ਸੰਘ ਦੀਆਂ ਚਾਲਾਂ ਦੇਸ ਦੀ ਏਕਤਾ, ਅਖੰਡਤਾ ਤੇ ਧਰਮ ਨਿਰਪੱਖਤਾ ਲਈ ਖ਼ਤਰਾ

balwinder singh bhullar 181116 RSSsss

ਆਰ ਐੱਸ ਐੱਸ ਦੀਆਂ ਨੀਤੀਆਂ ਤਹਿਤ ਧਰਮ ਨਿਰਪੱਖ ਦੇਸ਼ ਭਾਰਤ ਤੇ ਭਗਵਾਂ ਰੰਗ ਚਾੜ੍ਹ ਕੇ ਇਸਨੂੰ ਹਿੰਦੂ ਰਾਸ਼ਟਰ ਬਣਾਉਣ ਦੀਆਂ ਲਗਾਤਾਰ ਚਾਲਾਂ ਚੱਲੀਆਂ ਜਾ ਰਹੀਆਂ ਹਨ, ਜਿਸ ਲਈ ਦੇਸ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਸਮੇਤ ਸਮੁੱਚੀ ਕੇਂਦਰ ਸਰਕਾਰ ਯਤਨਸ਼ੀਲ ਹੈ। ਇਸ ਕਾਰਜ ਦੀ ਪੂਰਤੀ ਲਈ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲਿਆਂ ਦੀ ਆਵਾਜ਼ ਬੰਦ ਕੀਤੀ ਜਾ ਰਹੀ ਹੈ, ਕਤਲੇਆਮ ਤੇ ਝੂਠੇ ਮੁਕਾਬਲੇ ਬਣਾਏ ਜਾ ਰਹੇ ਹਨ, ਸਿੱਖਿਆ ਦਾ ਭਗਵਾਂ ਕਰਨ ਕੀਤਾ ਜਾ ਰਿਹੈ ਅਤੇ ਇਤਿਹਾਸ ਨਾਲ ਛੇੜਛਾੜ ਕਰਕੇ ਆਪਣੇ ਅਨੁਸਾਰ ਢਾਲਣ ਦੇ ਯਤਨ ਕੀਤੇ ਜਾ ਰਹੇ ਹਨ। ਇਹਨਾਂ ਨੀਤੀਆਂ ਦੇ ਵਿਰੁੱਧ ਉੱਠਣ ਵਾਲੀ ਹਰ ਆਵਾਜ਼ ਨੂੰ ਕੁਚਲਣ ਲਈ ਯੋਜਨਾਬੱਧ ਹਮਲੇ ਕੀਤੇ ਜਾ ਰਹੇ ਹਨ। ਸੰਘ ਦੀਆਂ ਇਹ ਚਾਲਾਂ ਦੇਸ ਦੀ ਏਕਤਾ ਤੇ ਅਖੰਡਤਾ ਅਤੇ ਧਰਮ ਨਿਰਪੱਖਤਾ ਲਈ ਵੱਡਾ ਖ਼ਤਰਾ ਬਣ ਰਹੀਆਂ ਹਨ, ਇਹਨਾਂ ਨੂੰ ਠੱਲ੍ਹ ਪਾਉਣ ਲਈ ਪ੍ਰਗਤੀਸ਼ੀਲ ਸੋਚ ਵਾਲੀਆਂ ਸ਼ਕਤੀਆਂ ਦੀ ਤਰਕਸ਼ੀਲਤਾ ਤੇ ਵਿਗਿਆਨਕ ਆਧਾਰ ਤੇ ਇੱਕਮੁੱਠ ਹੋਣ ਦੀ ਲੋੜ ਹੈ।

