ਰੋਬੋਡੈਬਟ ਸਕੀਮ ਘੋਟਾਲਾ….? ਕੌਣ ਹੈ ਜ਼ਿੰਮੇਵਾਰ….? ਕੀ ਐਲਾਨ ਕੀਤੇ ਪ੍ਰਧਾਨ ਮੰਤਰੀ ਐਲਬਨੀਜ਼ ਨੇ….?

‘ਰੋਬੋਡੈਬਟ ਘੋਟਾਲੇ’ ਦੀ ਪੜਤਾਲ ਵਾਸਤੇ ਰਾਇਲ ਕਮਿਸ਼ਨ ਦਾ ਗਠਨ ਹੋ ਚੁਕਿਆ ਹੈ ਅਤੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਜੁਲਾਈ 2015 ਤੋਂ ਨਵੰਬਰ 2019 ਤੱਕ ਹੋਏ ‘ਰੋਬੋਡੈਬਟ’ ਘੋਟਾਲੇ ਦੀ ਤਫ਼ਸੀਲ ਕਰਦਿਆਂ ਕਿਹਾ ਹੈ ਕਿ ਮੌਕੇ ਦੀ ਸਰਕਾਰ ਦਾ ਬਹੁਤ ਵੱਡਾ ਘੋਟਾਲਾ ਸੀ ਇਹ ਜਿਸ ਵਿੱਚ ਕਿ 4 ਲੱਖ ਲੋਕਾਂ ਨੂੰ ਮਾਲੀ ਨੁਕਸਾਨ ਉਠਾਉਣਾ ਪਿਆ ਸੀ ਅਤੇ ਘੋਟਾਲੇ ਦੀ ਇਹ ਰਕਮ ਹੁਣ 1.8 ਬਿਲੀਅਨ ਡਾਲਰਾਂ ਤੱਕ ਪਹੁੰਚ ਗਈ ਹੈ।
ਉਨ੍ਹਾਂ ਕਿਹਾ ਕਿ ਉਸ ਸਮੇਂ ਦੀ ਮੋਰੀਸਨ ਸਰਕਾਰ ਨੇ ਇਸ ਸਕੀਮ ਦੌਰਾਨ ਬਹੁਤ ਜ਼ਿਆਦਾ ਬੱਚਕਾਨਾ ਪਣ ਦਿਖਾਇਆ ਸੀ ਅਤੇ ਉਨ੍ਹਾਂ ਦੀ ਅਣ-ਪ੍ਰੋਫ਼ੈਸ਼ਨਲ ਅਪਰੋਚ ਅਤੇ ਦਿਸ਼ਾ ਨਿਰਦੇਸ਼ ਨੇ ਹੀ ਲੱਖਾਂ ਲੋਕਾਂ ਦੇ ਪੈਸੇ ਬਰਬਾਦ ਕਰ ਦਿੱਤੇ ਸਨ।
ਰਾਇਲ ਕਮਿਸ਼ਨ ਦੀ ਪੜਤਾਲ ਵਿੱਚ ਸਾਰੇ ਮਾਮਲੇ ਸਾਫ਼ ਅਤੇ ਸਪਸ਼ਟ ਤੌਰ ਤੇ ਸਾਹਮਣੇ ਆਉਣਗੇ ਅਤੇ ਉਸ ਸਮੇਂ ਦੀ ਸਰਕਾਰ ਨੇ ਜੋ ਵੀ ਅਣਗਹਿਲੀਆਂ ਜਾਂ ਜਾਣ ਬੁੱਝ ਕੇ ਗਲਤੀਆਂ ਜਾਂ ਨਜ਼ਰ-ਅੰਦਾਜ਼ੀਆਂ ਕੀਤੀਆਂ… ਉਹ ਜੱਗ ਜਾਹਰ ਹੋਣਗੀਆਂ।
ਇਸ ਮਾਮਲੇ ਵਿੱਚ ਸਰਕਾਰੀ ਸੇਵਾਵਾਂ ਦੇ ਮੰਤਰੀ ਬਿਲ ਸ਼ੋਰਟਨ ਨੇ ਵੀ ਕਿਹਾ ਕਿ ਕਿਸੇ ਨੂੰ ਕੁੱਝ ਵੀ ਪਤਾ ਨਹੀਂ ਸੀ ਕਿ ਇਹ ਸਕੀਮ ਕਿਸ ਦੁਆਰਾ ਤਿਆਰ ਕੀਤੀ ਗਈ ਅਤੇ ਕਿਵੇਂ ਲਾਗੂ ਵੀ ਕਰ ਦਿੱਤੀ ਗਈ। ਇਹ ਬਿਲਕੁਲ ਹੀ ਗ਼ੈਰ-ਕਾਨੂੰਨੀ ਸੀ ਅਤੇ ਇਸੇ ਕਾਰਨ ਲੋਕਾਂ ਦਾ ਨੁਕਸਾਨ ਹੋਇਆ। ਅਤੇ ਕਿਸੇ ਨੂੰ ਇਹ ਵੀ ਪਤਾ ਨਹੀਂ ਲੱਗ ਰਿਹਾ ਸੀ ਕਿ ਆਖਿਰ ਇਸ ਘਾਟੇ ਵਾਲੀ ਸਕੀਮ ਨੂੰ ਵੀ ਮੋਰੀਸਨ ਸਰਕਾਰ ਨੇ ਪੂਰੇ 4 ਸਾਲ ਅਤੇ 6 ਮਹੀਨੇ ਤੱਕ ਚੱਲਦਾ ਵੀ ਰੱਖਿਆ ਅਤੇ ਲੋਕਾਂ ਦੇ ਪੈਸੇ ਇਸ ਸਕੀਮ ਵਿੱਚ ਲੱਗਦੇ ਵੀ ਰਹੇ। ਅਤੇ ਹੋਏ ਘਾਟੇ ਦਾ ਕੋਣ ਜ਼ਿੰਮੇਵਾਰ ਸੀ….. ਜਾਂ ਹੈ?
ਅਸਲ ਵਿੱਚ ਸਭ ਤੋਂ ਪਹਿਲਾਂ ਇਸ ਸਕੀਮ ਦੇ ਖ਼ਿਲਾਫ਼ ਵਿਕਟੌਰੀਆ ਲੀਗਲ ਏਡ ਵੱਲੋਂ 2019 ਵਿੱਚ ਅਦਾਲਤ ਵਿੱਚ ਅਪੀਲ ਕੀਤੀ ਗਈ ਸੀ ਜੋ ਕਿ ਵਿਕਟੌਰੀਆ ਦੀ ਹੀ ਇੱਕ ਮਹਿਲਾ ਡਿਆਨਾ ਅਮਾਟੋ ਉਪਰ ਆਧਾਰਿਤ ਸੀ। ਅਦਾਲਤ ਨੇ ਮੁਢਲੀ ਪੜਤਾਲ ਤੋਂ ਬਾਅਦ, ਪਾਇਆ ਸੀ ਕਿ ਇਹ ਸਕੀਮ ਗਲਤ ਹੈ ਅਤੇ ਜਨਹਿਤ ਵਿੱਚ ਨਹੀਂ ਹੈ।
ਇਸੇ ਦੌਰਾਨ ਇੱਕ ਹੋਰ ਕਾਨੂੰਨੀ ਪ੍ਰਕਿਰਿਆ ਦੇ ਜ਼ਰੀਏ ਪਤਾ ਲੱਗਿਆ ਕਿ ਇਸ ਸਕੀਮ ਦੇ ਤਹਿਤ 381,000 ਲੋਕਾਂ ਨਾਲ ਠੱਗੀ ਵੱਜ ਚੁਕੀ ਹੈ ਅਤੇ ਘਪਲਾ 751 ਮਿਲੀਅਨ ਡਾਲਰਾਂ ਤੱਕ ਪਹੁੰਚ ਗਿਆ ਸੀ।
ਇਸ ਧੋਖਾਧੜੀ ਨਾਲ ਨਾ ਸਿਰਫ ਲੋਕਾਂ ਦਾ ਵਿੱਤੀ ਨੁਕਸਾਨ ਹੀ ਹੋਇਆ ਬਲਕਿ ਇਸ ਨਾਲ ਸਬੰਧਤ ਕੁਈਨਜ਼ਲੈਂਡ ਦੀ ਇੱਕ ਮਾਂ -ਕੈਥ ਮੈਜਵਿਕ ਉਪਰ ਤਾਂ ਦੁੱਖਾਂ ਦਾ ਪਹਾੜ ਹੀ ਗਿਰ ਗਿਆ ਸੀ ਜਦੋਂ ਕਿ ਇਸ ਕਰਜ਼ ਨੂੰ ਲੈਣ ਕਾਰਨ ਉਸਦੇ ਬੇਟੇ -ਜੈਰਡ ਨੇ ਖ਼ੁਦਕਸ਼ੀ ਹੀ ਕਰ ਲਈ ਸੀ।
ਹੁਣ ਐਂਥਨੀ ਐਲਬਨੀਜ਼ ਸਰਕਾਰ ਦੇ ਆਉਣ ਕਾਰਨ ਪੀੜਿਤ ਲੋਕਾਂ ਵਿੱਚ ਇੱਕ ਉਮੀਦ ਜਾਗੀ ਹੈ ਕਿ ਰਾਇਲ ਕਮਿਸ਼ਨ ਇਸ ਦੀ ਪੜਤਾਲ ਕਰੇਗਾ ਅਤੇ ਪੀੜਿਤਾਂ ਨੂੰ ਬਣਦਾ ਉਚਿਤ ਮੁਆਵਜ਼ਾ ਵੀ ਪ੍ਰਦਾਨ ਕਰੇਗਾ ਅਤੇ ਇਸ ਘੋਟਾਲੇ ਵਿੱਚ ਜੋ ਵੀ ਰਾਜਨੀਤਿਕ ਅਤੇ ਹੋਰ ਹਸਤੀਆਂ ਸ਼ਾਮਿਲ ਸਨ, ਉਨ੍ਹਾਂ ਨੂੰ ਵੀ ਆਸਟ੍ਰੇਲੀਆਈ ਕਾਨੂੰਨ ਮੁਤਾਬਿਕ ਸਜ਼ਾਵਾਂ ਦੇਵੇਗਾ।

Install Punjabi Akhbar App

Install
×