ਨਿਊਜ਼ੀਲੈਂਡ ਮੈਂਬਰ ਪਾਰਲੀਮੈਂਟ ਵੀ ਆਪਣੇ ਸਟਾਫ ‘ਤੇ ਕਰਦੇ ਹਨ ਦਾਦਾਗਿਰੀ-ਮਾਮਲਾ ਗੰਭੀਰ ਬਣਿਆ

  • ਕਈਆਂ ਦੇ ਕੱਬੇ ਸੁਭਾਅ ਨੇ ਲਿਆਂਦਾ ਸਿਆਸੀ ਤੂਫਾਨ

images

ਔਕਲੈਂਡ 4 ਦਸੰਬਰ -ਨਿਊਜ਼ੀਲੈਂਡ ਦੇ ਕੁਝ ਪਾਰਲੀਮੈਂਟ ਮੈਂਬਰਾਂ ਵੱਲੋਂ ਦਾਦਾਗਿਰੀ ਕਰਨ ਦੀਆਂ ਖਬਰਾਂ ਨੇ ਪਿਛਲੇ ਕਈ ਦਿਨਾਂ ਤੋਂ ਸਿਆਸੀ ਸਫਾਂ ਦੇ ਵਿਚ ਮਾਹੌਲ ਗਰਮ ਕੀਤਾ ਹੋਇਆ ਹੈ। ਪਾਰਲੀਮੈਂਟ ਮੈਂਬਰਾਂ ਦੇ ਨਾਲ ਕੰਮ ਕਰਦੇ ਸਟਾਫ ਮੈਂਬਰ ਇਸ ਦਾਦਾਗਿਰੀ, ਧੌਂਸ, ਡਾਹਢੇ ਅਤੇ ਕੱਬੇ ਸੁਭਾਅ ਤੋਂ ਕਾਫੀ ਪ੍ਰੇਸ਼ਾਨ ਚੱਲ ਰਹੇ ਹਨ। ਸਰਕਾਰ ਨੇ ਇਸ ਸਾਰੇ ਮਾਮਲੇ ਉਤੇ ਅਕਤੂਬਰ 2014 ਤੋਂ ਲੈ ਕੇ ਹੁਣ ਤੱਕ ਮੁੜ ਨਜ਼ਰਸਾਨੀ ਕਰਨ ਲਈ ਬਾਹਰੀ ਜਾਂਚ-ਪੜਤਾਲ ਦਾ ਵੀ ਹੁਕਮ ਦੇ ਦਿੱਤਾ ਹੈ। ਇਸ ਜਾਂਚ-ਪੜਤਾਲ ਦੇ ਵਿਚ ਐਮ.ਪੀ., ਸਟਾਫ ਚੀਫ, ਪਾਰਟੀ ਲੀਡਰ, ਚੇਅਰਮੈਨ ਅਤੇ ਆਮ ਸਟਾਫ ਵੀ ਸ਼ਾਮਿਲ ਹੋਵੇਗਾ। ਆਮ ਸਟਾਫ ਦੇ ਲਈ ਇਕ ਸੁਰੱਖਿਅਤ ਆਨ ਲਾਈਨ ਸਿਸਟਮ ਬਣਾਇਆ ਜਾਵੇਗਾ। ਅੱਜ ਇਸੇ ਮਾਮਲੇ ਦੇ ਵਿਚ ਨਾਂਅ ਆਉਣ ਉਤੇ ਗਿਸਬੋਰਨ ਦੀ ਲੇਬਰ ਐਮ. ਪੀ. ਮੀਕਾ ਵਾਇਟੀਰੀ ਦਾ ਅਹੁਦਾ ਘਟਾ ਦਿੱਤਾ ਗਿਆ ਹੈ। ਉਸਨੇ ਆਪਣੇ ਪ੍ਰੈਸ ਸੈਕਟਰੀ ਉਤੇ ਧੌਂਸ ਜਮਾਈ ਸੀ। ਕਈ ਨੈਸ਼ਨਲ ਐਮ. ਪੀ. ਵੀ ਇਸੇ ਤਰ੍ਹਾਂ ਦੇ ਦੋਸ਼ਾਂ ਅਧੀਨ ਰਹੇ ਹਨ।  ਮਾਣਯੋਗ ਸਪੀਕਰ ਸਾਹਿਬ ਚਿੰਤਤ ਹਨ ਕਿ ਜੇਕਰ ਸਟਾਫ ਨੂੰ ਇਸੇ ਤਰ੍ਹਾਂ ਦੱਬਕੇ ਦੇ ਅੰਦਰ ਕੰਮ ਕਰਨਾ ਪਿਆ ਤਾਂ ਆਉਣ ਵਾਲੇ ਸਮੇਂ ਵਿਚ ਨਵੇਂ ਬੱਚੇ ਪਾਰਲੀਮੈਂਟ ਦੇ ਵਿਚ ਨੌਕਰੀ ਕਰਨ ਤੋਂ ਦਰਕਿਨਾਰ ਕਰ ਸਕਦੇ ਹਨ।

ਇਸ ਤਰ੍ਹਾਂ ਲਗਦਾ ਹੈ ਜਦੋਂ ਕਿਸੇ ਕੋਲ ਥੋੜ੍ਹੀ ਜਿਹੀ ਜਿਆਦਾ ਸਿਆਸੀ ਤਾਂ ਅਹੁਦੇ ਦੀ ਤਾਕਤ ਆ ਜਾਵੇ ਤਾਂ ਉਹ ਆਪਣੇ ਤੋਂ ਹੇਠਲੇ ਵਾਲਿਆਂ ‘ਤੇ ਧੌਂਸ ਜਮਾਉਣੀ ਸ਼ੁਰੂ ਕਰ ਦਿੰਦਾ ਹੈ। ਸੋ ਇਸ ਵੇਲੇ ਨਿਊਜ਼ੀਲੈਂਡ ਦਾ ਇਹ ਸਿਆਸੀ ਮਾਮਲਾ ਕਾਫੀ ਗੰਭੀਰ ਚੱਲ ਰਿਹਾ ਹੈ।

Welcome to Punjabi Akhbar

Install Punjabi Akhbar
×