
ਸੜਕ ਪਰਿਵਹਨ ਮੰਤਰੀ ਐਂਡ੍ਰਿਊਜ਼ ਕਨਸਟੈਂਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਰਾਜ ਵਿਚਲੇ ਟ੍ਰਾਂਸਪੋਰਟ ਵਿਭਾਗ ਦੇ ਸੈਕਟਰੀ ਰੋਡ ਸਟੈਪਲਜ਼ ਦਾ ਕਾਰਜਕਾਲ ਫਰਵਰੀ 2021 ਤੱਕ ਹੀ ਚੱਲੇਗਾ ਅਤੇ ਇਸ ਤੋਂ ਬਾਅਦ ਵਿਭਾਗ ਨੂੰ ਨਵੇਂ ਸੈਕਟਰੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੰਮ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਬੀਤੇ ਤਿੰਨ ਸਾਲਾਂ ਅੰਦਰ, ਰੋਡ ਸਟੈਪਲਜ਼ ਦੀ ਅਗਵਾਈ ਅਧੀਨ ਟ੍ਰਾਂਸਪੋਰਟ ਵਿਭਾਗ ਨੇ ਬਹੁਤ ਵਧੀਆ ਕਾਰਗੁਜ਼ਾਰੀ ਦਿਖਾਈ ਹੈ ਅਤੇ ਸਰਕਾਰ ਨੇ ਵੀ 50 ਬਿਲੀਅਨ ਡਾਲਰਾਂ ਤੋਂ ਵੀ ਵੱਧ ਦਾ ਪੂੰਜੀ ਨਿਵੇਸ਼ ਪ੍ਰਵਾਨ ਚੜ੍ਹਾਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਰੋਡ ਦੇ ਕਾਰਜਕਾਲ ਵਿੱਚ ਕੋਵਿਡ-19 ਵਰਗੀ ਭਿਆਨਕ ਬਿਮਾਰੀ ਦਾ ਹਮਲਾ ਵੀ ਹੋਇਆ ਅਤੇ ਬਹੁਤ ਜ਼ਿਆਦਾ ਨੁਕਸਾਨ ਵੀ ਉਠਾਉਣਾ ਪਿਆ ਪਰੰਤੂ ਕੰਮ ਜਾਂ ਨੀਤੀਆਂ ਵਿੱਚ ਕਮੀ ਨਹੀਂ ਆਈ ਪਰੰਤੂ ਉਨ੍ਹਾਂ ਦਾ ਕਾਰਜਕਾਲ ਹੁਣ ਖ਼ਤਮ ਹੋ ਗਿਆ ਹੈ ਅਤੇ ਸਰਕਾਰ ਦੁਆਰਾ ਨਵਾਂ ਸੈਕਟਰੀ ਸਥਾਪਿਤ ਕੀਤੇ ਜਾਣ ਦਾ ਸਮਾਂ ਆ ਗਿਆ ਹੈ। ਜ਼ਿਕਰਯੋਗ ਹੈ ਕਿ ਆਪਣੇ ਇਸ ਮੌਜੂਦਾ ਕਾਰਜਕਾਲ ਤੋਂ ਪਹਿਲਾਂ ਸ੍ਰੀ ਰੋਡ ਇੱਕ ਇੰਜਨੀਅਰ ਦੇ ਤੌਰ ਤੇ ਜਨਤਕ ਅਤੇ ਨਿਜੀ ਖੇਤਰਾਂ ਵਿੱਚ ਕੰਮ ਕਰਦੇ ਸਨ ਅਤੇ ਉਨ੍ਹਾਂ ਦੇ ਅਧੀਨ ਰਾਜ ਦੇ ਟਰਾਂਸਪੋਰਟ ਅਤੇ ਬੁਨਿਆਦੀ ਢਾਂਚੇ ਆਉਂਦੇ ਸਨ। ਉਨ੍ਹਾਂ ਨੇ ਆਸਟ੍ਰੇਲੀਆ ਦੀ ਪਹਿਲੀ ਅਤੇ ਪੂਰਨ ਰੂਪ ਵਿੱਚ ਸਵੈਚਲਿਤ ਮੈਟਰੋ ਟ੍ਰੇਨ ਨੈਟਵਰਕ (ਸਿਡਨੀ ਮੈਟਰੋ) ਦੀ ਪ੍ਰਧਾਨਗੀ ਵੀ ਸੁਚੱਜੇ ਢੰਗ ਨਾਲ ਹੀ ਨਿਭਾਈ ਹੈ। ਉਨ੍ਹਾਂ ਦੀਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਹੁਣ ਰਾਜ ਸਰਕਾਰ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਉਪਰ ਇੱਕ ਨਵਾਂ ਸੈਕਟਰੀ ਲੱਭਣ ਲਈ ਤਿਆਰੀਆਂ ਕਰ ਰਹੀ ਹੈ ਜਿਸਨੂੰ ਕਿ ਸ੍ਰੀ ਰੋਡ ਤੋਂ ਬਾਅਦ ਪਦਭਾਰ ਸੰਭਾਲਿਆ ਜਾਵੇਗਾ।