ਸਰੀ ਵਿਚ ਨਾਮਵਰ ਸ਼ਾਇਰ ਕੇਸਰ ਸਿੰਘ ਨੀਰ ਨਾਲ ਸਾਹਿਤਕ ਮਿਲਣੀ

ਸਰੀ -ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਵੱਲੋਂ ਕੈਲਗਰੀ ਤੋਂ ਆਏ ਪੰਜਾਬੀ ਦੇ ਨਾਮਵਰ ਸ਼ਾਇਰ ਕੇਸਰ ਸਿੰਘ ਨੀਰ ਦੇ ਮਾਣ ਵਿਚ ਸਰੀ ਵਿਖੇ ਇਕ ਸੰਖੇਪ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਕੁਝ ਚੋਣਵੇਂ ਸਾਹਿਤਕਾਰ ਸ਼ਾਮਲ ਹੋਏ।

ਕੇਸਰ ਸਿੰਘ ਨੀਰ ਦਾ ਸਵਾਗਤ ਕਰਦਿਆਂ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਦੇ ਬਾਨੀ ਜੈਤੇਗ ਸਿੰਘ ਅਨੰਤ ਨੇ ਕਿਹਾ ਕਿ ਇਕ ਦਰਜਨ ਤੋਂ ਵੀ ਵੱਧ ਸਾਹਿਤਕ ਪੁਸਤਕਾਂ ਰਾਹੀਂ ਪੰਜਾਬੀ ਸਾਹਿਤ ਵਿਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਕੇਸਰ ਸਿੰਘ ਨੀਰ ਨੇ ਆਪਣੇ ਜੀਵਨ ਸੰਘਰਸ਼ ਵਿਚ ਬੇਹੱਦ ਘਾਲਣਾ ਘਾਲੀ ਹੈ ਅਤੇ ਉਨ੍ਹਾਂ ਦੀਆਂ ਸਾਹਿਤਕ ਕਿਰਤਾਂ ਵਿਚ ਵੀ ਇਸ ਸਖਤ ਮਿਹਨਤ ਦੀ ਗਵਾਹੀ ਭਰਦੀਆਂ ਹਨ। ਉਨ੍ਹਾਂ ਦੇ ਸਾਹਿਤਕ ਯੋਗਦਾਨ ਲਈ ਹੋਰਨਾਂ ਮਾਣ ਸਨਮਾਨਾਂ ਤੋਂ ਇਲਾਵਾ ਭਾਸ਼ਾ ਵਿਭਾਗ ਪੰਜਾਬ ਵੱਲੋਂ 2012 ਵਿਚ ਉਨ੍ਹਾਂ ਨੂੰ ਸ਼ਰੋਮਣੀ ਸਾਹਿਤਕਾਰ ਦਾ ਵਡੇਰਾ ਸਨਮਾਨ ਪ੍ਰਦਾਨ ਕੀਤਾ ਗਿਆ ਹੈ।

ਪ੍ਰੋਗਰਾਮ ਦਾ ਸੰਚਾਲਨ ਕਰਦਿਆਂ ਪੰਜਾਬੀ ਹੈਰੀਟੇਜ ਦੇ ਸੰਪਾਦਕ ਲਖਬੀਰ ਸਿੰਘ ਖੰਗੂਰਾ ਨੇ ਕੇਸਰ ਸਿੰਘ ਨੀਰ ਦੀ ਸੰਖੇਪ ਜਾਣ ਪਛਾਣ ਕਰਵਾਉਂਦਿਆਂ ਉਨ੍ਹਾਂ ਨੂੰ ਸਰੋਤਿਆਂ ਦੇ ਰੂਬਰੂ ਕੀਤਾ। ਕੇਸਰ ਸਿੰਘ ਨੀਰ ਨੇ ਆਪਣੇ ਬਚਪਨ, ਸਕੂਲੀ ਜੀਵਨ, ਆਪਣੀ ਸਿੱਖਿਆ, ਆਪਣੇ ਅਧਿਆਪਨ ਕਾਰਜ, ਟੀਚਰ ਯੂਨੀਅਨ ਅਤੇ ਆਪਣੇ ਪਿੰਡੇ ਤੇ ਹੰਢਾਈਆਂ ਤਲਖੀਆਂ, ਮੁਸ਼ੱਕਤਾਂ ਦਾ ਸੰਖੇਪ ਵਰਨਣ ਕੀਤਾ। ਉਨ੍ਹਾਂ ਦੱਸਿਆ ਕਿ ਪੰਜਾਬੀ ਦੇ ਉਸਤਾਦ ਗ਼ਜ਼ਲਗੋ ਪ੍ਰਿੰ. ਤਖਤ ਦੀ ਪ੍ਰੇਰਨਾ ਨਾਲ ਉਨ੍ਹਾਂ ਗ਼ਜ਼ਲ ਖੇਤਰ ਵਿਚ ਪ੍ਰਵੇਸ਼ ਕੀਤਾ ਅਤੇ ਉਨ੍ਹਾਂ ਨੂੰ ਉਸਤਾਦ ਧਾਰਨ ਕਰਕੇ ਗ਼ਜ਼ਲ ਦੀਆਂ ਬਰੀਕੀਆਂ ਅਤੇ ਗ਼ਜ਼ਲ ਦੀ ਰਚਨ ਪ੍ਰਕਿਰਿਆ ਬਾਰੇ ਗਿਆਨ ਹਾਸਲ ਕੀਤਾ। ਉਨ੍ਹਾਂ ਆਪਣੀਆਂ ਪੁਸਤਕਾਂ ਬਾਰੇ ਸੰਖੇਪ ਵਿਚ ਜਾਣਕਾਰੀ ਦਿੱਤੀ। ਇਸ ਮੌਕੇ ਉਨ੍ਹਾਂ ਆਪਣੀਆਂ ਕੁਝ ਰਚਨਾਵਾਂ ਵੀ ਸਾਂਝੀਆਂ ਕੀਤੀਆਂ। ਆਪਣੀ ਸ਼ਾਇਰੀ ਰਾਹੀਂ ਲੋਕਾਂ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ-

