ਕੁਈਨਜ਼ਲੈਂਡ ਸਰਕਾਰ ਨੇ ਬ੍ਰਿਸਬੇਨ ਤੋਂ 1000 ਕਿਲੋਮੀਟਰ ਦੀ ਦੂਰੀ ਤੇ ਸਥਿਤ ਕੁਇਲਪਾਈ ਪਿੰਡ ਦੀ ਡਿਵੈਲਪਮੈਂਟ ਦਾ ਦੂਸਰਾ ਚਰਣ ਜਾਰੀ ਕਰਦਿਆਂ ਕਿਹਾ ਹੈ ਕਿ ਇਸ ਪਿੰਡ ਵਿੱਚ ਜਾਣ ਵਾਲਿਆਂ ਨੂੰ 20,000 ਡਾਲਰ ਦਿੱਤੇ ਜਾ ਰਹੇ ਹਨ ਅਤੇ ਨਾਲ ਹੀ ਇੱਕ ਸ਼ਰਤ ਵੀ ਹੈ ਕਿ ਦਿੱਤੇ ਜਾਣ ਵਾਲੇ ਇਨ੍ਹਾਂ ਡਾਲਰਾਂ ਨਾਲ ਉਥੇ ਇੱਕ ਪਲਾਟ ਖਰੀਦਿਆ ਜਾਵੇਗਾ ਅਤੇ ਰਹਿਣ ਵਾਸਤੇ ਘਰ ਵੀ ਬਣਾਇਆ ਜਾਵੇਗਾ ਜਿੱਥੇ ਕਿ ਰਹਿਣਾ ਵੀ ਪਵੇਗਾ।
ਅਸਲ ਵਿੱਚ ਕੁਈਨਜ਼ਲੈਂਡ ਸਰਕਾਰ ਨੇ 18 ਕੁ ਮਹੀਨੇ ਪਹਿਲਾਂ, ਕੁਇਲਪਾਈ ਪਿੰਡ ਦੀ ਡਿਵੈਲਪਮੈਂਟ ਦਾ ਪਲਾਨ ਬਣਾਇਆ ਹੈ ਅਤੇ ਸਭ ਤੋਂ ਪਹਿਲਾਂ ਇੱਥੇ ਰਹਿਣ ਵਾਸਤੇ ਲੋਕਾਂ ਨੂੰ ਪ੍ਰੇਰਿਆ ਜਾ ਰਿਹਾ ਹੈ ਅਤੇ 20,000 ਡਾਲਰਾਂ ਨਾਲ ਮਾਲ਼ੀ ਮਦਦ ਕੀਤੀ ਜਾ ਰਹੀ ਹੈ।
ਕੁਇਲਪਾਈ ਸ਼ਾਇਰ ਕਾਂਸਲ ਜਸਟਿਨ ਹੈਂਕਾਕ (ਸੀ.ਈ.ਓ.) ਨੇ ਇਸ ਬਾਰੇ ਦੱਸਿਆ ਹੈ ਕਿ ਪਿੰਡ ਵਿੱਚ ਮਹਿਜ਼ 650 ਲੋਕ ਹੀ ਰਹਿੰਦੇ ਹਨ। ਜੇਕਰ ਇੱਥੇ ਆ ਕੇ ਲੋਕ ਰਹਿੰਦੇ ਹਨ ਤਾਂ ਜ਼ਾਹਿਰ ਹੈ ਕਿ ਇਸ ਖੇਤਰ ਦੀ ਡਿਵੈਲਪਮੈਂਟ ਹੋਣ ਵਿੱਚ ਜ਼ਿਆਦਾ ਸਮਾਂ ਨਹੀਂ ਲੱਗਣਾ ਅਤੇ ਲੋਕਾਂ ਨੂੰ ਰੌਜ਼ਗਾਰ ਦੇ ਸੌਮੇ ਵੀ ਉਪਲੱਭਧ ਹੋਣਗੇ।
ਉਨ੍ਹਾਂ ਇਹ ਵੀ ਕਿਹਾ ਕਿ ਇਹ ਖੇਤਰ, ਰਹਿਣ ਅਤੇ ਕੰਮਕਾਜ ਕਰਨ ਵਾਸਤੇ ਬਹੁਤ ਹੀ ਵਧੀਆ ਹੈ ਅਤੇ ਇੱਥੇ ਦੇ ਲੋਕ ਬਹੁਤ ਜ਼ਿਆਦਾ ਦੋਸਤਾਨਾ ਸੁਭਾਅ ਦੇ ਹਨ।
18 ਮਹੀਨੇ ਪਹਿਲਾਂ ਜਦੋਂ ਇਹ ਆਫ਼ਰ ਸ਼ੁਰੂ ਕੀਤੀ ਗਈ ਸੀ ਤਾਂ ਹੁਣ ਤੱਕ ਇਸ ਵਾਸਤੇ 600 ਲੋਕਾਂ ਨੇ ਰੁਚੀ ਦਿਖਾਈ ਹੈ ਅਤੇ ਇਸ ਖੇਤਰ ਵਿੱਚ ਜਾਣ ਦੀ ਆਪਣੀ ਰੁਚੀ ਵੀ ਪ੍ਰਗਟਾਈ ਹੈ।