ਰੋਡਵੇਜ਼ ਵਿੱਚ ਹੌਲੀ ਹੌਲੀ ਖਤਮ ਹੋ ਜਾਣੀ ਹੈ ਕੰਡਕਟਰ ਦੀ ਪੋਸਟ……

ਜਿਸ ਹਿਸਾਬ ਨਾਲ ਪਿਛਲੇ 10 – 15 ਸਾਲਾਂ ਤੋਂ ਵੱਖ ਵੱਖ ਵਰਗਾਂ ਦੇ ਲੋਕਾਂ ਨੂੰ ਪੰਜਾਬ ਰੋਡਵੇਜ਼ ਵਿੱਚ ਫਰੀ ਸਫਰ ਦੀ ਸਹੂਲਤ ਦਿੱਤੀ ਜਾ ਰਹੀ ਹੈ, ਉਸ ਤੋਂ ਲੱਗਦਾ ਹੈ ਕਿਸੇ ਦਿਨ ਕੰਡਕਟਰਾਂ ਦੀ ਜਰੂਰਤ ਹੀ ਨਹੀਂ ਰਹਿਣੀ। ਕਿਉਂਕਿ ਬੱਸ ਵਿੱਚ ਅਜਿਹੀ ਕੋਈ ਸਵਾਰੀ ਹੀ ਨਹੀਂ ਲੱਭਣੀ, ਜਿਸ ਦੀ ਟਿਕਟ ਕੱਟਣ ਦੀ ਜਰੂਰਤ ਹੋਵੇ। ਜਦੋਂ 1985 – 86 ਵਿੱਚ ਡਾਇਰੈਕਟਰ ਜਨਰਲ ਪੰਜਾਬ ਪੁਲਿਸ ਸ੍ਰੀ ਜੂਲੀਉ ਫਰਾਂਸਿਸ ਰਿਬੈਰੋ ਨੇ ਪੰਜਾਬ ਪੁਲਿਸ ਦਾ ਸਫਰ ਫਰੀ ਕੀਤਾ ਸੀ ਤਾਂ ਰੋਡਵੇਜ਼ ਮਹਿਕਮੇ ਨੇ ਬਹੁਤ ਦੁੱਖ ਮਨਾਇਆ ਸੀ। ਬੱਸਾਂ ਵਿੱਚ ਆਮ ਹੀ ਪੁਲਿਸ ਮੁਲਾਜ਼ਮਾਂ ਅਤੇ ਕੰਡਕਟਰਾਂ ਵਿੱਚ ਝੜਪਾਂ ਹੋ ਜਾਂਦੀਆਂ ਸਨ। ਪੁਲਿਸ ਮੁਲਾਜ਼ਮਾਂ ਨੂੰ ਟਾਇਰਾਂ ਦੇ ਉੱਪਰ ਵਾਲੀਆਂ ਤੇ ਸਭ ਤੋਂ ਪਿਛਲੀਆਂ ਸੀਟਾਂ ‘ਤੇ ਬੈਠਣ ਲਈ ਮਜ਼ਬੂਰ ਕੀਤਾ ਜਾਂਦਾ ਸੀ। ਕਦੇ ਖਬਰ ਆ ਜਾਂਦੀ ਸੀ ਕਿ ਬੱਸ ਅੱਡੇ ਵਿੱਚ ਕੰਡਕਟਰਾਂ ਡਰਾਈਵਰਾਂ ਨੇ ਪੁਲਿਸ ਵਾਲੇ ਕੁੱਟ ਦਿੱਤੇ ਹਨ ਤੇ ਕਦੇ ਖਬਰ ਆ ਜਾਣੀ ਸੀ ਕਿ ਕੰਡਕਟਰ ਨੂੰ ਪੁਲਿਸ ਮੁਲਾਜ਼ਮਾਂ ਵੱਲੋਂ ਕੁੱਟਾਪਾ ਚਾੜ੍ਹੇ ਜਾਣ ਕਾਰਨ ਰੋਡਵੇਜ਼ ਵਾਲਿਆਂ ਨੇ ਫਲਾਣੀ ਸੜਕ ‘ਤੇ ਬੱਸਾਂ ਟੇਢੀਆਂ ਕਰ ਕੇ ਜਾਮ ਲਗਾ ਦਿੱਤਾ ਹੈ।