ਉਠਾਇਆ ਹੈ ਸਦਾ ਦਿਲ ਤੇ ਜੀਹਨੇ ਵੀ ਭਾਰ ਲੋਕਾਂ ਦਾ।

ਉਸੇ ਨੂੰ ਹੀ ਸਦਾ ਮਿਲਿਆ ਹੈ ਪੂਰਾ ਪਿਆਰ ਲੋਕਾਂ ਦਾ।

ਇਸ ਪ੍ਰੋਗਰਾਮ ਵਿਚ ਸ਼ਾਮਲ ਪੰਜਾਬੀ ਕਹਾਣੀਕਾਰ ਅਤੇ ਕਵੀ ਬਿੱਕਰ ਸਿੰਘ ਖੋਸਾ ਨੇ ਆਪਣੇ ਸ਼ਿਅਰਾਂ ਰਾਹੀਂ ਅਜੋਕੇ ਮਨੁੱਖ ਦੇ ਬਹੁਪਰਤੀ ਕਿਰਦਾਰ ਦੀ ਗੱਲ ਕਰਦਿਆਂ ਕਿਹਾ-

ਉਹੀ ਚੜ੍ਹ ਕੇ ਸਟੇਜੀਂ ਹੱਸਣੇ ਦੀ ਜਾਚ ਦੱਸਦਾ ਹੈ

ਕੋਈ ਮੁਸਕਾਨ ਕੀਤੀ ਕੈਦ ਜਿਸ ਆਪਣੇ ਦਰਾਂ ਅੰਦਰ।

ਕਵਿੱਤਰੀ ਹਰਸ਼ਰਨ ਕੌਰ ਨੇ ਇਸ ਮੌਕੇ ਭਾਰਤ ਵਿਚ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਆਪਣੇ ਕਾਵਿਕ ਨਜ਼ਰੀਏ ਵਿਚ ਪੇਸ਼ ਕੀਤਾ-

ਉਹ ਵਕਤ ਨੂੰ ਪਿੰਜਰੇ ‘ਚ ਕੈਦ ਕਰਨਾ ਹੀ ਜਾਣਨ

ਨਾ ਜਾਣਨ ਪੰਛੀ ਉੱਚੀ ਪਰਵਾਜ ਭਰਦੇ ਨੇ!

ਉਪਰੰਤ ਹਰਦਮ ਸਿੰਘ ਮਾਨ ਨੇ ਆਪਣੇ ਕਾਵਿਕ ਜਜ਼ਬਾਤ ਦਾ ਪ੍ਰਗਟਾਵਾ ਇਉਂ ਕੀਤਾ-

ਧੂੜ ਹਾਂ, ਖੁਸ਼ਬੂ ਬਣਾਂ ਤੇ ਫੈਲ ਜਾਵਾਂ ਧਰਤ ‘ਤੇ।

ਇਸ ਤਰ੍ਹਾਂ ਹੁਣ ਆਪਣੀ ਮੈਂ ਹੋਂਦ ਚਾਹਵਾਂ ਧਰਤ ‘ਤੇ।

ਸੁਰਿੰਦਰ ਸਿੰਘ ਜੱਬਲ ਨੇ ਇਸ ਮੌਕੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਸਾਜਨ ਦੇ ਬਿਰਤਾਂਤ ਨੂੰ ਆਪਣੀ ਕਵਿਤਾ ਰਾਹੀਂ ਦਰਸਾ ਕੇ ਸਟੇਜੀ ਕਵਿਤਾ ਨੂੰ ਦ੍ਰਿਸ਼ਮਾਨ ਕੀਤਾ।

ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਵੱਲੋਂ ਕੇਸਰ ਸਿੰਘ ਨੀਰ ਨੂੰ ਸਿਰੋਪਾਓ, ਦਸਤਾਰ ਅਤੇ ਕਿਤਾਬਾਂ ਦਾ ਸੈਂਟ ਦੇ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਕਾਮਨਾ ਕੀਤੀ ਗਈ ਕਿ ਸ. ਨੀਰ ਇਸੇ ਤਰ੍ਹਾਂ ਤੰਦਰੁਸਤੀ ਮਾਣਦਿਆਂ ਪੰਜਾਬੀ ਸਾਹਿਤਕਾਰਾਂ ਦੀ ਸਰਪ੍ਰਸਤੀ ਅਤੇ ਮਾਰਗ ਦਰਸ਼ਨ ਕਰਦੇ ਰਹਿਣ। ਕੇਸਰ ਸਿੰਘ ਨੀਰ ਨੇ ਵੀ ਆਪਣੀਆਂ ਕੁਝ ਪੁਸਤਕਾਂ ਟਰੱਸਟ ਲਈ ਜੈਤੇਗ ਸਿੰਘ ਅਨੰਤ ਨੂੰ ਭੇਟ ਕੀਤੀਆਂ।

(ਹਰਦਮ ਮਾਨ)
+1 604 308 6663
maanbabushahi@gmail.com

Install Punjabi Akhbar App

Install
×