
(ਦ ਏਜ ਮੁਤਾਬਿਕ) ਅਮਰੀਕਾ ਦੇ ਨਵ-ਨਿਰਵਾਚਿਤ ਰਾਸ਼ਟਰਪਤੀ ਸ੍ਰੀ ਜੋਇ ਬਾਇਡਨ ਨੇ ਆਪਣੇ ਲੰਬੇ ਸਮੇਂ ਤੋਂ ਸਹਿਯੋਗੀ ਰਹੇ ਰੋਨ ਕਲੇਨ ਨੂੰ ਵ੍ਹਾਈਟ ਹਾਊਸ ਦੇ ਸਮੁੱਚੇ ਸਟਾਫ ਦਾ ਮੁਖੀ ਸਥਾਪਤ ਕੀਤਾ ਹੈ। ਜ਼ਿਕਰਯੋਗ ਹੈ ਕਿ ਰੋਨ ਕਲੇਨ ਨੇ ਓਬਾਮਾ ਕਾਲ ਸਮੇਂ ਹੋਈਆਂ ਆਰਥਿਕ ਅਤੇ ਜਨਤਕ ਸਿਹਤ ਸੁਵਿਧਾਵਾਂ ਸਬੰਧੀ ਮਚੇ ਬਵਾਲ ਸਮੇਂ ਅਹਿਮ ਭੂਮਿਕਾ ਨਿਭਾਈ ਸੀ। ਮਿਲੀ ਜਾਣਕਾਰੀ ਮੁਤਾਕਿਬ ਸ੍ਰੀ ਰੋਨ ਨੇ ਆਪਣਾ ਉਕਤ ਰੁਤਬਾ ਪ੍ਰਵਾਨ ਕਰ ਲਿਆ ਹੈ ਅਤੇ ਜਲਦੀ ਹੀ ਆਪਣਾ ਕੰਮ ਕਾਜ ਸੰਭਾਲ ਲੈਣਗੇ। ਕਲੇਨ ਦਾ ਮੁੱਖ ਕੰਮਾਂ ਵਿੱਚ ਸ਼ਾਮਿਲ ਹੁਣ ਵ੍ਹਾਈਟ ਹਾਊਸ ਵਿੱਚ ਚਲ ਰਹੀ ਮੌਜੂਦਾ ਬਿਮਾਰੀ ਨੂੰ ਰੋਕਣਾ ਵੀ ਹੋਵੇਗਾ ਜਿਹੜੀ ਕਿ ਇੱਕ ਵਾਰੀ ਫੇਰ ਤੋਂ ਅਮਰੀਕਾ ਅੰਦਰ ਮੂੰਹ ਚੁੱਕ ਰਹੀ ਹੈ ਅਤੇ ਹਸਪਤਾਲਾਂ ਵਿੱਚ ਵੀ ਲੋਕ ਇਸ ਬਿਮਾਰੀ ਤੋਂ ਜ਼ੇਰੇ ਇਲਾਜ ਹਨ। ਸ੍ਰੀ ਬਾਇਡਨ ਨੇ ਵੀ ਇਸ ਗੱਲ ਦੀ ਪ੍ਰੋੜ੍ਹਤਾ ਪ੍ਰਗਟਾਈ ਹੈ ਕਿ ਉਨ੍ਹਾਂ ਦਾ ਪਹਿਲਾ ਕੰਮ ਹੀ ਇਸ ਕੋਵਿਡ-19 ਨਾਮ ਦੀ ਭਿਆਨਕ ਬਿਮਾਰੀ ਤੋਂ ਅਮਰੀਕਾ ਵਾਸੀਆਂ ਨੂੰ ਨਿਜਾਤ ਦਿਵਾਉਣ ਹੈ ਅਤੇ ਉਹ ਇਸ ਕੰਮ ਨੂੰ ਪੂਰਨ ਤਨਦੇਹੀ ਅਤੇ ਮਨ ਨਾਲ ਕਰਨਗੇ। ਜ਼ਿਕਰਯੋਗ ਇਹ ਵੀ ਹੈ ਕਿ ਵ੍ਹਾਈਟ ਹਾਊਸ ਦੇ ਸਟਾਫ ਦੇ ਮੁਖੀ ਦਾ ਕੰਮ ਬਹੁਤ ਹੀ ਮਹੱਤਵਪੂਰਨ ਹੁੰਦਾ ਹੈ ਕਿਉਂਕਿ ਰਾਸ਼ਟਰਪਤੀ ਤੱਕ ਪਹੁੰਚਣ ਦਾ ਪਹਿਲਾ ਅਤੇ ਮੁੱਖ ਦਰਵਾਜ਼ਾ ਇਹੀ ਹੁੰਦਾ ਹੈ ਅਤੇ ਇਹੀ ਇਹ ਮਿੱਥਦਾ ਹੈ ਕਿ ਕੋਣ, ਕਦੋਂ, ਅਤੇ ਕਿਵੇਂ ਮਹਾ-ਮੁਹਿੰਮ ਨਾਲ ਮਿਲ ਸਕਦਾ ਹੈ ਜਾਂ ਗੱਲਬਾਤ ਕਰ ਸਕਦਾ ਹੈ ਅਤੇ ਕੌਣ ਨਹੀਂ ਆਦਿ। ਇਸ ਤੋਂ ਇਲਾਵਾ ਇਸ ਪਦ ਦੇ ਅਧਿਕਾਰੀ ਨੂੰ ਵੱਡੇ ਵੱਡੇ ਫੈਸਲੇ ਲੈਣ ਦੇ ਵੀ ਪੂਰਨ ਅਧਿਕਾਰ ਮਿਲੇ ਹੁੰਦੇ ਹਨ।