਸਾਰ ਪ੍ਰਬੰਧ ਨੂੰ ਜਨਮ ਦੇਣਗੀਆਂ। ਇਸ ਯੁਗ ਵਿਚ ਸਿਰਫ਼ ਸਚੀ ਮੁਚੀ ਦੇ ਅਜ਼ਾਦ ਰਾਜ ਹੀ ਉਚੀ ਵਿਕਾਸ ਦਰ ਨੂੰ ਯਕੀਨੀ ਬਣਾ ਸਕਣਗੇ। ਅਜ਼ਾਦ ਰਾਜ ਤੋਂ ਉਸ ਦਾ ਮਤਲਬ ਕੌਮੀ ਵਿਕਾਸ ਦੀ ਅਜ਼ਾਦੀ ਅਤੇ ਇਸ ਤਰ੍ਹਾਂ ਹਰੇਕ ਵਿਅਕਤੀ ਦੀ ਨਿਜੀ ਅਜ਼ਾਦੀ ਦੇੇ ਨਾਲ ਨਾਲ ਰਾਜ ਦੀ ਤਕਨੀਕੀ, ਸਭਿਆਚਾਰਕ, ਬੌਧਿਕ, ਵਿਦਿਅਕ ਵਿਕਾਸ ਕਰਨ ਦੀ ਯੋਗਤਾ ਤੇ ”ਇਕ ਜਿੰਮੇਵਾਰ, ਸਰਗਰਮ, ਕੌਮ ਪਖੀ, ਕੌਮ ਕੇਂਦਰਿਤ ਸ਼ਹਿਰੀ ਸਮਾਜ” ਦੀ ਹੋਂਦ ਹੈ।
ਪੂਤਿਨ ਦਾ ਕਹਿਣਾ ਹੈ ਕਿ ਅਜਿਹਾ ਰਾਜ ਲੋਕਾਂ ਦੀ ਜ਼ਿੰਦਗੀ ਦੇ ਉਚੇ ਮਿਆਰ, ਚੰਗੇ ਜੀਵਨ ਪਧਰ, ਰਵਾਇਤੀ ਕਦਰਾਂ ਕੀਮਤਾਂ ਦੀ ਰਾਖੀ ਤੇ ਉਚੇ ਮਨੁਖੀ ਆਦਰਸ਼ਾਂ ਵਾਸਤੇ ਦੂਜਿਆਂ ਰਾਜਾਂ ਲਈ ਇਕ ਮਿਸਾਲ ਬਣੇਗਾ। ਅਜਿਹਾ ਰਾਜ, ਮੌਜੂਦਾ ਪਛਮ ਭਾਰੂ ਇਕ ਧਰੁਵੀ ਸੰਸਾਰ ਪ੍ਰਬੰਧ, ਜਿਹੜਾ ਸਾਡੀ ਸਭਿਅਤਾ ਦੇ ਵਿਕਾਸ ਵਿਚ ਸਭ ਤੋਂ ਵਡੀ ਰੁਕਾਵਟ ਬਣ ਗਿਆ ਹੈ, ਦੇ ਬਿਲਕੁਲ ਉਲਟ ਹੋਵੇਗਾ। ਪੂਤਿਨ ਨੇ ਪਛਮ ਉਤੇ ਨਸਲਵਾਦ ਅਤੇ ਨਵਬਸਤੀਵਾਦ ਦੇ ਦੋਸ਼ ਲਾਉਦਿਆਂ ਕਿਹਾ ਹੈ ਕਿ ਇਸ ਦੀ ਵਿਚਾਰਧਾਰਾ ਪੂਰਨ ਰੂਪ ਵਿਚ ਤਾਨਾਸ਼ਾਹੀ ਬਣ ਚੁਕੀ ਹੈ। ਪੂਤਿਨ ਨੇ ਕਿਹਾ ਹੈ ਕਿ ਪਛਮੀ ਉਚ ਵਰਗ ਦੇ ਮੌਜੂਦਾ ਸੰਸਾਰ ਪ੍ਰਬੰਧ ਨੂੰ ਬਚਾਉਣ ਦੇ ਸਾਰੇ ਯਤਨਾਂ ਦੇ ਬਾਵਜੂਦ ਇਹ ਤਬਦੀਲੀਆਂ ਅਟਲ ਹਨ।
ਵਲਾਦੀਮੀਰ ਪੂਤਿਨ ਬੜੇ ਚਿਰ ਤੋਂ ਅਮਰੀਕਾ ਦੀ ਅਗਵਾਈ ਹੇਠਲੇ ਇਕ ਧਰੁਵੀ ਪਛਮੀ ਸੰਸਾਰ ਪ੍ਰਬੰਧ ਦਾ ਵਿਰੋਧ ਕਰਦਾ ਆ ਰਿਹਾ ਹੈ। 24 ਫਰਵਰੀ ਨੂੰ ਯੂਕਰੇਨ ਉਤੇ ਹਮਲਾ ਕਰਨ ਵੇਲੇ ਵੀ ਰੂਸ ਦੇ ਬਿਦੇਸ ਮੰਤਰੀ ਸਰਗਈ ਲਾਵਰੋਵ ਨੇ ਅਮਰੀਕੀ ਸੰਸਾਰ ਚੌਧਰ ਦੇ ਖਾਤਮੇ ਦਾ ਐਲਾਨ ਕੀਤਾ ਸੀ। ਦੋਵੇਂ ਇਹ ਵਾਰ ਵਾਰ ਐਲਾਨ ਕਰ ਰਹੇ ਹਨ ਕਿ ਯੂਕਰੇਨ ਜੰਗ ਦੇ ਫੈਸਲੇ ਤੋਂ ਬਾਅਦ ਸੰਸਾਰ ਬਹੁਧਰੁਵੀ ਬਣ ਜਾਏਗਾ।