ਉਸ ਕਾਲੇ ਸਮੇਂ ਦੌਰਾਨ ਅੱਤਵਾਦੀ ਪੁਲਿਸ ਮੁਲਾਜ਼ਮਾਂ ਅਤੇ ਧਾਰਮਿਕ ਘੱਟ ਗਿਣਤੀਆਂ ਨੂੰ ਬੱਸਾਂ ਵਿੱਚੋਂ ਉਤਾਰ ਕੇ ਕਤਲ ਕਰ ਦਿੰਦੇ ਸਨ। 1990 ਵਿੱਚ ਮੈਂ ਏ.ਐਸ.ਆਈ. ਭਰਤੀ ਹੋਇਆ ਸੀ ਤੇ ਮੈਨੂੰ ਫਰੀਦਕੋਟ ਜਿਲ੍ਹਾ ਅਲਾਟ ਹੋਇਆ ਸੀ। ਅੰਮ੍ਰਿਤਸਰ ਤੋਂ ਰੱਬ ਰੱਬ ਕਰਦੇ ਮਸਾਂ ਹੀ ਫਰੀਦਕੋਟ ਪਹੁੰਚਦੇ ਸੀ। ਆਈਡੈਂਟੀ ਕਾਰਡ ਬਟੂਏ ਵਿੱਚੋਂ ਕੱਢ ਕੇ ਪੱਗ ਵਿੱਚ ਲੁਕਾਇਆ ਹੁੰਦਾ ਸੀ ਤੇ ਕਿਸੇ ਉੱਤਰਨ ਵਾਲੀ ਸਵਾਰੀ ਤੋਂ ਮੰਗ ਕੇ ਟਿਕਟ ਹੱਥ ਵਿੱਚ ਪਕੜੀ ਹੁੰਦੀ ਸੀ। ਕੰਡਕਟਰ ਨੇ ਜਦੋਂ ਟਿਕਟ ਬਾਰੇ ਪੁੱਛਣਾ ਤਾਂ ਉਸ ਦੇ ਕੰਨ ਲਾਗੇ ਮੂੰਹ ਲਿਜਾ ਕੇ ਬੜੀ ਹੌਲੀ ਜਿਹੀ ਫੁਸਫਸਾ ਕੇ ਮੁਲਾਜ਼ਮ ਸ਼ਬਦ ਬੋਲਣਾ ਤਾਂ ਜੋ ਕੋਈ ਹੋਰ ਨਾ ਸੁਣ ਲਵੇ। ਜਿਆਦਾਤਰ ਕੰਡਕਟਰ ਤਾਂ ਚੁੱਪ ਕਰ ਕੇ ਅੱਗੇ ਲੰਘ ਜਾਂਦੇ ਪਰ ਕਈ ਅੜ੍ਹਬ ਜਿਹੇ ਬੰਦੇ ਜਾਣ ਕੇ ਪੰਗਾ ਪਾ ਬੈਠਦੇ। ਜਾਣ ਬੁੱਝ ਕੇ ਆਈਡੈਂਟੀ ਕਾਰਡ ਵੇਖਦੇ ਤਾਂ ਜੋ ਸਭ ਨੂੰ ਪਤਾ ਲੱਗ ਜਾਵੇ ਕਿ ਇਹ ਪੁਲਿਸ ਵਾਲਾ ਹੈ।
ਇਹੋ ਜਿਹਾ ਇੱਕ ਅੜਬੰਗ ਕੰਡਕਟਰ ਸਾਨੂੰ ਸੰਨ 1991 ਵਿੱਚ ਪਟਿਆਲੇ ਤੋਂ ਸੰਗਰੂਰ ਆਉਂਦੇ ਸਮੇਂ ਟੱਕਰਿਆ ਸੀ। ਉਸ ਵੇਲੇ ਮੈਂ ਇੰਸਪੈਕਟਰ ਭਰਤੀ ਹੋ ਗਿਆ ਸੀ ਤੇ ਸੰਗਰੂਰ ਜਿਲ੍ਹਾ ਅਲਾਟ ਹੋਇਆ ਸੀ। ਉਸ ਦਿਨ ਮੈਂ ਤੇ ਤਿੰਨ ਪ੍ਰੋਬੇਸ਼ਨਰ ਏ.ਐਸ.ਆਈ. ਫਿਲਮ ਵੇਖ ਕੇ ਪਟਿਆਲੇ ਤੋਂ ਸੰਗਰੂਰ ਵਾਪਸ ਆ ਰਹੇ ਸੀ। ਪੁਲਿਸ ਲਾਈਨ ਵਿੱਚ ਪ੍ਰੋਬੇਸ਼ਨਰ ਅਫਸਰਾਂ ਵਾਸਤੇ ਜਰੂਰੀ ਏ, ਬੀ, ਸੀ, ਡੀ, ਕੋਰਸ ਚੱਲਣ ਕਾਰਨ ਅਸੀਂ ਤਕਰੀਬਨ ਵਿਹਲੇ ਹੀ ਹੁੰਦੇ ਸੀ। ਜਦੋਂ ਕੰਡਕਟਰ ਨੇ ਟਿਕਟ ਮੰਗੀ ਤਾਂ ਇੱਕ ਏ. ਐਸ. ਆਈ. ਨੇ ਹੌਲੀ ਜਿਹੀ ਉਸ ਨੂੰ ਦੱਸਿਆ ਕਿ ਅਸੀਂ ਸਾਰੇ ਜਣੇ ਮੁਲਾਜ਼ਮ ਹਾਂ। ਪਤਾ ਨਹੀਂ ਉਹ ਘਰੋਂ ਲੜ ਕੇ ਆਇਆ ਸੀ ਜਾਂ ਕੋਈ ਹੋਰ ਗੱਲ ਸੀ, ਉਹ ਉੱਚੀ ਉੱਚੀ ਬੋਲਣ ਲੱਗ ਪਿਆ, ”ਡਰਦਾ ਕਿਉਂ ਆਂ? ਉੱਚੀ ਬੋਲ.. ਹਾਂ ਕਿ ਅਸੀਂ ਪੁਲਿਸ ਵਾਲੇ ਆਂ। ਚਲੋ ਅਡੰਟੀ ਕਾਰਡ ਵਿਖਾਉ।” ਅੱਗੋਂ ਏ.ਐਸ.ਆਈ. ਵੀ ਕੁਝ ਤੱਤੇ ਸੁਭਾਅ ਦਾ ਸੀ। ਉਸ ਨੇ ਕੰਡਕਟਰ ਨੂੰ ਕਹਿ ਦਿੱਤਾ ਕਿ ਬੱਸ ਕਿਹੜੀ ਤੇਰੇ ਪਿਉ ਦੀ ਹੈ, ਜਾ ਨਹੀਂ ਵਿਖਾਉਂਦੇ ਆਈਡੈਂਟੀ ਕਾਰਡ। ਤੂੰ ਤੂੰ ਮੈਂ ਮੈਂ ਹੋਣ ਲੱਗੀ ਤੇ ਜੇ ਕਿਤੇ ਕੁਝ ਸਿਆਣੇ ਮੁਸਾਫਰ ਵਿੱਚ ਨਾ ਪੈਂਦੇ ਤਾਂ ਗੱਲ ਜਰੂਰ ਹੀ ਹੱਥੋਪਾਈ ਤੱਕ ਪਹੁੰਚ ਜਾਣੀ ਸੀ।
ਜਦੋਂ ਮੈਂ ਏ.ਐਸ.ਆਈ ਸੀ ਤਾਂ ਇੱਕ ਵਾਰ ਮੁਫਤ ਦੇ ਸਫਰ ਦਾ ਫਾਇਦਾ ਉਠਾਉਣ ਲਈ ਅਸੀਂ 5 – 6 ਜਣਿਆਂ ਨੇ ਰਿਸ਼ੀਕੇਸ਼ ਘੁੰਮਣ ਫਿਰਨ ਦਾ ਪ੍ਰੋਗਰਾਮ ਬਣਾ ਲਿਆ। ਅਸੀਂ ਰੋਡਵੇਜ਼ ਦੀਆਂ ਬੱਸਾਂ ਰਾਹੀਂ ਸਫਰ ਕਰਦੇ ਹੋਏ ਰਾਤ 11 ૶ 12 ਵਜੇ ਹਰਦੁਵਾਰ ਪਹੁੰਚ ਗਏ। ਅਸੀਂ ਅਜੇ ਅਗਲੇਰੇ ਸਫਰ ਦੀ ਸਕੀਮ ਬਣਾ ਹੀ ਰਹੇ ਸੀ ਕਿ ਅੰਮ੍ਰਿਤਸਰ ਡੀਪੂ ਦੀ ਇੱਕ ਬੱਸ ਨਜ਼ਰੀਂ ਪਈ ਜਿਸ ਦੇ ਅੱਗੇ ਰਿਸ਼ੀਕੇਸ਼ ਦਾ ਬੋਰਡ ਲੱਗਾ ਹੋਇਆ ਸੀ। ਅਸੀਂ ਉੱਚੀ ਉੱਚੀ ਅਵਾਜ਼ਾਂ ਮਾਰ ਕੇ ਉਸ ਨੂੰ ਰੁਕਣ ਲਈ ਇਸ਼ਾਰੇ ਕਰਨ ਲੱਗੇ। ਚੱਲਦੀ ਬੱਸ ਵਿੱਚੋਂ ਹੀ ਕੰਡਕਟਰ ਦੇ ਪੁੱਛਣ ‘ਤੇ ਅਸੀਂ ਦੱਸ ਦਿੱਤਾ ਕਿ ਅਸੀਂ ਰਿਸ਼ੀਕੇਸ਼ ਜਾਣਾ ਹੈ। ਰਿਸ਼ੀਕੇਸ਼ ਦੀਆਂ ਇਕੱਠੀਆਂ 6 ਸਵਾਰੀਆਂ ਵੇਖ ਕੇ ਕੰਡਕਟਰ ਦੀਆਂ ਅੱਖਾਂ ਵਿੱਚ ਚਮਕ ਆ ਗਈ। ਉਸ ਨੇ ਸੀਟੀ ਮਾਰ ਕੇ ਬੱਸ ਰੁਕਵਾ ਦਿੱਤੀ ਤੇ ਅਸੀਂ ਭੱਜ ਕੇ ਪਿਛਲੀ ਬਾਰੀ ਥਾਣੀ ਵੜ ਕੇ ਸੀਟਾਂ ਮੱਲ ਕੇ ਬੈਠ ਗਏ। ਕੰਡਕਟਰ ਅੱਗਲੇ ਪਾਸੇ ਖੜਾ ਸੀ। ਉਸ ਨੇ ਸੋਚਿਆ ਹੋਵੇਗਾ ਕਿ ਰਾਹ ਦੀਆਂ ਸਵਾਰੀਆਂ ਦੀਆਂ ਛੋਟੀਆਂ ਮੋਟੀਆਂ ਟਿਕਟਾਂ ਬਾਅਦ ਵਿੱਚ ਕੱਟ ਲਵਾਂਗਾ, ਪਹਿਲਾਂ ਰਿਸ਼ੀਕੇਸ਼ ਵਾਲੀਆਂ ਅਸਾਮੀਆਂ ਸਾਂਭ ਲਵਾਂ। ਉਹ ਵਾਹੋ ਦਾਹੀ ਪਿੱਛੇ ਵੱਲ ਆਇਆ ਤੇ 6 ਟਿਕਟਾਂ ਗਿਣਦਾ ਹੋਇਆ ਬੋਲਿਆ ਕਿ ਕੱਢੋ ਐਨੇ ਪੈਸੇ। ਅਸੀਂ ਜਦੋਂ ਉਸ ਤੋਂ ਅੱਖਾਂ ਚੁਰਾ ਕੇ ਥੋੜੀ ਸ਼ਰਮਿੰਦਗੀ ਜਿਹੀ ਨਾਲ ਕਿਹਾ ਕਿ ਅਸੀਂ ਮੁਲਾਜ਼ਮ ਹਾਂ ਤਾਂ ਉਹ ਧੜੰਮ ਕਰ ਕੇ ਇੱਕ ਖਾਲੀ ਸੀਟ ‘ਤੇ ਬੈਠ ਗਿਆ। ਕੁਝ ਦੇਰ ਵਿੱਚ ਸਾਹ ਦਰੁੱਸਤ ਕੀਤਾ ਤੇ ਸੜ ਬਲ ਕੇ ਬੋਲਿਆ, ”ਮੈਨੂੰ ਇਹ ਤਾਂ ਦੱਸੋ ਕਿ ਅੱਧੀ ਰਾਤ ਨੂੰ ਪੰਜਾਬ ਪੁਲਿਸ ਦੇ ਮੁਲਾਜ਼ਮ ਯੂ.ਪੀ. ਵਿੱਚ ਕੀ ਕਰਦੇ ਫਿਰਦੇ ਹਨ?” ਅਸੀਂ ਢੀਠਾਂ ਵਾਂਗ ਹੱਸ ਕੇ ਗੱਲ ਟਾਲ ਦਿੱਤੀ।
ਪਰ ਹੁਣ ਪੰਜਾਬ ਪੁਲਿਸ ਇਸ ਮਾਮਲੇ ਵਿੱਚ ਬਹੁਤ ਪਿੱਛੇ ਰਹਿ ਗਈ ਹੈ ਕਿਉਂਕਿ ਹੋਰ ਬਹੁਤ ਸਾਰੇ ਨਵੇਂ ਪਲੇਅਰ ਮੈਦਾਨ ਵਿੱਚ ਆ ਗਏ ਹਨ। ਪੰਜਾਬ ਸਰਕਾਰ ਦੀ ਵੈੱਬਸਾਈਟ ‘ਤੇ ਪੁਲਿਸ ਤੋਂ ਇਲਾਵਾ ਐਮ.ਪੀ., ਐਮ.ਐਲ.ਏ., ਜੇਲ੍ਹ ਕਰਮਚਾਰੀ, ਸੁਤੰਤਰਤਾ ਸੈਨਾਨੀ, ਪੱਤਰਕਾਰ, ਕੈਂਸਰ ਦੇ ਮਰੀਜ਼, ਨੇਤਰਹੀਣ, ਵਿਦਿਆਰਥੀ ਅਤੇ ਅੱਤਵਾਦ ਪੀੜਤ ਆਦਿ ਵੀ ਇਸ ਸ਼੍ਰੇਣੀ ਵਿੱਚ ਸ਼ਾਮਲ ਹੋ ਗਏ ਹਨ। ਪਰ ਜਿਸ ਵਰਗ ਨੇ ਰੋਡਵੇਜ਼ ਦਾ ਸਭ ਤੋਂ ਵੱਧ ਧੂੰਆਂ ਕੱਢਿਆ ਹੈ, ਉਹ ਹੈ ਔਰਤਾਂ ਦੀ ਟਿਕਟ ਦਾ ਫਰੀ ਹੋਣਾ। ਇਸ ਸਬੰਧੀ ਕਈ ਤਰਾਂ ਦੀਆਂ ਦਿਲਚਸਪ ਵੀਡੀਉ ਕਲਿੱਪ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇੱਕ ਕਲਿੱਪ ਵਿੱਚ ਅਧਾਰ ਕਾਰਡ ਮੰਗਣ ‘ਤੇ ਇੱਕ ਔਰਤ ਕੰਡਕਟਰ ਨੂੰ ਸੌ ਕਿੱਲਿਆਂ ਦੀ ਮਾਲਕ ਹੋਣ ਤੇ ਪਰਸ ਵਿੱਚ ਪਿਸਤੌਲ ਹੋਣ ਦੀ ਧਮਕੀ ਦੇ ਰਹੀ ਸੀ। ਇੱਕ ਕਲਿੱਪ ਵਿੱਚ ਕੁਝ ਔਰਤਾਂ ਸੀਟਾਂ ‘ਤੇ ਕਬਜ਼ਾ ਕਰਨ ਲਈ ਆਪਸ ਵਿੱਚ ਥੱਪੜੋ ਥੱਪੜੀ ਹੋ ਰਹੀਆਂ ਸਨ। ਸਭ ਤੋਂ ਸ਼ਰਮਨਾਕ ਕਲਿੱਪ ਉਹ ਹੈ ਜਿਸ ਵਿੱਚ ਇੱਕ ਔਰਤ ਆਪਣੇ ਪਤੀ ਵੱਲੋਂ ਗਲਤੀ ਨਾਲ ਉਸ ਦੀ ਟਿਕਟ ਕਟਾ ਲੈਣ ‘ਤੇ ਜੁਲਾਈ ਮਹੀਨੇ ਦੀ ਵਰ੍ਹਦੀ ਅੱਗ ਵਿੱਚ ਬੱਸ ਦੇ ਅੱਗੇ ਲੇਟ ਗਈ ਸੀ। ਆਖਰ ਵਿਚਾਰੇ ਕੰਡਕਟਰ ਨੂੰ ਪੱਲਿਉਂ 20 ਰੁਪਏ ਮੋੜਨੇ ਪਏ ਸਨ।
ਪਹਿਲਾਂ ਤਾਂ ਕੰਡਕਟਰ ਪੁਲਿਸ ਵਾਲਿਆਂ ਨਾਲ ਖਹਿਬੜ ਪੈਂਦੇ ਸਨ ਤੇ ਕਈ ਵਾਰ ਹੱਥੋਪਾਈ ਵੀ ਹੋ ਜਾਂਦੇ ਸਨ, ਪਰ ਹੁਣ ਉਹ ਔਰਤਾਂ ਨਾਲ ਬਦਕਲਾਮੀ ਕਰਨ ਦੀ ਹਿੰਮਤ ਨਹੀਂ ਜੁਟਾ ਪਾਉਂਦੇ। ਪਹਿਲਾਂ ਕੰਡਕਟਰ ਸਫਰ ਦਾ ਜਿਆਦਾਤਰ ਸਮਾਂ ਟਿਕਟਾਂ ਹੀ ਕੱਟਦੇ ਰਹਿੰਦੇ ਸਨ, ਦੋ ਚੜ੍ਹ ਗਏ ਤੇ ਚਾਰ ਉੱਤਰ ਗਏ। ਪਰ ਹੁਣ ਦਸ ਮਿੰਟਾਂ ਵਿੱਚ ਵਿਹਲੇ ਹੋ ਕੇ ਇੰਜਣ ‘ਤੇ ਬੈਠ ਕੇ ਡਰਾਇਵਰ ਨਾਲ ਗੱਪਾਂ ਮਾਰਨ ਲੱਗ ਜਾਂਦੇ ਹਨ। ਪ੍ਰਾਈਵੇਟ ਬੱਸਾਂ ਵਿੱਚ ਤਾਂ ਸਵਾਰੀਆਂ ਬੈਠਣੀਆਂ ਹੀ ਬੰਦ ਹੋ ਗਈਆਂ ਸਨ। ਪਰ ਹੁਣ ਉਹਨਾਂ ਨੇ ਵੀ ਇੱਕ ਨਾਲ ਇੱਕ ਫਰੀ ਦੀ ਸਹੂਲਤ ਦੇਣੀ ਸ਼ੁਰੂ ਕਰ ਦਿੱਤੀ ਹੈ। ਜੇ ਕਿਤੇ ਕੋਈ ਔਰਤ ਅਤੇ ਮਰਦ ਇਕੱਠੇ ਜਾ ਰਹੇ ਹੋਣ ਤਾਂ ਉਹ ਔਰਤ ਦੀ ਟਿਕਟ ਮਾਫ ਕਰ ਕੇ ਸਿਰਫ ਮਰਦ ਦੀ ਟਿਕਟ ਕੱਟਣ ਦੀ ਆਫਰ ਦੇ ਰਹੇ ਹਨ ਕਿ ਚਲੋ ਖਾਲੀ ਤਾਂ ਨਹੀਂ ਜਾਵਾਂਗੇ, ਜੋ ਖੱਟਿਆ ਸੋ ਵੱਟਿਆ।