ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਪਿੰਡ ਰੋਡ ਮਾਜਰਾ-ਚੱਕਲਾਂ ਵਿਖੇ ਵਿਸ਼ਾਲ ਖੂਨਦਾਨ ਕੈਂਪ ਅਤੇ 10 ਲੜਕੀਆਂ ਦੇ ਕਰਵਾਏ ਸਮੂਹਿਕ ਵਿਆਹ

ਚੰਡੀਗੜ੍ਹ – ਬਾਬਾ ਗਾਜੀਦਾਸ ਕਲੱਬ (ਰਜਿ.) ਅਤੇ ਸਮੂਹ ਸਾਧ ਸੰਗਤ ਪਿੰਡ ਰੋਡ ਮਾਜਰਾ-ਚੱਕਲਾਂ ਵਲੋਂ ਸਲਾਨਾ ਖੂਨਦਾਨ ਕੈਂਪ ਅਤੇ ਲੋੜਵੰਦ ਪਰਿਵਾਰਾਂ ਦੀਆਂ 10 ਲੜਕੀਆਂ ਦੇ ਸਮੂਹਿਕ ਵਿਆਹ ਕਲੱਬ ਦੇ ਪ੍ਰਧਾਨ ਅਤੇ ਸਮਾਜ ਸੇਵੀ ਅਤੇ ਖੇਡ ਪ੍ਰਮੋਟਰ ਸ. ਦਵਿੰਦਰ ਸਿੰਘ ਬਾਜਵਾ ਦੀ ਅਗਵਾਈ ਵਿਚ ਕਰਵਾਏ ਗਏ। ਭਾਰਤ ਦੀ ਅਜ਼ਾਦੀ ਦੇ ਪਰਵਾਨੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਇਹ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ। ਗੁਰਦੁਆਰਾ ਸਾਹਿਬ ਪਾਤਸ਼ਾਹੀ 10ਵੀਂ ਅਸਥਾਨ ਬਾਬਾ ਗਾਜੀਦਾਸ ਜੀ ਵਿਖੇ ਲਗਾਏ ਖੂਨਦਾਨ ਕੈਂਪ ਵਿਚ ਰੋਟਰੀ ਕਲੱਬ ਚੰਡੀਗੜ੍ਹ ਸੈਕਟਰ 37 ਅਤੇ ਸਿਵਲ ਹਸਪਤਾਲ ਰੂਪ ਨਗਰ ਵਲੋਂ ਸਾਂਝੇ ਤੌਰ ‘ਤੇ 217 ਯੂਨਿਟ ਖੂਨ ਇਕੱਤਰ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਰੋਪੜ ਡਾ. ਪ੍ਰਮਿੰਦਰ ਕੁਮਾਰ ਆਪਣੇ ਸਟਾਫ ਨਾਲ ਹਾਜਰ ਸਨ।
ਲੜਕੀਆਂ ਦੇ ਸਮੂਹਿਕ ਅਨੰਦ ਕਾਰਜ ਰਾਗੀ ਜਥਾ ਭਾਈ ਜਸਪ੍ਰੀਤ ਸਿੰਘ ਸੰਨੀ ਐਨਕਲੇਵ ਖਰੜ ਵਲੋਂ ਕਰਵਾਏ ਗਏ। ਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਦੇਣ ਲਈ ਵਿਸ਼ੇਸ਼ ਤੌਰ ‘ਤੇ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਬੁੱਢਾ ਦਲ, ਬੀਬੀ ਕਮਲਜੀਤ ਕੌਰ ਮੁੱਖ ਸੇਵਾਦਾਰ ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦ ਸੋਲਖੀਆਂ, ਅਕਾਲੀ ਆਗੂ ਸ. ਰਣਜੀਤ ਸਿੰਘ ਗਿੱਲ ਸ੍ਰ਼ੋਮਣੀ ਅਕਾਲੀ ਦਲ ਉਮੀਦਵਾਰ ਹਲਕਾ ਖਰੜ, ਸ੍ਰ਼ੋਮਣੀ ਕਮੇਟੀ ਮੈਂਬਰ ਸ. ਪਰਮਜੀਤ ਸਿੰਘ ਲੱਖੇਵਾਲ, ਸ੍ਰੀਮਤੀ ਸ਼ਿੰਦਰਪਾਲ ਕੌਰ ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ ਚਮਕੌਰ ਸਾਹਿਬ ਅਤੇ ਸਮੂਹ ਕਿਸਾਨ ਜਥੇਬੰਦੀਆਂ ਦੇ ਆਗੂ ਅਤੇ 60 ਦੇ ਲਗਭਗ ਇਲਾਕੇ ਦੇ ਪੰਚ-ਸਰਪੰਚ ਅਤੇ ਪਤਵੰਤੇ ਹਾਜਰ ਹੋਏ।
ਸਮਾਗਮ ਦੇ ਸਫਲਤਾ ਨਾਲ ਨੇਪਰੇ ਚੜ੍ਹਨ ਉਪਰੰਤ ਸ. ਦਵਿੰਦਰ ਸਿੰਘ ਬਾਜਵਾ ਪ੍ਰਧਾਨ ਨੇ ਦੱਸਿਆ ਕਿ ਕਲੱਬ ਹਰ ਸਾਲ ਅੰਤਰਰਾਸ਼ਟਰੀ ਪੱਧਰ ਦਾ ਖੇਡ ਮੇਲਾ ਕਰਵਾਉਂਦੀ ਹੈ ਅਤੇ ਫਰਵਰੀ 2021 ਵਿਚ ਕਰਵਾਏ ਖੇਡ ਮੇਲੇ ਦੌਰਾਨ ਪ੍ਰਭਾਵਿਤ ਕਿਸਾਨ ਪਰਿਵਾਰਾਂ ਨੂੰ 22 ਸ਼ੁੱਧ ਸੋਨੇ ਦੇ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ ਸੀ, ਹੁਣ 10 ਲੜਕੀਆਂ ਨੂੰ ਜਰੂਰੀ ਸਮਾਨ ਦੇ ਨਾਲ ਨਾਲ 31-31 ਹਜ਼ਾਰ ਦਾ ਸ਼ਗਨ ਵੀ ਦਿੱਤਾ ਗਿਆ। ਕਲੱਬ ਹਰ ਸਾਲ ਸ਼ਹੀਦੀ ਜੋੜ ਮੇਲਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਅਤੇ ਹੋਲਾ ਮਹੱਲਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਹਰ ਸਾਲ ਲੰਗਰ ਦੀ ਸੇਵਾ ਵੀ ਕਰਦੀ ਹੈ। ਉਨਹਾਂ ਆਖਿਆ ਕਿ ਅਗਲੇ ਸਾਲ ਇਹ ਸਮਾਗਮ ਹੋਰ ਵੀ ਵਧ ਚੜ੍ਹ ਕੇ ਕੀਤਾ ਜਾਵੇਗਾ। ਅੰਤ ਵਿਚ ਉਨਹਾਂ ਸਾਰਿਆਂ ਦਾ ਧੰਨਵਾਦ ਵੀ ਕੀਤਾ।

(ਪਰਮਜੀਤ ਸਿੰਘ ਬਾਗੜੀਆ) paramjit.bagrria@gmail.com

Install Punjabi Akhbar App

Install
×