ਬੇਸ਼ਕ ਸੋਚਣ ਦਾ ਨੁਕਤਾ ਇਹ ਹੈ ਕਿ ਪੂਤਿਨ ਹੁਰੀਂ ਕਿਹੜੀ ਵਿਚਾਰਧਾਰਾ ਦੇ ਨਾਲ ਨਵੇਂ ਸੰਸਾਰ ਪ੍ਰਬੰਧ ਨੂੰ ਸਿਰਜਣ ਦੇ ਸੁਪਨੇ ਲੈ ਰਹੇ ਹਨ ਅਤੇ ਕੀ ਇਹ ਵਿਚਾਰਧਾਰਾ ਉਹਨਾਂ ਦੇ ਕਿਆਸੇ ਸੰਸਾਰ ਪ੍ਰਬੰਧ ਨੂੰ ਯਕੀਨੀ ਬਣਾ ਸਕਦੀ ਹੈ?  
ਯੂਰਪ ਅੰਦਰ ਪੈਰਿਸ ਕਮਿਊਨ ਦੇ ਇਨਕਲਾਬੀਆਂ ਨੇ ਪਹਿਲੀ ਵਾਰ 1871 ਵਿਚ ਸਭ ਤੋਂ ਉਚੇ ਮਨੁਖੀ ਆਦਰਸ਼ਾਂ ਨੂੰ ਸਪਸ਼ਟ ਕਰਦਿਆਂ ਆਜਾਦੀ, ਬਰਾਬਰੀ, ਭਾਈਚਾਰੇ ਅਤੇ ਸਾਂਝੀਵਾਲਤਾ ਦਾ ਨਾਹਰਾ ਲਾਇਆ ਸੀ। ਇਸੇ ਨਾਹਰੇ ਨੂੰ ਅਗੇ ਤੋਰਦੇ ਹੋਏ ਕਾਰਲ ਮਾਰਕਸ ਦੀ ਸਿਧਾਂਤਕ ਅਗਵਾਈ ਹੇਠ ਉਸ ਵੇਲੇ ਦੇ ਕਮਿਊਨਿਸਟਾਂ ਨੇ ਸਮਾਜਵਾਦੀ ਸਮਾਜਾਂ ਦੀ ਸਿਰਜਣਾ ਲਈ ਆਲਮੀ ਕਮਿਊਨਿਸਟ ਲਹਿਰ ਜਥੇਬੰਦ ਕੀਤੀ। ਮਾਰਕਸ-ਏਂਗਲਜ ਨੇ ਆਪਣੇ ਵੇਲੇ ਦੇ ਪੂੰਜੀ ਆਧਾਰਿਤ ਪੰੂਜੀਵਾਦੀ ਆਰਥਿਕ-ਰਾਜਸੀ-ਸਮਾਜੀ ਪ੍ਰਬੰਧ ਦੇ ਲਛਣ ਸਪਸ਼ਟ ਕਰਦਿਆਂ ਇਹ ਜਾਣਕਾਰੀ ਦਿਤੀ ਕਿ ਇਹ ਪ੍ਰਬੰਧ ਆਪਣੇ ਵਜੂਦ ਸਮੋਏ ਟਕਰਾਵਾਂ ਤੇ ਕਮੀਨਗੀਆਂ ਕਾਰਨ ਕਦੇ ਵੀ ਉਕਤ ਉਚੇ ਆਦਰਸ਼ਾਂ ਨੂੰ ਪ੍ਰਣਾਇਆ ਨਰੋਆ ਮਨੁਖੀ ਭਾਈਚਾਰਾ ਨਹੀਂ ਸਿਰਜ ਸਕਦਾ।
ਇਸੇ ਕਾਰਨ ਉਹਨਾਂ ਨੇ ਕਿਰਤੀ ਜਮਾਤ ਨੂੰ ਆਲਮੀ ਪਧਰ ਉਤੇ ਇਕ-ਦੂਜੇ ਦਾ ਸਾਥ ਦੇਂਦਿਆ ਇਕ ਸਾਂਝੀ ਕਾਰਵਾਈ ਰਾਹੀਂ ਮੌਜੂਦਾ ਪੂੰਜੀਵਾਦੀ ਰਾਜਪ੍ਰਬੰਧ ਨੂੰ ਉਲਟਾ ਕੇ ਸਾਰੇ ਦੇਸਾਂ ਅੰਦਰ ਸਮਾਜਵਾਦੀ ਸਮਾਜਾਂ ਦੀ ਸਿਰਜਣਾ ਦਾ ਸੱਦਾ ਦਿਤਾ ਸੀ।
