ਦੱਖਣੀ ਆਸਟ੍ਰੇਲੀਆ ਪਾਰਲੀਮੈਂਟ ਅੰਦਰ ਰਸਲ ਵਾਰਟਲੇ ਵੱਲੋਂ ਸਾਰਿਆਂ ਨੂੰ ਦਿਵਾਲੀ ਅਤੇ ਬੰਦੀਛੋੜ ਦਿਵਸ ਉਪਰ ਦਿੱਤੀਆਂ ਗਈਆਂ ਵਧਾਈਆਂ

ਸ੍ਰੀ ਰਸਲ ਵਾਰਟਲੇ (ਐਮ.ਐਲ.ਸੀ.) ਨੇ ਅੱਜ ਪਾਰਲੀਮੈਂਟ ਅੰਦਰ ਆਪਣਾ ਸੰਦੇਸ਼ ਪੜ੍ਹਦਿਆਂ ਭਾਰਤੀ ਭਾਈਚਾਰੇ ਵੱਲੋਂ ਮਨਾਏ ਜਾਣ ਵਾਲੇ ਦਿਵਾਲੀ ਦੇ ਤਿਉਹਾਰ ਬਾਰੇ ਪਾਰਲੀਮੈਂਟ ਅੰਦਰ ਦੱਸਿਆ ਅਤੇ ਇਸ ਦੀ ਮਹੱਤਤਾ ਨੂੰ ਦੇਖਦਿਆਂ ਅਤੇ ਸਮਝਦਿਆਂ ਹੋਇਆਂ ਸਮੂਹ ਭਾਰਤੀ ਭਾਈਚਾਰੇ ਪ੍ਰਤੀ ਵਧਾਈ ਦੇ ਸੰਦੇਸ਼ ਵੀ ਸਾਂਝੇ ਕੀਤੇ। ਉਨ੍ਹਾਂ ਕਿਹਾ ਇਹ ਤਿਉਹਾਰ ਭਾਰਤੀਆਂ ਵੱਲੋਂ ਸਰਦੀ (ਭਾਰਤੀ ਸਮੇਂ ਮੁਤਾਬਿਕ) ਦੇ ਸ਼ੁਰੂ ਜੇ ਵਿੱਚ ਬੜੇ ਹੀ ਉਤਸਾਹ ਅਤੇ ਭਾਈਚਾਰੇ ਨਾਲ ਮਨਾਇਆ ਜਾਂਦਾ ਹੈ ਅਤੇ ਕਿਉਂਕਿ ਇਸ ਵੇਲੇ ਸਮੁੱਚਾ ਭਾਰਤੀ ਭਾਈਚਾਰਾ ਸਾਰੇ ਵਿਸ਼ਵ ਅੰਦਰ ਹੀ ਫੈਲਿਆ ਹੋਇਆ ਹੈ ਇਸ ਲਈ ਇਹ ਤਿਉਹਾਰ ਵਿਸ਼ਵ ਪ੍ਰਸਿੱਧੀ ਵੀ ਹਾਸਿਲ ਕਰ ਚੁਕਿਆ ਹੈ ਅਤੇ ਸੰਸਾਰ ਦਾ ਸ਼ਾਇਦ ਹੀ ਕੋਈ ਅਜਿਹਾ ਕੋਨਾ ਹੋਵੇ ਜਿੱਥੇ ਕਿ ਇਸ ਦਿਵਾਲੀ ਦੇ ਤਿਉਹਾਰ ਨੂੰ ਨਾ ਮਨਾਇਆ ਜਾਂਦਾ ਹੋਵੇ। ਉਨ੍ਹਾਂ ਇਹ ਵੀ ਕਿਹਾ ਕਿ ਵੈਸੇ ਤਾਂ ਇਹ ਤਿਉਹਾਰ ਸਾਰੇ ਸੰਸਾਰ ਅੰਦਰ ਹੀ ਜਿੱਥੇ ਕਿਤੇ ਵੀ ਭਾਰਤੀ ਰਹਿੰਦੇ ਹਨ, ਮਨਾਇਆ ਹੀ ਜਾਂਦਾ ਹੈ ਪਰੰਤੂ ਇਹ ਭਾਰਤ ਦੇ ਨਾਲ ਨਾਲ ਸ੍ਰੀ ਲੰਕਾ, ਨੇਪਾਲ, ਮਲੇਸ਼ੀਆ ਅਤੇ ਹੋਰ ਗੁਆਂਢੀ ਮੁਲਕਾਂ ਅੰਦਰ ਵੀ ਪੂਰੇ ਉਤਸਾਹ ਨਾਲ ਮਨਾਇਆ ਜਾਂਦਾ ਹੈ। ਸਮੁੱਚੇ ਆਸਟ੍ਰੇਲੀਆ ਅਤੇ ਖਾਸ ਕਰਕੇ ਦੱਖਣੀ ਆਸਟ੍ਰੇਲੀਆ ਵਿੱਚ ਰਹਿੰਦੇ ਭਾਰਤੀਆਂ ਨੂੰ ਵੀ ਉਨ੍ਹਾਂ ਨੇ ਇਸ ਮੌਕੇ ਉਪਰ ਵਧਾਈ ਦਿੱਤੀ। ਤਿਉਹਾਰ ਬਾਰੇ ਸਮਝਾਉਂਦਿਆਂ ਉਨ੍ਹਾਂ ਨੇ ਉਪਰਲੇ ਸਦਨ ਵਿੱਚ ਕਿਹਾ ਕਿ ਇਹ ਤਿਉਹਾਰ ਹਿੰਦੂ ਦੇਵੀ ਦੇਵਤਿਆਂ ਦੀ ਪੂਜਾ ਨਾਲ ਮਨਾਇਆ ਜਾਂਦਾ ਹੈ ਜਿਨ੍ਹਾਂ ਵਿੱਚ ਕਿ ਸ੍ਰੀ ਰਾਮ ਚੰਦਰ, ਲਕਸ਼ਮੀ, ਗਣੇਸ਼, ਵਿਸ਼ਵਕਰਮਾ ਆਦਿ ਦੇਵੀ ਦੇਵਤੇ ਸ਼ਾਮਿਲ ਹਨ। ਸਿੱਖ ਭਾਈਚਾਰੇ ਵਿੱਚ ਇਸ ਤਿਉਹਾਰ ਨੂੰ ਬੰਦੀ ਛੋੜ ਦਿਵਸ ਵਜੋਂ ਮਨਾਇਆ ਜਾਂਦਾ ਹੈ ਕਿਉਂਕਿ ਇਸ ਦਿਹਾੜੇ ਤੇ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਵਿੱਚੋਂ ਮੁਕਤ ਹੋ ਕੇ ਆਏ ਸਨ ਅਤੇ ਆਪਣੇ ਨਾਲ ਉਹ 52 ਰਾਜਿਆਂ ਨੂੰ ਵੀ ਰਿਹਾ ਕਰਵਾ ਕੇ ਲਿਆਏ ਸਨ।

Install Punjabi Akhbar App

Install
×