ਭਗਵੇਂ-ਕਰਨ ਦਾ ਪਾਸਾਰ ਨਾ ਰੋਕਿਆ ਗਿਆ ਤਾਂ ਖ਼ਤਰਨਾਕ ਨਤੀਜੇ ਸਾਹਮਣੇ ਆਉਣਗੇ

Balwinder Singh Bhullar Bathinda 180613 66
ਆਰ ਐੱਸ ਐੱਸ ਦੀਆਂ ਨੀਤੀਆਂ ਦੇ ਆਧਾਰ ਤੇ ਭਗਵੇਂ-ਕਰਨ ਦੇ ਪਾਸਾਰ ਲਈ ਹਿੰਦੂਤਵ ਏਜੰਡਾ ਲੈ ਕੇ ਦੇਸ਼ ਵਿਚ ਸਰਕਾਰ ਚਲਾ ਰਹੀ ਭਾਜਪਾ ਇੱਕ ਗਿਣੀ ਮਿਥੀ ਸਾਜ਼ਿਸ਼ ਤਹਿਤ ਧਰਮ ਦੀ ਰਾਜਨੀਤੀ ਕਰਕੇ ਲੋਕਾਂ ਵਿਚ ਵੰਡੀਆਂ ਪਾ ਰਹੀ ਹੈ। ਜੇਕਰ ਇਸ ਰੁਝਾਨ ਨੂੰ ਨਾ ਰੋਕਿਆ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਖ਼ਤਰਨਾਕ ਨਤੀਜੇ ਸਾਹਮਣੇ ਆਉਣਗੇ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਵੀ ਖ਼ਤਰੇ ਵੀ ਵਿਚ ਪੈ ਸਕਦੀ ਹੈ।
ਧਰਮ ਦੇ ਨਾਂ ਤੇ ਵੋਟਾਂ ਹਾਸਲ ਕਰਕੇ ਕੇਂਦਰ ਵਿਚ ਸਥਾਪਤ ਹੋਈ ਭਾਜਪਾ ਦੀ ਮੋਦੀ ਸਰਕਾਰ ਆਪਣੀ ਸਤ੍ਹਾ ਨੂੰ ਕਾਇਮ ਰੱਖਣ ਲਈ ਫਾਸ਼ੀਵਾਦ ਦਾ ਰਾਹ ਅਖ਼ਤਿਆਰ ਕਰਕੇ ਭਾਰਤ ਵਿਚ ਰਾਸ਼ਟਰਵਾਦ ਤੇ ਧਰਮ ਦੇ ਨਾਂ ਤੇ ਆਮ ਲੋਕਾਂ ਦੀ ਜ਼ਿੰਦਗੀ ਜੀਵਨ ਅਤੇ ਬਰਾਬਰੀ ਦੇ ਹੱਕਾਂ ਲਈ ਲੜੀ ਜਾਣ ਵਾਲੀ ਲੜਾਈ ਨੂੰ ਦਬਾਅ ਕੇ ਰੱਖਣਾ ਚਾਹੁੰਦੀ ਹੈ, ਤਾਂ ਜੋ ਦੇਸ਼ ਦੇ ਲੋਕ ਆਪਣੇ ਬੁਨਿਆਦੀ ਮਸਲਿਆਂ ਅਤੇ ਸਮਾਜ ਦੀ ਬਿਹਤਰੀ ਲਈ ਜੱਦੋਜਹਿਦ ਕਰਨ ਵਾਲੇ ਰਸਤੇ ਨਾ ਪੈ ਜਾਣ। ਜਿਸਨੂੰ ਉਹ ਆਪਣੇ ਕਾਜ ਦੀ ਪੂਰਤੀ ਲਈ ਵੱਡਾ ਅੜਿੱਕਾ ਸਮਝਦੀ ਹੈ, ਕਿਉਂਕਿ ਇਕੱਲੇ ਇਕੱਲੇ ਆਗੂ ਨੂੰ ਦਬਾਉਣ ਜਾਂ ਖ਼ਤਮ ਕਰਨ ਦੇ ਮੁਕਾਬਲੇ ਸੰਘਰਸ਼ ਨੂੰ ਉਹ ਵੱਡਾ ਖ਼ਤਰਾ ਮਹਿਸੂਸ ਕਰਦੀ ਹੈ।
ਊਚ ਨੀਚ, ਭੇਦ ਭਾਵ, ਗੈਰ ਬਰਾਬਰੀ, ਨਸਲੀ ਵਿਤਕਰਾ, ਧਾਰਮਿਕ ਕੱਟੜਤਾ, ਘੱਟ ਗਿਣਤੀ ਤੇ ਹੋਰ ਧਰਮਾਂ ਦੇ ਪੈਰੋਕਾਰਾਂ ਨੂੰ ਆਪਣੀਆਂ ਸ਼ਰਤਾਂ ਤੇ ਜਿਊਣ ਲਈ ਮਜਬੂਰ ਕਰਨਾ ਆਦਿ ਹਿੰਦੂਤਵ ਦੇ ਮੁੱਢਲੇ ਸਿਧਾਂਤ ਹਨ ਅਤੇ ਧਰਮ ਤੇ ਜਾਤ ਇਸ ਨੂੰ ਲਾਗੂ ਕਰਨ ਲਈ ਇੱਕ ਰਸਤਾ ਹੈ। ਆਰ ਐੱਸ ਐੱਸ ਦੇਸ਼ ਵਿਚ ਰਾਸ਼ਟਰਵਾਦ ਅਤੇ ਦੇਸ ਭਗਤੀ ਦੇ ਨਾਂ ਹੇਠ ਲੋਕਾਂ ਨੂੰ ਗੁੰਮਰਾਹ ਕਰਕੇ ਭਾਜਪਾ ਰਾਹੀਂ ਆਪਣਾ ਇਹ ਏਜੰਡਾ ਲਾਗੂ ਕਰਨ ਵਿਚ ਮਸਰੂਫ਼ ਹੈ। ਇਸੇ ਤਹਿਤ ਮੁਸਲਿਮ ਵਿਰੋਧੀ ਪ੍ਰਚਾਰ ਕੀਤਾ ਜਾ ਰਿਹਾ ਹੈ, ਗਊ ਰੱਖਿਆ ਦੇ ਨਾਂ ਹੇਠ ਦਲਿਤਾਂ ਤੇ ਅੱਤਿਆਚਾਰ ਕੀਤਾ ਜਾ ਰਿਹੈ, ਸਿਆਸਤ ਦਾ ਹਿੰਦੂਕਰਨ ਕਰ ਦੇਣ ਦੇ ਯਤਨ ਜਾਰੀ ਹਨ।
ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਹਿੰਦੂਤਵ ਏਜੰਡੇ ਸਦਕਾ ਦੇਸ਼ ਵਿਚ ਦੂਜੇ ਧਰਮਾਂ ਤੇ ਹਮਲੇ ਹੋ ਰਹੇ ਹਨ। ਮਨੁੱਖਤਾ ਨੂੰ ਆਧਾਰ ਮੰਨ ਕੇ ਅਜਿਹੇ ਹੋ ਰਹੇ ਹਮਲਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਧਰਮ ਨਿਰਪੱਖ, ਚਿੰਤਨਸ਼ੀਲ ਤੇ ਬੁੱਧੀਜੀਵੀਆਂ ਨੂੰ ਆਪਣੇ ਰਸਤੇ ਵਿਚ ਅੜਿੱਕਾ ਸਮਝ ਕੇ ਕਤਲ ਕਰਵਾਇਆ ਜਾ ਰਿਹਾ ਹੈ, ਤਾਂ ਜੋ ਫਾਸ਼ੀਵਾਦੀ ਤਾਕਤਾਂ ਵਿਰੁੱਧ ਪੈਦਾ ਹੋ ਰਹੀ ਚੇਤਨਾ ਨੂੰ ਦਬਾ ਦਿੱਤਾ ਜਾ ਸਕੇ। ਜਿਨ੍ਹਾਂ ਵਿਚ ਦੂਜੇ ਧਰਮਾਂ ਦੇ ਆਗੂ, ਪੱਤਰਕਾਰਾਂ, ਲੇਖਕਾਂ ਤੋਂ ਇਲਾਵਾ ਜੁਡੀਸ਼ੀਅਲ ਅਫ਼ਸਰ ਵੀ ਸ਼ਾਮਲ ਹਨ। ਦੇਸ਼ ਵਿਚ ਹਿੰਦੂਤਵ ਏਜੰਡੇ ਦਾ ਵਿਰੋਧ ਕਰਨ ਵਾਲੇ ਅਤੇ ਦੂਜੇ ਧਰਮਾਂ ਦਾ ਪ੍ਰਚਾਰ ਕਰਨ ਵਾਲੇ ਜਾਂ ਆਪਣੇ ਧਰਮ ਦੇ ਨਾਂ ਹੇਠ ਵੱਖਰੇ ਖ਼ਿੱਤੇ ਦੀ ਮੰਗ ਕਰਨ ਵਾਲੇ ਲੋਕਾਂ ਤੇ ਦੇਸ਼ ਧਰੋਹੀ ਦੇ ਮੁਕੱਦਮੇ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹਾਂ ਵਿਚ ਤੁੰਨਿਆਂ ਜਾਂਦਾ ਹੈ, ਜਦ ਕਿ ਹਿੰਦੂ ਰਾਸ਼ਟਰਵਾਦ ਸਥਾਪਤ ਕਰਨ ਦੇ ਐਲਾਨ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ।
ਭਾਰਤ ਦੇ ਵਿਰਾਸਤੀ ਲਾਲ ਕਿਲ੍ਹੇ ਨੂੰ ਡਾਲਮੀਆ ਘਰਾਣੇ ਕੋਲ ਠੇਕੇ ਤੇ ਦੇਣਾ, ਸਦੀ ਤੋਂ ਵੀ ਪੁਰਾਣੇ ਉੱਤਰ ਪ੍ਰਦੇਸ਼ ਦੇ ਰੇਲਵੇ ਸਟੇਸ਼ਨ ਮੁਗਲਸਰਾਏ ਦਾ ਨਾਂ ਬਦਲ ਕੇ ਆਰ ਐੱਸ ਐੱਸ ਦੇ ਵਿਚਾਰਧਾਰਕ ਦੀਨ ਦਿਆਲ ਉਪਾਧਿਆਏ ਦੇ ਨਾਂ ਤੇ ਰੱਖਣ ਦਾ ਨੋਟੀਫ਼ਿਕੇਸ਼ਨ ਜਾਰੀ ਕਰਨਾ ਜਿੱਥੇ ਭਾਜਪਾ ਦੀ ਹਿੰਦੂਤਵ ਸੋਚ ਦਾ ਪ੍ਰਗਟਾਵਾ ਕਰਦਾ ਹੈ, ਉੱਥੇ ਹੱਕ ਸੱਚ ਤੇ ਨਿਆਂ ਲਈ ਆਵਾਜ਼ ਬੁਲੰਦ ਕਰਨ ਵਾਲੇ ਪੱਤਰਕਾਰ ਅਕਸ਼ੈ ਸਿੰਘ, ਪੱਤਰਕਾਰ ਸੰਦੀਪ ਕੋਠਾਰੀ, ਪੱਤਰਕਾਰ ਜੋਗਿੰਦਰ ਸਿੰਘ, ਪੱਤਰਕਾਰ ਰਾਜਦੇਵ ਰੰਜਨ, ਡਾ: ਨਰਿੰਦਰ ਦੋਭਾਲਕਰ, ਕਾ: ਗੋਬਿੰਦ ਪਾਨਸਰੇ, ਪ੍ਰੋ: ਕੁਲਬਰਗੀ ਅਤੇ ਬੀਬੀ ਗ਼ੌਰੀ ਲੰਕੇਸ਼ ਦਾ ਕਤਲ ਭਾਜਪਾ ਵੱਲੋਂ ਹਿੰਦੂਤਵ ਏਜੰਡਾ ਲਾਗੂ ਕਰਨ ਵਾਲੇ ਯਤਨਾਂ ਦੇ ਪੁਖ਼ਤਾ ਸਬੂਤ ਹਨ।
ਭਾਰਤ ਧਰਮ ਨਿਰਪੱਖ, ਬਹੁ ਸਭਿਆਚਾਰਕ, ਬਹੁ ਸਮਾਜੀ, ਬਹੁ ਜਾਤੀ ਦੇਸ਼ ਹੈ, ਜਿੱਥੇ ਕਿਸੇ ਇੱਕ ਫ਼ਿਰਕੇ ਦਾ ਕਾਬਜ਼ ਹੋਣਾ ਦੇਸ਼ ਦੇ ਹਿਤ ਵਿਚ ਨਹੀਂ ਹੋ ਸਕਦਾ। ਸਰਕਾਰਾਂ ਵਿਚ ਜੇਕਰ ਸਾਰੇ ਧਰਮਾਂ, ਵਰਗਾਂ, ਜਾਤਾਂ ਆਦਿ ਦੇ ਨੁਮਾਇੰਦੇ ਸ਼ਾਮਲ ਹੋਣਗੇ ਤਾਂ ਸਭ ਦਾ ਸੁਰੱਖਿਅਤ ਹੋਣਾ ਯਕੀਨੀ ਬਣਾਇਆ ਜਾ ਸਕਦਾ ਹੈ। ਜੇਕਰ ਕੋਈ ਇੱਕ ਫ਼ਿਰਕਾ ਕਾਬਜ਼ ਹੋ ਜਾਵੇ ਤਾਂ ਉਹ ਆਪਣੀ ਸਥਾਪਤੀ ਲਈ ਦੂਜਿਆਂ ਲਈ ਖ਼ਤਰਾ ਬਣੇਗਾ। ਦੇਸ਼ ਦੀ ਮੋਦੀ ਸਰਕਾਰ ਆਰ ਐੱਸ ਐੱਸ ਦੇ ਏਜੰਡੇ ਤਹਿਤ ਹਿੰਦੂ ਰਾਸ਼ਟਰਵਾਦ ਲਾਗੂ ਕਰਨ ਲਈ ਯਤਨਸ਼ੀਲ ਹੈ, ਜੋ ਦੇਸ ਦੇ ਹਿਤ ਵਿਚ ਨਹੀਂ ਹੋ ਸਕਦਾ, ਇਸ ਲਈ ਇਸ ਰੁਝਾਨ ਨੂੰ ਠੱਲ੍ਹ ਪਾਉਣੀ ਅੱਜ ਦੇ ਸਮੇਂ ਦੀ ਵੱਡੀ ਲੋੜ ਹੈ।
ਕੁੱਝ ਸਮਾਂ ਪਹਿਲਾਂ ਦੇਸ਼ ਦੀਆਂ ਧਰਮ ਨਿਰਪੱਖ ਪਾਰਟੀਆਂ ਦੱਖਣੀ ਭਾਰਤ ਵਿਚ ਇਕੱਠੀਆਂ ਹੋਈਆਂ ਅਤੇ ਉਨ੍ਹਾਂ ਆਰ ਐੱਸ ਐੱਸ ਦਾ ਹਿੰਦੂਤਵ ਏਜੰਡਾ ਇੰਨ ਬਿੰਨ ਲਾਗੂ ਹੋਣ ਤੋਂ ਰੋਕਣ ਲਈ ਅਹਿਦ ਲਿਆ ਅਤੇ ਉਨ੍ਹਾਂ ਨੂੰ ਸਫ਼ਲਤਾ ਵੀ ਮਿਲੀ। ਦੇਸ਼ ਦੀਆਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੀ ਅਜਿਹੀ ਏਕਤਾ ਹੋਣ ਦੀ ਵੱਡੀ ਸੰਭਾਵਨਾ ਹੈ। ਜੇਕਰ ਇਹ ਏਕਤਾ ਕਾਇਮ ਹੋ ਜਾਂਦੀ ਹੈ ਤਾਂ ਭਾਜਪਾ ਨੂੰ ਦੇਸ਼ ਦੀ ਸਤ੍ਹਾ ਤੋਂ ਲਾਂਭੇ ਕਰਕੇ ਭਾਰਤ ਦੀ ਜਨਤਾ ਦੀ ਭਲਾਈ ਲਈ ਵੱਡਾ ਕਦਮ ਚੁੱਕਿਆ ਜਾ ਸਕਦਾ ਹੈ।
ਸਮੇਂ ਦੀ ਨਜ਼ਾਕਤ ਨੂੰ ਪਹਿਚਾਣਦਿਆਂ ਧਰਮ ਨਿਰਪੱਖ ਸੋਚ ਵਾਲੇ ਚਿੰਤਨਸ਼ੀਲ ਬੁੱਧੀਜੀਵੀਆਂ ਦੇ ਵਿਚਾਰਾਂ ਨੂੰ ਘਰ ਘਰ ਤੱਕ ਪੁੱਜਦਾ ਕਰਕੇ ਸਮਾਜਿਕ ਚੇਤਨਾ ਪੈਦਾ ਕਰਨੀ ਸਮੇਂ ਦੀ ਜ਼ਰੂਰਤ ਹੈ, ਤਾਂ ਜੋ ਲੋਕ ਦੇਸ ਦੀ ਏਕਤਾ ਤੇ ਅਖੰਡਤਾ ਕਾਇਮ ਰੱਖ ਕੇ ਸਮਾਜ ਦੀ ਬਿਹਤਰੀ ਲਈ ਸੰਘਰਸ਼ ਦੇ ਰਸਤੇ ਚੱਲ ਕੇ ਦੁਨੀਆ ਦੀ ਵੱਡੀ ਜਮਹੂਰੀਅਤ ਤੇ ਧਰਮ ਨਿਰਪੱਖਤਾ ਨੂੰ ਕਾਇਮ ਰੱਖ ਸਕਣ।

ਬਲਵਿੰਦਰ ਸਿੰਘ ਭੁੱਲਰ
+91 98882-75913

Install Punjabi Akhbar App

Install
×