ਇਸੇ ਸੱਦੇ ਨੂੰ ਪ੍ਰਵਾਨ ਕਰਦਿਆਂ ਪਹਿਲੀ ਸੰਸਾਰ ਸਾਮਰਾਜੀ ਜੰਗ ਦੌਰਾਨ ਵਲਾਦੀਮੀਰ ਲੈਨਿਨ ਦੀ ਅਗਵਾਈ ਹੇਠ ਕਮਿਊਨਿਸਟਾਂ ਨੇ ਰੂਸ ਅੰਦਰ ਇਨਕਲਾਬ ਕੀਤਾ ਅਤੇ ਸੋਵੀਅਤ ਯੂਨੀਅਨ ਦੀ ਸਥਾਪਨਾ ਕੀਤੀ। ਪਰ ਸੋਵੀਅਤ ਯੂਨੀਅਨ ਦੇ ਕਮਿਊਨਿਸਟ ਆਗੂਆਂ ਨੇ ਸਮਾਜਵਾਦੀ ਸਮਾਜ ਦੀ ਸਿਰਜਣਾ ਕਰਦਿਆਂ ਤਿੰਨ ਬੜੀਆਂ ਵਡੀਆਂ ਗਲਤੀਆਂ ਕੀਤੀਆਂ। ਪਹਿਲੀ ਵਡੀ ਗਲਤੀ ਉਹਨਾਂ ਧਰਮਾਂ ਨੂੰ ਨਕਾਰ ਕੇ ਕੀਤੀ ਤੇ ਧਕੇ ਨਾਲ ਲੋਕਾਂ ਨੂੰ ਨਾਸਤਿਕ ਜਾਂ ਅਧਰਮੀ ਬਣਨ ਲਈ ਮਜਬੂਰ ਕੀਤਾ ਤੇ ਇਉਐ ਮਨੁਖ ਨੂੰ ਸਦਾਚਾਰ ਵਿਹੂਣਾ ਕੀਤਾ। ਦੂਜੀ ਗਲਤੀ ਉਹਨਾਂ ਨੇ ਅਡ ਅਡ ਕੋਮੀਅਤਾਂ ਦੇ ਸਭਿਆਚਾਰਾਂ ਤੇ ਭਾਸ਼ਾਵਾਂ ਨੂੰ ਵਿਕਸਿਤ ਕਰਨ ਤੇ ਹੋਰ ਅਮੀਰ ਬਣਾਉਣ ਤੋਂ ਅਗੇ ਵਧ ਕੇ ਉਹਨਾਂ ਨੂੰ ਅਡ ਅਡ ਕੌਮੀ ਰਾਜ (ਸਟੇਟ) ਜਥੇਬੰਦ ਕਰ ਕੇ ਦੇਣ ਦਾ ਲਾਰਾ ਲਾਇਆ। ਉਹਨਾਂ ਦੀ ਤੀਜੀ ਗਲਤੀ ਸਾਰੇ ਲੋਕਾਂ ਦੀਆਂ ਬੁਨਿਆਦੀ ਕੁਦਰਤੀ ਲੋੜਾਂ ਦੀ ਪੂਰਤੀ ਦੇ ਯਤਨ ਕਰਨ ਦੀ ਥਾਂ ਉਹਨਾਂ ਨੂੰ ਸਾਮਰਾਜੀ ਦੇਸਾਂ ਦੇ ਲੋਕਾਂ ਤੋਂ ਵਧ ਸਹੂਲਤਾਂ ਦੇਣ ਦਾ ਨਾ ਸਿਰਫ ਵਾਅਦਾ ਕਰਨਾ ਬਲਕਿ ਆਪਣੀਆਂ ਸਾਰੀਆਂ ਕੋਸ਼ਿਸ਼ਾਂ ਇਸ ਵਾਸਤੇ ਜੁਟਾ ਦੇਣੀਆ ਸੀ।
ਇਹਨਾਂ ਤਿੰਨਾਂ ਹੀ ਗਲਤੀਆਂ ਦਾ ਮੂਲ ਕਾਰਨ ਸਮਾਜਵਾਦੀ ਸਮਾਜ ਦੀ ਸਿਰਜਣਾ ਕਰਦਿਆਂ ਮਾਰਕਸ ਦੀ ਵਿਕਸਿਤ ਕੀਤੀ ਭੌਤਿਕਵਾਦੀ ਫਿਲਾਸਫੀ ਨੂੰ ਅਣਗੌਲਿਆ ਕਰਨਾ ਸੀ। ਇਉਂ ਕਰਨ ਨਾਲ ਮਨੁਖ ਦਾ ਕੁਦਰਤ ਨਾਲ ਅਟੁਟ ਰਿਸ਼ਤਾ ਹੀ ਸਪਸ਼ਟ ਨਾ ਹੋ ਸਕਿਆ। ਦਰਅਸਲ ਇਸ ਫਿਲਾਸਫੀ ਨੇ ਹੀ ਨਵੇਂ ਕਮਿਊਨਿਸਟ ਮਨੁਖ ਦੀ ਸਿਰਜਣਾ ਕਰਨੀ ਸੀ, ਜਿਸ ਨੇ ਮਨੁਖ ਨੂੰ ਆਪਣੀ ਅਸਲੀ ਕੁਦਰਤੀ ਹੋਂਦ ਤੋਂ ਜਾਣੂ ਕਰਵਾਉਣਾ ਸੀ ਤੇ ਉਸ ਨੂੰ ਆਪਣੇ ਆਪ ਨੂੰ ਕੁਦਰਤੀ ਨੇਮਾਂ ਅਨੁਸਾਰ ਢਾਲਦਿਆ ਹੋਇਆਂ ਆਪਣੇ ਆਲੇਦੁਆਲੇ ਦੇ ਮਨੁਖੀ ਸਮਾਜ ਨੂੰ ਬਦਲਣ ਲਈ ਪ੍ਰੇਰਨਾ ਦਾ ਸ੍ਰੋਤ ਬਣਨਾ ਸੀ। ਪਰ ਇਹ ਪ੍ਰਚਾਰ ਕਰਨ ਦੇ ਬਾਵਜੂਦ ਕਿ ਇਨਕਲਾਬੀ ਸਿਧਾਂਤ ਤੋਂ ਬਿਨਾਂ ਇਨਕਲਾਬ ਨਹੀਂ ਹੋ ਸਕਦਾ, ਮਾਰਕਸ ਦੀ ਵਿਕਸਿਤ ਕੀਤੀ ਗਈ ਭੌਤਿਕਵਾਦੀ ਫਿਲਾਸਫੀ ਨੂੰ ਅਣਗੌਲਿਆ ਕਰ ਦਿਤਾ ਗਿਆ। ਲੈਨਿਨ ਦੀ ਇਸ ਵਿਰਾਸਤ ਨੂੰ ਮੂਲ ਰੂਪ ਵਿਚ ਅਗੇ ਤੋਰਦਿਆ ਹੋਇਆਂ ਚੀਨ ਤੇ ਜਿਨ੍ਹਾਂ ਬਾਕੀ ਦੇਸਾਂ ਵਿਚ ਸਮਾਜਵਾਦੀ ਇਨਕਲਾਬ ਹੋਏ, ਉਹਨਾਂ ਸਾਰਿਆਂ ਦਾ ਹਸ਼ਰ ਵੀ ਲਗਪਗ ਇਹੀ ਹੋਇਆ।
ਪੂਤਿਨ ਨੇ ਠੀਕ ਕਿਹਾ ਹੈ ਕਿ ਰੂਸ ਲੈਨਿਨ ਦੀਆਂ ਇਹਨਾਂ ਗਲਤੀਆਂ ਦਾ ਖਮਿਆਜਾ ਹੀ ਹੁਣ ਯੂਕਰੇਨ ਰਾਹੀਂ ਅਮਰੀਕਾ ਦੀ ਅਗਵਾਈ ਹੇਠਲੇ ਨਾਟੋ ਦੇਸਾਂ ਨਾਲ ਜੰਗ ਦੇ ਰੂਪ ਵਿਚ ਭੁਗਤ ਰਿਹਾ ਹੈ। ਪਰ ਸਮਸਿਆ ਇਹ ਹੈ ਕਿ ਵਲਾਦੀਮੀਰ ਪੂਤਿਨ ਲੈਨਿਨ ਦੀਆਂ ਇਹਨਾਂ ਸਿਧਾਂਤਕ ਗਲਤੀਆਂ ਨੂੰ ਦਰੁਸਤ ਕਰਨ ਦੀ ਬਜਾਇ ਇਕ ਵਾਰ ਫਿਰ ਸਿਧਾਂਤਹੀਣ ਦਿਸ਼ਾ ਵਲ ਅਗੇ ਵਧ ਰਿਹਾ ਹੈ। ਚਾਹੀਦਾ ਤਾਂ ਇਹ ਸੀ ਕਿ ਪੂਤਿਨ ਲੈਨਿਨ ਦੀਆਂ ਗਲਤੀਆਂ ਤੋਂ ਠੀਕ ਸਬਕ ਸਿਖ ਕੇ ਸਹੀ ਦਿਸ਼ਾ ਵਲ ਅਗੇ ਵਧਦਾ ਤੇ ਮਾਰਕਸ ਦੀ ਵਿਕਸਿਤ ਕੀਤੀ ਭੌਤਿਕਵਾਦੀ ਫਿਲਾਸਫੀ ਨੂੰ ਬੁਲੰਦ ਕਰਦਿਆਂ ਰੂਸ ਨੂੰ ਕੁਦਰਤ ਮੁਖੀ ਵਿਕਾਸ ਵਲ ਅਗੇ ਤੋਰਦਾ, ਜਿਹੜਾਂ ਵਿਕਾਸ ਮਨੁਖ ਦੀਆਂ ਕੁਦਰਤੀ ਮਨੁਖੀ ਲੋੜਾਂ ਦੀ ਪੂਰਤੀ ਨੂੰ ਯਕੀਨੀ ਬਣਾਉਂਦਾ।
ਇਉਂ ਕਰਨ ਨਾਲ ਇਕ ਤੇ ਮਨੁਖ ਜਾਤੀ ਨੂੰ ਦਰਪੇਸ਼ ਸਭ ਤੋਂ ਵਡੀ ਸਮਸਿਆ ਵਾਤਾਵਰਣ ਦੀ ਤਬਾਹੀ ਨੂੰ ਠਲ ਪੈਂਦੀ, ਦੂਜਾ ਮਨੁਖ ਆਪਣੀਆ ਜੜ੍ਹਾਂ ਨਾਲ ਜੁੜ ਕੇ ਆਪਣਾ ਆਤਮਿਕ ਵਿਕਾਸ ਕਰਦਾ। ਪਰਿਵਾਰਕ ਤੇ ਸਮਾਜੀ ਰਿਸ਼ਤੇ ਵਿਕਸਿਤ ਹੁੰਦੇ ਅਤੇ ਸਾਂਝੇ ਪਰਿਵਾਰਾਂ ਵਲੋਂ ਬਚਿਆ ਨੂੰ ਪਾਲਣ ਤੇ ਬਜੁਰਗਾਂ ਨੂੰ ਸੰਭਾਲਣ ਨਾਲ ਪਛਮੀ ਸਾਮਰਾਜੀ ਖਪਤਕਾਰੀ ਸਭਿਆਚਾਰ ਦੇ ਪੈਦਾ ਕੀਤੇ ਦੋ ਵਡੇ ਮਸਲੇ ਸੁਲਝ ਜਾਂਦੇ।
ਮਾਰਕਸ ਦਾ ਆਪਣਾ ਕਥਨ ਹੈ, ”ਕੁਦਰਤ ਮਨੁਖ ਦਾ ਸਰੀਰ ਹੀ ਨਹੀਂ ਸਗੋਂ ਮਨੁਖ ਕੁਦਰਤ ਉਤੇ ਜਿਉਂਦਾ ਹੈ। ਕੁਦਰਤ ਉਸ ਦੇ ਸਰੀਰ ਦੇ ਅੰਦਰ ਹੈ। ਆਪਣੇ ਜਿਉਂਦੇ ਰਹਿਣ ਲਈ ਮਨੁਖ ਲਗਾਤਾਰ ਕੁਦਰਤ ਉਤੇ ਨਿਰਭਰ ਕਰਦਾ ਹੈ। ਮਨੁਖ ਦੀ ਸਰੀਰਕ ਤੇ ਆਤਮਿਕ ਜ਼ਿੰਦਗੀ ਦਾ ਕੁਦਰਤ ਨਾਲ ਸਿਧਾ ਰਿਸ਼ਤਾ ਹੈ। ਕਿਉਂਕਿ ਮਨੁਖ ਵੀ ਕੁਦਰਤ ਦਾ ਹੀ ਇਕ ਅਟੁਟ ਅੰਗ ਹੈ।”…”ਕੁਦਰਤ ਉਤੇ ਮਨੁਖੀ ਜਿਤਾਂ ਦੀਆਂ ਗਿਣਤੀਆਂ-ਮਿਣਤੀਆਂ ਨਾਲ ਸਾਨੂੰ ਜ਼ਿਆਦਾ ਖੁਸ਼ਫਹਿਮੀ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ। ਅਜਿਹੀ ਹਰ ਜਿਤ ਦਾ ਕੁਦਰਤ ਸਾਡੇ ਕੋਲੋਂ ਬਦਲਾ ਲੈਂਦੀ ਹੈ। ਇਹ ਸਚ ਹੈ ਕਿ ਅਜਿਹੀ ਹਰੇਕ ਜਿਤ ਦੇ ਨਿਕਲੇ ਪਹਿਲੇ ਸਿਟੇ ਸਾਡੀ ਆਸ ਮੁਤਾਬਿਕ ਹੁੰਦੇ ਹਨ, ਪਰ ਦੂਜੀ ਤੇ ਤੀਜੀ ਥਾਂ ਬਿਲਕੁਲ ਵਖਰੇ ਤੇ ਅਣਕਿਆਸੇ ਸਿਟੇ ਨਿਕਲਦੇ ਹਨ, ਜਿਹੜੇ ਅਕਸਰ ਪਹਿਲੇ ਨਿਕਲੇ ਸਿਟਿਆਂ ਨੂੰ ਨਕਾਰ ਦੇਂਦੇ ਹਨ।”… ”ਅਜਿਹੀ ਹਰੇਕ ਜਿਤ ਦਾ ਕੁਦਰਤ ਸਾਡੇ ਕੋਲੋਂ ਬਦਲਾ ਲੈਂਦੀ ਹੈ।”
