
ਪੁਲਿਸ ਅਤੇ ਆਪਾਤਕਾਲੀਨ ਸੇਵਾਵਾਂ ਦੇ ਮੰਤਰੀ ਡੇਵਿਡ ਏਲੀਅਟ ਨੇ ਕ੍ਰਿਸਮਿਸ ਮੌਕੇ ਤੇ ਵਾਹਨ ਚਾਲਕਾਂ ਨੂੰ ਸੜਕ ਉਪਰ ਸੰਯਮ ਬਣਾ ਕੇ ਡ੍ਰਾਇਵਿੰਗ ਕਰਨ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਖਾਸ ਧਿਆਨ ਆਪਣੀ ਗਤੀ ਸੀਮਾ ਅਤੇ ਰਾਹ ਵਿੱਚ ਤੁਹਾਡੇ ਪਿੱਛੇ ਅਤੇ ਅੱਗੇ ਚਲ ਰਹੇ ਟ੍ਰੇਫਿਕ ਦਾ ਖਾਸ ਧਿਆਨ ਰੱਖਿਆ ਜਾਵੇ ਅਤੇ ਅਜਿਹੀਆਂ ਨਿਯਮਾਂ ਦੀ ਉਲੰਘਣਾ ਦੇ ਇਵਜ ਵਿੱਚ ਦੁਗਣੇ ਡੀਮੈਰਿਟ ਪੁਆਇੰਟਾਂ ਅਤੇ ਹੋਰ ਜੁਰਮਾਨਿਆਂ ਦਾ ਚਲਨ ਅੱਜ ਦੀ ਅੱਧੀ ਰਾਤ 11:59 ਤੋਂ ਲਾਗੂ ਹੋ ਜਾਵੇਗਾ। ਇਸ ਵਿੱਚ ਗਤੀ ਦੇ ਨਿਯਮਾਂ ਦੇ ਨਾਲ ਨਾਲ ਸੀਟ ਬੈਲਟ, ਡ੍ਰਾਇਵਿੰਗ ਦੌਰਾਨ ਮੋਬਾਇਲ ਫੋਨ ਦਾ ਇਸਤੇਮਾਲ, ਦੋ-ਪਹੀਆ ਵਾਹਨਾਂ ਉਪਰ ਹੈਲਮੇਟ ਅਤੇ ਹੋਰ ਸੁਰੱਖਿਆ ਨਿਯਮਾਂ ਨੂੰ ਧਿਆਨ ਵਿੱਚ ਰੱਖਣਾ ਲਾਜ਼ਮੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਤਾਕੀਦ ਕੀਤੀ ਜਾਂਦੀ ਹੈ ਕਿ ਡ੍ਰਾਇਵਿੰਗ ਦੌਰਾਨ ਕ੍ਰਿਸਮਿਸ ਮੌਕੇ ਤੇ ਆਪਣੀ ਸਿਹਤ ਅਤੇ ਸਰੀਰਿਕ ਸੁਰੱਖਿਆ ਦੇ ਨਾਲ ਨਾਲ ਦੂਜਿਆਂ ਦੀ ਸੁਰੱਖਿਆ ਨੂੰ ਵੀ ਨਜ਼ਰ-ਅੰਦਾਜ਼ ਨਾ ਕੀਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਸਾਲ ਦੇ ਇਸ ਤਿਉਹਾਰ ਮੌਕੇ ਹਰ ਕੋਈ ਆਪਣੀ ਆਪਣੀ ਸਹੂਲਤ ਅਤੇ ਸਮਰੱਥਾ ਮੁਤਾਬਿਕ ਆਪਣਾ ਮਨੋਰੰਜਨ ਕਰਦਾ ਹੈ ਅਤੇ ਇਸ ਦਾ ਇਹ ਮਤਲਭ ਨਹੀਂ ਕਿ ਆਪਣੇ ਮਨੋਰੰਜਨ ਦੀਆਂ ਗਲਤ ਗਤੀਵਿਧੀਆਂ ਰਾਹੀਂ ਅਸੀਂ ਆਪਣੀ ਜਾਨ ਮਾਲ ਦੇ ਨਾਲ ਨਾਲ ਹੋਰਾਂ ਦੀਆਂ ਜਾਨਾਂ ਮਾਲਾਂ ਲਈ ਵੀ ਖਤਰਾ ਪੈਦਾ ਕਰ ਦੇਈਏ। ਸੜਕ ਪਰਿਵਹਨ ਮੰਤਰੀ ਸ੍ਰੀ ਐਂਡ੍ਰਿਊ ਕੰਸਟੈਂਸ ਨੇ ਇਸ ਬਾਬਤ ਕਿਹਾ ਕਿ ਕਰੋਨਾ ਦੇ ਦੌਰਾਨ ਵੀ ਸੜਕ ਦੁਰਘਟਨਾਵਾਂ ਵਿੱਚ ਕੋਈ ਕਮੀ ਨਹੀਂ ਆਈ ਅਤੇ ਅਜਿਹੀਆਂ ਦੁਰਘਟਨਾਵਾਂ ਦੋਰਾਨ ਹੋਈਆਂ ਮੌਤਾਂ ਵਿੱਚੋਂ 52% ਅਜਿਹੀਆਂ ਹਨ ਜਿਹੜੀਆਂ ਕਿ ਵਾਹਨਾਂ ਦੀ ਜ਼ਿਆਦਾ ਗਤੀ ਕਾਰਨ ਵਾਪਰੀਆਂ ਅਤੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਨ੍ਹਾਂ ਮੌਤਾਂ ਨੂੰ ਟਾਲ਼ਿਆ ਜਾ ਸਕਦਾ ਸੀ। ਰਿਜਨਲ ਸੜਕ ਪਰਿਵਹਨ ਮੰਤਰੀ ਪੌਲ ਟੂਲੇ ਨੇ ਵੀ ਕਿਹਾ ਕਿ ਜਾਨਾਂ ਸਾਰਿਆਂ ਦੀਆਂ ਹੀ ਕੀਮਤੀ ਹਨ ਅਤੇ ਉਨ੍ਹਾਂ ਨੂੰ ਮਹਿਜ਼ ਕੁੱਝ ਅਣਗਹਿਲੀਆਂ ਕਾਰਨ ਗਵਾ ਦੇਣਾ ਵਧੀਆ ਗੱਲ ਨਹੀਂ ਅਤੇ ਇਸ ਵਾਸਤੇ ਸਾਰਿਆਂ ਨੂੰ ਹੀ ਧਿਆਨ ਦੇਣਾ ਪਵੇਗਾ।
ਟ੍ਰੇਫਿਕ ਅਤੇ ਹਾਈਵੇ ਪੈਟਰੋਲ ਕਮਾਂਡਰ ਅਤੇ ਵਧੀਕ ਕਮਿਸ਼ਨਰ ਕੈਰਨ ਵੈਬ ਨੇ ਕਿਹਾ ਕਿ ਜਨਤਕ ਤੌਰ ਤੇ ਸੁਰੱਖਿਆ ਸਭ ਦਾ ਅਹਿਮ ਅਤੇ ਮੁੱਢਲਾ ਕਰਤੱਵ ਹੋਣਾ ਚਾਹੀਦਾ ਹੈ ਅਤੇ ਪੁਲਿਸ ਹਮੇਸ਼ਾ ਇਸ ਵਾਸਤੇ ਤਤਪਰ ਰਹਿੰਦੀ ਹੈ। ਇਸ ਵਾਸਤੇ ਪੁਲਿਸ ਹਰ ਸਮੇਂ ਸੜਕਾਂ ਉਪਰ ਮੌਜੂਦ ਰਹੇਗੀ ਅਤੇ ਕਿਸੇ ਵੀ ਆਪਾਤਕਾਲੀਨ ਸੇਵਾ ਵਾਸਤੇ ਹਾਜ਼ਿਰ ਰਹੇਗੀ। ਇਸ ਵਾਸਤੇ ਅਹਿਤਿਆਦ ਜ਼ਰੂਰੀ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸਾਲ ਰਾਜ ਅੰਦਰ ਸੜਕਾਂ ਉਪਰ ਹੋਈਆਂ ਦੁਰਘਟਨਾਵਾਂ ਵਿੱਚ 293 ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ ਹੈ।