ਆਰ ਐੱਸ ਐੱਸ ਵੱਲੋਂ ਕੇਂਦਰੀ ਸਰਕਾਰ ਦੀ ਵਰਤੋਂ ਕਰਦਿਆਂ ਆਪਣੇ ਪ੍ਰਚਾਰਕਾਂ ਅਤੇ ਵਰਕਰਾਂ ਨੂੰ ਇੱਕ ਸਾਜ਼ਿਸ਼ ਤਹਿਤ ਵੱਖ ਵੱਖ ਵਿਭਾਗਾਂ ਵਿੱਚ ਭਰਤੀ ਕਰਕੇ ਉੱਚ ਅਹੁਦਿਆਂ ਤੇ ਤਾਇਨਾਤ ਕੀਤਾ ਜਾ ਚੁੱਕਾ ਹੈ, ਹੋਰ ਤਾਂ ਹੋਰ ਪੁਲਿਸ ਵਰਗੇ ਸੁਰੱਖਿਆ ਵਿਭਾਗ ਵਿੱਚ ਵੀ ਅਜਿਹੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ ਅਤੇ ਅਜਿਹੇ ਅਧਿਕਾਰੀ ਭਾਰਤ ਦੇ ਧਰਮ ਨਿਰਪੱਖ ਸੰਵਿਧਾਨ ਨੂੰ ਲਾਗੂ ਕਰਨ ਦੀਆਂ ਕਸਮਾਂ ਖਾ ਕੇ ਦੇਸ਼ ਨੂੰ ਹਿੰਦੂ ਦੇਸ਼ ਬਣਾਉਣ ਲਈ ਸਾਜ਼ਿਸ਼ਾਂ ਵਿੱਚ ਸ਼ਾਮਲ ਹੋ ਰਹੇ ਹਨ। ਬਹੁਤ ਸਾਰੇ ਅਧਿਕਾਰੀ ਤਾਂ ਸ਼ਰੇਆਮ ਹੋਈਆਂ ਦੇਸ਼ ਵਿਰੋਧੀ ਕਾਰਵਾਈਆਂ ਦੇ ਹੱਕ ਵਿੱਚ ਬੋਲਣ ਤੋਂ ਵੀ ਸੰਕੋਚ ਨਹੀਂ ਕਰਦੇ। ਮਿਸਾਲ ਦੇ ਤੌਰ ਤੇ ਗੁਜਰਾਤ ਕਤਲੇਆਮ ਵਿੱਚ ਸੈਂਕੜੇ ਮੁਸਲਮਾਨਾਂ ਨੂੰ ਅਜਿਹੀ ਸਾਜ਼ਿਸ਼ ਤਹਿਤ ਕਤਲ ਕਰਨ, ਵਹਿਸ਼ੀ ਤਸ਼ੱਦਦ ਕਰਨ ਤੇ ਔਰਤਾਂ ਦੀ ਬੇਪਤੀ ਕਰਨ ਤੇ ਵਿਚਾਰ ਪ੍ਰਗਟ ਕਰਦਿਆਂ ਉਸ ਰਾਜ ਦੇ ਇੱਕ ਪੁਲਿਸ ਕਮਿਸ਼ਨਰ ਪੀ ਸੀ ਪਾਂਡੇ ਨੇ ਬਿਆਨ ਦਿੱਤਾ ਸੀ ਕਿ ”ਮੁਸਲਮਾਨਾਂ ਨਾਲ ਜੋ ਹੋਇਆ ਚੰਗਾ ਹੋਇਆ ਹੈ।” ਹਰੇਨ ਪਾਂਡਿਆਂ ਤੇ ਗੁਜਰਾਤ ਕਤਲੇਆਮ ਲਈ ਨਰਿੰਦਰ ਮੋਦੀ ਤੇ ਅਮਿੱਤ ਸ਼ਾਹ ਦਾ ਨਾਂ ਬੋਲਦਾ ਰਿਹਾ ਹੈ, ਪਰ ਸਿਆਸੀ ਪੁਸ਼ਤ-ਪਨਾਹੀ ਹੋਣ ਸਦਕਾ ਉਹ ਬਚ ਕੇ ਨਿਕਲਦੇ ਰਹੇ ਹਨ। ਸ੍ਰੀ ਅਮਿੱਤ ਸਾਹ ਦੀ ਤਾਂ ਫ਼ਰਜ਼ੀ ਮੁਕਾਬਲਿਆਂ ਦੇ ਦੋਸ਼ ਵਿੱਚ ਸਾਲ 2010 ਵਿੱਚ ਗ੍ਰਿਫ਼ਤਾਰੀ ਵੀ ਕੀਤੀ ਗਈ ਸੀ।