… ”ਹਰ ਕਦਮ ਉਤੇ ਸਾਨੂੰ ਚੇਤੇ ਕਰਵਾਇਆ ਜਾਂਦਾ ਹੈ ਕਿ ਅਸੀਂ ਕਿਸੇ ਵੀ ਤਰ੍ਹਾਂ ਕੁਦਰਤ ਤੋਂ ਬਾਹਰ ਖੜੇ ਕਿਸੇ ਅਜ਼ਨਬੀ ਵਾਂਗ ਕੁਦਰਤ ਉਤੇ ਰਾਜ ਨਹੀਂ ਕਰ ਸਕਦੇ। ਅਸੀਂ ਵੀ ਖੂਨ ਮਾਸ ਤੇ ਦਿਮਾਗ ਸਮੇਤ, ਕੁਦਰਤ ਦਾ ਹੀ ਇਕ ਅਟੁਟ ਅੰਗ ਹਾਂ ਅਤੇ ਉਸ ਦੇ ਅੰਦਰ ਹੀ ਆਪਣੀ ਹੋਂਦ ਰਖਦੇ ਹਾਂ। ਸਾਡੀ ਸਾਰੀ ਮੁਹਾਰਿਤ ਸਿਰਫ ਇਸ ਹਕੀਕਤ ਵਿਚ ਮੌਜੂਦ ਹੈ ਕਿ ਸਾਡੇ ਕੋਲ ਬਾਕੀ ਸਾਰੇ ਜੀਵਾਂ ਨਾਲੋਂ ਇਕ ਵਾਧੂ ਗੁਣ ਹੈ ਕਿ ਅਸੀਂ ਕੁਦਰਤ ਦੇ ਨੇਮਾਂ ਨੂੰ ਜਾਣਨ ਤੇ ਉਹਨਾਂ ਨੂੰ ਠੀਕ ਤਰ੍ਹਾਂ ਲਾਗੂ ਕਰਨ ਦੇ ਯੋਗ ਹਾਂ।” …”ਮੇਰੇ ਲਈ ਦਵੰਦਵਾਦੀ ਨੇਮਾਂ ਨੂੰ ਕੁਦਰਤ ਉਤੇ ਠੋਸਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ ਸਗੋਂ ਇਹਨਾਂ ਨੇਮਾਂ ਨੂੰ ਕੁਦਰਤ ਵਿਚੋਂ ਲਭਣਾ ਤੇ ਵਿਕਸਿਤ ਕਰਨਾ ਹੀ ਮੇਰਾ ਮੰਤਵ ਹੈ।”
ਇਹੀ ਮਨੁਖ ਦੀ ਸੀਮਾ ਹੈ ਅਤੇ ਇਹੀ ਮਨੁਖ ਦੀ ਆਜ਼ਾਦੀ ਹੈ। ਕੁਦਰਤੀ ਨੇਮਾਂ ਦੇ ਅਧੀਨ ਰਹਿਣਾ ਮਨੁਖ ਦੀ ਸੀਮਾ ਹੈ ਅਤੇ ਇਹਨਾਂ ਨੇਮਾਂ ਨੂੰ ਠੀਕ ਤਰ੍ਹਾਂ ਬੁਝ ਕੇ ਖੁਦ ਮਨੁਖ ਤੇ ਮਨੁਖ ਜਾਤੀ ਦੇ ਭਲੇ ਵਾਸਤੇ ਵਰਤਣਾ ਇਹ ਮਨੁਖ ਦੀ ਆਜ਼ਾਦੀ ਹੈ। ਸਾਮਰਾਜੀਆਂ ਵਲੋਂ ਇਸ ਨੇਮ ਨੂੰ ਬੜੀ ਬੇਕਿਰਕੀ ਨਾਲ ਤੋੜਨ ਕਰ ਕੇ ਹੀ ਅੱਜ ਮਨੁਖ ਜਾਤੀ ਤਬਾਹੀ ਦੇ ਕੰਢੇ ਪਹੁੰਚੀ ਹੈ। ਇਹ ਕੁਦਰਤ ਉਤੇ ਗਲਬਾ ਪਾਉਣ ਦੇ ਕੀਤੇ ਯਤਨਾਂ ਦੇ ਨਿਕਲੇ ਸਿਟੇ ਹਨ।
ਯੂਨਾਈਟਡ ਨੇਸ਼ਨਜ ਦੇ ਜਨਰਲ ਸਕਤਰ ਅੰਟੋਨੀਓ ਗੂਟਰਸ ਨੇ ਪਿਛਲੇ ਹਫਤੇ ਬਰਲਿਨ ਵਿਚ 40 ਦੇਸਾਂ ਦੇ ਆਗੂਆਂ ਨੂੰ ਮੁਖਾਤਿਬ ਹੁੰਦਿਆਂ ਸਮੁਚੇ ਆਲਮੀ ਭਾਈਚਾਰੇ ਨੂੰ ਸਖਤ ਸ਼ਬਦਾਂ ਵਿਚ ਚੇਤਾਵਨੀ ਦਿਤੀ ਹੈ, ਕਿ ਜਾਂ ਤਾਂ ਉਹ ਬੜੀ ਤੇਜੀ ਨਾਲ ਵਿਗੜ ਰਹੇ ਵਾਤਾਵਰਣ ਵਿਚ ਸੁਧਾਰ ਕਰਨ ਲਈ ਇਕ ਮੁਠ ਹੋਣ, ਨਹੀਂ ਤੇ ਸਾਮੂਹਿਕ ਖੁਦਕਸ਼ੀ ਲਈ ਤਿਆਰ ਰਹਿਣ। ਉਸ ਨੇ ਕਿਹਾ ਹੈ ਕਿ ਮਨੁਖੀ ਚੌਗਿਰਦੇ ਵਿਚ ਜਹਿਰੀ ਗੈਸਾਂ ਦੀ ਵਧ ਰਹੀ ਮਿਕਦਾਰ, ਸਮੁੰਦਰਾਂ ਦੇ ਪਾਣੀਆਂ ਦਾ ਉਚਾ ਹੋ  ਰਿਹਾ ਤਲ, ਗਰਮੀ ਨਾਲ ਵਧ ਰਹੀ ਤਪਸ਼ ਦੇ ਟੁਟ ਰਹੇ ਰਿਕਾਰਡ ਅਤੇ ਇਸ ਕਾਰਨ ਵਡੀ ਪਧਰ ਉਤੇ ਜੰਗਲਾਂ ਨੂੰ ਲਗ ਰਹੀ ਅਗ ਤੇ ਝੁਲ ਰਹੇ ਤੂਫਾਨਾਂ ਕਾਰਨ ਅਧੀ ਮਨੁਖਤਾ ਤਬਾਹੀ ਦੇ ਦਹਾਨੇ ਉਤੇ ਖੜੀ ਹੈ। ਕੋਈ ਵੀ ਦੇਸ ਇਸ ਤਬਾਹੀ ਤੋਂ ਬਚ ਨਹੀਂ ਸਕਦਾ। ਗੂਟਰਸ ਨੇ ਕਿਹਾ ਹੈ ਕਿ ਸਾਰੀਆਂ ਕੌਮਾਂ ਇਸ ਘੋਰ ਸੰਕਟ ਵਿਚ ਇਕ ਭਾਈਚਾਰੇ ਵਾਂਗ ਵਿਚਰਣ ਦੀ ਬਜਾਇ ਇਕ ਦੂਜੇ ਉਤੇ ਦੋਸ਼ ਲਾ ਕੇ ਆਪਣੀ ਜਿੰਮੇਵਾਰੀ ਤੋਂ ਭਜ ਰਹੀਆਂ ਹਨ। ਸਾਰੇ ਯਤਨਾਂ ਦੇ ਬਾਵਜੂਦ ਕੋਲੇ ਦੀ ਵਰਤੋਂ ਉਤੇ ਰੋਕ ਨਹੀਂ ਲਗ ਰਹੀ। ਸ਼ਕਤੀ ਦੇ ਬਦਲਵੇਂ ਸੋਮਿਆਂ ਵਲ ਧਿਆਨ ਨਹੀਂ ਦਿਤਾ ਜਾ ਰਿਹਾ। ਅਧਾ ਯੂਰਪ, 90 ਕਰੋੜ ਚੀਨੀ ਤੇ ਭਾਰਤ ਸਮੇਤ ਅਨੇਕ ਮੁਲਕ ਗਰਮੀ ਦੀ ਤਪਸ਼ ਨਾਲ ਝੁਲਸ ਰਹੇ ਹਨ। ਪਰ ਇਸ ਦੇ ਬਾਵਜੂਦ ਵਾਤਾਵਰਣ ਨੂੰ ਸੁਧਾਰਨ ਲਈ ਵਡੀ ਪਧਰ ਉਤੇ ਲੋੜੀਂਦੇ ਸਾਮੂਹਿਕ ਯਤਨ ਨਹੀਂ ਹੋ ਰਹੇ। ਹਰੇਕ ਦੇਸ ਅਜਿਹੇ ਯਤਨਾਂ ਨੂੰ ਅਣਗੌਲਿਆ ਕਰ ਰਿਹਾ ਹੈ।
ਇਹੀ ਸਾਮਰਾਜੀ ਪੂੰਜੀਵਾਦ ਦੀ ਮਜਬੂਰੀ ਹੈ। ਮੁਨਾਫੇ ਦੀ ਹਾਬੜ ਦਾ ਮਾਰਿਆ ਪੂੰਜੀਵਾਦ ਸਾਮੂਹਿਕ ਆਤਮ ਹਤਿਆ ਤਾਂ ਕਰ ਸਕਦਾ ਹੈ ਪਰ ਲੁਕਾਈ ਦਾ ਭਲਾ ਨਹੀਂ ਕਰ ਸਕਦਾ। ਮਾਰਕਸ ਦੀ ਪੂੰਜੀਵਾਦ ਦੀ ਵਿਆਖਿਆ ਉਸ ਦੀ ਵਿਕਸਿਤ ਕੀਤੀ ਭੌਤਿਕਵਾਦੀ ਫਿਲਾਸਫੀ ਉਤੇ ਆਧਾਰਿਤ ਹੈ। ਇਸੇ ਆਧਾਰ ਉਤੇ ਉਸ ਨੇ ਭਵਿਖਬਾਣੀ ਕੀਤੀ ਸੀ ਕਿ ਜੇ ਮੁਰਦਾ ਪੂੰਜੀ ਆਧਾਰਿਤ ਰਾਜਪ੍ਰਬੰਧ ਉਲਟਾ ਕੇ ਇਸ ਦੀ ਥਾਂ ਸਮਾਜਵਾਦੀ ਸਮਾਜ ਦੀ ਸਿਰਜਣਾ ਨਾ ਹੋਈ ਤਾਂ ਇਹ ਮਨੁਖਤਾ ਨੂੰ ਉਸ ਵਹਿਸ਼ਤ ਵਲ ਧਕ ਦੇਵੇਗਾ, ਜਿਸ ਦੀ ਕਿਸੇ ਮਨੁਖ ਨੇ ਕਲਪਨਾ ਤਕ ਵੀ ਨਹੀਂ ਕੀਤੀ ਹੋਵੇਗੀ।
ਅਜੋਕੀ ਮਨੁਖ ਜਾਤੀ ਇਹੀ ਵਹਿਸ਼ਤ ਹੰਢਾ ਰਹੀ ਹੈ। ਬੰਦੇ ਵਿਚ ਦਇਆ ਦੀ ਭਾਵਨਾ ਦਾ ਖਤਮ ਹੋਣਾ ਹੀ ਵਹਿਸ਼ਤ ਹੈ। ਕਿੰਨਾ ਅਜੀਬ ਹੈ ਕਿ ਯੂਕਰੇਨ ਦੇ ਰਾਸ਼ਟਰਪਤੀ ਜੇਲੇਂਸਕੀ ਦੇ ਆਪਣੇ ਕਥਨ ਅਨੁਸਾਰ ਰੂਸ ਯੂਕਰੇਨ ਜੰਗ ਵਿਚ ਪਹਿਲਾਂ 100-200 ਫੌਜੀ ਰੋਜ ਮਰਦੇ ਸਨ ਅਤੇ ਹੁਣ ਵੀ 30 ਦੇ ਕਰੀਬ ਫੌਜੀ ਹਰ ਰੋਜ ਮਰਦੇ ਹਨ ਅਤੇ 250 ਦੇ ਕਰੀਬ ਜਖਮੀ ਹੁੰਦੇ ਹਨ ਪਰ ਸੰਸਾਰ ਭਰ ਵਿਚ ਕਿਤੇ ਵੀ ਇਹਨਾਂ ਮੌਤਾਂ ਵਿਰੁਧ ਰੋਹ ਭਰਪੂਰ ਮੁਜਾਹਰੇ ਨਹੀਂ ਹੋ ਰਹੇੇ। ਕਿਉਂਕਿ ਸਾਮਰਾਜੀ ਖਪਤਕਾਰੀ ਦਾ ਮਨੋਰੋਗੀ ਬਣਿਆ ਮਧ ਵਰਗ ਆਪਣੇ ਮਨਾਂ ਵਿਚੋਂ ਸਾਰੇ ਧਰਮਾਂ ਦੀ ਮੂਲ ਆਧਾਰ ਦਇਆ ਦੀ ਭਾਵਨਾ ਹੀ ਗੁਆ ਚੁਕਾ ਹੈ। ਇਸ ਤੋਂ ਵੀ ਵਡੀ ਵਹਿਸ਼ਤ ਇਹ ਹੈ ਕਿ ਰੂਸ ਨੂੰ ਹਰਾਉਣ ਲਈ ਪਛਮੀ ਗੁਟ ਦੇ ਸਾਮਰਾਜੀ ਦੇਸ ਯੂਕਰੇਨ ਦੇ ਲੋਕਾਂ ਨੂੰ ਬਲੀ ਦੇ ਬਕਰੇ ਦੀ ਤਰ੍ਹਾਂ ਵਰਤ ਰਹੇ ਹਨ, ਪਰ ਸੰਸਾਰ ਭਰ ਦੇ ਲੋਕ ਚੁਪ ਹਨ। ਕਿਤੇ ਵੀ ਇਸ ਵਹਿਸ਼ੀ ਜੰਗ ਨੂੰ ਖਤਮ ਕਰਨ ਲਈ ਅਮਨ ਮਾਰਚ ਨਹੀਂ ਹੋ ਰਹੇ। ਇਹੀ ਅਜੋਕੀ ਮਨੁਖ ਜਾਤੀ ਦੀ ਤ੍ਰਾਸਦੀ ਹੈ।

ਗੁਰਬਚਨ ਸਿੰਘ, +91 98156-98451

gurbachan161@gmail.com

Install Punjabi Akhbar App

Install
×