ਸਫਲ ਸਾਹਿੱਤਿਕ ਮਿਲਣੀ ਹੋ ਨਿੱਬੜੀ ‘ਰੂਬਰੂ’ਮਿੰਟੂ ਬਰਾੜ

mintu brar rubaru melbourne  (20)
ਐਤਵਾਰ ੭ ਦਸੰਬਰ ਨੂੰ ਮੈਲਬੌਰਨ ਵਿੱਚ ਦੀ ਹੈਰੀਟੇਜ ਹਾਲ ਏਪਿੰਗ ਵਿਖੇ ੫ਆਬੀ ਕਲਚਰਲ ਅਤੇ ਸਪੋਰਟ ਐਸੋਸੀਏਸ਼ਨ ਆਫ਼ ਵਿਕਟੋਰੀਆ ਵੱਲੋਂ ਰੋਇਲ ਪ੍ਰੋਡਕਸ਼ਨ, ਟਹਿਣਾ ਕਰੀਏਸ਼ਨ ਅਤੇ ਹਰਮਨ ਰੇਡੀਓ ਦੇ ਸਹਿਯੋਗ ਸਦਕਾ ਇਕ ਸਫਲ ਸਾਹਿੱਤਿਕ ਸਮਾਰੋਹ ‘ਰੂਬਰੂ’ ਮਿੰਟੂ ਬਰਾੜ ਨਾਲ ਕਰਵਾਇਆ ਗਿਆ। ਜਿਸ ਤਹਿਤ ਉਨ੍ਹਾਂ ਦੀ ਪੁਸਤਕ ‘ਕੈਂਗਰੂਨਾਮਾ’ ਬਾਰੇ  ਵਿਚਾਰ ਗੋਸ਼ਟੀ ਵਿੱਚ ਪਾਠਕਾਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਨੌਜਵਾਨ ਮਨਿੰਦਰ ਬਰਾੜ, ਲਖਵਿੰਦਰ ਗਿੱਲ, ਸੁਖਜੀਤ ਔਲਖ, ਗੀਤਕਾਰਾ ਅਤੇ ਲੇਖਕਾ ਗੁਰਤੇਜ ਪਰਸਾ, ਹਰਪਾਲ ਕੌਰ ਅਤੇ ਰਿਟ. ਕਰਨਲ ਬਿੱਕਰ ਸਿੰਘ ਬਰਾੜ ਹੋਰਾਂ ਨੇ ਕੈਂਗਰੂਨਾਮਾ ਵਿਚਲੇ ਲੇਖਾਂ ਬਾਰੇ ਆਪੋ-ਆਪਣੇ ਸਵਾਲ ਮਿੰਟੂ ਬਰਾੜ ਹੋਰਾਂ ਦੇ ਸਨਮੁਖ ਰੱਖੇ ਜਿਨ੍ਹਾਂ ਦੇ ਜਵਾਬ ਲੇਖਕ ਅਤੇ ਹਾਜ਼ਰ ਜੁਆਬ ਸ਼ਖ਼ਸੀਅਤ ਮਿੰਟੂ ਬਰਾੜ ਵੱਲੋਂ ਬੜੇ ਸੁਚੱਜੇ ਢੰਗ ਨਾਲ ਦਿੱਤੇ ਗਏ। ਇਸ ਮੌਕੇ ਮਿੰਟੂ ਬਰਾੜ ਨੇ ਆਪਣੇ ਨਿੱਜੀ ਜੀਵਨ ਨਾਲ ਜੁੜੇ ਅਨੁਭਵ ਵੀ ਦਰਸ਼ਕਾਂ ਨਾਲ ਸਾਂਝੇ ਕੀਤੇ। ਇਸ ਮਿਲਣੀ ਦੌਰਾਨ ਉਨ੍ਹਾਂ ਦੀ ਧਰਮ ਪਤਨੀ ਖੁਸ਼ਵੰਤ ਪਾਲ ਕੌਰ ਅਤੇ ਪੁੱਤਰ ਅਨਮੋਲ ਵੀਰ ਸਿੰਘ ਵੀ ਉਨ੍ਹਾਂ ਦੇ ਨਾਲ ਸਨ ਅਤੇ ਆਪਣੀ ਹਰ ਤਰਾਂ ਦੀ ਕਾਮਯਾਬੀ ਪਿੱਛੇ ਉਨ੍ਹਾਂ ਦੇ ਸਹਿਯੋਗ ਦਾ ਖ਼ਾਸ ਤੌਰ ਤੇ ਜ਼ਿਕਰ ਕੀਤਾ। ਪਾਠਕਾਂ ਨੇ ਇਸ ਸਾਰੇ ਸਮਾਰੋਹ ਦੌਰਾਨ ਸਵਾਲਾਂ ਅਤੇ ਗੱਲਾਂ-ਬਾਤਾਂ ਵਿੱਚ ਵਿਸ਼ੇਸ਼ ਰੁਚੀ ਦਿਖਾਈ। ੫ਆਬੀ ਕਲਚਰਲ ਅਤੇ ਸਪੋਰਟ ਐਸੋਸੀਏਸ਼ਨ ਆਫ਼ ਵਿਕਟੋਰੀਆ ਵੱਲੋਂ ਮੈਲਬੌਰਨ ਵਿੱਚ ਕਰਵਾਈ ਗਈ ਇਸ ਸਾਹਿੱਤਿਕ ਮਿਲਣੀ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਇਕੱਠ ਆਪਣੇ ਆਪ ਵਿੱਚ ਇਕ ਰਿਕਾਰਡ ਹੋ ਨਿਬੜਿਆ। ਕਲੱਬ ਦੇ ਪ੍ਰਧਾਨ ਮਨਜਿੰਦਰ ਬਰਾੜ ਨੇ ਦੱਸਿਆ ਕਿ ਉਨ੍ਹਾਂ ਦੇ ਕਲੱਬ ਵੱਲੋਂ ਪੰਜਾਬੀ ਭਾਈਚਾਰੇ ਨਾਲ ਜੁੜੇ ਕਈ ਪ੍ਰੋਗਰਾਮ ਉਲੀਕੇ ਜਾਂਦੇ ਰਹੇ ਹਨ ਜਿਨ੍ਹਾਂ ਤਹਿਤ ਸਾਲ ਵਿੱਚ ਦੋ ਵਾਰ ਖੂਨ ਦਾਨ ਕੈਂਪ ਅਤੇ ਸਿੱਖ ਖੇਡਾਂ ਦੌਰਾਨ ਗਰਾਊਂਡਾਂ ਦੀ ਸਫ਼ਾਈ ਅਤੇ ਸਭਿਆਚਾਰਕ ਸਮਾਰੋਹ ਪ੍ਰਮੁੱਖ ਹਨ। ਪਰ ਇਹ ਸਾਹਿੱਤਿਕ ਸਮਾਰੋਹ ਪਹਿਲੀ ਵਾਰ ਕਰਵਾਇਆ ਗਿਆ ਹੈ ਜੋ ਕਾਮਯਾਬ ਰਿਹਾ। ਇਸ ਲਈ ਸਹਿਯੋਗ ਦੇਣ ਵਾਲਿਆਂ ਦਾ ਉਨ੍ਹਾਂ ਨੇ ਦਿਲੋਂ ਧੰਨਵਾਦ ਕੀਤਾ। ਕਲੱਬ ਵੱਲੋਂ ਜਨਰਲ ਸਕੱਤਰ ਦਵਿੰਦਰ ਗਿੱਲ, ਹਰਮਨ ਨਾਗਰਾ, ਵਿੱਕੀ ਰੱਖਲਾ ਤੋਂ ਇਲਾਵਾ ਟਹਿਣਾ ਕਰੀਏਸ਼ਨ ਤੋਂ ਬੱਬਲ ਟਹਿਣਾ ਅਤੇ ਰੋਇਲ ਪ੍ਰੋਡਕਸ਼ਨ ਤੋਂ ਸਰਵਣ ਸੰਧੂ ਹੋਰਾਂ ਨੇ ਵੀ ਸਮਾਰੋਹ ਨੂੰ ਸਫਲ ਬਣਾਉਣ ਵਿੱਚ ਆਪਣਾ ਖ਼ਾਸ ਯੋਗਦਾਨ ਪਾਇਆ। ਇਸ ਮੌਕੇ ਗਾਇਕ ਹੈਪੀ ਭੁੱਲਰ, ਜੀਤ ਸੰਧੂ, ਗੁਰਪ੍ਰੀਤ ਸੋਨੀ, ਨਿੰਮਾ ਖਰੌੜ ਨੇ ਆਪਣੇ ਗੀਤਾਂ ਰਾਹੀਂ ਹਾਜ਼ਰੀ ਲਗਵਾਈ। ਪਰਿੰਸ ਜੀਤ ਜਟਾਣਾ ਵੱਲੋਂ ਪੇਸ਼ ਕੀਤੀ ਕਵਿਤਾ ਵੀ ਸਲਾਹੁਣਯੋਗ ਰਹੀ। ਸਮਾਰੋਹ ਵਿੱਚ ਪੰਜਾਬੀ ਭਾਈਚਾਰੇ ਦੀਆਂ ਕਈ ਨਾਮਵਰ ਸ਼ਖ਼ਸੀਅਤਾਂ ਵੀ ਸ਼ਾਮਿਲ ਹੋਈਆਂ ਜਿਨ੍ਹਾਂ ਵਿੱਚ ਆਸਟਰੇਲੀਅਨ ਲਿਬਰਲ ਪਾਰਟੀ ਤੋਂ ਗੋਲਡੀ ਬਰਾੜ, ਸ.ਫੁੱਲਵਿੰਦਰਜੀਤ ਸਿੰਘ ਗਰੇਵਾਲ, ਅਮਨਦੀਪ ਰੋਸ਼ਾ, ਵਿੰਢਮ ਸਿਟੀ ਕੌਂਸਲ ਤੋਂ ਗੌਤਮ ਗੁਪਤਾ, ਮੈਲਬੌਰਨ ਕਬੱਡੀ ਅਕੈਡਮੀ ਤੋਂ ਕੁਲਦੀਪ ਬਾਸੀ, ਰੇਡੀਓ ੩ ਟਰਿਪਲ ਜ਼ੈੱਡ ਤੋਂ ਹਰਬੀਰ ਸਿੰਘ ਕੰਗ, ਸ.ਤਕਦੀਰ ਸਿੰਘ, ਰੋਜ਼ਾਨਾ ਸਪੋਕਸਮੈਨ ਤੋਂ ਪਰਮਵੀਰ ਆਹਲੂਵਾਲੀਆ, ਖੁਸ਼ਪ੍ਰੀਤ ਸੁਨਾਮ ਪ੍ਰਮੁੱਖ ਸਨ। ਮਿਲਣੀ ਨੂੰ ਸਫਲ ਬਣਾਉਣ ਵਿੱਚ ਮਨੀ ਸਲੇਮਪੁਰਾ, ਕੁਲਦੀਪ ਔਲਖ, ਅਵਤਾਰ ਭੁੱਲਰ, ਬਾਲੀ ਸਿੰਘ ਦਾ ਵੀ ਯੋਗਦਾਨ ਰਿਹਾ। ਮਿੰਟੂ ਬਰਾੜ ਹੋਰਾਂ ਨੇ ਇਸ ਮੌਕੇ ਆਪਣੀ ਕਿਤਾਬ ਦਿਆਂ ਇਕ ਸੌ ਕਾਪੀਆਂ ਕਲੱਬ ਨੂੰ ਭੇਂਟ ਕੀਤੀਆਂ। ਗਗਨ ਹੰਸ ਵੱਲੋਂ ਮਿੰਟੂ ਬਰਾੜ ਹੋਰਾਂ ਨੂੰ ਕੈਂਗਰੂਨਾਮਾ ਲਈ ਇਕ ਹੱਥੀਂ ਬਣਾਇਆ ਵਿਸ਼ੇਸ਼ ਯਾਦ ਚਿੰਨ੍ਹ ਭੇਂਟ ਕੀਤਾ ਗਿਆ। ਕਲੱਬ ਵੱਲੋਂ ਵਿਸ਼ੇਸ਼ ਤੌਰ ਅਤੇ ਬਰਾੜ ਸਾਬ ਅਤੇ ਪਹੁੰਚੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਸਮਾਰੋਹ ਦੌਰਾਨ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਅਮਰਦੀਪ ਕੌਰ ਨੇ ਨਿਭਾਈ। ਕੁੱਲ ਮਿਲਾ ਕੇ ਇਹ ਸਾਹਿੱਤਿਕ ਮਿਲਣੀ ਆਪਣੇ ਸਮੇਂ ਦੀ ਇਕ ਸਫਲ ਮਿਲਣੀ ਹੋ ਨਿੱਬੜੀ।

(ਅਮਰਦੀਪ ਕੌਰ)