ਗੁਜਰਾਤ ਕਤਲੇਆਮ ਤੇ ਫ਼ਰਜ਼ੀ ਮੁਕਾਬਲਿਆਂ ਸਬੰਧੀ ਜੇਕਰ ਕੋਈ ਜਾਂਚ ਏਜੰਸੀ ਨਿਰਪੱਖ ਪੜਤਾਲ ਕਰੇ ਤਾਂ ਅੱਜ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਸਮੇਤ ਕੇਂਦਰ ਦੇ ਕਈ ਮੰਤਰੀ ਤੇ ਭਾਜਪਾ ਦੇ ਉੱਚ ਅਹੁਦੇਦਾਰ ਬਚ ਨਹੀਂ ਸਕਦੇ, ਪਰ ਇਹ ਦੁਖਦਾਈ ਪਹਿਲੂ ਹੈ ਕਿ ਇਸ ਦੇਸ ਵਿੱਚ ਨਾ ਕੋਈ ਏਡੀ ਆਜ਼ਾਦ ਜਾਂਚ ਏਜੰਸੀ ਹੈ ਅਤੇ ਨਾ ਹੀ ਕੋਈ ਦਲੇਰ ਅਧਿਕਾਰੀ। ਕੇਂਦਰ ਦੀ ਮੌਜੂਦਾ ਸਰਕਾਰ ਹੋਂਦ ਵਿੱਚ ਆਉਣ ਤੋਂ ਪਹਿਲਾਂ ਅਜਿਹੀ ਪੜਤਾਲ ਸ਼ੁਰੂ ਵੀ ਹੋਈ ਸੀ ਅਤੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਵੀ ਕੀਤਾ ਗਿਆ ਸੀ, ਪਰ ਉਸ ਸਮੇਂ ਹੀ ਇਹ ਗੱਲ ਉੱਭਰ ਕੇ ਸਾਹਮਣੇ ਆ ਗਈ ਸੀ ਇਹ ਪੜਤਾਲ ਦਬਾਈ ਜਾ ਰਹੀ ਹੈ ਕਿਉਂਕਿ ਇਸਦੇ ਘੇਰੇ ਵਿੱਚ ਆਉਣ ਵਾਲੇ ਲੋਕ ਸੱਤਾ ਤੇ ਕਾਬਜ਼ ਹੋਣ ਵਾਲੇ ਹਨ। ਅਜਿਹੇ ਤੱਥ ਉੱਘੀ ਪੱਤਰਕਾਰ ਰਾਣਾ ਅਯੂਬ ਨੇ ਵੀ ਆਪਣੀ ਬਹੁ-ਚਰਚਿਤ ਪੁਸਤਕ ‘ਗੁਜਰਾਤ ਫਾਈਲਜ਼’ ਵਿੱਚ ਦਰਜ਼ ਕੀਤੇ ਹਨ।

ਇਸੇ ਵੱਡੀ ਸਾਜ਼ਿਸ਼ ਦੀ ਕੜੀ ਵਜੋਂ ਹੀ ਬੋਲਣ ਲਿਖਣ ਦੀ ਆਜ਼ਾਦੀ ਖੋਹੀ ਜਾ ਰਹੀ ਹੈ। ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਅਸਲ ਵਿੱਚ ਬਰਾਬਰੀ ਦੇ ਸਮਾਜ ਲਈ ਜਮਹੂਰੀ ਹੱਕਾਂ ਦੀ ਆਵਾਜ਼ ਹੁੰਦੀ ਹੈ, ਜੋ ਬਗੈਰ ਵਿਤਕਰੇ ਉੱਠਦੀ ਹੈ ਤੇ ਸੱਚ ਬਿਆਨ ਕਰਦੀ ਹੈ। ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਵਾਲਿਆਂ ਨੂੰ ਇਹ ਸੱਚ ਦੀ ਤੇ ਜਮਹੂਰੀ ਹੱਕਾਂ ਦੀ ਰਾਖੀ ਕਰਨ ਵਾਲੀ ਆਵਾਜ਼ ਰਾਸ ਨਹੀਂ ਆ ਰਹੀ, ਇਸੇ ਕਰਕੇ ਜੋ ਵੀ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਾ ਹੈ ਜਾਂ ਪ੍ਰਗਤੀਸ਼ੀਲ ਵਿਚਾਰ ਪੇਸ਼ ਕਰਦਾ ਹੈ ਉਸਨੂੰ ਕਤਲ ਕੀਤਾ ਜਾ ਰਿਹਾ ਹੈ। । ਇਸ ਦੀ ਕੜੀ ਵਜੋਂ ਹੀ ਜਿੱਥੇ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਸ਼ਾਹਿਦ ਆਜ਼ਮੀ ਦਾ ਕਤਲ ਕੀਤਾ ਗਿਆ, ਉੱਥੇ ਆਵਾਜ਼ ਬੁਲੰਦ ਕਰਨ ਵਾਲੇ ਡਾ: ਨਰਿੰਦਰ ਦਭੋਲਕਰ, ਪ੍ਰੋ: ਐੱਮ ਐੱਮ ਕੁਲਬਰਗੀ, ਗੋਬਿੰਦ ਪੰਸਾਰੇ, ਗੌਰੀ ਲੰਕੇਸ਼ ਦਾ ਸ਼ਰੇਆਮ ਕਤਲ ਹੀ ਨਹੀਂ ਕੀਤਾ ਗਿਆ, ਬਲਕਿ ਕਾਤਲਾਂ ਨੂੰ ਬਚਾਉਣ ਲਈ ਵੀ ਹਰ ਕੋਸ਼ਿਸ਼ ਕੀਤੀ ਗਈ। ਵਿਦਿਆਰਥੀ ਆਗੂ ਉਮਰ ਖ਼ਾਲਿਦ ਨੂੰ ਉਸ ਸਮੇਂ ਗੋਲੀਆਂ ਮਾਰ ਕੇ ਕਤਲ ਕਰਨ ਦੀ ਕੋਸ਼ਿਸ਼ ਕੀਤੀ ਜਦ ਉਹ ਇੱਕ ਸਮਾਗਮ ‘ਖ਼ੌਫ਼ ਏ ਆਜ਼ਾਦੀ’ ਵਿੱਚ ਭਾਗ ਲੈਣ ਲਈ ਪਹੁੰਚਿਆ ਸੀ, ਇਸੇ ਤਰ੍ਹਾਂ ਮਹਾਤਮਾ ਗਾਂਧੀ ਕੇਂਦਰੀ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਸੰਜੇ ਕੁਮਾਰ ਤੇ ਹਮਲਾ ਕਰਕੇ ਕਤਲ ਕਰਨ ਦਾ ਯਤਨ ਕੀਤਾ ਗਿਆ। ਇਹ ਹਮਲੇ ਸਪਸ਼ਟ ਕਰਦੇ ਹਨ ਕਿ ਸੰਘ ਪਰਿਵਾਰ ਅਨੁਸਾਰ ਪ੍ਰਚਾਰ ਕਰਨ ਦੇ ਉਲਟ ਸੰਵਿਧਾਨਕ ਤੌਰ ਤੇ ਮਿਲੀ ਬੋਲਣ ਲਿਖਣ ਦੀ ਆਜ਼ਾਦੀ ਤੇ ਪਹਿਰਾ ਦੇਣ ਵਾਲੇ ਆਗੂਆਂ, ਲੇਖਕਾਂ, ਪੱਤਰਕਾਰਾਂ, ਵਿਦਿਆਰਥੀਆਂ ਤੇ ਕੀਤੇ ਜਾ ਰਹੇ ਹਨ।

ਇਸ ਤੋਂ ਅੱਗੇ ਵਧਦਿਆਂ ਹੁਣ ਭਾਰਤੀ ਲੋਕਾਂ ਦੀ ਸੋਚ ਬਦਲਣ ਲਈ ਨਵੀਂ ਸਿੱਖਿਆ ਨੀਤੀ ਦੇ ਨਾਂ ਹੇਠ ਸਿੱਖਿਆ ਨੂੰ ਭਗਵਾਂ ਰੰਗ ਚੜ੍ਹਾਉਣ ਦੇ ਯਤਨ ਵੀ ਸ਼ੁਰੂ ਹੋ ਗਏ ਹਨ, ਇੱਥੇ ਹੀ ਬੱਸ ਨਹੀਂ ਇਤਿਹਾਸ ਵਿੱਚ ਵੀ ਅਦਲਾ ਬਦਲੀ ਕਰਕੇ ਆਰ ਐੱਸ ਐੱਸ ਆਪਣੀ ਮਨਮਰਜ਼ੀ ਨਾਲ ਇਤਿਹਾਸ ਤਿਆਰ ਕਰਨ ਵਿੱਚ ਜੁਟੀ ਹੋਈ ਹੈ। ਕੇਂਦਰੀ ਸੱਤਾ ਵਿੱਚ ਬੈਠੇ ਲੋਕ ਆਰ ਐੱਸ ਐੱਸ ਦੇ ਇੱਕ ਵਿੰਗ ਵਜੋਂ ਕੰਮ ਕਰਕੇ ਸੰਘ ਦੀ ਵਿਚਾਰਧਾਰਾ ਆਮ ਲੋਕਾਂ ਤੇ ਥੋਪਣ ਲਈ ਸਾਜ਼ਿਸ਼ਾਂ ਬਣਾ ਕੇ ਲਾਗੂ ਕਰ ਰਹੇ ਹਨ। ਦੇਸ ਵਿੱਚ ਅਨਾਰਕੀ ਫੈਲ ਚੁੱਕੀ ਹੈ, ਕਤਲ, ਮਾਰਧਾੜ, ਸਾੜ ਫ਼ੂਕ, ਬਲਾਤਕਾਰ, ਰਿਸ਼ਵਤਖ਼ੋਰੀ, ਬੇਰੁਜ਼ਗਾਰੀ ਆਦਿ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਪਰ ਸਰਕਾਰ ਇਹਨਾਂ ਘਟਨਾਵਾਂ ਤੋਂ ਕੇਵਲ ਧਿਆਨ ਹੀ ਲਾਂਭੇ ਨਹੀਂ ਕਰ ਰਹੀ, ਬਲਕਿ ਕਥਿਤ ਦੋਸ਼ੀਆਂ ਦੀ ਪੁਸ਼ਤ-ਪਨਾਹੀ ਕਰ ਰਹੀ ਹੈ ਤਾਂ ਜੋ ਕੋਈ ਸਰਕਾਰ ਦਾ ਵਿਰੋਧ ਕਰਨ ਦੀ ਹਿੰਮਤ ਨਾ ਕਰੇ। ਜੇਕਰ ਪਿਛਲੇ ਇਤਿਹਾਸ ਤੇ ਨਿਗਾਹ ਮਾਰੀ ਜਾਵੇ ਤਾਂ ਰੋਮ ਦੇਸ ਵਿੱਚ ਨੀਰੋ ਨੇ ਅਜਿਹੇ ਅੱਤਿਆਚਾਰ ਤੇ ਕਤਲ ਕਰਵਾਏ ਸਨ ਤੇ ਖ਼ੁਸ਼ੀ ਮਾਣਦਿਆਂ ਸੱਤਾ ਹੰਢਾਈ ਸੀ, ਇਸੇ ਤਰ੍ਹਾਂ ਚੰਗੇਜ ਖਾਂ ਦੇ ਅੱਤਿਆਚਾਰਾਂ ਬਾਰੇ ਵੀ ਇਤਿਹਾਸ ਗਵਾਹ ਹੈ ਕਿ ਰਾਜ ਕਰਨ ਦੀ ਭੁੱਖ ਵਾਸਤੇ ਉਸਨੇ ਆਮ ਲੋਕਾਂ ਦਾ ਸ਼ਿਕਾਰ ਕੀਤਾ, ਔਰੰਗਜ਼ੇਬ ਨੇ ਆਪਣਾ ਰਾਜ ਭਾਗ ਕਾਇਮ ਰੱਖਣ ਲਈ ਲੱਖਾਂ ਲੋਕਾਂ ਖ਼ਾਸ ਕਰ ਹਿੰਦੂਆਂ ਸਿੱਖਾਂ ਨੂੰ ਮੌਤ ਦੀ ਘਾਟ ਉਤਾਰਿਆ, ਪਰ ਅੱਜ ਵੀ ਲੋਕ ਉਨ੍ਹਾਂ ਨੂੰ ਨਫ਼ਰਤ ਕਰਦੇ ਹਨ, ਉਨ੍ਹਾਂ ਨੂੰ ਜ਼ਾਲਮ ਪਾਪੀ ਕਹਿੰਦੇ ਹਨ ਅਤੇ ਉਨ੍ਹਾਂ ਦਾ ਨਾਮੋ ਨਿਸ਼ਾਨ ਵੀ ਦਿਖਾਈ ਨਹੀਂ ਦਿੰਦਾ। ਸੋ ਸੱਤਾਧਾਰੀਆਂ ਨੂੰ ਵੀ ਇਤਿਹਾਸ ਤੋਂ ਸਬਕ ਹਾਸਲ ਕਰ ਲੈਣਾ ਚਾਹੀਦਾ ਹੈ, ਦੇਸ ਦੇ ਲੋਕਾਂ ਨੂੰ ਅੱਤਿਆਚਾਰਾਂ ਦੀ ਬਜਾਏ ਇਨਸਾਫ਼ ਤੇ ਜਿਊਣ ਦਾ ਹੱਕ ਦੇਣਾ ਚਾਹੀਦਾ ਹੈ। ਦੇਸ ਵਾਸੀਆਂ ਨੂੰ ਧਰਮ ਨਿਰਪੱਖਤਾ, ਏਕਤਾ ਤੇ ਅਖੰਡਤਾ ਕਾਇਮ ਰੱਖਣ ਲਈ ਤਰਕਸ਼ੀਲਤਾ ਤੇ ਵਿਗਿਆਨਕ ਸੋਚ ਦੇ ਆਧਾਰ ਤੇ ਸੰਘਰਸ਼ ਕਰਨਾ ਚਾਹੀਦਾ ਹੈ ਅਤੇ ਦੇਸ਼ ਭਰ ‘ਚ ਹਿੰਦੂਤਵ ਲਾਗੂ ਕਰਨ ਨੂੰ ਠੱਲ੍ਹ ਪਾਉਣ ਲਈ ਇੱਕਮੁੱਠ ਹੋ ਕੇ ਜੂਝਣਾ ਸਮੇਂ ਦੀ ਲੋੜ ਹੈ।

(ਬਲਵਿੰਦਰ ਸਿੰਘ ਭੁੱਲਰ)
+91 98882-75913

Welcome to Punjabi Akhbar

Install Punjabi Akhbar
×
Enable Notifications    OK No thanks