ਸਹਾਰਨਪੁਰ ‘ਚ ਦੰਗਿਆਂ ਤੇ ਸਾੜਫੂਕ ਵਿਚ 244 ਕਰੋੜ ਦਾ ਨੁਕਸਾਨ ਹੋਇਆ-ਐਸੋਚੈਮ ਦਾ ਅਧਿਐਨ

saharanpur-riots

ਸਹਾਰਨਪੁਰ ਵਿਚ ਪਿਛਲੇ ਦਿਨੀਂ ਦੰਗਿਆਂ ਅਤੇ ਅਗਜ਼ਨੀ ਦੀਆਂ ਵਾਪਰੀਆਂ ਘਟਨਾਵਾਂ ਵਿਚ ਲਗਭਗ 244 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਸਨਅਤੀ ਸੰਗਠਨ ਐਸੋਸੀਏਟਿਡ ਚੈਂਬਰਸ ਆਫ ਕਾਮਰਸ ਐਂਡ ਇੰਡਸਟਰੀ (ਐਸੋਚਮ) ਵੱਲੋਂ ਸਹਾਰਨਪੁਰ ਦੰਗਿਆਂ ਦੇ ਆਰਥਿਕ ਅਸਰ ਬਾਰੇ ਕੀਤੇ ਵਿਸ਼ਲੇਸ਼ਣ ਵਿਚ ਕਿਹਾ ਗਿਆ ਕਿ ਲਘੂ, ਛੋਟੀ ਅਤੇ ਦਰਮਿਆਨੀ ਸਨਅਤ ਨੂੰ ਲਗਭਗ 25 ਕਰੋੜ ਦਾ ਨੁਕਸਾਨ ਹੋਇਆ ਹੈ ਅਤੇ ਕਾਮਿਆਂ ਨੂੰ ਲਗ-ਪਗ 18 ਕਰੋੜ ਰੁਪਏ ਦੀਆਂ ਦਿਹਾੜੀਆਂ ਦਾ ਨੁਕਸਾਨ ਹੋਇਆ ਹੈ। ਸਹਾਰਨਪੁਰ ਜ਼ਿਲ੍ਹੇ ਦੇ 8900 ਕਰੋੜ ਰੁਪਏ ਦੇ ਕੁਲ ਘਰੇਲੂ ਉਤਪਾਦਨ ਨੂੰ ਧਿਆਨ ਵਿਚ ਰੱਖਦੇ ਹੋਏ ਐਸੋਚਮ ਦੀ ਆਰਥਿਕ ਖੋਜ ਬਿਊਰੋ ਨੇ ਹਿਸਾਬ ਕਿਤਾਬ ਲਾਇਆ ਹੈ ਕਿ ਦੰਗਿਆਂ ਦੇ 10 ਦਿਨਾ ਦੌਰਾਨ 244 ਕਰੋੜ ਦਾ ਨੁਕਸਾਨ ਹੋਇਆ ਹੈ। ਅਧਿਐਨ ਵਿਚ ਕਿਹਾ ਕਿ ਜ਼ਿਲ੍ਹੇ ਵਿਚ ਖੇਤੀ, ਸਨਅਤ ਅਤੇ ਸੇਵਾਵਾਂ ਖੇਤਰ ਵਿਚ ਭਾਰੀ ਆਰਥਿਕ ਨੁਕਸਾਨ ਹੋਇਆ ਹੈ। ਵਿਸ਼ਲੇਸ਼ਣ ਵਿਚ ਦੱਸਿਆ ਗਿਆ ਕਿ ਸਹਾਰਨਪੁਰ ਵਿਚ ਅਤੇ ਇਸ ਦੇ ਆਲੇ ਦੁਆਲੇ ਮੁਰੰਮਤ, ਲੱਕੜੀ ਦੇ ਫ਼ਰਨੀਚਰ, ਖੇਤੀ ਆਧਾਰਤ ਮਸ਼ੀਨਰੀ, ਅਤੇ ਦੂਸਰੇ ਸਬੰਧਿਤ ਕੰਮਾਂ ਵਿਚ ਲੱਗੇ ਲਗ-ਪਗ 60000 ਦਿਹਾੜੀਦਾਰ ਦੰਗਿਆਂ ਪਿੱਛੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਇਸ ਦਾ ਕਹਿਣਾ ਛੋਟੇ ਤੇ ਦਰਮਿਆਨੇ ਸਨਅਤੀ ਅਦਾਰਿਆਂ ਦੀਆਂ ਕੁਲ 17000 ਇਕਾਈਆਂ ਵਿਚੋਂ ਲਗਭਗ 20 ਫ਼ੀਸਦੀ ਬੰਦ ਰਹੀਆਂ ਜਿਸ ਨਾਲ ਲਗਭਗ 23 ਤੋਂ 25 ਕਰੋੜ ਦਾ ਨੁਕਸਾਨ ਹੋਇਆ। ਐਸੋਚਮ ਦੇ ਕੌਮੀ ਸਕੱਤਰ ਜਨਰਲ ਡੀ. ਐਸ. ਰਾਵਤ ਨੇ ਦੱਸਿਆ ਕਿ ਸਹਾਰਨਪੁਰ ਵਿਚ ਦੰਗਿਆਂ ਦੇ ਸਿੱਟੇ ਵਜੋਂ ਘਰਾਂ, ਦੁਕਾਨਾਂ ਜਾਂ ਸ਼ੋ-ਰੂਮਾਂ ਅਤੇ ਦੂਸਰੀ ਜਾਇਦਾਦ ਦਾ ਵੱਡਾ ਨੁਕਸਾਨ ਹੋਇਆ ਹੈ।

Welcome to Punjabi Akhbar

Install Punjabi Akhbar
×